
ਜੰਮੂ ਦੇ ਕਠੂਆ 'ਚ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕੀਤਾ ਸੀ ਕਤਲ
Punjab News: ਪੰਜਾਬ ਵਿਚ 1 ਜੂਨ ਨੂੰ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਜਲੰਧਰ ਵਿਚ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਅਤੇ ਜੰਮੂ ਦੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ। ਜਲੰਧਰ ਦਿਹਾਤੀ ਪੁਲਿਸ ਨੇ ਗੈਂਗਸਟਰ ਰੋਹਿਤ ਰਾਣਾ ਉਰਫ ਮੱਖਣ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਸ ਨੇ ਪੁਲਿਸ 'ਤੇ 4 ਗੋਲੀਆਂ ਚਲਾਈਆਂ।
ਫਿਰ ਉਹ ਇਕ ਘਰ ਵਿਚ ਲੁਕ ਗਿਆ। ਗੈਂਗਸਟਰ ਨਾਲ ਕਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਭੋਗਪੁਰ ਥਾਣੇ ਲਿਆਂਦਾ ਗਿਆ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਰਾਣਾ ਨੇ ਜੰਮੂ ਦੇ ਕਠੂਆ 'ਚ ਸਬ ਇੰਸਪੈਕਟਰ ਦੀਪਕ ਸ਼ਰਮਾ ਦਾ ਕਤਲ ਕੀਤਾ ਸੀ। ਉਦੋਂ ਤੋਂ ਉਹ ਫਰਾਰ ਸੀ।
ਬੁੱਧਵਾਰ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਕਿ ਉਹ ਭੋਗਪੁਰ ਦੇ ਮੁਮੰਦਪੁਰ ਪਿੰਡ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਬਚਣ ਲਈ ਇਕ ਘਰ ਵਿਚ ਲੁਕ ਗਿਆ। ਪੁਲਿਸ ਨੇ ਘਰ ਨੂੰ ਚਾਰੋਂ ਪਾਸਿਉਂ ਘੇਰ ਲਿਆ। ਇਸ ਤੋਂ ਬਾਅਦ ਕਰਾਸ ਫਾਇਰਿੰਗ 'ਚ ਗੈਂਗਸਟਰ ਰਾਣਾ ਦੀ ਲੱਤ 'ਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਥਾਣਾ ਭੋਗਪੁਰ ਦੀ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਦੇ ਮੋਬਾਈਲ ਦੇ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਹ ਇਥੇ ਕਿਵੇਂ ਆਇਆ ਅਤੇ ਉਸ ਦੇ ਕਿਹੜੇ-ਕਿਹੜੇ ਜਾਣਕਾਰ ਇੱਥੇ ਰਹਿੰਦੇ ਹਨ।
ਏਜੀਟੀਐਫ ਦੇ ਏਆਈਜੀ ਮੁਖਵਿੰਦਰ ਸਿੰਘ ਭੁੱਲਰ ਨੇ ਦਸਿਆ ਕਿ ਗੈਂਗਸਟਰ ਰੋਹਿਤ ਮੱਖਣ ਜੰਮੂ ਦਾ ਰਹਿਣ ਵਾਲਾ ਹੈ। ਉਸ ਦੇ ਪੰਜਾਬ ਦੇ ਗੈਂਗਸਟਰਾਂ ਨਾਲ ਸਬੰਧ ਸਨ। ਬਦਮਾਸ਼ਾਂ ਨੇ ਕਠੂਆ 'ਚ ਇਕ ਸਬ-ਇੰਸਪੈਕਟਰ ਦੀ ਵੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਲੰਬੇ ਸਮੇਂ ਤੋਂ ਜੰਮੂ ਪੁਲਿਸ ਦੇ ਸਹਿਯੋਗ ਨਾਲ ਅਪਰਾਧੀ ਦੀ ਭਾਲ ਕੀਤੀ ਜਾ ਰਹੀ ਸੀ।
(For more Punjabi news apart from Encounter between police and gangster in jalandhar, stay tuned to Rozana Spokesman)