
ਪੰਜਾਬ 'ਚ ਝੱਖੜ ਨਾਲ ਤੇਜ਼ ਮੀਂਹ, ਆਮ ਜਨਜੀਵਨ ਪ੍ਰਭਾਵਤ
ਚੰਡੀਗੜ੍ਹ, 26 ਫ਼ਰਵਰੀ (ਪਪ) : ਪੰਜਾਬ 'ਚ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ | ਮੌਸਮ ਨੂੰ ਵੇਖ ਕੇ ਕਿਸਾਨ ਡਰੇ ਹੋਏ ਹਨ ਕਿਉਂਕਿ ਸਨਿਚਰਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲਿ੍ਹਆਂ 'ਚ ਸਵੇਰੇ ਚਾਰ ਵਜੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ | ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਸਮੇਤ ਕਈ ਜ਼ਿਲਿ੍ਹਆਂ 'ਚ ਪਿਛਲੇ 4 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ | ਮੀਂਹ ਤੇ ਤੇਜ਼ ਹਵਾਵਾਂ ਕਾਰਨ ਸ਼ਹਿਰ 'ਚ ਠੰਢ ਵਧ ਗਈ ਹੈ | ਸਵੇਰ ਤੋਂ ਹੀ ਕਰੀਬ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ |
ਸੂਬੇ ਦੀ ਰਾਜਧਾਨੀ ਦੇ ਨੇੜਲਿਆਂ ਇਲਾਕਿਆਂ ਮੋਹਾਲੀ ਤੇ ਫ਼ਤਿਹਗੜ੍ਹ ਸਾਹਿਬ ਤੋਂ ਵੀ ਤੇਜ਼ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ ਹਨ | ਮਾਲਵਾ ਦੇ ਸਾਰੇ ਜ਼ਿਲਿ੍ਹਆਂ ਵਿਚ ਵੀ ਹਲਕੀ ਤੋਂ ਤੇਜ਼ ਬਾਰਸ਼ ਹੋਣ ਦੀ ਸੂਚਨਾ ਹੈ | ਇਸ ਦੌਰਾਨ ਬੱਦਲ ਲਗਾਤਾਰ ਗਰਜ ਰਹੇ ਹਨ | ਮੌਸਮ ਵਿਭਾਗ ਅਨੁਸਾਰ ਦੋ ਦਿਨ ਬੱਦਲਵਾਈ ਰਹਿ ਸਕਦੀ ਹੈ ਅਤੇ ਮੀਂਹ ਜਾਰੀ ਰਹੇਗੀ |
ਇਕ ਪਾਸੇ ਇਸ ਮੀਂਹ ਨੇ ਗਰਮੀ ਦੀ ਸ਼ੁਰੂਆਤ ਨੂੰ ਥੋੜੀ ਠੱਲ੍ਹ ਪਾ ਦਿਤੀ ਹੈ ਪਰ ਦੂਜੇ ਪਾਸੇ ਝੱਖੜ ਤੇ ਮੀਂਹ ਕਾਰਨ ਕਿਸਾਨ ਡਰੇ ਹੋਏ ਹਨ | ਉਨ੍ਹਾਂ ਨੂੰ ਡਰ ਹੈ ਕਿ ਜੇਕਰ ਮੀਂਹ ਤੇ ਝੱਖੜ ਨਾ ਰੁਕਿਆ ਤਾਂ ਸਰ੍ਹੋਂ ਅਤੇ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਰ੍ਹੋਂ ਲਗਭਗ ਪੱਕਣ ਦੀ ਕਗਾਰ 'ਤੇ ਹੈ | ਇਸ ਦੇ ਨਾਲ ਹੀ ਪਿਆਜ਼ ਅਤੇ ਆਲੂ ਦੀ ਫ਼ਸਲ ਵੀ ਅਜੇ ਖੇਤਾਂ 'ਚ ਹੈ | ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ ਅਤੇ ਤੇਜ਼ ਹਵਾਵਾਂ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ | ਪੰਜਾਬ 'ਚ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਹੀ ਮੀਂਹ ਪਿਆ ਹੈ | ਇਸ ਕਾਰਨ ਮਹੀਨੇ 'ਚ ਹੁਣ ਤਕ ਠੰਢਕ ਵੇਖਣ ਨੂੰ ਮਿਲ ਰਹੀ ਹੈ | ਆਉਣ ਵਾਲੇ ਦਿਨਾਂ 'ਚ ਸਥਿਤੀ ਸਾਫ਼ ਹੋਣ ਦੇ ਕੋਈ ਸੰਕੇਤ ਨਹੀਂ ਹਨ | ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿਤੀ ਹੈ | ਮੀਂਹ ਕਾਰਨ ਹੁਣ ਦਿਨ ਦੇ ਤਾਪਮਾਨ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ |
ਉਧਰ ਇਸ ਮੀਂਹ ਨੇ ਆਮ ਜਨਜੀਵਨ ਕਾਫ਼ੀ ਪ੍ਰਭਾਵਿਤ ਕੀਤਾ ਹੈ | ਦੁਪਹੀਆ ਵਾਹਨਾਂ 'ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਥੇ ਹੀ ਬਸ ਨਹੀਂ ਕਿ ਜੇਕਰ ਮੀਂਹ ਰੁਕ ਵੀ ਜਾਂਦਾ ਹੈ ਤਾਂ ਫਿਰ ਕੁੱਝ ਦਿਨਾਂ ਲਈ ਧੁੰਦ ਪ੍ਰੇਸ਼ਾਨ ਕਰ ਸਕਦੀ ਹੈ |
ਬਰਸਾਤ ਕਾਰਨ ਹੁਣ ਦਿਨ ਦੇ ਤਾਪਮਾਨ ਵਿਚ ਵੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ | ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 24.8 ਡਿਗਰੀ ਸੈਲਸੀਅਸ ਰਿਹਾ | ਘੱਟੋ-ਘੱਟ ਤਾਪਮਾਨ 10.8 ਡਿਗਰੀ ਸੈਲਸੀਅਸ ਹੈ | ਐਤਵਾਰ ਨੂੰ ਵੀ ਆਸਮਾਨ ਤੇ ਬੱਦਲ ਛਾਏ ਰਹਿਣਗੇ, ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘਟੋ-ਘੱਟ ਤਾਪਮਾਨ 15 ਡਿਗਰੀ ਤਕ ਜਾ ਸਕਦਾ ਹੈ | ਸੋਮਵਾਰ ਨੂੰ ਆਸਮਾਨ ਸਾਫ਼ ਰਹੇਗਾ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਘਟੋ-ਘੱਟ ਤਾਪਮਾਨ 12 ਡਿਗਰੀ ਰਹੇਗਾ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਇਕ ਤੋਂ ਬਾਅਦ ਇਕ ਦੋ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੇ ਹਨ | ਇਨ੍ਹਾਂ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ ਟ੍ਰਾਈਸਿਟੀ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ | 28 ਫ਼ਰਵਰੀ ਅਤੇ ਮਾਰਚ ਦੇ ਪਹਿਲੇ ਹਫ਼ਤੇ ਤਕ ਮੌਸਮ ਖ਼ਰਾਬ ਰਹੇਗਾ |
ਆਉਣ ਵਾਲੇ ਦਿਨਾਂ ਦੌਰਾਨ ਉਤਰੀ ਭਾਰਤ ਦੇ ਪਹਾੜੀ ਇਲਾਕਿਆਂ ਵਿਚ ਹਲਕੀ ਤੇ ਭਾਰੀ ਬਰਫ਼ਬਾਰੀ ਵੀ ਹੋ ਸਕਦੀ ਹੈ ਅਤੇ ਚੰਡੀਗੜ੍ਹ, ਮੁਹਾਲੀ ਅਤੇ ਪੰਜਾਬ ਦੇ ਹੋਰਨਾਂ ਇਲਾਕਿਆਂ ਵਿਚ ਬਰਸਾਤ ਪੈਣ ਦੀ ਸੰਭਾਵਨਾ ਹੈ | ਅਗਲੇ ਚਾਰ ਦਿਨਾਂ ਤਕ ਟ੍ਰਾਈਸਿਟੀ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਣਗੀਆਂ |
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਇਹ ਵੀ ਕਿਹਾ ਹੈ ਕਿ ਬਰਸਾਤ ਅਤੇ ਹਨੇਰੀ ਦੇ ਸਮੇਂ ਰਾਹਗੀਰ ਜਾਂ ਕੋਈ ਵੀ ਵਿਅਕਤੀ ਦਰੱਖ਼ਤਾਂ ਹੇਠਾਂ ਨਾ ਰੁਕਣ |