
ਇਮਰਾਨ ਖ਼ਾਨ ਦੂਜੇ ਬੈਲਟ ਐਂਡ ਰੋਡ ਫੋਰਮ ਵਿਚ ਹਿੱਸਾ ਲੈਣ ਲਈ ਚੀਨ ਵਿਚ ਹਨ
ਇਸਲਾਮਾਬਾਦ: ਲੋਕਸਭਾ ਚੋਣਾਂ ਤੋਂ ਬਾਅਦ ਭਾਰਤ-ਪਾਕਿ ਦੇ ਰਿਸ਼ਤਿਆਂ ਵਿਚ ਸੁਧਾਰ ਆਵੇਗਾ ਤੇ ਫਿਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਕਾਇਮ ਹੋਵੇਗੀ, ਇਸ ਗੱਲ ਦਾ ਪ੍ਰਗਟਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੀਤਾ ਹੈ। ਇਮਰਾਨ ਖ਼ਾਨ ਨੇ ਚਾਇਨਾ ਇੰਟਰਨੈਸ਼ਨਲ ਕਲਚਰਲ ਕਮਿਊਨੀਕੇਸ਼ਨ ਸੈਂਟਰ ਵਿਚ ਮੌਜੂਦ ਪਬਲਿਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤਰ ਵਿਚ ਜਦੋਂ ਤੱਕ ਸ਼ਾਂਤੀ ਤੇ ਸਥਿਰਤਾ ਨਹੀਂ ਹੋਵੇਗੀ, ਉਦੋਂ ਤੱਕ ਪਾਕਿ ਲਈ ਆਰਥਿਕ ਖ਼ੁਸ਼ਹਾਲੀ ਮੁਸ਼ਕਿਲ ਹੈ।
Imran Khan
ਪਾਕਿਸਤਾਨ ਸਰਕਾਰ ਇਸ ਮੁੱਦੇ ’ਤੇ ਅਜੇ ਕੰਮ ਕਰ ਰਹੀ ਹੈ। ਦੱਸ ਦਈਏ ਕਿ ਇਮਰਾਨ ਖ਼ਾਨ ਦੂਜੇ ਬੈਲਟ ਐਂਡ ਰੋਡ ਫੋਰਮ ਵਿਚ ਹਿੱਸਾ ਲੈਣ ਲਈ ਚੀਨ ਵਿਚ ਹਨ। ਇਸ ਦੌਰਾਨ ਇਮਰਾਨ ਨੇ ਕਿਹਾ ਕਿ ਹਾਲੇ ਇਕੋ ਇਕ ਸਮੱਸਿਆ ਭਾਰਤ ਨਾਲ ਸਾਡੇ ਰਿਸ਼ਤੇ ਹਨ ਪਰ ਅਸੀਂ ਆਸ ਕਰਦੇ ਹਾਂ ਕਿ ਭਾਰਤ ਵਿਚ ਲੋਕਸਭਾ ਚੋਣਾਂ ਹੋ ਜਾਣ ਤੋਂ ਬਾਅਦ ਸਾਡੇ ਸਬੰਧ ਉਨ੍ਹਾਂ ਨਾਲ ਬਿਹਤਰ ਹੋਣਗੇ ਤੇ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਕਾਇਮ ਹੋਵੇਗੀ।
Imran Khan
ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਸ ਹੈ ਕਿ ਅਫ਼ਗਾਨਿਸਤਾਨ ਵਿਚ ਰਣਨੀਤਕ ਹੱਲ ਸਫ਼ਲ ਹੋਵੇਗਾ ਤੇ ਯੁੱਧ ਪੀੜਤ ਦੇਸ਼ ਵਿਚ ਸਥਿਰਤਾ ਆਵੇਗੀ। ਦੱਸ ਦਈਏ ਕਿ ਪਾਕਿ ਦੀ ਇਕ ਸਮਾਚਾਰ ਏਜੰਸੀ ਨੇ ਇਮਰਾਨ ਖ਼ਾਨ ਦੇ ਹਵਾਲੇ ਨਾਲ ਕਿਹਾ, “ਅਫ਼ਗਾਨਿਸਤਾਨ ਵਿਚ ਜੋ ਕੁਝ ਹੁੰਦਾ ਹੈ ਉਸ ਦਾ ਅਸਰ ਪਾਕਿਸਤਾਨ ਦੇ ਸਰਹੱਦੀ ਖੇਤਰਾਂ ਵਿਚ ਹੁੰਦਾ ਹੈ ਤੇ ਇਸ ਲਈ ਅਸੀਂ ਸ਼ਾਂਤੀਪੂਰਨ ਖੇਤਰ ਲਈ ਕੰਮ ਕਰ ਰਹੇ ਹਾਂ। ਈਰਾਨ ਨਾਲ ਸਾਡੇ ਸਬੰਧ ਚੰਗੇ ਹਨ ਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”