
ਮਿਜ਼ਾਈਲਾਂ ਦਾਗ਼ਣ 'ਚ ਵੀ ਸਮਰੱਥ ਹੈ 'ਰੋਮੀਓ ਸੀਹਾਕ' ਹੈਲੀਕਾਪਟਰ
ਅਮਰੀਕਾ- ਦੁਸ਼ਮਣਾਂ ਨੂੰ ਆਸਾਨੀ ਨਾਲ ਤਬਾਹ ਕਰਨ ਵਾਲੇ ਦੋ ਦਰਜਨ ਨਵੇਂ ਘਾਤਕ ਹੈਲੀਕਾਪਟਰ ਜਲਦ ਹੀ ਭਾਰਤ ਦੇ ਕੋਲ ਹੋਣਗੇ, ਜੀ ਹਾਂ ਅਮਰੀਕਾ ਨੇ 24 ਐਮਐਚ-60 ਰੋਮੀਓ ਸੀਹਾਕ ਹੈਲੀਕਾਪਟਰਾਂ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਆਧੁਨਿਕ ਹੈਲੀਕਾਪਟਰ ਮਿਲਣ ਮਗਰੋਂ ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਵਧ ਜਾਵੇਗੀ। ਇਸ ਘਾਤਕ ਹੈਲੀਕਾਪਟਰ ਰਾਹੀਂ ਮਿਜ਼ਾਈਲਾਂ ਵੀ ਦਾਗ਼ੀਆਂ ਜਾ ਸਕਦੀਆਂ ਹਨ।
ਇਸ ਨੂੰ ਖ਼ਾਸ ਤੌਰ 'ਤੇ ਸਮੁੰਦਰੀ ਮਿਸ਼ਨ ਲਈ ਬਣਾਇਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ 2.4 ਅਰਬ ਡਾਲਰ ਦੀ ਅਨੁਮਾਨਿਤ ਕੀਮਤ 'ਤੇ ਭਾਰਤ ਨੂੰ ਇਹ ਹੈਲੀਕਾਪਟਰ ਦਿਤੇ ਜਾਣਗੇ। ਲਾਕਹੀਡ ਮਾਰਟਿਨ ਦੁਆਰਾ ਤਿਆਰ ਕੀਤੇ ਗਏ ਇਹ ਹੈਲੀਕਾਪਟਰ ਪਨਡੁੱਬੀਆਂ ਅਤੇ ਸਮੁੰਦਰੀ ਜਹਾਜ਼ਾਂ 'ਤੇ ਅਚੂਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਹਨ। ਇਸ ਖ਼ਾਸ ਹੈਲੀਕਾਪਟਰ ਨੂੰ ਖ਼ਾਸ ਤੌਰ 'ਤੇ ਸਮੁੰਦਰੀ ਜਹਾਜ਼ ਤੋਂ ਉਡਣ ਅਤੇ ਉਤਰਨ ਲਈ ਬਣਾਇਆ ਗਿਆ ਹੈ।
Romeo Seahac
ਅਮਰੀਕੀ ਨੇਵੀ ਇਸ ਦੀ ਵਰਤੋਂ ਐਂਟੀ ਸਬਮਰੀਨ ਹੰਟਰ ਹੈਲੀਕਾਪਟਰ ਯਾਨੀ ਸਮੁੰਦਰ ਵਿਚ ਪਨਡੁੱਬੀਆਂ ਦੀ ਭਾਲ ਕਰਨ ਲਈ ਕਰਦੀ ਹੈ। ਇਸ ਦੇ ਕਾਕਪਿਟ ਵਿਚ ਦੋ ਕੰਟਰੋਲ ਹਨ। ਜਿਸ ਦਾ ਮਤਲਬ ਹੈ ਕਿ ਲੋੜ ਪੈਣ 'ਤੇ ਕੋ-ਪਾਇਲਟ ਵੀ ਹੈਲੀਕਾਪਟਰ ਦਾ ਪੂਰਾ ਕੰਟਰੋਲ ਸੰਭਾਲ ਸਕਦਾ ਹੈ। ਇਸ ਹੈਲੀਕਾਪਟਰ ਵਿਚ ਵਰਤੀ ਗਈ ਤਕਨੀਕ ਨਾਲ ਹਨ੍ਹੇਰੇ ਅਤੇ ਤੇਜ਼ ਧੁੱਪ ਵਿਚ ਕਾਕਪਿਟ ਵਿਚ ਮੌਜੂਦ ਸਾਰੇ ਉਪਕਰਨਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਐਮਐਚ-60 ਸੀਹਾਕ ਹੈਲੀਕਾਪਟਰ ਵਿਚ ਆਧੁਨਿਕ ਜੀਪੀਐਸ ਸਿਸਟਮ ਦੇ ਨਾਲ-ਨਾਲ ਮਿਜ਼ਾਇਲ ਦਾਗ਼ਣ ਦੀ ਚੰਗੀ ਸਮਰੱਥਾ ਹੈ ਅਤੇ ਇਹ ਔਖੇ ਤੋਂ ਔਖੇ ਹਾਲਾਤ ਵਿਚ ਵੀ ਉਡਾਨ ਭਰ ਸਕਦਾ ਹੈ। ਉਡਾਨ ਭਰਦੇ ਸਮੇਂ ਇਹ ਹੈਲੀਕਾਪਟਰ 8 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਸਿੱਧੇ ਉਪਰ ਉਠ ਸਕਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ 267 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡ ਸਕਦਾ ਹੈ। ਲਗਭਗ 7 ਕੁਇੰਟਲ ਵਜ਼ਨ ਦਾ ਇਹ ਹੈਲੀਕਾਪਟਰ ਇਕ ਵਾਰ ਵਿਚ ਦਸ ਟਨ ਤਕ ਸਮਾਨ ਲਿਜਾ ਸਕਦਾ ਹੈ।
Romeo Seahac
ਕੰਪਨੀ ਅਨੁਸਾਰ ਦੁਨੀਆ ਵਿਚ ਇਸ ਦੇ ਨਾਲ ਦੇ ਫਿਲਹਾਲ 300 ਤੋਂ ਜ਼ਿਆਦਾ ਹੈਲੀਕਾਪਟਰ ਸੇਵਾਵਾਂ ਦੇ ਰਹੇ ਹਨ। ਏਅਰਫੋਰਸ ਟੈਕਨਾਲੋਜੀ ਅਨੁਸਾਰ ਇਹ ਹੈਲੀਕਾਪਟਰ 2001 ਵਿਚ ਬਣਾਇਆ ਗਿਆ ਸੀ ਅਤੇ ਪਹਿਲੀ ਵਾਰ 2005 ਵਿਚ ਅਮਰੀਕਾ ਨੇ ਇਸ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਇਸ ਦੇ ਉਤਪਾਦਨ ਦੀ ਮਨਜ਼ੂਰੀ ਦਿਤੀ ਗਈ ਸੀ।
ਭਾਰਤ ਤੋਂ ਪਹਿਲਾਂ ਆਸਟ੍ਰੇਲੀਆ ਨੇ ਅਮਰੀਕਾ ਤੋਂ 24 ਹੈਲੀਕਾਪਟਰ ਖ਼ਰੀਦੇ ਹਨ। ਇਸ ਹੈਲੀਕਾਪਟਰ ਨੂੰ ਦੁਨੀਆ ਦਾ ਸਭ ਤੋਂ ਅਤਿਆਧੁÎਨਿਕ ਸਮੁੰਦਰੀ ਹੈਲੀਕਾਪਟਰ ਮੰਨਿਆ ਜਾਂਦਾ ਹੈ। ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰਵੱਈਏ ਦੇ ਮੱਦੇਨਜ਼ਰ ਭਾਰਤ ਲਈ ਇਹ ਹੈਲੀਕਾਪਟਰ ਜ਼ਰੂਰੀ ਹਨ। ਯਕੀਨਨ ਤੌਰ 'ਤੇ ਇਹ ਹੈਲੀਕਾਪਟਰ ਭਾਰਤੀ ਨੇਵੀ ਦੀ ਮਾਰਕ ਸਮਰੱਥਾ ਨੂੰ ਵਧਾਉਣਗੇ।