
ਕੈਪਟਨ ਅਮਰਿੰਦਰ ਸਿੰਘ ਵਲੋਂ ਪਾਕਿ ਪ੍ਰਧਾਨ ਮੰਤਰੀ ਨੂੰ ਦਖ਼ਲ ਦੀ ਅਪੀਲ
ਨਨਕਾਣਾ ਸਾਹਿਬ : ਪਾਕਿਸਤਾਨ ਅੰਦਰ ਸਿੱਖ ਕੁੜੀ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ 'ਤੇ ਅੱਜ ਕੁਝ ਸ਼ਰਾਰਤੀ ਲੋਕਾਂ ਨੇ ਹਮਲਾ ਕਰ ਦਿਤਾ। ਹਮਲਾਵਰਾਂ ਨੇ ਇੱਥੇ ਵਸਦੇ ਸਿੱਖਾਂ ਨਾਲ ਮਾਰ ਕੁਟਾਈ ਵੀ ਕੀਤੀ। ਇਕੇ ਹੀ ਬਸ ਨਹੀ ਜਨੂੰਨੀਆਂ ਨੇ ਸਿੱਖਾਂ ਦੇ ਘਰਾਂ 'ਤੇ ਪੱਥਰ ਵੀ ਸੁਟੇ। ਇਨ੍ਹਾਂ ਲੋਕਾਂ ਨੇ ਨਨਕਾਣਾ ਸਾਹਿਬ ਦੇ ਮੁੱਖ ਬਾਜ਼ਾਰ ਵਿਚ ਧਰਨਾ ਵੀ ਲਗਾਇਆ ਤੇ ਸਿੱਖਾਂ ਵਿਰੁਧ ਰੱਜ ਕੇ ਜ਼ਹਿਰ ਵੀ ਉਗਲਿਆ।
Photo
ਮੁਸਲਿਮ ਭਾਈਚਾਰੇ ਨਾਲ ਸੰਬਧਤ ਲੋਕ ਜਦ ਜੁੰਮੇ ਦੀ ਨਮਾਜ਼ ਪੜ੍ਹ ਕੇ ਵਾਪਸ ਜਾ ਰਹੇ ਸਨ ਉਸ ਵੇਲੇ ਇਹ ਘਟਨਾ ਵਾਪਰੀ। ਇਹ ਸਾਰਾ ਮਾਮਲਾ ਇਕ ਸਿੱਖ ਲੜਕੀ ਜਗਜੀਤ ਕੌਰ ਪੁੱਤਰੀ ਗਿਆਨੀ ਭਗਵਾਨ ਸਿੰਘ ਵਲੋਂ ਇਸਲਾਮ ਕਬੂਲ ਕਰਨ ਤੋਂ ਬਾਅਦ ਪੈਦਾ ਹੋਈ ਹੈ। ਜਗਜੀਤ ਕੌਰ ਦਾ ਨਿਕਾਹ ਮੁਹੰਮਦ ਅਹਿਸਨ ਨਾਲ ਹੋਇਆ ਸੀ ਜਿਸ ਤੋਂ ਬਾਅਦ ਨਨਕਾਣਾ ਸਾਹਿਬ ਸਮੇਤ ਪੂਰੇ ਪਾਕਿਸਤਾਨ ਵਿਚ ਸਿੱਖਾਂ ਨੇ ਇਸ ਜ਼ਬਰੀ ਧਰਮ ਪਰਵਰਤਨ ਅਤੇ ਨਿਕਾਹ ਦੀ ਵਿਰੋਧਤਾ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਨੇ ਲੜਕੀ ਨੂੰ ਸ਼ੈਲਟਰ ਹੋਮ ਵਿਚ ਭੇਜ ਦਿਤਾ ਸੀ। ਪਾਕਿਸਤਾਨ ਸਰਕਾਰ ਮਾਹੌਲ ਨੂੰ ਖ਼ਰਾਬ ਹੋਣ ਤੋ ਬਚਾਉਂਣ ਅਤੇ ਉਥੇ ਵਸਦੇ ਸਿੱਖਾਂ ਦੇ ਮਨਾਂ ਵਿਚੋਂ ਬੇਗਾਨਗੀ ਦਾ ਅਹਿਸਾਸ ਖ਼ਤਮ ਕਰਨ ਲਈ ਲੜਕੀ ਨੂੰ ਵਾਪਸ ਸਿੱਖ ਧਰਮ ਅਪਣਾਉਣ ਤੇ ਅਪਣੇ ਪਰਵਾਰ ਕੋਲ ਵਾਪਸ ਜਾਣ ਲਈ ਜ਼ੋਰ ਪਾ ਰਹੀ ਹੈ। ਨਨਕਾਣਾ ਸਾਹਿਬ ਵਿਚ ਵਸਦੇ ਮੁਸਲਮਾਨਾਂ ਨੇ ਨਨਕਾਣਾ ਸਾਹਿਬ ਮੇਨ ਬਾਜ਼ਾਰ ਵਿਚ ਧਰਨਾ ਵੀ ਦਿਤਾ।
Photo
ਧਰਨਾਕਾਰੀਆਂ ਦੀ ਅਗਵਾਈ ਰਾਣਾ ਮਨਸੂਰ ਨਾਮਕ ਵਿਅਕਤੀ ਜੋ ਕਿ ਮੁਹੰਮਦ ਅਹਿਸਨ ਦਾ ਰਿਸ਼ਤੇਦਾਰ ਹੈ, ਕਰ ਰਿਹਾ ਹੈ। ਰਾਣਾ ਮਨਸੂਰ ਨੇ ਨਨਕਾਣਾ ਸਾਹਿਬ ਵਿਚੋਂ ਸਿੱਖਾਂ ਨੂੰ ਬਾਹਰ ਕੱਢਣ ਅਤੇ ਇਸ ਸ਼ਹਿਰ ਦਾ ਨਾਮ ਗੁਲਾਮ ਏ ਮੁਸਤਫਾ ਰੱਖਣ ਦੀ ਗੱਲ ਵੀ ਕਹੀ। ਉਸ ਨੇ ਕਿਹਾ ਕਿ ਰਾਜਾ ਮਨਸੂਰ ਨਾਮਕ ਇਕ ਅਧਿਕਾਰੀ ਨੇ ਤਸਵਰ ਮੁਨੀਰ ਨਾਮਕ ਅਧਿਕਾਰੀ ਕੋਲੋਂ ਇਸ ਜਬਰੀ ਨਿਕਾਹ ਮਾਮਲੇ 'ਚ ਕੁਟਵਾਇਆ ਸੀ। ਉਸ ਨੇ ਕੁਟ ਤਾਂ ਖਾ ਲਈ ਪਰ ਜਗਜੀਤ ਕੌਰ ਉਰਫ਼ ਆਇਸ਼ਾ ਦਾ ਤਲਾਕ ਨਹੀਂ ਹੋਣ ਦਿਤਾ।
Photo
ਉਸ ਨੇ ਕਿਹਾ ਕਿ ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਅਤੇ ਮੰਤਰੀ ਚੌਧਰੀ ਏਜਾਜ ਸ਼ਾਹ ਦੇ ਕਹਿਣ 'ਤੇ ਕੁਟ ਖਾ ਲਈ ਪਰ ਤਲਾਕ ਨਹੀਂ ਹੋਣ ਦਿਤਾ। ਉਸ ਨੇ ਦਾਅਵਾ ਕੀਤਾ ਕਿ ਜਗਜੀਤ ਕੌਰ ਉਰਫ਼ ਆਇਸ਼ਾ ਮਾਮਲੇ ਵਿਚ ਅਦਾਲਤ ਦਾ ਫ਼ੈਸਲਾ ਮਨਜੂਰ ਹੋਵੇਗਾ ਤੇ ਨਾਲ ਹੀ ਕੁੜੀ ਦਾ ਹਰ ਫ਼ੈਸਲਾ ਮੰਨਾਂਗੇ। ਨਨਕਾਣਾ ਸਾਹਿਬ ਦੇ ਸਿੱਖਾਂ ਵਿਚ ਇਸ ਵੇਲੇ ਬੇਹੱਦ ਸਹਿਮ ਦਾ ਮਾਹੌਲ ਹੈ।
Photo
ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਪਾਕਿ ਪ੍ਰਧਾਨ ਮੰਤਰੀ ਨੂੰ ਅਪੀਲ : ਗੁਰਦੁਆਰਾ ਨਨਕਾਣਾ ਸਾਹਿਬ 'ਤੇ ਪੱਥਰਬਾਜ਼ੀ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ 'ਚ ਤੁਰੰਤ ਦਖ਼ਲ ਦੇਣ ਤਾਂ ਜੋ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਫਸੇ ਸ਼ਰਧਾਲੂਆਂ ਨੂੰ ਬਚਾਉਣ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।