
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਨਾ ਬਖ਼ਸ਼ਣ ਦਾ ਐਲਾਨ ਕੀਤਾ ਹੈ, ਭਾਵੇਂ ਉਹ ਕਿੰਨਾ...
ਮਹਿਰਾਜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਗਾੜੀ ਕੇਸ ਦੇ ਕਿਸੇ ਵੀ ਦੋਸ਼ੀ ਨੂੰ ਨਾ ਬਖ਼ਸ਼ਣ ਦਾ ਐਲਾਨ ਕੀਤਾ ਹੈ, ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਸਿਆਸਤਦਾਨ ਜਾਂ ਪੁਲੀਸ ਅਫ਼ਸਰ ਹੀ ਕਿਉਂ ਨਾ ਹੋਵੇ। ਅਕਾਲੀਆਂ ਵਲੋਂ ਇਸ ਘਟਨਾ ਦੀ ਜਾਂਚ ਲਈ ਆਪ ਹੀ ਸਥਾਪਤ ਕੀਤੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਪ੍ਰਵਾਨ ਨਾ ਕਰਨ ਅਤੇ ਦੋਸ਼ੀਆਂ ਨੂੰ ਵੀ ਹੱਥ ਪਾਉਣ ਤੋਂ ਨਾਕਾਮ ਰਹਿਣ ਦੀ ਕਰੜੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨਾਂ ਦੀ ਸਰਕਾਰ ਵਲੋਂ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ ਛੇਤੀ ਹੀ ਨਤੀਜੇ ’ਤੇ ਪਹੁੰਚੇਗੀ
Phase 3rd of Debt Waiver Scheme
ਅਤੇ ਉਹ ਇਸ ਗੱਲ ਨੂੰ ਨਿੱਜੀ ਤੌਰ ’ਤੇ ਯਕੀਨੀ ਬਣਾਉਣਗੇ ਕਿ ਇਸ ਘਟਨਾ ਲਈ ਕੋਈ ਵੀ ਦੋਸ਼ੀ ਕਾਨੂੰਨ ਦੇ ਸ਼ਿਕੰਜੇ ’ਚੋਂ ਬਚ ਨਾ ਨਿਕਲੇ। ਇਸ ਮਾਮਲੇ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਆਲ ਦੇ ਘੇਰੇ ਵਿਚ ਆਏ ਅਧਿਕਾਰੀ ਨੇ ਸੁਭਾਵਿਕ ਤੌਰ ’ਤੇ ਕਿਸੇ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਵਿਸ਼ੇਸ਼ ਜਾਂਚ ਟੀਮ ਇਹ ਹੁਕਮ ਜਾਰੀ ਕਰਨ ਵਾਲਿਆਂ ਦੀ ਵੀ ਸ਼ਨਾਖ਼ਤ ਕਰੇਗੀ। ਉਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ਿਆ ਜਾਵੇਗਾ।
ਮੁੱਖ ਮੰਤਰੀ ਨੇ ਅੱਜ ਇੱਥੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਵਿਰੁੱਧ ਬਠਿੰਡਾ ਅਤੇ ਮਾਨਸਾ ਦੇ 18308 ਛੋਟੇ ਕਿਸਾਨਾਂ ਨੂੰ 97 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਉਂਦਿਆਂ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ 10-10 ਕਿਸਾਨਾਂ ਨੂੰ ਰਸਮੀ ਤੌਰ ’ਤੇ ਕਰਜ਼ਾ ਰਾਹਤ ਸਰਟੀਫਿਕੇਟ ਵੀ ਨਿੱਜੀ ਤੌਰ ’ਤੇ ਸੌਂਪੇ। ਇਸ ਮੌਕੇ ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਖੇਤੀਬਾੜੀ ਤੋਂ ਲੈ ਕੇ ਉਦਯੋਗ ਅਤੇ ਆਰਥਿਕਤਾ ਸਮੇਤ ਹਰੇਕ ਖੇਤਰ ਦਾ ਭੱਠਾ ਬਿਠਾ ਦੇਣ ’ਤੇ ਇਨਾਂ ਨੂੰ ਆੜੇ ਹੱਥੀ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਅਤੇ ਇਸ ਦੀ ਜੁੰਡਲੀ ਲੋਕਾਂ ਦਾ ਭਲਾ ਕਰਨ ਦੀ ਥਾਂ ’ਤੇ ਅਪਣੀਆਂ ਜੇਬਾਂ ਭਰਨ ਵਿਚ ਹੀ ਮਸਤ ਰਹੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਮਾੜੇ ਦੌਰ ਨੂੰ ਪਲਟਦਿਆਂ ਨਵੀਂ ਸ਼ੁਰੂਆਤ ਕੀਤੀ ਜਿਸ ਤਹਿਤ ਇਕੱਲੇ ਫਤਿਹਗੜ੍ਹ ਸਾਹਿਬ ਵਿਚ ਹੀ 300 ਸਟੀਲ ਫੈਕਟਰੀਆਂ ਮੁੜ ਚੱਲਣ ਲੱਗ ਪਈਆਂ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪੁਰਖੇ ਸਰਦੂਲ ਸਿੰਘ ਜੋ ਬਾਬਾ ਆਲਾ ਸਿੰਘ ਦੇ ਪੁੱਤਰ ਸਨ, ਦੀ ਸਮਾਧ ਦੀ ਥਾਂ ’ਤੇ ਪੁਲੀਸ ਥਾਣਾ ਬਣਾ ਦੇਣ ਲਈ ਵੀ ਪਿਛਲੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।
Debt Waiver Scheme
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਪਣੇ ਪਿੰਡ ਦੇ ਦੌਰੇ ਨੂੰ ਚੇਤੇ ਕਰਦਿਆਂ ਉਨਾਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫੀ ਜਾਂ ਹੋਰ ਵਿਕਾਸ ਫੰਡ ਦੇਣ ਵਿਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦੀ ਪਰ ਅਕਾਲੀ ਪੱਖਪਾਤ ਅਪਣਾਉਂਦੇ ਸਨ ਜਿਸ ਕਰਕੇ ਅਕਾਲੀ ਸਰਕਾਰ ਨੇ ਉਨਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਅਤੇ ਪਟਿਆਲਾ ਨੂੰ ਵਿਕਾਸ ਪੱਖੋਂ ਪੂਰੀ ਤਰਾਂ ਅਣਗੌਲਿਆ ਰੱਖਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਅਤੇ ਨਸ਼ਿਆਂ ਦਾ ਲੱਕ ਤੋੜ ਦੇਣ ਦੇ ਅਪਣੇ ਚੋਣ ਵਾਅਦੇ ਨੂੰ ਸਹੀ ਢੰਗ ਨਾਲ ਅਮਲ ਵਿਚ ਲਿਆਉਣ ’ਤੇ ਤਸੱਲੀ ਜ਼ਾਹਰ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਉਨਾਂ ਦੀ ਸਰਕਾਰ ਆਈ ਹੈ, ਉਸ ਵੇਲੇ ਤੋਂ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਆਈ ਹੈ ਅਤੇ ਇਸੇ ਤਰਾਂ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਬਹੁਤ ਹੱਦ ਤੱਕ ਠੱਲ ਪੈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾਗ੍ਰਸਤ ਨੌਜਵਾਨਾਂ ਦੇ ਮੁੜ ਵਸੇਬੇ ਲਈ ਬੱਡੀ ਅਤੇ ਡੈਪੋ ਪ੍ਰੋਗਰਾਮ ਬਹੁਤ ਸਹਾਈ ਸਿੱਧ ਹੋ ਰਹੇ ਹਨ ਜਿਨ੍ਹਾਂ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ। ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਅਫ਼ਸੋਸ ਜ਼ਾਹਰ ਕੀਤਾ
ਕਿ ਕਿਸਾਨੀ ਦੀ ਬਾਂਹ ਫੜਨ ਲਈ ਉਨ੍ਹਾਂ ਵਲੋਂ ਵਾਰ-ਵਾਰ ਕੀਤੀਆਂ ਅਪੀਲਾਂ ਦਾ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਪਾਸੋਂ ਉਨ੍ਹਾਂ ਨੂੰ ਵਿਰਾਸਤ ਵਿਚ ਮਿਲੀ 2.08 ਲੱਖ ਕਰੋੜ ਦੇ ਕਰਜ਼ੇ ਦੇ ਬਾਵਜੂਦ ਸਾਡੀ ਸਰਕਾਰ ਨੇ ਕਰਜ਼ਾ ਰਾਹਤ ਸਕੀਮ ਰਾਹੀਂ ਕਿਸਾਨਾਂ ਨੂੰ ਢਾਰਸ ਦੇਣ ਦੇ ਯਤਨ ਅਰੰਭੇ ਜਿਸ ਤਹਿਤ ਸੂਬੇ ਵਿਚ ਖੇਤੀ ਕਰ ਰਹੇ 17 ਲੱਖ ਪਰਿਵਾਰਾਂ ਵਿਚੋਂ 10.25 ਲੱਖ ਪਰਿਵਾਰਾਂ ਨੂੰ ਰਾਹਤ ਮਿਲੇਗੀ।
Captain's team in Mahiraj
ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਰਜ਼ਾ ਮੁਆਫ਼ੀ ਦੇ ਨਾਲ-ਨਾਲ ਬੇਜ਼ਮੀਨ ਕਿਰਤੀਆਂ ਲਈ ਵੀ ਨਵੀਂ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਲਈ ਸਰਕਾਰ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਰਜ਼ਾ ਰਾਹਤ ਸਕੀਮ ਸੰਕਟ ’ਚ ਫਸੇ ਗ਼ਰੀਬ ਕਿਸਾਨਾਂ ਲਈ ਥੋੜੀ ਜਿਹੀ ਰਾਹਤ ਕਹੀ ਜਾ ਸਕਦੀ ਹੈ ਅਤੇ ਜਦੋਂ ਤੱਕ ਉਨ੍ਹਾਂ ਨੂੰ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ, ਉਦੋਂ ਤੱਕ ਉਨਾਂ ਦੀਆਂ ਮੁਸ਼ਕਿਲਾਂ ਇਸੇ ਤਰਾਂ ਜਾਰੀ ਰਹਿਣਗੀਆਂ। ਮੁੱਖ ਮੰਤਰੀ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ-ਬਿਨ ਲਾਗੂ ਕਰਨ ਦੀ ਮੰਗ ਦੁਹਰਾਈ।
ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਦੇ ਕਿਸਾਨ ਸੰਕਟ ਵਿਚ ਹਨ ਜਿਸ ਕਰਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸਹਾਇਤਾ ਲਈ ਕੌਮੀ ਨੀਤੀ ਲਿਆਉਣੀ ਚਾਹੀਦੀ ਹੈ। ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਲਈ ਪੰਜਾਬ ਦੇ ਮਿਸਾਲੀ ਯੋਗਦਾਨ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਥੋਂ ਤੱਕ ਕਿ ਇਸ ਵੇਲੇ ਸੂਬੇ ਦੇ ਸਾਰੇ ਗੁਦਾਮ ਨੱਕੋ-ਨੱਕ ਭਰੇ ਹੋਏ ਹਨ। ਉਨਾਂ ਕਿਹਾ ਕਿ ਜੇਕਰ ਭਾਰਤੀ ਖ਼ੁਰਾਕ ਨਿਗਮ ਨੇ ਅਨਾਜ ਚੁੱਕਣ ਦੇ ਅਪਣੇ ਟੀਚੇ ਨੂੰ ਪੂਰਾ ਨਾ ਕੀਤਾ ਤਾਂ ਸੂਬੇ ਨੂੰ ਨਵੀਂ ਫ਼ਸਲ ਨੂੰ ਭੰਡਾਰ ਕਰਨ ਲਈ ਅਪਣੇ ਪੱਧਰ ’ਤੇ ਪ੍ਰਬੰਧ ਕਰਨੇ ਪੈਣਗੇ।
ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਮੁੱਖ ਮੰਤਰੀ ਨੇ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਪਰਾਲੀ ਨਾ ਸਾੜਨ ਵਾਲਿਆਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਪਰਾਲੀ ਦਾ ਵਧੀਆ ਤਰੀਕੇ ਨਾਲ ਪ੍ਰਬੰਧਨ ਹੋ ਸਕੇ ਪਰ ਕੇਂਦਰ ਸਰਕਾਰ ਵਲੋਂ ਇਸ ਮੰਗ ਨੂੰ ਵੀ ਮੰਨਿਆ ਨਹੀ ਗਿਆ। ਇਸ ਦੇ ਬਾਵਜੂਦ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਕਦਮ ਪੁੱਟਿਆ ਜਿਸ ਨਾਲ ਪੰਜਾਬ ਵਿਚ ਹਵਾ ਦੇ ਮਿਆਰ ਵਿਚ ਸੁਧਾਰ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੇ ਪ੍ਰਬੰਧਨ ਵਾਸਤੇ 27500 ਮਸ਼ੀਨਾਂ ਸਬਸਿਡੀ ’ਤੇ 250 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਤਰਾਂ ਦੀਆਂ 40000 ਹੋਰ ਮਸ਼ੀਨਾਂ ਕਿਸਾਨਾਂ ਨੂੰ 400 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ।
ਅਪਣੀ ਸਰਕਾਰ ਵਲੋਂ ਕੀਤੀਆਂ ਗਈਆਂ ਕੁੱਝ ਕਿਸਾਨ ਪੱਖੀ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੇ ਜਾਣ ਦੇ ਨਤੀਜੇ ਵੱਜੋਂ ਯੂਰੀਆ ਅਤੇ ਡੀ.ਏ.ਵੀ.ਪੀ ਦੀ ਵਰਤੋਂ ਵਿਚ ਸਾਉਣੀ-2018 ਦੌਰਾਨ ਕ੍ਰਮਵਾਰ 1 ਲੱਖ ਮੀਟਰਿਕ ਟਨ ਅਤੇ 46 ਹਜ਼ਾਰ ਟਨ ਕਮੀ ਆਈ ਹੈ। ਇਸ ਦੇ ਨਤੀਜੇ ਵੱਜੋਂ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੂੰ 200 ਕਰੋੜ ਰੁਪਏ ਦੀ ਬਚਤ ਹੋਈ ਹੈ।
Captain, Jakhar & other Congress Leader
ਉਨ੍ਹਾਂ ਕਿਹਾ ਕਿ ਬਾਸਮਤੀ ’ਤੇ ਖੇਤੀ ਰਸਾਇਣਾਂ ਦੀ ਸੂਝ ਨਾਲ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਸ਼ੁਰੂ ਕੀਤੀ ਮੁਹਿੰਮ ਦੇ ਨਾਲ ਚਾਵਲ ਦੇ ਮਿਆਰ ਵਿਚ ਸੁਧਾਰ ਲਿਆਉਣ ’ਚ ਮਦਦ ਮਿਲੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਅੰਤਰਰਾਸ਼ਟਰੀ ਮੰਡੀ ਵਿਚ ਲਾਹੇਵੰਦ ਭਾਅ ਮਿਲਿਆ ਹੈ। ਮੁੱਖ ਮੰਤਰੀ ਨੇ ਖੇਤੀ ਉਤਪਾਦਾਂ ਦੀ ਇਲੈਕਟ੍ਰਾਨਿਕ ਮੰਡੀਕਰਨ ਅਤੇ ਅਨਾਜ ਦੀ ਨਿਰਵਿਘਨ ਖ਼ਰੀਦ ਦਾ ਵੀ ਜ਼ਿਕਰ ਕੀਤਾ ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ।
ਦਿਹਾਤੀ ਸੰਪਰਕ ਸੜਕਾਂ ਨੂੰ ਮਜ਼ਬੂਤ ਬਣਾਉਣ ਲਈ ਅਪਣੀ ਸਰਕਾਰ ਵਲੋਂ ਦਿਤੇ ਜਾ ਰਹੇ ਜ਼ੋਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 61000 ਕਿਲੋਮੀਟਰ ਅਜਿਹੀਆਂ ਸੜਕਾਂ ਵਿਚੋਂ 16000 ਕਿਲੋਮੀਟਰ ਸੜਕਾਂ ਦੀ 2000 ਕਰੋੜ ਦੀ ਲਾਗਤ ਨਾਲ ਮੁਰੰਮਤ ਕੀਤੀ ਜਾ ਰਹੀ ਹੈ। ਇਸ ਨੂੰ 30 ਜੂਨ ਤੱਕ ਮੁਕੰਮਲ ਕੀਤੇ ਜਾਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਹੋਰਨਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਅਪਣੀ ਫ਼ਸਲ ਦੀ ਢੋਆ-ਢੁਆਈ ਲਈ ਵਧੀਆ ਸੜਕਾਂ ਪ੍ਰਾਪਤ ਹੋ ਸਕਣ।
ਉਨਾਂ ਨੇ ਮੰਡੀਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ’ਤੇ ਵੀ ਜ਼ੋਰ ਦਿਤਾ। ਸਹਿਕਾਰਿਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣੇ ਭਾਸ਼ਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸ ਬਿਆਨ ਦੇ ਵਾਸਤੇ ਤਿੱਖੀ ਆਲੋਚਨਾ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਸਰਕਾਰ ਦੇ ਸ਼ਾਸਨ ਦੌਰਾਨ ਕੋਈ ਵਿਕਾਸ ਨਹੀ ਹੋਇਆ। ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦਾ ਮਿਸਾਲੀ ਵਿਕਾਸ ਯਕੀਨੀ ਬਨਾਉਣ ਤੋਂ ਇਲਾਵਾ ਲਾਲ ਫੀਤਾਸ਼ਾਹੀ ਨੂੰ ਖਤਮ ਕੀਤਾ ਹੈ ਅਤੇ ਸੂਬੇ ਦੇ ਵਸੀਲਿਆਂ ਦੀ ਲੁੱਟ ਨੂੰ ਰੋਕਿਆ ਹੈ
ਜਿਸ ਦੀ ਅਕਾਲੀਆਂ ਦੇ ਰਾਜ ਵਿਚ ਬੁਰੀ ਤਰ੍ਹਾਂ ਲੁੱਟ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਪੰਜਾਬ ਵਿਚ ਕੋਈ ਵੀ ਕਰਜ਼ਾ ਮੁਆਫ਼ ਨਾ ਹੋਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਏ ਗਏ ਦੋਸ਼ਾਂ ਦੀ ਵੀ ਤਿੱਖੀ ਆਲੋਚਨਾ ਕੀਤੀ। ਮੰਤਰੀ ਨੇ ਉਨ੍ਹਾਂ ਯੋਗ ਲਾਭਪਾਤਰੀਆਂ ਦੇ ਕੇਸ ਮੁੜ ਵਿਚਾਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ ਜੋ ਕੁਝ ਤਕਨੀਕੀ ਕਾਰਨਾਂ ਕਰਕੇ ਕਰਜ਼ਾ ਰਾਹਤ ਪ੍ਰਾਪਤ ਕਰਨ ਵਿਚ ਅਸਫ਼ਲ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਾਲਵਾ ਖਿੱਤੇ ਵਿਚ ਕਿਸਾਨ ਖੁਦਕੁਸ਼ੀਆਂ ਦੇ ਸਰਵੇ ਲਈ ਦਿਸ਼ਾ ਨਿਰਦੇਸ਼ ਜ਼ਾਰੀ ਕਰਨ
ਕਿਉਂਕਿ ਇਸ ਖਿੱਤਿਆਂ ਵਿਚ ਦੋਆਬਾ ਅਤੇ ਮਾਝਾ ਦੇ ਮੁਕਾਬਲੇ ਖੁਦਕੁਸ਼ੀਆਂ ਦੀ ਦਰ ਜ਼ਿਆਦਾ ਹੈ। ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਛੇਤੀ ਹੀ ਨਿਯਮਾਂ ਵਿਚ ਸੋਧ ਕਰੇਗੀ ਤਾਂ ਜੋ ਸਮਾਜ ਦੇ ਕਮਜ਼ੋਰ ਵਰਗ ਲਗਾਤਾਰ 250 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰਨ ਦੇ ਯੋਗ ਹੋ ਸਕਣ। ਸਿਰਫ਼ ਇਸ ਤੋਂ ਉਪਰਲੀਆਂ ਯੂਨਿਟਾਂ ਦੇ ਖ਼ਪਤਕਾਰਾਂ ਤੋਂ ਪੈਸੇ ਲਏ ਜਾਣਗੇ। ਉਨਾਂ ਕਿਹਾ ਕਿ ਮੰਤਰੀ ਮੰਡਲ ਦੀ ਮੀਟਿੰਗ ਛੇਤੀ ਹੀ ਹੋਵੇਗੀ ਅਤੇ ਇਸ ਬਾਰੇ ਰਸਮੀ ਫ਼ੈਸਲਾ ਲੈ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸ਼੍ਰੋਣੀ ਹੇਠਲੇ ਲਾਭਪਾਤਰੀਆਂ ਨੂੰ 250 ਯੂਨਿਟ ਪ੍ਰਤੀ ਮਹੀਨਾ ਬਿਲਕੁਲ ਮੁਫ਼ਤ ਹਨ ਅਤੇ ਉਨ੍ਹਾਂ ਨੂੰ ਇਸ ਦਾ ਭੁਗਤਾਨ ਕਰਨ ਲਈ ਜ਼ਰੂਰਤ ਨਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਕਰਜ਼ੇ ਮੁਆਫ਼ੀ ਸਕੀਮ ਦੀ ਸਫ਼ਲਤਾਂ ਤੋਂ ਬਾਅਦ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਨੂੰ ਵੀ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ ਹੈ। ਜਾਖੜ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੂੰ ਸਮਝਦਾਰੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਨਾਂ ਨੇ ਝੂਠੇ ਵਾਅਦੇ ਕਰਨ ਲਈ ਮੋਦੀ ਸਰਕਾਰ ਦੀ ਵੱਖ-ਵੱਖ ਮੁੱਦਿਆਂ ’ਤੇ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਬਹਿਬਲ ਕਲਾਂ ਗੋਲੀਬਾਰੀ ਦੀ ਘਟਨਾ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐਸ.ਐਸ.ਪੀ ਚਰਨਜੀਤ ਸ਼ਰਮਾਂ ਤਾਂ ਸਿਰਫ ਇਕ ਮੋਹਰਾ ਹੀ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਾਬਕਾ ਮੰਤਰੀ ਚਿਰੰਜੀਲਾਲ ਗਰਗ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।