
ਅਫ਼ਰੀਕੀ ਮੁਲਕ ਯੁਗਾਂਡਾ ਦੀ ਯਾਤਰਾ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜ਼ਬਾਨ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨਾਲ ਵੱਖ ਵੱਖ ਮੁੱਦਿਆਂ 'ਤੇ ਵਿਚਾਰਾਂ...........
ਕਾਮਪਾਲਾ : ਅਫ਼ਰੀਕੀ ਮੁਲਕ ਯੁਗਾਂਡਾ ਦੀ ਯਾਤਰਾ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਜ਼ਬਾਨ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨਾਲ ਵੱਖ ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਬਾਰੇ ਚਰਚਾ ਕੀਤੀ। ਉਨ੍ਹਾਂ ਇਸ ਮੁਲਕ ਨੂੰ ਊਰਜਾ ਬੁਨਿਆਦੀ ਢਾਂਚ, ਖੇਤੀ ਅਤੇ ਡੇਅਰੀ ਖੇਤਰਾਂ ਵਿਚ ਕਰੀਬ 20 ਕਰੋੜ ਡਾਲਰ ਦੇ ਦੋ ਕਰਜ਼ਿਆਂ ਦੀ ਸਹੂਲਤ ਦੇਣ ਦਾ ਐਲਾਨ ਕੀਤਾ। ਦੋ ਦਿਨ ਦੀ ਯਾਤਰਾ 'ਤੇ ਸ਼ਾਮ ਨੂੰ ਇਥੇ ਪੁੱਜੇ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਬਾਅਦ ਵਿਚ ਵਫ਼ਦ ਪਧਰੀ ਗੱਲਬਾਤ ਦੌਰਾਨ ਰਖਿਆ ਸਹਿਯੋਗ ਸਮੇਤ ਹੋਰ ਖੇਤਰਾਂ ਵਿਚ ਚਾਰ ਸਮਝੌਤਿਆਂ 'ਤੇ ਹਸਤਾਖਰ ਕੀਤੇ।
ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਹਨ। ਕਿਗਾਲੀ : ਯੁਗਾਂਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਦੇ ਆਰਥਕ ਵਿਕਾਸ ਲਈ ਉਸ ਨੂੰ 20 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਦੀ ਪ੍ਰਵਾਨਗੀ ਦਿਤੀ। ਇਸ ਤੋਂ ਇਲਾਵਾ ਰਖਿਆ ਸਹਿਯੋਗ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਹਨ ਅਤੇ ਛੇਤੀ ਹੀ ਰਾਜਧਾਨੀ ਕਿਗਾਲੀ ਵਿਚ ਭਾਰਤੀ ਸਫ਼ਾਰਤਖ਼ਾਨਾ ਬਣੇਗਾ। ਪ੍ਰਧਾਨ ਮੰਤਰੀ ਦੀ ਦੋ ਦਿਨਾ ਰਵਾਂਡਾ ਯਾਤਰਾ ਦੌਰਾਨ ਇਹ ਐਲਾਨ ਹੋਏ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਰਵਾਂਡਾ ਯਾਤਰਾ ਹੈ।
ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ ਮੁਲਾਕਾਤ ਮਗਰੋਂ ਮੋਦੀ ਨੇ ਕਿਹਾ ਕਿ ਭਾਰਤ ਛੇਤੀ ਹੀ ਰਵਾਂਡਾ ਵਿਚ ਅਪਣਾ ਸਫ਼ਾਰਤਖ਼ਾਨਾ ਸਥਾਪਤ ਕਰੇਗਾ। ਮੋਦੀ ਨੇ ਸਾਂਝੇ ਬਿਆਨ ਵਿਚ ਕਿਹਾ, 'ਸਫ਼ਾਰਤਖ਼ਾਨਾ ਖੁਲ੍ਹਣ ਨਾਲ ਸਰਕਾਰਾਂ ਵਿਚਕਾਰ ਸੰਵਾਦ ਕਾਇਮ ਹੋਵੇਗਾ ਤੇ ਪਾਸਪੋਰਟ ਤੇ ਵੀਜ਼ਾ ਸਹੂਲਤਾਂ ਵੀ ਵਧਣਗੀਆਂ।'
ਉਨ੍ਹਾਂ ਕਿਹਾ ਕਿ ਭਾਰਤ-ਰਵਾਂਡਾ ਦੇ ਸਬੰਧ ਹਰ ਧੁੱਪ-ਛਾਂ ਝੱਲ ਚੁੱਕੇ ਹਨ। ਮੋਦੀ ਨੇ ਕਿਹਾ, 'ਸਾਡੇ ਲਈ ਇਹ ਮਾਣ ਵਾਲੀ ਗੱਲ ਹੈ
ਕਿ ਭਾਰਤ ਰਵਾਂਡਾ ਦੀ ਆਰਥਕ ਪ੍ਰਗਤੀ ਵਿਚ ਉਸ ਨਾਲ ਖੜਾ ਰਿਹਾ ਹੈ।' ਦੋਹਾਂ ਆਗੂਆਂ ਵਿਚਕਾਰ ਵਫ਼ਦ ਪੱਧਰ ਦੀ ਗੱਲਬਾਤ ਵੀ ਹੋਈ ਜਿਸ ਵਿਚ ਰਖਿਆ, ਖੇਤੀ, ਪਸ਼ੂ ਪਾਲਣ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ। ਭਾਰਤ ਨੇ ਰਵਾਂਡਾ ਨੂੰ ਉਦਯੋਗਿਕ ਪਾਰਕ ਅਤੇ ਕਿਗਾਲੀ ਸੇਜ ਵਿਕਸਿਤ ਕਰਨ ਲਈ 10 ਕਰੋੜ ਡਾਲਰ ਅਤੇ ਖੇਤੀ ਖੇਤਰ ਲਈ 10 ਕਰੋੜ ਡਾਲਰ ਦਾ ਕਰਜ਼ਾ ਪ੍ਰਵਾਨ ਕੀਤਾ। (ਏਜੰਸੀ)