
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਮਿਲਦਾ.................
ਰੋਮ : ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਰੋਮ ਯਾਤਰਾ ਅਤੇ ਪੋਪ ਨਾਲ ਮੀਟਿੰਗ ਸਬੰਧੀ ਕੋਈ ਸਬੂਤ ਨਹੀਂ ਮਿਲਦਾ। ਇਹ ਗੱਲ ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰੀ ਦਫ਼ਤਰ ਦੇ ਇਤਿਹਾਸਕ ਰੀਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੇ ਜਾਣ ਮਗਰੋਂ ਇਕ ਚਿੱਠੀ ਜਾਰੀ ਕਰ ਕੇ ਕਹੀ ਗਈ ਹੈ। ਉੱਤਰੀ ਅਮਰੀਕਾ ਦੀ ਸਿੱਖ ਸੰਗਤ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਦਸਿਆ ਗਿਆ ਹੈ ਕਿ ਜੇਨ-ਲੂਈਸ ਕਾਰਡਿਨ ਟੌਰਨ ਨੇ 8 ਜੂਨ 2018 ਦੀ ਚਿੱਠੀ ਵਿਚ ਲਿਖਿਆ ਹੈ ਕਿ ਯੁਗਾਂਡਾ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਨੂਪ ਕੁਮਾਰ ਚੌਧਰੀ ਦੀ ਬੇਨਤੀ 'ਤੇ 2016 ਵਿਚ ਨਿਰਪੱਖ ਜਾਂਚ ਸ਼ੁਰੂ ਕੀਤੀ ਗਈ ਸੀ।
ਚਿੱਠੀ ਵਿਚ ਲਿਖਿਆ ਗਿਆ ਹੈ ਕਿ “ਵੈਟੀਕਨ ਮਿਊਜ਼ੀਅਮ ਅਤੇ ਸੇਂਟ ਪੀਟਰ ਦੇ ਬੇਸਿਲਿਕਾ ਦੇ ਅਖ਼ਬਾਰ ਦੇ ਦਫ਼ਤਰ ਦੇ ਇਤਿਹਾਸਕ ਰੀਕਾਰਡਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ, ਇਨ੍ਹਾਂ ਮਾਮਲਿਆਂ ਦੇ ਦਫ਼ਤਰ ਨੇ ਸਪੱਸ਼ਟ ਤੌਰ 'ਤੇ ਕਿਸੇ ਵੀ ਰੀਕਾਰਡ ਦੀ ਮੌਜੂਦਗੀ ਨੂੰ ਰੱਦ ਕਰ ਦਿਤਾ। ਇੰਦਰਪਾਲ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸਾਡੇ ਕੋਲ ਸਾਡੇ ਅਮੀਰ ਇਤਿਹਾਸ ਦਾ ਸਹੀ ਰੀਕਾਰਡ ਹੈ। ਉਨ੍ਹਾਂ ਕਿਹਾ, 'ਅਸੀਂ ਅਪ੍ਰੈਲ, 2018 ਵਿਚ ਟੋਰਾਂਟੋ ਦੇ ਪਾਦਰੀ ਥਾਮਸ ਕਾਰਡੀਨਲ ਕੌਲਿਨਸ ਕੋਲ ਬੇਨਤੀ ਕੀਤੀ ਸੀ ਕਿ ਰੋਮਨ ਕੈਥੋਲਿਕ ਚਰਚ ਸਾਨੂੰ ਇਸ ਤੱਥ ਖੋਜ ਦੇ ਯਤਨ ਵਿਚ ਸਹਾਇਤਾ ਕਰੇ।
ਹੁਣ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਵਿਚ ਕੋਈ ਸਚਾਈ ਨਹੀਂ ਕਿ ਵੈਟੀਕਨ ਵਿਚ ਗੁਰੂ ਨਾਨਕ ਦੇਵ ਜੀ ਨੇ ਪੋਪ ਨਾਲ ਮੁਲਾਕਾਤ ਕੀਤੀ ਸੀ।'
ਸੱਭ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਰੋਮਨ ਕਾਨਕਲੇਵ (ਕਾਰਡੀਨਲਜ਼ ਦੀ ਮੀਟਿੰਗ) ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 'ਨਾਨਕ' ਰੋਮ ਅਤੇ ਹੋਰ ਦੇਸ਼ਾਂ ਵਿਚ ਗਏ ਸਨ। ਇਸ ਗੱਲ ਦੀ ਪੁਸ਼ਟੀ 1518 ਵਿਚ ਪਾਪਲ ਬਰੀਫ਼ ਵਲੋਂ ਕੀਤੀ ਗਈ। (ਏਜੰਸੀ)