
ਸਿੱਖੀ ਸੇਵਾ ਸੁਸਾਇਟੀ ਇਟਲੀ ਵੱਲੋਂ ਇਟਲੀ 'ਚ ਸਿੱਖੀ ਪ੍ਰਚਾਰ ਲਈ ਸੁਚੱਜੇ ਢੰਗ ਨਾਲ ਲਗਾਤਾਰ ਉਪਰਾਲੇ
ਇਟਲੀ : ਸਿੱਖੀ ਸੇਵਾ ਸੁਸਾਇਟੀ ਇਟਲੀ ਵੱਲੋਂ ਇਟਲੀ 'ਚ ਸਿੱਖੀ ਪ੍ਰਚਾਰ ਲਈ ਸੁਚੱਜੇ ਢੰਗ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਅਧੀਨ ਸੰਸਥਾ ਵੱਲੋਂ ਇਟਾਲੀਅਨ ਚਰਚ ਐਸੋਸੀਏਸ਼ਨ ਨਾਲ ਮਿਲਕੇ ਸਿੱਖਾਂ ਅਤੇ ਈਸਾਈਆਂ ਦੀ ਇਟਲੀ ਦੇ ਵਿਰੋਨਾ ਸ਼ਹਿਰ ਵਿਖੇ ਪਹਿਲੀ ਧਾਰਮਿਕ ਕਾਨਫਰੰਸ ਕਰਵਾਈ ਗਈ, ਜਿਸ ਵਿਚ ਇਟਲੀ ਭਰ ਤੋਂ ਗੁਰੁਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਵੈਟੀਕਨ ਸਿਟੀ ਤੋਂ ਅਧਿਕਾਰੀਆਂ, ਧਾਰਮਿਕ ਫਿਲਾਸਫਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਪਹੁੰਚ ਕੇ ਆਪੋ ਆਪਣੇ ਵੱਢਮੁਲੇ ਵਿਚਾਰ ਸਾਂਝੇ ਕੀਤੇ।
Verona City in Italy
ਈਸਾਈਆਂ ਅਤੇ ਪਵਿੱਤਰ ਵੈਟੀਕਨ ਸਿਟੀ ਤੋਂ ਬਿਸ਼ਪ ਮਿਗੁਲ ਆਈਯਸ ਅਤੇ ਫਾਦਰ ਸਨਤੀਆਗੋ ਅਤੇ ਇਤਾਲਵੀ ਐਸੋਸੀਏਸ਼ਨ ਦੇ ਡੋਨ ਕਰੀਸੀਆਨੋ ਬਤੇਗਾ ਨੇ ਵੀ ਉਚੇਚੇ ਤੌਰ ਤੇ ਇਸ ਇਤਿਹਾਸਕ ਕਾਨਫਰੰਸ 'ਚ ਸ਼ਿਰਕਤ ਕੀਤੀ। ਕਾਨਫ੍ਰੰਸ ਦੌਰਾਨ ਸਿੱਖਾਂ ਤੇ ਈਸਾਈਆਂ ਵਿਚਕਾਰ ਧਾਰਮਿਕ ਸਾਂਝੀਵਾਲਤਾ ਵਧਾਉਣ ਲਈ ਹੋਰ ਵੱਖ-ਵੱਖ ਪੱਖਾਂ ਤੇ ਵੀ ਪਰਚੇ ਪੜੇ ਗਏ।
ਵੈਟੀਕਨ ਅਧਿਕਾਰੀਆਂ ਨੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੂਰਬ ਨੂੰ ਰਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਸਿੱਖੀ ਸੇਵਾ ਸੁਸਾਇਟੀ ਇਟਲੀ ਵੱਲੋਂ ਇਤਾਲਵੀ ਭਾਸ਼ਾ 'ਚ ਛਾਪਿਆ ਗਿਆ ਧਾਰਮਿਕ ਸਾਹਿਤ ਵੀ ਵੰਡਿਆ ਗਿਆ ਅਤੇ ਚਰਚ ਅਧਿਕਾਰੀਆਂ ਨੂੰ ਹਰਿਮੰਦਰ ਸਾਹਿਬ ਦਾ ਮਾਡਲ ਵੀ ਭੇਂਟ ਕੀਤਾ ਗਿਆ।