
18ਵੀਆਂ ਏਸ਼ੀਆਈ ਖੇਡਾਂ 'ਚ 11ਵਾਂ ਦਿਨ ਭਾਰਤ ਲਈ ਖੁਸ਼ੀਆਂ ਭਰਿਆ ਰਿਹਾ...........
ਜਕਾਰਤਾ : 18ਵੀਆਂ ਏਸ਼ੀਆਈ ਖੇਡਾਂ 'ਚ 11ਵਾਂ ਦਿਨ ਭਾਰਤ ਲਈ ਖੁਸ਼ੀਆਂ ਭਰਿਆ ਰਿਹਾ। ਟ੍ਰੈਕ ਐਂਡ ਫ਼ੀਲਡ ਈਵੈਂਟ 'ਚ ਭਾਰਤ ਨੇ ਇਕ ਤੋਂ ਬਾਅਦ ਇਕ ਦੋ ਸੋਨ ਤਮਗ਼ੇ ਜਿੱਤੇ। ਪਹਿਲਾ ਸੋਨ ਤਮਗ਼ਾ ਪੰਜਾਬ ਦੇ ਐਥਲੀਟ ਅਰਪਿੰਦਰ ਸਿੰਘ ਨੇ ਟ੍ਰਿਪਲ ਜੰਮ 'ਚ ਜਿੱਤਿਆ। ਇਸ ਤੋਂ ਬਾਅਦ ਮਹਿਲਾ ਹੈਪਟੈਥਲਾਨ 'ਚ ਸਵਪਨਾ ਬਰਮਨ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਨੂੰ 11ਵਾਂ ਸੋਨ ਤਮਗ਼ਾ ਦਿਵਾਇਆ।ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਰਪਿੰਦਰ ਦੀ ਤੀਜੀ ਛਲਾਂਗ (16.77 ਮੀਟਰ) ਉਸ ਨੂੰ ਸੋਨ ਤਮਗ਼ਾ ਜਿਤਾਉਣ ਲਈ ਸਹਾਈ ਹੋਈ।
ਉਜਬੇਕਿਸਤਾਨ ਦੇ ਰਸਲਾਨ ਕੁਰਬਾਨੋਵ (16.62 ਮੀਟਰ) ਨੇ ਚਾਂਦੀ ਅਤੇ ਚੀਨ ਦੇ ਸ਼ੁਓ ਕਾਓ (16.56 ਮੀਟਰ) ਨੇ ਕਾਂਸੀ ਦੇ ਤਮਗ਼ੇ 'ਤੇ ਅਪਣਾ ਕਬਜ਼ਾ ਜਮਾਇਆ। ਟ੍ਰਿਪਲ ਜੰਪ 'ਚ ਭਾਰਤ ਦਾ ਹੀ ਦੂਜਾ ਖਿਡਾਰੀ ਰਾਕੇਸ਼ ਬਾਬੂ ਛੇਵੇਂ ਸਥਾਨ 'ਤੇ ਰਿਹਾ। ਭਾਰਤ ਨੇ ਏਸ਼ੀਅਨ ਖੇਡਾਂ ਦੀ ਤਿਹਰੀ ਛਲਾਂਗ 'ਚ 48 ਸਾਲ ਬਾਅਦ ਕੋਈ ਸੋਨ ਤਮਗ਼ਾ ਜਿੱਤਿਆ ਹੈ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਨੇ 1970 ਦੀਆਂ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਿਆ ਸੀ। ਸਵਪਨਾ ਬਰਮਨ ਨੇ ਐਥਲੈਟਿਕਸ 'ਚ ਦੇਸ਼ ਦਾ ਪੰਜਵਾਂ ਸੋਨ ਤਮਗ਼ਾ ਅਪਣੇ ਨਾਮ ਕੀਤਾ।
Dutee Chand
ਇਨ੍ਹਾਂ ਏਸ਼ੀਆਈ ਖੇਡਾਂ 'ਚ ਇਹ ਭਾਰਤ ਦਾ 11ਵਾਂ ਸੋਨ ਅਤੇ ਕੁਲ 54ਵਾਂ ਤਮਗ਼ਾ ਹੈ। ਭਾਰਤ ਦੀ ਪੂਰਣਿਮਾ ਹੇਮਬਰਾਥ ਚੌਥੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਭਾਤਰੀ ਦੀ ਮਹਿਲਾ ਐਥਲੀਟ ਦੁਤੀ ਚੰਦ ਨੇ ਅੱਜ 200 ਮੀਟਰ ਦੌੜ 'ਚ ਅਪਣੇ ਨਾਮ ਇਕ ਹੋਰ ਚਾਂਦੀ ਦਾ ਤਮਗ਼ਾ ਕਰ ਲਿਆ ਹੈ। ਉਹ ਇਸ ਤਮਗ਼ੇ ਨਾਲ ਏਸ਼ੀਆਈ ਖੇਡਾਂ 'ਚ ਇਕ ਤੋਂ ਜ਼ਿਆਦਾ ਤਮਗ਼ੇ ਜਿੱਤਣ ਵਾਲੀ ਪੀਟੀ ਊਸ਼ਾ ਤੋਂ ਬਾਅਦ ਦੂਜੀ ਮਹਿਲਾ ਖਿਡਾਰਨ ਬਣ ਗਈ ਹੈ।
ਉਸ ਨੇ 200 ਮੀਟਰ ਦੀ ਦੌੜ ਪੂਰੀ ਕਰਨ ਲਈ 23.20 ਸੈਕਿੰਡ ਦਾ ਸਮਾਂ ਲਿਆ, ਜਦੋਂ ਕਿ ਬਹਿਰੀਨ ਦੀ ਐਡਿਡੀਯੋਂਗ ਓਡੀਯੋਂਗ ਨੇ ਇਸ ਦੌੜ ਲਈ 22.96 ਸੈਕਿੰਡ ਦਾ ਸਮਾਂ ਲਿਆ ਅਤੇ ਸੋਨ ਤਮਗ਼ਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਭਾਰਤੀ ਮਹਿਲਾ ਹਾਕੀ ਟੀਮ ਨੇ ਗੁਰਜੀਤ ਦੇ ਗੋਲ ਨਾਲ ਚੀਨ ਨੂੰ 20 ਸਾਲ ਬਾਅਦ 1-0 ਨਾਲ ਹਰਾ ਕੇ ਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ 1998 'ਚ ਫ਼ਾਈਨਲ 'ਚ ਪਹੁੰਚਣ 'ਚ ਕਾਮਯਾਬ ਹੋਇਆ ਸੀ। ਭਾਰਤੀ ਨੇ ਆਖ਼ਰੀ ਵਾਰ 1982 'ਚ ਨਵੀਂ ਦਿੱਲੀ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਿਆ ਸੀ। (ਏਜੰਸੀ)