
ਬੇਅਦਬੀ ਕਾਂਡ: ਇਤਰਾਜ਼ਯੋਗ ਪੋਸਟਰਾਂ ਅਤੇ ਬੇਅਦਬੀ ਦੇ ਮਾਮਲਿਆਂ ਵਿਚ ਅੱਜ ਫਿਰ ਨਾ ਹੋ ਸਕੇ ਦੋਸ਼ ਆਇਦ
ਕੋਟਕਪੂਰਾ, 27 ਅਕਤੂਬਰ (ਗੁਰਿੰਦਰ ਸਿੰਘ) : 24 ਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਿਆਂ ਦੀਆਂ ਕੰਧਾਂ ’ਤੇ ਹੱਥ ਲਿਖਤ ਇਤਰਾਜ਼ਯੋਗ ਸ਼ਬਦਾਵਲੀ ਵਾਲੇ ਪੋਸਟਰ ਲਾਉਣ ਅਤੇ ਉਸ ਤੋਂ 17 ਦਿਨ ਬਾਅਦ ਅਰਥਾਤ 12 ਅਕਤੂਬਰ ਨੂੰ ਪਾਵਨ ਸਰੂਪ ਦੇ ਅੰਗ ਗਲੀਆਂ ’ਚ ਖਿਲਾਰਨ ਦੇ ਮਾਮਲੇ ’ਚ ਨਾਮਜ਼ਦ ਡੇਰਾ ਪ੍ਰੇਮੀਆਂ ਵਿਰੁਧ ਫ਼ਰੀਦਕੋਟ ਦੀ ਅਦਾਲਤ ’ਚ ਅੱਜ ਫਿਰ ਦੋਸ਼ ਆਇਦ ਨਹੀਂ ਹੋ ਸਕੇ। ਐਸਆਈਟੀ ਉਕਤ ਕੇਸਾਂ ’ਚ 6 ਡੇਰਾ ਪ੍ਰੇਮੀਆਂ ਵਿਰੁਧ ਚਲਾਨ ਪੇਸ਼ ਕਰ ਚੁੱਕੀ ਹੈ।
ਡੇਰਾ ਪ੍ਰੇਮੀਆਂ ਦੇ ਵਕੀਲ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਤਰਜਨੀ ਦੀ ਅਦਾਲਤ ’ਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਦੋਸ਼ ਆਇਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਖਿਲਾਰੇ ਗਏ ਪੱਤਰਿਆਂ ਦੀਆਂ ਤਸਵੀਰਾਂ ਦਿਤੀਆਂ ਜਾਣ ਅਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਦੇ ਦੋਸ਼ਾਂ ’ਚ ਸੱਭ ਤੋਂ ਪਹਿਲਾਂ ਗਿ੍ਰਫ਼ਤਾਰ ਕੀਤੇ ਗਏ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਫ਼ੋਨ ਰੀਕਾਰਡਿੰਗ ਦਾ ਰੀਕਾਰਡ ਮੁਹਈਆ ਕਰਵਾਇਆ ਜਾਵੇ। ਡੇਰਾ ਪ੍ਰੇਮੀਆਂ ਨੇ ਅਦਾਲਤ ’ਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਵਿਵਾਦਤ ਪੋਸਟਰ ਦੀ ਪਰਖ ਰੀਪੋਰਟ ਨਕਲ ਵੀ ਉਨ੍ਹਾਂ ਨੂੰ ਮੁਹਈਆ ਕਰਵਾਈ ਜਾਵੇ ਤੇ ਉਕਤ ਮਾਮਲਿਆਂ ਦੀ ਪੜਤਾਲ ਦੌਰਾਨ ਸੀਬੀਆਈ ਵਲੋਂ ਜਿਹੜੇ ਗਵਾਹਾਂ ਦੇ ਬਿਆਨ ਲਿਖੇ ਗਏ ਸਨ, ਉਨ੍ਹਾਂ ਦੀਆਂ ਨਕਲਾਂ ਵੀ ਦਿਤੀਆਂ ਜਾਣ।
ਅਦਾਲਤ ਨੇ ਇਸ ਮਾਮਲੇ ’ਚ ਐਸਆਈਟੀ ਨੂੰ ਅਪਣਾ ਪੱਖ ਅਦਾਲਤ ’ਚ ਲਿਖਤੀ ਤੌਰ ’ਤੇ ਰੱਖਣ ਲਈ ਕਿਹਾ ਪਰ ਐਸਆਈਟੀ ਵਲੋਂ ਅੱਜ ਅਦਾਲਤ ਵਿਚ ਇਸ ਅਰਜ਼ੀ ਦਾ ਜਵਾਬ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਨਾ ਹੀ ਵਿਵਾਦਤ ਪੋਸਟਰ ਦੀ ਪਰਖ ਰੀਪੋਰਟ ਨਕਲ ਵੀ ਡੇਰਾ ਪ੍ਰੇਮੀਆਂ ਨੂੰ ਦਿਤੀ ਗਈ, ਜਿਸ ’ਤੇ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਮੌਂਗਾ ਨੇ ਅਦਾਲਤ ਨੂੰ ਕਿਹਾ ਕਿ ਇਸ ਅਰਜ਼ੀ ਦੇ ਨਿਪਟਾਰੇ ਤੋਂ ਬਾਅਦ ਹੀ ਮੁਲਜ਼ਮਾਂ ਵਿਰੁਧ ਚਾਰਜ ਲਾਉਣ ਦੇ ਮੁੱਦੇ ’ਤੇ ਬਹਿਸ ਹੋਵੇਗੀ। ਅਦਾਲਤ ਨੇ ਉਕਤ ਮਾਮਲੇ ਦੀ ਸੁਣਵਾਈ 12 ਨਵੰਬਰ ਤਕ ਮੁਲਤਵੀ ਕਰ ਦਿਤੀ ਹੈ।