
ਕੁਰਾਲੀ/ਮਾਜਰੀ, 28 ਫ਼ਰਵਰੀ (ਕੁਲਵੰਤ ਸਿੰਘ ਧੀਮਾਨ) : ਕੁਰਾਲੀ-ਸ਼ਿਸ਼ਵਾ- ਮੋਰਿੰਡਾ ਮਾਰਗ 'ਤੇ ਪਿੰਡ ਬੜੌਦੀ ਨੇੜੇ ਲੱਗੇ ਟੋਲ ਪਲਾਜ਼ਾ ਨੂੰ ਕਾਂਗਰਸੀ ਆਗੂਆਂ ਵਲੋਂ ਬਲਾਕ ਮਾਜਰੀ ਇਲਾਕੇ ਦੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਆਉਣ 'ਤੇ ਟੋਲ ਪਲਾਜ਼ਾ ਚੁਕਵਾ ਦਿਤਾ ਜਾਵੇਗਾ ਫਿਰ ਕਾਰਾਂ, ਬਸਾਂ, ਟਰੱਕਾਂ 'ਤੇ ਲੱਗਣ ਵਾਲੀ ਪਰਚੀ ਦਾ ਰੇਟ ਘਟ ਕਰਵਾਇਆ ਜਾਵੇਗਾ। ਕਾਂਗਰਸ ਦੀ ਸਰਕਾਰ ਬਣਿਆਂ ਇਕ ਸਾਲ ਬੀਤ ਚੁਕਾ ਹੈ ਪਰ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਕੁਰਾਲੀ-ਸ਼ਿਸਵਾ ਮਾਰਗ 'ਤੇ ਟੀ ਪੁਆਇੰਟ ਮਾਜਰਾ ਤੋਂ ਕਰਾਲੀ ਤਕ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਸੜਕ ਕਈ ਥਾਵਾਂ ਤੋਂ ਦਬ ਗਈ ਹੈ ਜਿਸ ਕਾਰਨ ਆਉਣ-ਜਾਣ ਵਾਲੀਆਂ ਗੱਡੀਆਂ ਦਾ ਸੰਤੁਲਨ ਵਿਗੜ ਜਾਂਦਾ ਅਤੇ ਹਰ ਸਮੇਂ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬਲਾਕ ਮਾਜਰੀ ਚੌਕ 'ਚ ਲਾਲ ਬੱਤੀ ਨਾ ਹੋਣ ਕਰ ਕੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ।ਇਥੇ ਇਹ ਵਰਣਨਯੋਗ ਹੈ ਕਿ ਮਾਜਰਾ ਟੀ ਪੁਆਇੰਟ ਤੋਂ ਮੋਰਿੰਡੇ ਤਕ ਬਣੀ ਸੜਕ 31 ਕਿਲੋਮੀਟਰ ਲੰਮੀ ਸੜਕ 'ਤੇ ਟੋਲ ਪਲਾਜ਼ਾ ਸ਼ੁਰੂ ਕਰਨ ਤੋਂ ਕੁੱਝ ਮਹੀਨੇ ਪਹਿਲਾ ਕੰਪਨੀ ਵਲੋਂ ਕੁਰਾਲੀ ਸ਼ਿਸ਼ਵਾ ਮਾਰਗ 'ਤੇ ਰੋਜ਼ਾਨਾ ਲੰਘਣ ਵਾਲੀਆਂ ਗੱਡੀਆਂ ਦੀ ਗਿਣਤੀ ਨੋਟ ਕਰ ਕੇ ਕਾਰਾਂ, ਬਸਾਂ, ਟਰੱਕਾਂ ਦੇ ਹਿਸਾਬ ਨਾਲ ਰੇਟ ਤਹਿ ਕੀਤਾ ਗਿਆ ਸੀ ਪਰ ਹੁਣ ਇਸ ਮਾਰਗ 'ਤੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਆਵਾਜਾਈ ਵਿਚ ਚਾਰ ਗੁਣਾ ਵਾਧਾ ਹੋ ਗਿਆ ਹੈ ਫਿਰ ਵੀ ਕੰਪਨੀ ਵਲੋਂ ਟੋਲ ਟੈਕਸ ਪਹਿਲੇ ਦੇ ਹਿਸਾਬ ਨਾਲ ਵਸੂਲੀਆ ਜਾ ਰਿਹਾ ਹੈ। ਇਲਾਕੇ ਦੇ 'ਆਪ' ਆਗੂਆਂ ਦਲਵਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਨੰਬਰਦਾਰ, ਸਰਪੰਚ ਅਵਤਾਰ ਸਿੰਘ ਸੁਲੇਮਪੁਰ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਡਾਇਰੈਕਟਰ ਜਗਦੀਪ ਸਿੰਘ ਕੰਸਾਲਾ, ਸਰਪੰਚ ਹਰਜੀਤ ਸਿੰਘ ਢਕੌਰਾ, ਸਰਪੰਚ ਗੁਲਜਾਰ ਸਿੰਘ ਖੇੜਾ ਆਦਿ ਨੇ ਆਗੂਆਂ ਨੇ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਟੋਲ ਪਲਾਜ਼ਾ ਕੰਪਨੀ ਵਲੋਂ ਵਸੂਲੀਆ ਜਾ ਰਿਹਾ ਹਾ ਟੋਲ ਟੈਕਸ ਘੱਟ ਕਰਵਾਇਆ ਜਾਵੇ।
15 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਪਾਸ ਦੀ ਸਹੂਲਤ ਮੁਹਈਆਂ ਕਰਵਾਈ ਜਾਵੇ। ਕੀ ਕਹਿਣਾ ਸੀਨੀਅਰ ਕਾਂਗਰਸੀ ਆਗੂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦਾ ਜਦ ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮੁੱਦਾ ਪਾਰਟੀ ਪੱਧਰ ਦੀ ਮੀਟਿੰਗ ਵਿਚ ਉਠਾਇਆ ਜਾਵੇਗਾ।
ਕੀ ਕਹਿਣਾ ਐਕਸੀਅਨ ਲੋਕ ਨਿਰਮਾਣ ਵਿਭਾਗ ਦਾ
ਜਦ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਨ.ਆਈ.ਐਸ. ਵਾਲੀਆਂ ਨਾਲ ਫ਼ੋਨ 'ਤੇ ਗੱਲਬਾਤ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇ ਸੜਕ ਵਿਚ ਊਣਤਾਈਆਂ ਹਨ ਤਾਂ ਉਨ੍ਹਾਂ ਦੀ ਜਾਚ ਕਰ ਕੇ ਜਲਦੀ ਹੀ ਠੀਕ ਕਰਵਾ ਦਿਤਾ ਜਾਵੇਗਾ।
ਕੀ ਕਹਿਣਾ ਸੰਘਰਸ਼ ਕਮੇਟੀ ਦੇ ਕਨਵੀਨਰ ਬਲਵੀਰ ਸਿੰਘ ਮੁਸਾਫ਼ਰ ਦਾ
ਜਦ ਟੋਲ ਪਲਾਜ਼ਾ ਸੰਘਰਸ਼ ਕਮੇਟੀ ਦੇ ਕਨਵੀਨਰ ਬਲਵੀਰ ਸਿੰਘ ਮੁਸਾਫ਼ਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਲੰਮਾ ਸਮਾਂ ਸੰਘਰਸ਼ ਕੀਤਾ ਪਰ ਪੰਜਾਬ ਸਰਕਾਰ ਨੇ ਘਾੜ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਾ ਦਿਤੀ। ਭਾਵੇਂ ਕਿ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਲੋਕਾਂ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਟੋਲ ਪਲਾਜ਼ਾ ਚੁਕਵਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਹਲਕਾ ਖਰੜ ਦੇ ਆਗੂ ਜਗਮੋਹਨ ਸਿੰਘ ਕੰਗ ਨੂੰ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਵਾਉਣ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 'ਆਪ' ਆਗੂਆਂ ਨੇ ਟੋਲ ਪਲਾਜ਼ਾ ਬੜੌਦੀ ਨੂੰ ਚੁਕਵਾਉਣ ਵਿਰੁਧ ਲਗਭਗ 40 ਦਿਨ ਲਗਾਤਾਰ ਸੰਘਰਸ਼ ਜਾਰੀ ਰਖਿਆ ਸੀ।