
ਯੂਕਰੇਨ ਵਿਚ ਰੂਸੀ ਹਮਲੇ ਦੌਰਾਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ ਅਤੇ ਘਰ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ।
ਨਵੀਂ ਦਿੱਲੀ: ਯੂਕਰੇਨ ਵਿਚ ਰੂਸੀ ਹਮਲੇ ਦੌਰਾਨ ਹਜ਼ਾਰਾਂ ਭਾਰਤੀ ਵਿਦਿਆਰਥੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ ਹੋਏ ਹਨ ਅਤੇ ਘਰ ਵਾਪਸੀ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਚਲਦਿਆਂ ਭਾਰਤ ਸਰਕਾਰ ਪੋਲੈਂਡ ਦੇ ਰਸਤੇ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆ ਰਹੀ ਹੈ। ਭਾਰਤ 'ਚ ਪੋਲੈਂਡ ਦੇ ਰਾਜਦੂਤ ਐਡਮ ਬੁਰਕੋਵਸਕੀ ਨੇ ਟਵੀਟ ਕਰਦਿਆਂ ਦੱਸਿਆ ਕਿ ਪੋਲੈਂਡ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਚ ਕੇ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨ੍ਹਾਂ ਵੀਜ਼ੇ ਦੇ ਪੋਲੈਂਡ 'ਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਰਿਹਾ ਹੈ।
ਦਰਅਸਲ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਜੰਗ ਤੋਂ ਪਹਿਲਾਂ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੇ ਜਹਾਜ਼ ਤਾਇਨਾਤ ਕੀਤੇ ਸਨ, ਪਰ ਹਵਾਈ ਖੇਤਰ ਬੰਦ ਹੋਣ ਕਾਰਨ ਇਹ ਵਿਸ਼ੇਸ਼ ਉਡਾਣਾਂ ਉਡਾਣ ਭਰਨ ਦੇ ਯੋਗ ਨਹੀਂ ਹਨ। ਅਜਿਹੀ ਸਥਿਤੀ ਵਿਚ ਵਿਦਿਆਰਥੀ ਅਤੇ ਹੋਰ ਫਸੇ ਹੋਏ ਲੋਕ ਪੱਛਮ ਵੱਲ ਪੋਲੈਂਡ ਦੀ ਸਰਹੱਦ ਵੱਲ ਜਾ ਰਹੇ ਹਨ।
ਉੱਥੇ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਪਹੁੰਚ ਚੁੱਕੇ ਹਨ। ਐਤਵਾਰ ਨੂੰ ਜਦੋਂ ਪੋਲੈਂਡ ਵਿਚ ਭਾਰਤੀ ਰਾਜਦੂਤ ਨੇ ਇਹ ਜਾਣਕਾਰੀ ਸਾਂਝੀ ਕੀਤੀ ਤਾਂ ਭਾਰਤੀ ਲੋਕਾਂ ਨੇ ਇਸ ਦਾ ਸਵਾਗਤ ਕੀਤਾ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਹਾ- ਅਸੀਂ ਇਸ ਮੁਸ਼ਕਲ ਸਮੇਂ 'ਚ ਪੋਲੈਂਡ ਦੀ ਮਦਦ ਨੂੰ ਯਾਦ ਰੱਖਾਂਗੇ। ਲੋਕਾਂ ਨੇ ਕਿਹਾ- ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਨੂੰ ਅੱਗੇ ਭੇਜਣ ਤਾਂ ਜੋ ਫਸੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਰਾਹਤ ਮਿਲ ਸਕੇ।