
ਸ਼ਹੀਦ ਊਧਮ ਸਿੰਘ ਨਗਰ ਵਿਚ ਵਾਪਰੀ ਘਟਨਾ
ਪਟਿਆਲਾ: ਸਰਹਿੰਦ ਰੋਡ 'ਤੇ ਸਥਿਤ ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ 'ਚ ਦਿਨ-ਦਿਹਾੜੇ ਮਾਂ-ਪੁੱਤ ਦਾ ਕਤਲ ਕਰ ਦਿਤਾ ਗਿਆ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ 'ਚੋਂ ਬਰਾਮਦ ਹੋਣ 'ਤੇ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਦੋਵਾਂ ਦੀ ਪਛਾਣ 50 ਸਾਲਾ ਜਸਵੀਰ ਕੌਰ ਅਤੇ 27 ਸਾਲਾ ਹਰਵਿੰਦਰ ਸਿੰਘ ਜੱਗੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਕੇਰਲ: ਮੁੱਖ ਮੰਤਰੀ ਵਿਜਯਨ ਦੇ ਭਾਸ਼ਣ ਦੌਰਾਨ ਮਾਈਕ ’ਚ ਗੜਬੜੀ ’ਤੇ ਮਾਮਲਾ ਦਰਜ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਆਟੋ ਚਾਲਕ ਗੁਰਮਨ ਸਿੰਘ ਕੰਮ 'ਤੇ ਗਿਆ ਸੀ। ਸ਼ਾਮ 4 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਕੁੰਡੀ ਅੰਦਰੋਂ ਬੰਦ ਸੀ। ਕਈ ਵਾਰ ਖੜਕਾਉਣ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਦਰਵਾਜ਼ੇ ਦਾ ਤਾਲਾ ਚਾਕੂ ਨਾਲ ਤੋੜ ਦਿਤਾ ਗਿਆ। ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰੇ ਕਮਰਿਆਂ ਵਿਚ ਖੂਨ ਦੇ ਨਿਸ਼ਾਨ ਸਨ ਅਤੇ ਮਾਂ-ਪੁੱਤ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਪਈਆਂ ਸਨ।
ਇਹ ਵੀ ਪੜ੍ਹੋ: ਅਹਿਮਦੀਆ ਵਿਵਾਦ: ਵਕਫ਼ ਬੋਰਡ ਕਿਸੇ ਵੀ ਭਾਈਚਾਰੇ ਨੂੰ ਧਰਮ ’ਚੋਂ ਨਹੀਂ ਕੱਢ ਸਕਦਾ: ਸਮ੍ਰਿਤੀ ਇਰਾਨੀ
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ, ਡੀ.ਐਸ.ਪੀ. ਜਸਵਿੰਦਰ ਟਿਵਾਣਾ, ਐਸ.ਐਚ.ਓ. ਤ੍ਰਿਪੜੀ ਪ੍ਰਦੀਪ ਸਿੰਘ ਬਾਜਵਾ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਨਮੂਨੇ ਲਏ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਟੀਮ ਕਤਲ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪ੍ਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।