
ਜ਼ਹਿਰੀਲੇ ਟੀਕੇ ਕਾਰਨ 85 ਮਰੀਜ਼ਾਂ ਦੀ ਮੌਤ ਦਾ ਮਾਮਲਾ
ਓਲਡੇਨਬਰਗ : ਡਾਕਟਰ ਤੋਂ ਬਾਅਦ ਨਰਸ ਹੀ ਹੁੰਦੀ ਹੈ ਜੋ ਮਰੀਜ਼ ਨੂੰ ਠੀਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਜਰਮਨੀ ਵਿਚ ਇਕ ਪੁਰਸ਼ ਨਰਸ ਨੇ ਉਹ ਕੰਮ ਕੀਤਾ ਜਿਸ ਕਾਰਨ ਪੂਰੀ ਮਨੁਖਤਾ ਨੂੰ ਸ਼ਰਮਸਾਰ ਹੋਣਾ ਪਿਆ। ਇਹ ਮਾਮਲਾ ਜਰਮਨੀ ਤੋਂ ਸਾਹਮਣੇ ਆਇਆ ਸੀ ਜਿਥੇ ਪੁਰਸ਼ ਨਰਸ ਨੇ ਜ਼ਹਿਰੀਲੇ ਟੀਕੇ ਲਗਾ ਕੇ ਲਗਭਗ 85 ਮਰੀਜ਼ਾਂ ਦਾ ਕਤਲ ਕਰ ਦਿਤਾ ਸੀ। ਇਸ ਮਾਮਲੇ ਵਿਚ ਅਦਾਲਤ ਨੇ ਨੀਲਸ ਹੋਗੇਲ ਨੂੰ ਸਾਰੀ ਉਮਰ ਲਈ ਕੈਦ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਹ ਅਪਰਾਧ ਮਨੁੱਖੀ ਕਲਪਨਾ ਤੋਂ ਪਰੇ ਹੈ।
Niels Hoegel
ਇਹ ਮਾਮਲਾ ਸਾਲ 2000 ਤੋਂ 2005 ਦੇ ਵਿਚਾਲੇ ਦਾ ਹੈ ਜਦ ਹੋਗੇਲ ਨੇ ਇਕ-ਇਕ ਕਰ ਕੇ 85 ਮਰੀਜ਼ਾਂ ਨੂੰ ਜ਼ਹਿਰੀਲਾ ਟੀਕਾ ਲਗਾਇਆ ਜੇ ਇਸ ਨੂੰ ਸਮੇਂ ਰਹਿੰਦਿਆਂ ਕਾਬੂ ਨਾ ਕੀਤਾ ਜਾਂਦਾ ਤਾਂ ਇਹ ਇਸੇ ਤਰ੍ਹਾਂ ਮਰੀਜ਼ਾਂ ਦਾ ਕਤਲ ਕਰਦਾ ਰਹਿੰਦਾ। ਕਤਲ ਦੇ ਛੇ ਹੋਰ ਮਾਮਲਿਆਂ ਵਿਚ ਹੋਗੇਲ ਨੂੰ ਪਹਿਲਾਂ ਵੀ ਉਮਰ ਕੈਦ ਦਾ ਸਜ਼ਾ ਸੁਣਾਈ ਗਈ ਸੀ ਅਤੇ ਉਹ ਇਸ ਸਜ਼ਾ ਦੇ 10 ਸਾਲ ਭੁਗਤ ਚੁੱਕਾ ਹੈ। ਸਰਕਾਰੀ ਧਿਰ ਨੂੰ ਇਹ ਮਾਮਲਾ ਸਾਬਤ ਕਰਨ ਲਈ 130 ਤੋਂ ਜ਼ਿਆਦਾ ਲਾਸ਼ਾਂ ਦੀਆਂ ਅਸਥੀਆਂ ਨੂੰ ਕਬਰ ਵਿਚੋਂ ਕਢਣਾ ਪਿਆ।
Niels Hoegel
ਪੁਲਿਸ ਨੂੰ ਸ਼ੱਕ ਹੈ ਕਿ ਹੋਗੇਲ ਨੇ 200 ਤੋਂ ਜ਼ਿਆਦਾ ਮਰੀਜ਼ਾਂ ਦਾ ਕਤਲ ਕੀਤਾ ਹੇਵੇਗਾ ਪਰ ਅਦਾਲਤ ਇਹ ਯਕੀਨੀ ਤੌਰ 'ਤੇ ਨਹੀਂ ਕਹਿ ਸਕੀ ਕਿਉਂਕਿ ਹੋਗੇਲ ਦੀ ਯਾਦਦਾਸ਼ਤ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਅਤੇ ਅਜਿਹੇ ਹੀ ਹੋਰ ਪੀੜਤਾਂ ਬਾਰੇ ਖ਼ਦਸ਼ਾ ਹੇ ਕਿ ਉਨ੍ਹਾਂ ਨੂੰ ਬਿਨਾਂ ਪੋਸਟਮਾਰਟਮ ਤੋਂ ਹੀ ਦਫ਼ਨਾ ਦਿਤਾ ਗਿਆ ਹੋਵੇਗਾ। ਹੋਗੇਲ ਨੂੰ ਸਾਲ 2005 ਵਿਚ ਮਰੀਜ਼ ਨੂੰ ਜ਼ਹਿਰੀਲਾ ਟੀਕਾ ਲਗਾਉਂਦੇ ਹੋਏ ਕਾਬੂ ਕਰ ਲਿਆ ਗਿਆ ਸੀ।
Niels Hoegel
ਇਸ ਮਾਮਲੇ ਵਿਚ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਦੂਜਾ ਮਾਮਲਾ ਸਾਲ 2014-15 ਵਿਚ ਪੀੜਤਾਂ ਦੇ ਪਰਵਾਰਕ ਮੈਂਬਰਾਂ ਦੇ ਦਬਾਅ ਤਹਿਤ ਸ਼ੁਰੂ ਕੀਤਾ ਗਿਆ। ਇਸ ਵਿਚ ਉਸ ਨੂੰ ਪੰਜ ਮਰੀਜ਼ਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਲਗਭਗ 15 ਸਾਲ ਦੀ ਸਜ਼ਾ ਸੁਣਾਈ ਗਈ। ਬੁਧਵਾਰ ਨੂੰ ਹੋਈ ਸੁਣਵਾਈ ਦੇ ਆਖ਼ਰੀ ਦਿਨ ਹੋਗੇਲ ਨੇ ਪੀੜਤਾਂ ਤੋਂ ਮਾਫ਼ੀ ਮੰਗੀ।