
ਉਤਰੀ ਇੰਗਲੈਂਡ ਦੇ ਮਿਡਿਲਸਬੋਰੋ 'ਚ ਭਾਰਤੀ ਵਿਅਕਤੀ ਨੇ ਅਪਣੀ ਭਾਰਤੀ ਪਤਨੀ ਜੈਸਿਕਾ ਦਾ ਕਤਲ ਕਰ ਦਿਤਾ ਸੀ............
ਲੰਡਨ : ਉਤਰੀ ਇੰਗਲੈਂਡ ਦੇ ਮਿਡਿਲਸਬੋਰੋ 'ਚ ਭਾਰਤੀ ਵਿਅਕਤੀ ਨੇ ਅਪਣੀ ਭਾਰਤੀ ਪਤਨੀ ਜੈਸਿਕਾ ਦਾ ਕਤਲ ਕਰ ਦਿਤਾ ਸੀ। ਮਈ 2018 ਨੂੰ ਜੈਸਿਕਾ ਦੀ ਲਾਸ਼ ਉਸ ਦੇ ਘਰ 'ਚੋਂ ਮਿਲੀ ਸੀ। ਅਦਾਲਤ ਨੇ 34 ਸਾਲਾ ਜੈਸਿਕਾ ਦੇ ਪਤੀ ਮਿਤੇਸ਼ ਪਟੇਲ ਨੂੰ ਉਸ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਪਹਿਲਾਂ ਤਾਂ ਮਿਤੇਸ਼ ਪਟੇਲ (37) ਨੇ ਪਤਨੀ ਜੈਸਿਕਾ ਦਾ ਕਤਲ ਕਰਨ ਦੇ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਹੁਣ ਸਬੂਤਾਂ ਕਾਰਨ ਸੱਚਾਈ ਸਾਹਮਣੇ ਆ ਗਈ ਹੈ। ਪਟੇਲ ਸਮਲਿੰਗੀ ਹੈ ਅਤੇ ਉਸ ਨੇ ਅਪਣੇ ਦੋਸਤ ਨਾਲ ਵਿਆਹ ਕਰਵਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿਤਾ।
ਜਾਣਕਾਰੀ ਮੁਤਾਬਕ ਮਿਤੇਸ਼ ਨੇ ਅਪਣੇ ਪ੍ਰੇਮੀ ਡਾਕਟਰ ਅਮਿਤ ਪਟੇਲ ਨਾਲ ਆਸਟ੍ਰੇਲੀਆ ਸ਼ਿਫਟ ਹੋਣ ਦੀ ਪੂਰੀ ਯੋਜਨਾ ਬਣਾ ਲਈ ਸੀ। ਅਦਾਲਤ ਨੇ ਦਸਿਆ ਕਿ ਉਸ ਨੇ ਅਪਣੀ ਪਤਨੀ ਦਾ ਕਤਲ ਕਰਨ ਲਈ ਇੰਟਰਨੈਟ 'ਤੇ ਜਾਣਕਾਰੀ ਹਾਸਲ ਕੀਤੀ ਸੀ। ਪਟੇਲ ਖ਼ਿਲਾਫ਼ ਤੀਸਾਇਡ ਕ੍ਰਾਊਨ ਕੋਰਟ 'ਚ ਪਿਛਲੇ ਹਫਤੇ ਮੁਕੱਦਮਾ ਸ਼ੁਰੂ ਹੋਇਆ। ਸੁਣਵਾਈ ਦੌਰਾਨ ਵਕੀਲ ਨੇ ਸਬੂਤ ਪੇਸ਼ ਕਰਦਿਆਂ ਦਸਿਆ ਕਿ ਮਿਤੇਸ਼ ਨੇ ਆਪਣੀ ਪਤਨੀ ਦੇ ਹੱਥ ਬੰਨ੍ਹ ਕੇ ਉਸ ਨੂੰ ਇੰਸੁਲਿਨ ਦਾ ਟੀਕਾ ਲਗਾਉਣ ਮਗਰੋਂ ਪਲਾਸਟਿਕ ਬੈਗ ਦੀ ਮਦਦ ਨਾਲ ਉਸ ਦਾ ਕਤਲ ਕੀਤਾ। ਜਸਟਿਸ ਜੇਮਜ਼ ਗੋਸ ਨੇ ਦਸਿਆ ਕਿ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਨਿਸ਼ਚਿਤ ਹੈ। (ਏਜੰਸੀ)