
ਐਲੀਮੈਂਟਰੀ ਐਜੂਕੇਸ਼ਨ ਡਿਪਲੋਮਾ ਵਾਲੇ ਪ੍ਰੀ-ਪ੍ਰਾਇਮਰੀ ਅਧਿਆਪਕ ਭਰਤੀ 'ਚ ਸ਼ਾਮਲ ਹੋ ਸਕਣਗੇ
ਚੰਡੀਗੜ੍ਹ, 25 ਦਸੰਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਲੀਮੈਂਟਰੀ ਆਜੁਕੇਸ਼ਨ ਡਿਪਲੋਮਾ ਪਾਸ ਉਮੀਦਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਵਿਚ ਸ਼ਾਮਲ ਕਰਨ ਦੀ ਇਜਾਜ਼ਤ ਦੇ ਦਿਤੀ ਹੈ | ਕੁੱਝ ਉਮੀਦਵਾਰਾਂ ਨੇ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਸਰਕਾਰ ਨੇ ਪ੍ਰੀ-ਪ੍ਰਾਇਮਰੀ ਅਧਿਆਪਕ ਭਰਤੀ ਲਈ 12ਵੀਂ ਪਾਸ ਤੇ ਨਰਸਰੀ ਟ੍ਰੇਨਿੰਗ 'ਚ ਇਕ ਸਾਲ ਦਾ ਸਰਟੀਫ਼ੀਕੇਟ ਤੇ ਡਿਪਲੋਮਾ ਕੀਤੇ ਹੋਏ ਹੋਣ ਦੀ ਯੋਗਤਾ ਰੱਖੀ ਸੀ ਤੇ ਪਟੀਸ਼ਨਰਾਂ ਕੋਲ ਇਸ ਤੋਂ ਉਪਰਲੀ ਵਿਦਿਅਕ ਯੋਗਤਾ ਹੈ | ਉਨ੍ਹਾਂ ਨੇ ਐਲੀਮੈਂਟਰੀ ਆਜੁਕੇਸ਼ਨ ਦਾ ਡਿਪਲੋਮਾ ਕੀਤਾ ਹੋਇਆ ਹੈ ਤੇ 12ਵੀਂ ਪਾਸ ਵੀ ਹਨ ਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਦਾ ਸਟੇਟ ਟੀਚਰ ਇਲੀਜੀਬਲਿਟੀ ਟੈਸਟ ਵੀ ਪਾਸ ਕੀਤਾ ਹੋਇਆ ਹੈ ਪਰ ਇਸ ਜੇ ਬਾਵਜੂਦ ਉਨ੍ਹਾਂ ਦੇ ਬਿਨੈ ਪੱਤਰ ਮੰਜੂਰ ਨਹੀਂ ਕੀਤੇ ਜਾ ਰਹੇ, ਲਿਹਾਜਾ ਸਰਕਾਰ ਦਾ ਇਹ ਫ਼ੈਸਲਾ ਰੱਦ ਕਰ ਕੇ ਪਟੀਸ਼ਨਰਾਂ ਨੂੰ ਭਰਤੀ 'ਚ ਸ਼ਾਮਲ ਕੀਤੇ ਜਾਣ ਦੀ ਇਜਾਜ਼ਤ ਦਿਤੀ ਜਾਵੇ | ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਪਟੀਸ਼ਨਰਾਂ ਨੂੰ ਭਰਤੀ 'ਚ ਸ਼ਾਮਲ ਕਰਨ ਦੀ ਹਦਾਇਤ ਕੀਤੀ ਹੈ ਪਰ ਨਾਲ ਹੀ ਕਿਹਾ ਹੈ ਕਿ ਉਨ੍ਹਾਂ ਦਾ ਨਤੀਜਾ ਸੀਲਬੰਦ ਰਖਿਆ ਜਾਵੇ |
image