
ਅੰਮ੍ਰਿਤਸਰ, 10 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਦੇ ਨਿਗਮ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਗਰੀ ਅੰਮ੍ਰਿਤਸਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੱਭ ਤੋਂ ਪਹਿਲਾਂ ਭੰਡਾਰੀ ਪੁਲ ਵਿਖੇ ਪਹੁੰਚ ਕੇ ਨਵੇਂ ਬਣ ਰਹੇ ਰੇਲਵੇ ਓਵਰ ਬਰਿੱਜ਼ ਦੇ ਕੰਮ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ 28 ਅਕਤੂਬਰ ਤਕ ਰੇਲਵੇ ਪੁਲ ਦਾ ਕੰਮ ਮੁਕੰਮਲ ਹੋਵੇਗਾ। ਸਿੱਧੂ ਨੇ ਦਸਿਆ ਕਿ ਕੈਪਟਨ ਸਰਕਾਰ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਵਿਕਾਸ ਪ੍ਰਾਜੈਕਟਾਂ ਨੂੰ ਸਿਲਸਰੇਵਾਰ ਮੁਕੰਮਲ ਕਰ ਕੇ ਉਨ੍ਹਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ। ਬੀ.ਆਰ.ਟੀ.ਐਸ ਬੱਸ ਅਸਫ਼ਲ ਪ੍ਰਣਾਲੀ ਲੀਹ 'ਤੇ ਚਾੜ੍ਹੀ ਜਾਵੇਗੀ। ਛੇਤੀ ਹੀ ਬੀ.ਆਰ.ਟੀ.ਐਸ ਦੀਆਂ 10-10 ਬਸਾਂ ਇਕ ਰੂਟ 'ਤੇ ਚੱਲਣਗੀਆਂ ਤਾਂ ਜੋ ਲੋਕਾਂ ਨੂੰ ਬੱਸ ਦਾ ਇੰਤਜ਼ਾਰ ਨਾ ਕਰਨਾ ਪਵੇ।
ਸਿੱਧੂ ਨੇ ਦਸਿਆ ਕਿ ਅੰਮ੍ਰਿਤਸਰ ਸਮੇਤ ਸੂਬੇ ਦੇ ਬਾਕੀ ਨਗਰ ਨਿਗਮਾਂ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਸਾਲ ਦਸੰਬਰ ਮਹੀਨੇ ਵਿਚ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਸੱਭ ਤੋਂ ਖ਼ੂਬਸੂਰਤ ਸ਼ਹਿਰ ਬਨਾਉਣ ਦਾ ਸੁਪਨਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦਾ ਹੈ ਉਹ ਖ਼ੁਦ ਇਥੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਨਿਗਰਾਨੀ ਕਰ ਰਹੇ ਹਨ। ਉਹ ਹਰ ਹਫ਼ਤੇ ਇਥੇ ਪਹੁੰਚ ਕੇ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣਗੇ।ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਕਿਨਾਰੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰ ਦੇਣ ਤਾਂ ਜੋ ਰਾਹਗੀਰਾਂ ਨੂੰ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਨਿਗਮ ਅਤੇ ਪੁਲਿਸ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਸੜਕਾਂ ਕਿਨਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ। ਇਸ ਮੌਕੇ ਡੀ ਸੀ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵਾ, ਨਿਗਮ ਕਮਿਸ਼ਨਰ ਅਮਿਤ ਕੁਮਾਰ ਆਦਿ ਹਾਜ਼ਰ ਸਨ।