
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸੁੰਦਰ ਸ਼ਹਿਰ ਯਾਨੀ ਸਿਟੀ ਬਿਊਟੀਫੁੱਲ ਦਾ ਦਰਜਾ ਦਿੱਤਾ ਗਿਆ ਹੈ।
ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਸੁੰਦਰ ਸ਼ਹਿਰ ਯਾਨੀ ਸਿਟੀ ਬਿਊਟੀਫੁੱਲ ਦਾ ਦਰਜਾ ਦਿੱਤਾ ਗਿਆ ਹੈ। ਇਸ ਸ਼ਹਿਰ ਨੂੰ ਸੁੰਦਰ ਰੱਖਣ ਵਿਚ ਇੱਥੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਦੌਰਾਨ ਵੀ ਇਹ ਕਰਮਚਾਰੀ ਅਪਣੀ ਡਿਊਟੀ ਲਗਾਤਾਰ ਕਰਦੇ ਹਨ।
ਕੋਰੋਨਾ ਦੇ ਵਧ ਰਹੇ ਪ੍ਰਕੋਪ ਦੌਰਾਨ ਇਹਨਾਂ ਕਰਮਚਾਰੀਆਂ ਲਈ ਕੰਮ ਕਰਨਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੈ। ਕਿਉਂਕਿ ਸਫਾਈ ਦੌਰਾਨ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਅਜਿਹੀਆਂ ਚੀਜ਼ਾਂ ਨੂੰ ਛੂਹਣਾ ਪੈਂਦਾ ਹੈ, ਜਿਸ ਕਾਰਨ ਇਹ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਇਹਨਾਂ ਦੀ ਕਵਰੇਜ ਕੀਤੀ।
File photo
ਇਸ ਦੌਰਾਨ ਇਕ ਸਫ਼ਾਈ ਕਰਮਚਾਰੀ ਨੇ ਦੱਸਿਆ ਕਿ ਉਹ ਇੱਥੋਂ ਨੇੜੇ ਦਾ ਹੀ ਰਹਿਣ ਵਾਲਾ ਹੈ ਤੇ ਉਹ ਹਰ ਰੋਜ਼ ਸਵੇਰ ਤੋਂ ਹੀ ਕਈ ਸੈਕਟਰਾਂ ਵਿਚ ਸਫ਼ਾਈ ਕਰਦੇ ਹਨ। ਉਹਨਾਂ ਦੱਸਿਆ ਕਿ ਲੌਕਡਾਊਨ ਕਾਰਨ ਉਹਨਾਂ ਦੀ ਕੋਈ ਛੁੱਟੀ ਨਹੀਂ ਹੈ। ਉਹਨਾਂ ਦੱਸਿਆ ਕਿ ਉਹ ਕੰਮ ਦੌਰਾਨ ਮਾਸਕ ਲਗਾ ਕੇ ਅਤੇ ਦਸਤਾਨੇ ਪਾ ਕੇ ਕੂੜਾ ਆਦਿ ਚੁੱਕਦੇ ਹਨ ਤਾਂ ਜੋ ਉਹ ਬਿਮਾਰ ਨਾ ਹੋਣ।
ਉਹਨਾਂ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਨੇ ਕੰਮ ਤੋਂ ਬਾਅਦ ਜਾ ਕੇ ਨਹਾਣਾ ਹੈ ਤੇ ਸਾਵਧਾਨੀ ਵਰਤਣੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਹਮੇਸ਼ਾਂ ਇਹੀ ਡਰ ਰਹਿੰਦਾ ਹੈ ਕਿ ਕਿਤੇ ਉਹ ਇਸ ਬਿਮਾਰੀ ਦੇ ਸ਼ਿਕਾਰ ਨਾ ਹੋ ਜਾਣ। ਸਫਾਈ ਦਾ ਕੰਮ ਕਰ ਰਹੀਆਂ ਔਰਤਾਂ ਨੇ ਵੀ ਦੱਸਿਆ ਕਿ ਉਹ ਕੰਮ ਦੌਰਾਨ ਅਪਣੀ ਸਿਹਤ ਦਾ ਧਿਆਨ ਰੱਖ ਰਹੀਆਂ ਹਨ ਅਤੇ ਅਪਣੇ ਬੱਚਿਆਂ ਨੂੰ ਵੀ ਸੁਰੱਖਿਅਤ ਰੱਖ ਰਹੀਆਂ ਹਨ।
File photo
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੁਰੱਖਿਆ ਲਈ ਕੁਝ ਨਹੀਂ ਦਿੱਤਾ ਗਿਆ। ਇੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸੁਰੱਖਿਆ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਤੇ ਇਹ ਲੋਕ ਅਪਣੀ ਜਾਨ ਖਤਰੇ ਵਿਚ ਪਾ ਕੇ ਕੰਮ ਕਰ ਰਹੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਸੜਕਾਂ ‘ਤੇ ਥਾਂ-ਥਾਂ ‘ਤੇ ਮਾਸਕ ਡਿੱਗੇ ਹੋਏ ਹਨ ਤੇ ਇਹ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਸਮੇਂ ਲੋੜ ਹੈ ਹਰ ਕਿਸੇ ਨੂੰ ਹਮਦਰਦੀ ਦਿਖਾਉਣ ਦੀ ਤਾਂ ਜੋ ਇਸ ਜਾਨਲੇਵਾ ਬਿਮਾਰੀ ਖਿਲਾਫ਼ ਜੰਗ ਜਿੱਤੀ ਜਾ ਸਕੇ।