
ਪੁਲਿਸ ਥਾਣਾ ਸ਼ੰਭੂ ਦੇ ਥਾਣੇਦਾਰ ਦਵਿੰਦਰ ਸਿੰਘ ਨੇ ਸਮੇਤ ਪੁਲਿਸ ਮੁਲਾਜ਼ਮਾਂ ਘਨੌਰ ਮੋੜ ਉਤੇ ਪਿੰਡ ਸ਼ੰਭੂ ਖੁਰਦ ਵਿਖੇ ਨਾਕਾਬੰਦੀ ਕੀਤੀ ਹੋਈ ਸੀ
ਘਨੌਰ, 29 ਅਪ੍ਰੈਲ (ਸੁਖਦੇਵ ਸੁੱਖੀ) : ਪੁਲਿਸ ਥਾਣਾ ਸ਼ੰਭੂ ਦੇ ਥਾਣੇਦਾਰ ਦਵਿੰਦਰ ਸਿੰਘ ਨੇ ਸਮੇਤ ਪੁਲਿਸ ਮੁਲਾਜ਼ਮਾਂ ਘਨੌਰ ਮੋੜ ਉਤੇ ਪਿੰਡ ਸ਼ੰਭੂ ਖੁਰਦ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਮਿਲੀ ਮੁਖ਼ਬਰੀ ਦੀ ਇਤਲਾਹ ਉਤੇ 720 ਪੇਟੀਆਂ ਬੀਅਰ ਬਰਾਮਦ ਕੀਤੀਆਂ ਹਨ। ਜਿਸ ਸੰਦਰਭ ਵਿਚ ਕਥੀਤ ਦੋਸ਼ੀ ਪਵਨ ਕੁਮਾਰ ਪਿੰਡ ਤਲਵਾੜ ਥਾਣਾ ਰਾਮਗੜ੍ਹ ਅਲਵਰ, ਰਾਜਸਥਾਨ ਨੂੰ ਟਰੱਕ ਨੰਬਰ ਡਬਲਿਊ.ਬੀ.59 ਸੀ 2986 ਵਿਚ ਬਿਨਾਂ ਕਿਸੇ ਬਿੱਲ ਅਤੇ ਪਰਮਿਟ ਦੇ ਭਾਰੀ ਮਾਤਰਾ ਵਿਚ ਬੀਅਰ ਦੀਆਂ ਪੇਟੀਆਂ ਲੁੱਕ ਲੁਕੋ ਕੇ ਲੈ ਜਾਣ ਦੇ ਕਥਿਤ ਦੋਸ਼ ਵਿਚ ਕਾਬੂ ਕੀਤਾ ਹੈ।
File photo
ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਟਰੱਕ ਵਿਚ ਬੀਅਰ ਦੀਆਂ ਪੇਟੀਆਂ ਲੱਦ ਕੇ ਸ਼ੰਭੂ ਵਲ ਨੂੰ ਆਉਣ ਦੀ ਇਤਲਾਹ ਉਤੇ ਕਾਰਵਾਈ ਕਰਦੇ ਹੋਏ ਥਾਣੇਦਾਰ ਦਵਿੰਦਰ ਸਿੰਘ ਨੇ ਟਰੱਕ ਨੂੰ ਰੋਕਿਆ ਅਤੇ ਜਦੋਂ ਡਰਾਈਵਰ ਤੋਂ ਪੁੱਛ ਗਿੱਛ ਕੀਤੀ ਗਈ ਅਤੇ ਤਲਾਸ਼ੀ ਦੌਰਾਨ ਉਕਤ ਟਰੱਕ ਵਿਚੋਂ ਚੌਲਾਂ ਦੀ ਕਿਣਕੀ ਦੇ ਥੈਲਿਆਂ ਵਿਚ ਲੁਕੋ ਕੇ ਲਿਜਾਈ ਜਾ ਰਹੀ ਬੀਅਰ ਦੀਆਂ 720 ਪੇਟੀਆਂ ਬਰਾਮਦ ਹੋਈਆਂ। ਬਰਾਮਦ ਹੋਈਆਂ ਪੇਟੀਆਂ ਗਰੀਨ ਪ੍ਰੀਮੀਅਮ ਸਟਰਾਂਗ ਬੀਅਰ ਹੁੰਦੀਆਂ ਹਨ ਜੋ ਕਿ ਚੰਡੀਗੜ੍ਹ ਵਿਚ ਵੇਚੀ ਜਾਣੀ ਸੀ, ਜਿਸ ਦੀਆਂ ਕੁਲ 17280 ਬੀਅਰ ਕੈਨ ਬਰਾਮਦ ਕਰ ਕਥੀਤ ਦੋਸ਼ੀ ਨੂੰ ਉਕਤ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਿਸ ਦੀ ਅਗਲੇਰੀ ਪੁੱਛਗਿੱਛ ਜਾਰੀ ਹੈ।