
45 ਸਾਲਾ ਔਰਤ ਨੂੰ 2018 ਵਿਚ 30 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਸੁਣਾਈ ਗਈ ਸੀ ਸਜ਼ਾ
ਸਿੰਗਾਪੁਰ: ਸਿੰਗਾਪੁਰ ਦੇ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਜਾਣਕਾਰੀ ਦਿਤੀ ਹੈ ਕਿ ਇਸ ਹਫ਼ਤੇ ਸਿੰਗਾਪੁਰ ਵਿਚ ਇਕ ਔਰਤ ਨੂੰ ਫਾਂਸੀ ਦਿਤੀ ਜਾਵੇਗੀ। ਸੰਗਠਨ ਨੇ ਫਾਂਸੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਦਸਿਆ ਕਿ ਲਗਭਗ 20 ਸਾਲਾਂ 'ਚ ਪਹਿਲੀ ਵਾਰ ਸਿੰਗਾਪੁਰ 'ਚ ਕਿਸੇ ਔਰਤ ਨੂੰ ਫਾਂਸੀ ਦਿਤੀ ਜਾਵੇਗੀ। 45 ਸਾਲਾ ਸਰੀਦੇਵੀ ਜਾਮਾਨੀ ਨੂੰ 2018 ਵਿਚ 30 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਇਹ ਵੀ ਪੜ੍ਹੋ: ਮਮਤਾ ਹੋਈ ਸ਼ਰਮਸਾਰ, ਮਾਂ ਨੇ 9 ਮਹੀਨੇ ਦੀਆਂ ਜੁੜਵਾ ਧੀਆਂ ਦਾ ਸਿਰਹਾਣੇ ਨਾਲ ਮੂੰਹ ਘੁੱਟ ਕੇ ਮਾਰਿਆ
ਦਰਅਸਲ ਸਿੰਗਾਪੁਰ 'ਚ ਇਸ ਹਫ਼ਤੇ ਦੋ ਨਸ਼ਾ ਤਸਕਰਾਂ ਨੂੰ ਫਾਂਸੀ ਦਿਤੀ ਜਾਵੇਗੀ। ਮੌਤ ਦੀ ਸਜ਼ਾ ਸੁਣਾਏ ਗਏ ਦੋ ਵਿਅਕਤੀਆਂ ਵਿਚ ਇਕ ਔਰਤ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਫਾਂਸੀ ਦਿਤੀ ਜਾਵੇਗੀ। ਸਥਾਨਕ ਅਧਿਕਾਰ ਸੰਗਠਨ ਟ੍ਰਾਂਸਫੋਰਮੇਟਿਵ ਜਸਟਿਸ ਕਲੈਕਟਿਵ (ਟੀ.ਜੇ.ਸੀ.) ਅਨੁਸਾਰ, 50 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ੀ ਪਾਏ ਗਏ 56 ਸਾਲਾ ਵਿਅਕਤੀ ਨੂੰ ਬੁਧਵਾਰ (26 ਜੁਲਾਈ) ਨੂੰ ਫਾਂਸੀ ਦਿਤੀ ਜਾਵੇਗੀ। ਉਸ ਨੂੰ ਦੱਖਣ-ਪੂਰਬੀ ਏਸ਼ੀਆਈ ਸ਼ਹਿਰ-ਰਾਜ ਦੀ ਚਾਂਗੀ ਜੇਲ ਵਿਚ ਫਾਂਸੀ ਦਿਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦਾ ਕੀਤਾ ਪਰਦਾਫ਼ਾਸ਼: ਦੋ ਹੋਰ ਸਰਟੀਫਿਕੇਟ ਕੀਤੇ ਰੱਦ: ਡਾ. ਬਲਜੀਤ ਕੌਰ
ਇਸ ਦੇ ਨਾਲ ਹੀ ਨਸ਼ਾ ਤਸਕਰੀ ਦੀ ਦੋਸ਼ੀ 45 ਸਾਲਾ ਔਰਤ ਨੂੰ ਸ਼ੁਕਰਵਾਰ (28 ਜੁਲਾਈ) ਨੂੰ ਫਾਂਸੀ ਦਿਤੀ ਜਾਵੇਗੀ। ਟੀ.ਜੇ.ਸੀ. ਮੁਤਾਬਕ ਦੋਸ਼ੀ ਔਰਤ ਦੀ ਪਛਾਣ ਸਰੀਦੇਵੀ ਜਮਾਨੀ ਵਜੋਂ ਹੋਈ ਹੈ। ਲਗਭਗ 30 ਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 2018 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ।ਸਥਾਨਕ ਅਧਿਕਾਰ ਕਾਰਕੁਨ ਕੋਕਿਲਾ ਅੰਨਾਮਲਾਈ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਸਿੰਗਾਪੁਰ ਵਿਚ 2004 ਤੋਂ ਬਾਅਦ ਫਾਂਸੀ ਦੀ ਸਜ਼ਾ ਪਾਉਣ ਵਾਲੀ ਪਹਿਲੀ ਔਰਤ ਹੋਵੇਗੀ। ਇਸ ਤੋਂ ਪਹਿਲਾਂ ਇਕ 36 ਸਾਲਾ ਔਰਤ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਫਾਂਸੀ ਦਿੱਤੀ ਗਈ ਸੀ। ਟੀ.ਜੇ.ਸੀ. ਮੁਤਾਬਕ ਦੋਵੇਂ ਕੈਦੀ ਸਿੰਗਾਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਫਾਂਸੀ ਬਾਰੇ ਨੋਟਿਸ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਪਿਛਲੇ ਸਾਲ ਪੰਜਾਬ ਪੁਲਿਸ ਨੇ ਟ੍ਰੈਫਿਕ ਚਲਾਨਾਂ ਤੋਂ ਵਸੂਲੇ 29 ਕਰੋੜ ਰੁਪਏ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਸਿੰਗਾਪੁਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਫਾਂਸੀ ਦਿਤੀ ਗਈ ਸੀ। ਉਸ ਦੇ ਪਰਿਵਾਰ ਨੇ ਫਾਂਸੀ ਨਾ ਦੇਣ ਲਈ ਅਦਾਲਤ ਵਿਚ ਪਟੀਸ਼ਨ ਪਾਈ ਸੀ, ਜਿਸ ਨੂੰ ਰੱਦ ਕਰ ਦਿਤਾ ਗਿਆ ਸੀ। ਦੱਸ ਦੇਈਏ ਕਿ ਸਿੰਗਾਪੁਰ 'ਚ ਦੁਨੀਆਂ ਦਾ ਸੱਭ ਤੋਂ ਸਖ਼ਤ ਨਸ਼ਾ ਵਿਰੋਧੀ ਕਾਨੂੰਨ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹੋਏ ਫੜੇ ਜਾਣ 'ਤੇ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਸਿੰਗਾਪੁਰ ਵਿਚ 500 ਗ੍ਰਾਮ ਤੋਂ ਵੱਧ ਕੈਨਾਬਿਸ ਜਾਂ 15 ਗ੍ਰਾਮ ਤੋਂ ਵੱਧ ਹੈਰੋਇਨ ਦੀ ਤਸਕਰੀ ਕਰਦੇ ਪਾਏ ਜਾਣ 'ਤੇ ਮੌਤ ਦੀ ਸਜ਼ਾ ਹੋ ਸਕਦੀ ਹੈ।