
ਦੋਹਾਂ ਧੜਿਆਂ ਨੇ ਕੀਤੀ ਇਕ-ਦੂਜੇ ਦੀ ਖਿੱਚ ਧੂਹ ਤੇ ਮੰਦਰ ਦੀ ਪਵਿੱਤਰਤਾ ਕੀਤੀ ਭੰਗ
ਸੁਨਾਮ ਊਧਮ ਸਿੰਘ ਵਾਲਾ : ਸਥਾਨਕ ਗੰਗਾਵਾਲਾ ਡੇਰਾ ਵਿਖੇ ਅਗਰਵਾਲ ਸਭਾ ਦੇ ਪ੍ਰਧਾਨ ਦੀ ਚੋਣ ਸਮੇਂ ਦੋ ਧੜਿਆਂ ਦਰਮਿਆਨ ਹੋਈ ਜ਼ਬਰਦਸਤ ਧੱਕਾਮੁੱਕੀ ਅਤੇ ਗਾਲੀ ਗਲੋਚ ਨੇ ਮੰਦਰ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ। ਅਗਰਵਾਲ ਸਭਾ ਰਜਿ. ਸੁਨਾਮ ਦੇ ਮੌਜੂਦਾ ਪ੍ਰਧਾਨ ਰਵੀਕਮਲ ਗੋਇਲ ਧੜੇ ਦਾ ਕਹਿਣਾ ਹੈ ਕਿ ਦੂਜੇ ਧੜੇ ਨੇ ਪਿਛਲੇ ਸਮੇਂ ਤੋਂ ਵਖਰੀ ਸਭਾ ਬਣਾਈ ਹੋਈ ਹੈ। ਉਸ ਧਿਰ ਵਲੋਂ ਕਥਿਤ ਤੌਰ 'ਤੇ ਗਿਣੀਮਿਥੀ ਸਾਜਿਸ਼ ਤਹਿਤ ਸਭਾ ਦੀ ਚੋਣ ਵਿਚ ਆ ਕੇ ਹੁੱਲੜਬਾਜ਼ੀ ਕਰਨਾ ਮੰਦਭਾਗਾ ਹੈ ਜਦਕਿ ਦੂਜੇ ਧੜੇ ਦੀ ਅਗਵਾਈ ਕਰ ਰਹੇ ਸਭਾ ਦੇ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ ਬਿੱਟੂ ਦਾ ਕਹਿਣਾ ਹੈ ਕਿ ਉਹ ਸਭਾ ਦੇ ਜ਼ਿੰਦਗੀ ਭਰ ਲਈ ਸਥਾਈ ਮੈਂਬਰ ਹਨ, ਉਨ੍ਹਾਂ ਨੂੰ ਪ੍ਰਧਾਨ ਦੀ ਚੋਣ ਲਈ ਕੋਈ ਸੁਨੇਹਾ ਨਹੀਂ ਦਿਤਾ ਗਿਆ।
ਜਿਕਰਯੋਗ ਹੈ ਕਿ ਪ੍ਰਵੀਨ ਬਿੱਟੂ ਅਪਣੇ ਹੋਰ ਸਮਰਥਕਾਂ ਨੂੰ ਨਾਲ ਲੈ ਕੇ ਮੀਟਿੰਗ ਵਿਚ ਪੁੱਜੇ ਸਨ। ਸਭਾ ਦੇ ਮੌਜੂਦਾ ਪ੍ਰਧਾਨ ਰਵੀਕਮਲ ਗੋਇਲ ਨੇ ਦਾਅਵਾ ਕੀਤਾ ਕਿ ਅਗਰਵਾਲ ਸਭਾ ਦੇ ਪ੍ਰਧਾਨ ਦੀ ਚੋਣ ਸਭਾ ਦੇ ਕਾਇਦੇ ਕਾਨੂੰਨ ਮੁਤਾਬਕ ਰੱਖੀ ਗਈ ਹੈ। ਘਟਨਾ ਦਾ ਪਤਾ ਲਗਦਿਆਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਧਿਰਾਂ ਨੂੰ ਵੱਖ ਕੀਤਾ।
ਮੀਟਿੰਗ ਦੇ ਸ਼ੁਰੂ ਹੁੰਦਿਆਂ ਸਭਾ ਦੇ ਅਹੁਦੇਦਾਰ ਜਤਿੰਦਰ ਜੈਨ ਨੇ ਸਭਾ ਦਾ ਲੇਖਾ ਜੋਖਾ ਦਸਿਆ। ਇਸੇ ਦੌਰਾਨ ਅਗਰਵਾਲ ਸਭਾ ਪੰਜਾਬ ਦੇ ਮੀਡੀਆ ਇੰਚਾਰਜ ਕ੍ਰਿਸ਼ਨ ਸੰਦੋਹਾ ਨੇ ਸਭਾ ਦੀ ਕੋਰ ਕਮੇਟੀ ਵਲੋਂ ਕੀਤੇ ਫ਼ੈਸਲੇ ਮੁਤਾਬਕ ਅਗਲੇ ਦੋ ਸਾਲ ਮਨਪ੍ਰੀਤ ਬਾਂਸਲ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿਤਾ। ਇਸ ਤੋਂ ਬਾਅਦ ਪ੍ਰਵੀਨ ਬਿੱਟੂ ਧੜੇ ਨੇ ਧੱਕਾਮੁੱਕੀ ਅਤੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿਤੀ। ਘਟਨਾ ਦਾ ਪਤਾ ਲਗਦਿਆਂ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਧਿਰਾਂ ਨੂੰ ਵੱਖ ਵੱਖ ਕੀਤਾ।