
ਨਵੀਂ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਤੇ ਪਿੰਡ ਲੁੱਟਣ ਦਾ ਦੋਸ਼ ਲਾਇਆ, ਚਮਕੌਰ ਦੀ ਗੜ੍ਹੀ ਵਿਚ ਵੀ ਚੁੱਪ ਚੁਪੀਤੇ ਭੱਜਣ ਦਾ ਇਲਜ਼ਾਮ.......
ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਾਰਵੀਂ ਕਿਤਾਬ ਲਈ ਸੋਧ ਕੇ ਛਾਪੀ ਜਾ ਰਹੀ ਪੁਸਤਕ ਨੂੰ ਰੱਦ ਕਰ ਦਿਤਾ ਹੈ। ਕਮੇਟੀ ਨੇ ਪੁਸਤਕ ਵਿਚ ਗੁਰੂ ਸਾਹਿਬਾਨ ਬਾਰੇ ਦਿਤੀ ਜਾਣਕਾਰੀ ਤੇ ਲਾਏ ਦੋਸ਼ਾਂ 'ਤੇ ਇਤਰਾਜ਼ ਕਰਦਿਆਂ ਨਜ਼ਰਸਾਨੀ ਕਮੇਟੀ ਵਿਚੋਂ ਆਪਣੇ ਨੁਮਾਇੰਦੇ ਵਾਪਸ ਲੈ ਲਏ ਹਨ। ਉਨ੍ਹਾਂ ਨੂੰ ਪੁਸਤਕ ਦੀ ਤਿਆਰੀ ਲਈ ਸੱਦੀਆਂ ਮੀਟਿੰਗਾਂ ਵੇਲੇ ਸ਼ਾਮਲ ਨਾ ਕਰਨ ਦਾ ਦੋਸ਼ ਵੀ ਲਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਗਠਤ ਨਜ਼ਰਸਾਨੀ ਕਮੇਟੀ ਵਲੋਂ ਜਿਹੜੀ ਪੁਸਤਕ ਸੋਧ ਕੇ ਤਿਆਰ ਕੀਤੀ ਜਾ ਰਹੀ ਹੈ,
ਉਸ ਵਿਚ ਗ਼ਲਤੀਆਂ ਦੀ ਭਰਮਾਰ ਹੈ ਤੇ ਗੁਰੂ ਸਾਹਿਬਾਨ ਦਾ ਅਕਸ ਖ਼ਰਾਬ ਕਰ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਚੈਪਟਰ ਵਿਚ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕਰਨ ਦੀ ਥਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਕੂਲਾਂ ਨੂੰ ਭੇਜੇ ਗਏ ਚੈਪਟਰ ਵਿਚ ਦਸਿਆ ਗਿਆ ਹੈ ਕਿ ਉਹ ਚਮਕੌਰ ਦੀ ਗੜ੍ਹੀ ਤੋਂ ਚੁੱਪ ਕਰ ਕੇ ਨਿਕਲ ਗਏ ਸਨ ਜਦਕਿ ਅਸਲੀਅਤ ਇਸ ਦੇ ਉਲਟ ਹੈ ਕਿ ਉਨ੍ਹਾਂ ਨੇ ਚਮਕੌਰ ਸਾਹਿਬ, ਪੰਜ ਪਿਆਰਿਆਂ ਦੇ ਹੁਕਮ 'ਤੇ ਤਾੜੀ ਮਾਰ ਕੇ ਛਡਿਆ ਸੀ।
ਕਮੇਟੀ ਦੇ ਪ੍ਰਧਾਨ ਦਾ ਦਾਅਵਾ ਹੈ ਕਿ ਸਮੁੱਚੀ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਵਰਤੀ ਗਈ ਸ਼ਬਦਾਵਲੀ ਵਿਚ ਸਤਿਕਾਰ ਬਿਲਕੁਲ ਨਹੀਂ ਦਿਤਾ ਗਿਆ। ਇਥੋਂ ਤਕ ਕਿ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਵੀ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪ੍ਰਧਾਨ ਲੌਂਗੋਵਾਲ ਨੇ ਕਿਹਾ ਹੈ ਕਿ ਉੁਨ੍ਹਾਂ ਨੂੰ ਕਮੇਟੀ ਵਿਚ ਸ਼ਾਮਲ ਨੁਮਾਇੰਦਿਆਂ ਵਲੋਂ ਪੱਤਰ ਭੇਜ ਕੇ ਸਾਰੀ ਜਾਣਕਾਰੀ ਦਿਤੀ ਗਈ ਹੈ ਤੇ ਉਹ ਇਸ ਦੀ ਸੂਚਨਾ ਨਜ਼ਰਸਾਨੀ ਕਮੇਟੀ ਦੇ ਮੁਖੀ ਇਤਿਹਾਸਕਾਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਵੀ ਦੇ ਚੁੱਕੇ ਹਨ। ਉਨ੍ਹਾਂ ਵਲੋਂ ਕੋਈ ਕਾਰਵਾਈ ਨਾ ਕਰਨ ਤੇ ਸਖ਼ਤ ਫ਼ੈਸਲਾ ਲੈਣਾ ਪਿਆ ਹੈ।
ਉਨ੍ਹਾਂ ਨੇ ਸਰਕਾਰ ਨੂੰ ਕਿਤਾਬ ਵਾਪਸ ਲੈਣ ਦੀ ਅਪੀਲ ਕੀਤੀ ਹੈ। ਚੇਤੇ ਕਰਵਾਇਆ ਜਾਂਦਾ ਹੈ ਕਿ ਬੋਰਡ ਦੇ ਵਿਸ਼ਾ ਮਾਹਿਰਾਂ ਵਲੋਂ ਇਤਿਹਾਸਕਾਰਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਪੁਸਤਕ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪੁਸਤਕ ਉਤੇ ਨਜ਼ਰਸਾਨੀ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ। ਕਮੇਟੀ ਦੇ ਪਹਿਲੀ ਪੁਸਤਕ 'ਤੇ ਪੜਚੋਲ ਕਰਨ ਤੋਂ ਬਾਅਦ ਇਸ ਨੂੰ ਰੱਦ ਕਰ ਕੇ ਆਪ ਲਿਖਣ ਦਾ ਜ਼ਿੰਮਾ ਲਿਆ ਸੀ। ਪੁਸਤਕ ਦੇ ਪਹਿਲੇ ਚੈਪਟਰ ਹੀ ਵਿਵਾਦਾਂ ਵਿਚ ਘਿਰ ਗਏ ਸਨ।