
ਪ੍ਰਧਾਨ ਮੰਤਰੀ ਨੂੰ ਸਵਾਲ, ਤਣਾਅ ਵਾਲੇ ਮਾਹੌਲ ਵਿਚ ਨਿਹੱਥੇ ਸੈਨਿਕਾਂ ਨੂੰ ਗਲਵਾਨ ਘਾਟੀ 'ਚ ਕਿਉਂ ਭੇਜਿਆ?
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਵਿਚ ਲੀਡਰਸ਼ਿਪ ਦੀ ਘਾਟ ਕਾਰਨ ਅੱਜ ਦੇਸ਼ ਦੀ ਕੌਮਾਂਤਰੀ ਮੰਚ ਦੇ ਸਾਖ਼ ਨੂੰ ਖੋਰਾ ਲੱਗ ਰਿਹਾ ਹੈ ਅਤੇ ਸਾਡੇ ਫ਼ੌਜੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।
Sunil Jakhar
ਅੱਜ ਇੱਥੇ ਸੈਕਟਰ-3 ਵਿਖੇ ਵਾਰ ਮੈਮੋਰੀਅਲ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਵੀਰ ਸਪੂਤਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਮੌਕੇ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਮੁਲਕ ਦੀਆਂ ਸੈਨਾਵਾਂ ਹਰ ਮੁਸ਼ਕਲ ਦਾ ਟਾਕਰਾ ਕਰਨ ਲਈ ਸਮੱਰਥ ਹਨ ਪਰ ਦੇਸ਼ ਦੀ ਸਰਕਾਰ ਦੀ ਢਿੱਲ ਕਾਰਨ ਸੈਨਾਵਾਂ ਅਤੇ ਦੇਸ਼ ਵਾਸੀਆਂ ਦਾ ਮਨੋਬਲ ਡਿੱਗ ਰਿਹਾ ਹੈ।
Sunil Jakhar
ਸ੍ਰੀ ਜਾਖੜ ਨੇ ਕਿਹਾ ਕਿ ਅਸੀਂ ਭਾਰਤੀ ਅਪਣੀਆਂ ਸਰਹੱਦਾਂ ਦੀ ਰਾਖੀ ਲਈ ਹਿੱਕ ਵਿਚ ਗੋਲੀਆਂ ਖਾ ਕੇ ਸ਼ਹੀਦੀ ਪ੍ਰਾਪਤ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ ਪਰ ਵਰਤਮਾਨ ਸਰਕਾਰ ਨਿਹੱਥੇ ਫ਼ੌਜੀਆਂ ਨੂੰ ਤਣਾਅ ਵਾਲੇ ਮਾਹੌਲ ਵਿਚ ਸ਼ਹੀਦ ਹੋਣ ਲਈ ਭੇਜ ਰਹੀ ਹੈ, ਜੋ ਕਿ ਸਵਿਕਾਰਯੋਗ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਜਵਾਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ ਵੀਰ ਦੁਸ਼ਮਣ ਦਾ ਹੋਰ ਵਧੇਰੇ ਅਤੇ ਕਈ ਗੁਣਾ ਜ਼ਿਆਦਾ ਨੁਕਸਾਨ ਕਰ ਸਕਦੇ ਸਨ।
Sunil Jakhar
ਸੂਬਾ ਕਾਂਗਰਸ ਪ੍ਰਧਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਹ ਮੁਲਕ ਦੇ ਅਵਾਮ ਸਾਹਮਣੇ ਸਪੱਸ਼ਟ ਕਰਨ ਕਿ ਜਦ ਸਰਕਾਰ ਨੂੰ ਪਤਾ ਸੀ ਕਿ ਗਲਵਾਨ ਘਾਟੀ ਵਿਚ ਤਣਾਅ ਹੈ ਅਤੇ ਕੁੱਝ ਦਿਨ ਪਹਿਲਾਂ ਵੀ ਉਥੇ ਦੁਸ਼ਮਣ ਨਾਲ ਝਪਟ ਹੋ ਕੇ ਹਟੀ ਹੈ ਤਾਂ ਫਿਰ ਉਥੇ ਜਵਾਨਾਂ ਨੂੰ ਬਿਨਾਂ ਹਥਿਆਰਾਂ ਦੇ ਕਿਉਂ ਭੇਜਿਆ ਗਿਆ।
sunil jakhar
ਸ੍ਰੀ ਜਾਖੜ ਨੇ ਇਸ ਮੌਕੇ ਕੇਂਦਰ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਗਿਆ ਦੇਸ਼ ਦੀ ਜ਼ਮੀਨ 'ਤੇ ਚੀਨ ਨੇ ਕਬਜ਼ਾ ਕਿਵੇਂ ਕਰ ਲਿਆ ਜਦਕਿ ਪ੍ਰਧਾਨ ਮੰਤਰੀ ਚੀਨੀ ਰਾਸ਼ਟਰਪਤੀ ਨਾਲ ਨੇੜਤਾ ਦੇ ਦਾਅਵੇ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਵੀ ਪੂਰਾ ਦੇਸ਼ ਤੇ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਸਰਕਾਰ ਦੇ ਨਾਲ ਹਨ ਕਿ ਉਹ ਯੋਗ ਫ਼ੈਸਲਾ ਲਵੇ ਪਰ ਕੇਂਦਰ ਸਰਕਾਰ ਦੀ ਕਮਜ਼ੋਰੀ ਦੇਸ਼ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।