
ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਨੌਜਵਾਨ ਹਲਾਕ
ਕੋਟਕਪੂਰਾ, 22 ਨਵੰਬਰ (ਗੁਰਿੰਦਰ ਸਿੰਘ): ਸਥਾਨਕ ਮੋਗਾ ਸੜਕ 'ਤੇ ਇੱਥੋਂ ਥੋੜੀ ਦੂਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਦੁਖਦਾਇਕ ਮੌਤ ਹੋ ਗਈ ਜਦਕਿ ਉਸ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਪੰਜਗਰਾਈ ਖ਼ੁਰਦ ਦੇ ਵਸਨੀਕ ਸੁਖਮੰਦਰ ਸਿੰਘ ਉਰਫ਼ ਵਿੱਕੀ ਵਜੋਂ ਹੋਈ ਹੈ। ਇਸ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਰਾਜ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੇ ਬਿਆਨ 'ਚ ਰਾਜ ਸਿੰਘ ਨੇ ਦਸਿਆ ਕਿ ਉਸ ਦਾ ਬੇਟਾ ਸੁਖਮੰਦਰ ਸਿੰਘ ਤੇ ਉਨ੍ਹਾਂ ਦੇ ਪਿੰਡ ਦਾ ਹੀ ਇਕ ਹੋਰ ਲੜਕਾ ਜਸਪ੍ਰੀਤ ਸਿੰਘ ਕੋਟਕਪੂਰਾ ਵਿਖੇ ਇਕ ਮਿਲਕ ਪਲਾਂਟ 'ਚ ਰਾਤ ਦੀ ਡਿਊਟੀ ਕਰਦੇ ਸਨ।
ਉਨ੍ਹਾਂ ਦਸਿਆ ਕਿ ਸਨਿਚਰਵਾਰ ਸਵੇਰੇ ਕਰੀਬ 5:00 ਵਜੇ ਉਹ ਦੋਨੋਂ ਡਿਊਟੀ ਖ਼ਤਮ ਕਰ ਕੇ ਵਾਪਸ ਘਰ ਆ ਰਹੇ ਸਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਉਹ (ਰਾਜ ਸਿੰਘ) ਵੀ ਅਪਣੇ ਭਤੀਜੇ ਰਮਨਦੀਪ ਸਿੰਘ ਨਾਲ ਸਬਜ਼ੀ ਮੰਡੀ ਵਿਖੇ ਆਇਆ ਹੋਇਆ ਸੀ ਅਤੇ ਉਨ੍ਹਾਂ ਦੀ ਅਨਾਜ ਮੰਡੀ ਦੇ ਗੇਟ ਕੋਲ ਮੁਲਾਕਾਤ ਹੋ ਗਈ, ਜਦ ਉਹ ਆਪੋ-ਅਪਣੇ ਮੋਟਰਸਾਈਕਲ 'ਤੇ ਬੈਠ ਕੇ ਪਿੰਡ ਨੂੰ ਜਾ ਰਹੇ ਸਨ ਤਾਂ ਮੋਗਾ ਰੋਡ 'ਤੇ ਹਰਿਆਲੀ ਪੰਪ ਤੋਂ ਥੋੜਾ ਅੱਗੇ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਵਾਹਨ ਨੇ ਉਸ ਦੇ ਬੇਟੇ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿਤੀ ਜਿਸ ਦੇ ਚਲਦੇ ਉਸ ਦੇ ਬੇਟੇ ਸੁਖਮੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜਸਪ੍ਰੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਤਫ਼ਤੀਸ਼ੀ ਅਫ਼ਸਰ ਏਐਸਆਈ ਭੁਪਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਵਲੋਂ ਦਿਤੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਜਦਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿਤੀ ਜਾਵੇਗੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-22-1ਏ