
ਜਪਾਨ ਵਿਚ ਲੋਕਾਂ ‘ਤੇ ਚਾਕੂਆਂ ਨਾਲ ਕੀਤੇ ਗਏ ਹਮਲੇ ਵਿਚ ਇਕ ਬੱਚੇੀ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਟੋਕੀਓ: ਜਪਾਨ ਵਿਚ ਲੋਕਾਂ ‘ਤੇ ਚਾਕੂਆਂ ਨਾਲ ਕੀਤੇ ਗਏ ਹਮਲੇ ਵਿਚ ਇਕ ਬੱਚੇੀ ਸਮੇਤ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਹਮਲੇ ਵਿਚ 17 ਹੋਰ ਲੋਕ ਵੀ ਜ਼ਖਮੀ ਹੋਏ ਹਨ। ਜਪਾਨ ਵਰਗੇ ਵਿਕਸਿਤ ਦੇਸ਼ ਵਿਚ ਅਜਿਹੀ ਕਿਸਮ ਦੇ ਹਮਲੇ ਬਹੁਤ ਹੀ ਘੱਟ ਹੁੰਦੇ ਹਨ, ਕਿਉਂਕਿ ਇੱਥੇ ਹਿੰਸਕ ਅਪਰਾਧ ਬਹੁਤ ਘੱਟ ਹਨ। ਚਾਕੂਆਂ ਨਾਲ ਹਮਲਾ ਕਰਨ ਵਾਲੇ ਵਿਅਕਤੀਆਂ ਦੇ ਇਰਾਦਿਆਂ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਚਲ ਸਕਿਆ ਹੈ।
ਇਹ ਹਮਲਾ ਕਾਵਾਸਾਕੀ ਵਿਚ ਸਵੇਰੇ ਉਸ ਸਮੇਂ ਹੋਇਆ ਜਦੋਂ ਸ਼ਹਿਰ ਦੇ ਲੋਕ ਅਪਣੇ ਕੰਮਾਂ ਅਤੇ ਬੱਚਿਆਂ ਨੂੰ ਸਕੂਲ ਛੱਡਣ ਲਈ ਘਰਾਂ ਵਿਚੋਂ ਨਿਕਲ ਰਹੇ ਸੀ। ਫਾਇਰ ਵਿਭਾਗ ਦੇ ਇਕ ਅਧਿਕਾਰੀ ਯੂਜੀ ਸੇਕੀਜਾਵਾ ਨੇ ਕਿਹਾ ਕਿ ਇਸ ਹਮਲੇ ਵਿਚ ਇਕ ਵਿਅਕਤੀ ਅਤੇ ਇਕ ਬੱਚੀ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਨੇ ਏਐਫਪੀ ਦੇ ਹਵਾਲਿਆਂ ਤੋਂ ਦੱਸਿਆ ਹੈ ਕਿ 2 ਮੌਤਾਂ ਹੋਈਆਂ ਹਨ ਪਰ ਕਿਸੇ ਸਰਕਾਰੀ ਮੈਡੀਕਲ ਪੇਸ਼ੇਵਰ ਨੇ ਹਾਲੇ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਫਾਇਰ ਵਿਭਾਗ ਨੇ ਦੱਸਿਆ ਕਿ ਹਮਲੇ ਵਿਚ 17 ਹੋਰ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿਚ ਕਈ ਬੱਚੇ ਵੀ ਸ਼ਾਮਿਲ ਹਨ।
ਵਿਭਾਗ ਦੇ ਇਕ ਹੋਰ ਬੁਲਾਰੇ ਦਾਈ ਨਗਾਸੇ ਨੇ ਕਿਹਾ ਹੈ ਕਿ ਇਕ ਵਿਅਕਤੀ ਨੇ ਉਹਨਾਂ ਨੂੰ ਚਾਕੂ ਮਾਰਿਆ ਹੈ। ਜ਼ਖਮੀਆਂ ਦੇ ਇਲਾਜ ਲਈ ਐਮਰਜੈਂਸੀ ਤੰਬੂ ਲਗਾਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ ਉਸ ਵਿਅਕਤੀ ਨੇ ਖੁਦ ਨੂੰ ਵੀ ਚਾਕੂ ਮਾਰ ਲਿਆ ਸੀ ਜਿਸ ਕਰਕੇ ਉਹ ਵੀ ਗੰਭੀਰ ਜ਼ਖਮੀ ਹੈ।