
ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 14 ਘਰ ਤਬਾਹ ਹੋ ਗਏ,
Indonesia Floods: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ’ਤੇ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਤੀਜੇ ਵਜੋਂ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।
ਸਥਾਨਕ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਡੋਨੀ ਯੂਸਰੀਜਲ ਨੇ ਦਸਿਆ ਕਿ ਸ਼ੁਕਰਵਾਰ ਦੇਰ ਰਾਤ ਕਈ ਟਨ ਮਿੱਟੀ, ਪੱਥਰ ਅਤੇ ਉਖੜੇ ਹੋਏ ਦਰੱਖਤ ਪਹਾੜ ਤੋਂ ਡਿੱਗ ਕੇ ਨਦੀ ਤਕ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਕਈ ਕਿਨਾਰੇ ਟੁੱਟ ਗਏ ਅਤੇ ਪਛਮੀ ਸੁਮਾਤਰਾ ਸੂਬੇ ਦੇ ਪਸੀਸਿਰ ਸੇਲਾਤਾਨ ਜ਼ਿਲ੍ਹੇ ਦੇ ਪਹਾੜੀ ਪਿੰਡ ਹੜ੍ਹਾਂ ਨਾਲ ਭਰ ਗਏ।
ਯੂਸਰੀਜਲ ਵਲੋਂ ਦਿਤੀ ਗਈ ਜਾਣਕਾਰੀ ਮੁਤਾਬਕ ਇਸ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਹੜ੍ਹ ਕਾਰਨ ਘੱਟੋ-ਘੱਟ ਦੋ ਪਿੰਡ ਵਾਸੀ ਜ਼ਖਮੀ ਹੋ ਗਏ ਅਤੇ ਬਚਾਅ ਕਰਮੀ ਸੱਤ ਲੋਕਾਂ ਦੀ ਭਾਲ ਕਰ ਰਹੇ ਹਨ ਜੋ ਅਜੇ ਵੀ ਲਾਪਤਾ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 14 ਘਰ ਤਬਾਹ ਹੋ ਗਏ, 80,000 ਤੋਂ ਵੱਧ ਲੋਕਾਂ ਨੂੰ ਅਸਥਾਈ ਸਰਕਾਰੀ ਪਨਾਹਗਾਹਾਂ ’ਚ ਭੇਜਿਆ ਗਿਆ, ਜਦਕਿ ਪਛਮੀ ਸੁਮਾਤਰਾ ਸੂਬੇ ਦੇ 9 ਜ਼ਿਲ੍ਹਿਆਂ ਅਤੇ ਸ਼ਹਿਰਾਂ ’ਚ ਲਗਭਗ 20,000 ਘਰਾਂ ’ਚ ਛੱਤਾਂ ’ਤੇ ਪਾਣੀ ਭਰ ਗਿਆ।
(For more Punjabi news apart from 19 Dead, 7 Missing After Indonesia Floods, Landslide, stay tuned to Rozana Spokesman)