
ਇਹ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ।
ਨਵੀਂ ਦਿੱਲੀ: ਪਾਕਿਸਤਾਨ ਹਾਈ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ 9 ਤੋਂ 18 ਅਪ੍ਰੈਲ ਤੱਕ ਵਿਸਾਖੀ ਦੇ ਤਿਉਹਾਰ ਨਾਲ ਸਬੰਧਤ ਸਾਲਾਨਾ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਤੋਂ 2,856 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਹਾਈ ਕਮਿਸ਼ਨ ਨੇ ਦੱਸਿਆ ਕਿ ਇਹ ਸ਼ਰਧਾਲੂ ਗੁਰਦੁਆਰਾ ਡੇਰਾ ਸਾਹਿਬ, ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ।
ਇਹ ਵੀ ਪੜ੍ਹੋ: ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਆਇਆ 4.7 ਤੀਬਰਤਾ ਦਾ ਭੂਚਾਲ
ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਦੁਵੱਲੇ ਪ੍ਰੋਟੋਕੋਲ ਦੇ ਪ੍ਰਬੰਧਾਂ ਦੇ ਤਹਿਤ ਪਾਕਿਸਤਾਨ ਜਾਂਦੇ ਹਨ। ਇਸ ਪ੍ਰੋਟੋਕੋਲ ਤਹਿਤ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਵੀ ਭਾਰਤ ਆਉਂਦੇ ਹਨ। ਪਾਕਿਸਤਾਨ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ, "ਵਿਸਾਖੀ ਦੇ ਤਿਉਹਾਰ ਮੌਕੇ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੇ 9 ਤੋਂ 18 ਅਪ੍ਰੈਲ ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸਾਲਾਨਾ ਸਮਾਗਮਾਂ ਵਿਚ ਹਿੱਸਾ ਲੈਣ ਲਈ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 2,856 ਵੀਜ਼ੇ ਜਾਰੀ ਕੀਤੇ ਹਨ।"
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀ: ਅਮਨ ਅਰੋੜਾ
ਭਾਰਤ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਇੰਚਾਰਜ ਸਲਮਾਨ ਸ਼ਰੀਫ ਨੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਸੁਖਾਵੀਂ ਯਾਤਰਾ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਪਾਕਿਸਤਾਨ ਪਵਿੱਤਰ ਅਸਥਾਨਾਂ ਦੀ ਸੰਭਾਲ ਲਈ ਵਚਨਬੱਧ ਹੈ ਅਤੇ ਸ਼ਰਧਾਲੂਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।