
ਜੰਮੂ ਕਸ਼ਮੀਰ ਦੇ ਇਕਲੌਤੇ ਪੈਰਾ ਐਥਲੀਟ ਚੰਨਦੀਪ ਸਿੰਘ ਨੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਪਣੀ ਅਸਮਰੱਥਾ ਨੂੰ ਦੇਸ਼ ਅਤੇ ਰਾਜ ਦੇ ਗੋਲਡਨ ਬੋਆਏ..............
ਜੰਮੂ : ਜੰਮੂ ਕਸ਼ਮੀਰ ਦੇ ਇਕਲੌਤੇ ਪੈਰਾ ਐਥਲੀਟ ਚੰਨਦੀਪ ਸਿੰਘ ਨੇ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਅਪਣੀ ਅਸਮਰੱਥਾ ਨੂੰ ਦੇਸ਼ ਅਤੇ ਰਾਜ ਦੇ ਗੋਲਡਨ ਬੋਆਏ ਵਜੋਂ ਉਭਾਰਨ ਦੀ ਸਮਰੱਥਾ ਵਿਚ ਬਦਲ ਦਿਤਾ ਅਤੇ ਨਾਲ ਹੀ ਕਿਮੁਨਯੋਂਗ ਕੱਪ ਤਾਈਕੋਵਾਂਡੋ ਵਿਚ ਭਾਰਤ ਲਈ ਦੋ ਸੋਨੇ ਦੇ ਤਮਗ਼ੇ ਜਿੱਤੇ। ਕੋਰੀਆ ਵਿਚ ਕਰਵਾਈ ਗਈ ਚੈਂਪੀਅਨਸ਼ਿਪ ਵਿਚ ਚੰਨਦੀਪ ਸਿੰਘ ਨੂੰ ਏਸ਼ੀਆਈ ਤਾਈਕੋਵਾਂਡੋ ਚੈਂਪੀਅਨਸ਼ਿਪ ਅਤੇ ਨੇਪਾਲ ਵਿਚ ਕਾਠਮੰਡੂ ਕਊਰੂਗੀ ਅਤੇ ਪੋਮਸ ਇੰਟਰਨੈਸ਼ਨਲ ਤਾਈਕੋਵਾਂਡੋ ਚੈਂਪੀਅਨਸ਼ਿਪ ਵਿਚ ਸੋਨ ਤਮਗ਼ੇ ਜਿੱਤਣ ਦਾ ਮਾਣ ਹਾਸਲ ਹੋਇਆ ਹੈ।
ਤਾਈਕੋਵਾਂਡੋ ਵਿਚ ਕੌਮਾਂਤਰੀ ਪੱਧਰ 'ਤੇ ਤਮਗ਼ਾ ਜਿੱਤਣ ਤੋਂ ਬਾਅਦ ਚੰਨਦੀਪ ਨੂੰ ਅਮਰੀਕਾ ਅਧਾਰਤ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਨਾਲ-ਨਾਲ ਵਰਲਡ ਰਿਕਾਰਡ ਦੀ ਅਸਿਸਟ ਬੁੱਕ ਵਲੋਂ ਵਿਸ਼ਵ ਦੇ ਸਭ ਤੋਂ ਤੇਜ਼ ਸਕੇਟਰ ਦੇ ਰੂਪ ਵਿਚ ਚੁਣੇ ਜਾਣ ਦਾ ਮਾਣ ਵੀ ਹਾਸਲ ਹੋਇਆ ਹੈ। ਚੰਨਦੀਪ ਦੇ ਕੋਲ ਖੇਡਾਂ ਦੀ ਦੁਨੀਆਂ ਵਿਚ ਉਤਮਤਾ ਦੀ ਲੰਬੀ ਯਾਤਰਾ ਹੈ ਕਿਉਂਕਿ ਸਕੂਲ, ਜ਼ੋਨਲ ਅਤੇ ਰਾਸ਼ਟਰੀ ਪੱਧਰ 'ਤੇ ਫੁੱਟਬਾਲ, ਐਥਲੈਟਿਕਸ ਅਤੇ ਸਕੇਟਿੰਗ ਵਿਚ ਚਮਕਣ ਤੋਂ ਬਾਅਦ ਉਸ ਨੂੰ ਕੌਮਾਂਤਰੀ ਪੱਧਰ 'ਤੇ ਤਾਈਕੋਵਾਂਡੋ ਵਿਚ ਵੱਡੀ ਪੱਧਰ 'ਤੇ ਤਮਗ਼ੇ ਜਿੱਤਣ ਦਾ ਮਾਣ ਮਿਲਿਆ ਹੈ।