
ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਅਸ਼ਾਂਤ ਬਲੋਚਿਸਤਾਨ ਪ੍ਰਦੇਸ਼ ਵਿਚ ਸਥਿਤ ਬਲੋਚਿਸਤਾਨ ਅਵਾਮੀ ਪਾਰਟੀ ਦੇ ਚੋਣ ਦਫ਼ਤਰ 'ਤੇ ਅਣਪਛਾਤੇ ਹਮਲਾਵਰਾਂ..........
ਕਰਾਚੀ : ਪਾਕਿਸਤਾਨ 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਅਸ਼ਾਂਤ ਬਲੋਚਿਸਤਾਨ ਪ੍ਰਦੇਸ਼ ਵਿਚ ਸਥਿਤ ਬਲੋਚਿਸਤਾਨ ਅਵਾਮੀ ਪਾਰਟੀ ਦੇ ਚੋਣ ਦਫ਼ਤਰ 'ਤੇ ਅਣਪਛਾਤੇ ਹਮਲਾਵਰਾਂ ਨੇ ਗ੍ਰੇਨੇਡ ਸੁਟਿਆ। ਇਸ ਹਮਲੇ 'ਚ ਘੱਟੋ-ਘੱਟ 30 ਲੋਕ ਜ਼ਖ਼ਮੀ ਹੋ ਗਏ। ਖ਼ਬਰਾਂ 'ਚ ਕਿਹਾ ਜਾ ਰਿਹਾ ਹੈ ਕਿ ਜ਼ਖ਼ਮੀਆਂ 'ਚ ਪੰਜ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਬੁਧਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ 'ਤੇ ਇਹ ਦੂਜਾ ਵੱਡਾ ਹਮਲਾ ਹੈ। ਪਾਕਿਸਤਾਨੀ ਅਖ਼ਬਾਰ 'ਡਾਨ' ਨੇ ਅਪਣੀ ਖ਼ਬਰ 'ਚ ਕਿਹਾ ਹੈ ਕਿ ਢਾਘੀ ਜ਼ਿਲ੍ਹੇ ਦੇ ਦਲਬੰਦੀਨ ਇਲਾਕੇ 'ਚ ਸਥਿਤ ਬਲੋਚਿਸਤਾਨ ਅਵਾਮੀ ਪਾਰਟੀ ਦੇ ਚੋਣ ਦਫ਼ਤਰ 'ਚ ਪਾਰਟੀ
ਦੇ ਉਮੀਦਵਾਰ ਤੇ ਹੋਰ ਵਰਕਰ ਦੇਰ ਰਾਤ ਬੈਠੇ ਹੋਏ ਸਨ, ਇਸੇ ਦੌਰਾਨ ਕੁਝ ਅਣਪਛਾਤੇ ਹਮਲਾਵਰਾਂ ਨੇ ਉਥੇ ਗ੍ਰੇਨੇਡ ਸੁੱਟ ਦਿਤਾ। ਇਸ 'ਚ ਕਿਹਾ ਗਿਆ ਹੈ ਕਿ ਗ੍ਰੇਨੇਡ ਦਫ਼ਤਰ ਦੇ ਅੰਦਰ ਫਟਿਆ ਅਤੇ ਇਸ ਘਟਨਾ 'ਚ ਪਾਰਟੀ ਦੇ ਘੱਟੋ-ਘੱਟ 30 ਵਰਕਰ ਤੇ ਸਮਰਥਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਗੰਭੀਰ ਰੂਪ 'ਚ ਜ਼ਖ਼ਮੀ ਪੰਜ ਲੋਕਾਂ ਨੂੰ ਇਲਾਜ ਦੇ ਲਈ ਕਵੇਟਾ ਭੇਜ ਦਿਤਾ ਗਿਆ ਹੈ। ਇਸ ਹਮਲੇ ਕਾਰਨ ਦਫ਼ਤਰ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। (ਪੀਟੀਆਈ)