
ਨਵਜੋਤ ਸਿੱਧੂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਚੜ੍ਹਦੀਕਲਾ 'ਚ ਹਨ- ਮਨੀਸ਼ ਤਿਵਾੜੀ
ਪਟਿਆਲਾ: ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਉਹ ਸਵੇਰੇ ਕਰੀਬ 11 ਵਜੇ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਪਹੁੰਚੇ। ਕਰੀਬ ਇਕ ਘੰਟੇ ਤੱਕ ਹੋਈ ਇਸ ਮੁਲਾਕਾਤ ਮਗਰੋਂ ਮਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਉਹਨਾਂ ਦੱਸਿਆ ਕਿ ਮੁਲਾਕਾਤ ਦੌਰਾਨ ਕੋਈ ਸਿਆਸੀ ਗੱਲ ਨਹੀਂ ਹੋਈ।
ਉਹਨਾਂ ਲਿਖਿਆ, “ਪਟਿਆਲਾ ਕੇਂਦਰੀ ਜੇਲ੍ਹ ’ਚ ਨਵਜੋਤ ਸਿੱਧੂ ਨਾਲ ਇਕ ਘੰਟਾ ਬਿਤਾਇਆ। ਉਹਨਾਂ ਦੇ ਪਿਤਾ ਭਗਵੰਤ ਸਿੰਘ ਸਿੱਧੂ ਅਤੇ ਮੇਰੇ ਪਿਤਾ ਡਾ.ਵੀ.ਐਨ. ਤਿਵਾੜੀ ਦੀ ਗੂੰੜੀ ਸਾਂਝ ਸੀ। ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਇਹ ਦੇਖ ਕੇ ਚੰਗਾ ਲੱਗਿਆ ਕਿ ਉਹਨਾਂ ਨੇ ਮੁਸ਼ਕਲ ਸਮੇਂ ’ਚ ਵੀ ਹਿੰਮਤ ਨਹੀਂ ਹਾਰੀ”।
ਇਸ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਦੋਹਾਂ ਨੇ ਇਕੱਠਿਆਂ ਸੰਸਦ ਵਿਚ ਵੀ ਸੇਵਾਵਾਂ ਦਿੱਤੀਆਂ। ਇਹ ਇਕ ਨਿੱਜੀ ਮੀਟਿੰਗ ਸੀ, ਸਾਡੇ ਪਰਿਵਾਰਾਂ ਦੀ ਪੁਰਾਣੀ ਸਾਂਝ ਰਹੀ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਚੜ੍ਹਦੀਕਲਾ 'ਚ ਹਨ।