
ਗੁਰਦਵਾਰਾ ਗੁਰੂ ਨਾਨਕ ਐਜੁਕੇਸ਼ਨ ਸੈਂਟਰ (ਕੇਨਜ਼) ਵਿਖੇ ਬੀਤੇ ਕੁੱਝ ਹਫ਼ਤਿਆਂ ਤੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਵਲੋਂ ਅਰੰਭ ਕੀਤੀ ਢਾਡੀ ਪ੍ਰਥਾ ਰਾਹੀਂ ਸੰਗਤਾਂ ...
ਬ੍ਰਿਸਬੇਨ, 22 ਮਈ (ਜਗਜੀਤ ਖੋਸਾ) : ਗੁਰਦਵਾਰਾ ਗੁਰੂ ਨਾਨਕ ਐਜੁਕੇਸ਼ਨ ਸੈਂਟਰ (ਕੇਨਜ਼) ਵਿਖੇ ਬੀਤੇ ਕੁੱਝ ਹਫ਼ਤਿਆਂ ਤੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਵਲੋਂ ਅਰੰਭ ਕੀਤੀ ਢਾਡੀ ਪ੍ਰਥਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਣ ਦਾ ਉਪਰਾਲਾ ਭਾਈ ਜਰਨੈਲ ਸਿੰਘ ਬੈਂਸ ਅਤੇ ਸਾਥੀ ਮਨਦੀਪ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ ਵਲੋਂ ਕੀਤਾ ਗਿਆ।
ਜੱਥੇ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਵਿਚ ਪਾਏ ਵੱਡੇ ਯੋਗਦਾਨ ਅਤੇ ਇਸ ਮੌਕੇ ਢਾਡੀ ਸੇਵਾਵਾਂ ਨਿਭਾਉਣ ਉਪਰੰਤ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਅਤੇ ਢਾਡੀ ਜੱਥੇ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਜੱਥੇ ਦੇ ਧਰਮ ਪ੍ਰਚਾਰ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਗੁਰਦਵਾਰੇ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ, ਕਮੇਟੀ ਮੈਂਬਰ ਉਂਕਾਰ ਸਿੰਘ ਤੇ ਗਿਆਨੀ ਸਤਨਾਮ ਸਿੰਘ (ਹੈੱਡ ਗ੍ਰੰਥੀ ਗੁਰਦਵਾਰਾ ਗੁਰੂ ਨਾਨਕ ਐਜੁਕੇਸ਼ਨ ਸੈਂਟਰ) ਦੇ ਨਾਲ ਵੱਡੀ ਗਿਣਤੀ 'ਚ ਸੰਗਤਾਂ ਵੀ ਮੌਜੂਦ ਸਨ। ਇਸ ਮੌਕੇ ਭਾਈ ਜਰਨੈਲ ਸਿੰਘ ਬੈਂਸ (ਢਾਡੀ) ਦੇ ਜੱਥੇ ਨੇ ਕੇਨਜ਼ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧਨਵਾਦ ਕੀਤਾ ਅਤੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਕਿਹਾ।