
ਭਾਰਤ ਦਾ ਇਕ ਸੂਬਾ ਖ਼ਰਾਬ ਕਰਨ ਦੇ ਚੱਕਰ ’ਚ ਪਾਕਿ ਖ਼ੁਦ ਬਰਬਾਦ ਹੋ ਗਿਆ
ਇਕ ਪਾਸੇ ਭਾਰਤ ਤੇ ਚੀਨ ਵਿਚਕਾਰ ਗੱਲ ਅੱਗੇ ਨਹੀਂ ਵੱਧ ਰਹੀ ਤੇ ਦੂਜੇ ਪਾਸੇ ਪਾਕਿਸਤਾਨ ਨਾਲ 70 ਸਾਲ ਦੀ ਲੜਾਈ ਚੱਲ ਰਹੀ ਹੈ। ਭਾਵੇਂ ਇਮਰਾਨ ਖ਼ਾਨ ਨੇ ਅਗਲੇ 100 ਸਾਲਾਂ ਵਾਸਤੇ ਨਵੀਂ ਰਾਸ਼ਟਰ ਸੁਰੱਖਿਆ ਨੀਤੀ ਕੱਢ ਦਿਤੀ ਹੈ ਪਰ ਜਦੋਂ ਤਕ ਫ਼ੌਜ ਦਾ ਹੱਥ ਪਾਕਿਸਤਾਨ ਸਰਕਾਰ ਉਤੇ ਹੈ, ਇਹੋ ਜਿਹੀਆਂ ਲੱਖਾਂ ਨੇਕ ਨੀਤੀਆਂ ਕੰਮ ਨਹੀਂ ਕਰਨਗੀਆਂ। ਅੱਜ ਜਾਰੀ ਕੀਤੀ ਨਵੀਂ ਨੀਤੀ ਵਿਚ ਭਾਰਤ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਵੀ ਆਖੀ ਗਈ ਹੈ ਤੇ ਪਿਛਲੇ ਸਾਲ ਕੁੱਝ ਹਫ਼ਤਿਆਂ ਵਿਚ ਰਿਸ਼ਤਿਆਂ ਵਿਚ ਸੁਧਾਰ ਦੇ ਬਿਨਾਂ ਕਸ਼ਮੀਰ ਦੇ ਮਸਲੇ ਨੂੰ ਸੁਲਝਾਉਣ ਦੀ ਗੱਲ ਵੀ ਆਖੀ ਜਾ ਰਹੀ ਸੀ।
ਅੱਜ ਜਦ ਸਪੱਸ਼ਟੀਕਰਨ ਮੰਗਿਆ ਗਿਆ ਤਾਂ ਕਿਹਾ ਗਿਆ ਕਿ ਨਵੀਂ ਨੀਤੀ ਭਾਰਤ ਨੂੰ ਸਹੀ ਕਦਮ ਚੁਕਣ ਵਾਸਤੇ ਆਖਦੀ ਹੈ ਤੇ ਜੇ ਭਾਰਤ ਸਹੀ ਕਦਮ ਚੁਕੇਗਾ ਤਾਂ ਸਾਰਿਆਂ ਨੂੰ ਫ਼ਾਇਦਾ, ਨਹੀਂ ਤਾਂ ਭਾਰਤ ਨੂੰ ਸੱਭ ਤੋਂ ਵੱਧ ਨੁਕਸਾਨ ਹੋਵੇਗਾ। ਹੁਣੇ ਤੋਂ ਇਸ ਨਵੀਂ ਨੀਤੀ ਦੀਆਂ ਖ਼ਾਮੀਆਂ ਨਜ਼ਰ ਆਉਣ ਲੱਗ ਪਈਆਂ ਹਨ ਕਿਉਂਕਿ ਇਸ ਵਿਚ ਇਕ ਲੁਕੀ ਚਿਤਾਵਨੀ ਹੈ ਜੋ ਨਵੀਂ ਸੋਚ ਨਾਲ ਮੇਚ ਨਹੀਂ ਖਾਂਦੀ।
ਨਵੀਂ ਨੀਤੀ ਵਿਚ ਇਹ ਵੀ ਆਖਿਆ ਗਿਆ ਹੈ ਕਿ ਪਾਕਿਸਤਾਨ ਦੀ ਸੁਰੱਖਿਆ ਗ਼ਲਤ ਖ਼ਬਰਾਂ, ਹਿੰਦੂਤਵ ਤੇ ਭਾਰਤੀ ਚੋਣਾਂ ਵਿਚ ਫ਼ਾਇਦੇ ਵਾਸਤੇ ਪਾਕਿਸਤਾਨ ਵਿਰੁਧ ਹਿੰਸਾ ਤੇ ਖ਼ਤਰੇ ਤੋਂ ਚੁਕੰਨਾ ਰਹਿਣ ਵਾਸਤੇ ਵੀ ਆਖਦੀ ਹੈ। ਪਰ ਉਹ ਇਥੇ ਇਹ ਨਹੀਂ ਆਖਦੀ ਕਿ ਜੋ ਭਾਰਤ ਦੇ ਸਰਹੱਦੀ ਸੂਬਿਆਂ ਪ੍ਰਤੀ ਪਾਕਿਸਤਾਨ ਦੀ ਸਰਹੱਦ ’ਤੇ ਹਿੰਸਾ ਹੋ ਰਹੀ ਹੈ, ਉਸ ’ਤੇ ਰੋਕ ਲਗਾਈ ਜਾਵੇਗੀ। ਅੱਜ ਤਾਲਿਬਾਨ ਨਾਲ ਰਿਸ਼ਤੇ ਠੀਕ ਰਖਣ ਦਾ ਮਤਲਬ ਹੈ ਕਿ ਪਾਕਿਸਤਾਨ ਅਜੇ ਵੀ ਅਤਿਵਾਦੀ ਸੋਚ ਨੂੰ ਤਿਆਗ਼ ਨਹੀਂ ਰਿਹਾ। ਪਾਕਿਸਤਾਨ ਦੀ ਆਰਥਕ ਹਾਲਤ ਬਹੁਤ ਮਾੜੀ ਹੈ ਪਰ ਉਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅਪਣੇ ਹੱਥ ਵਿਚ ਵੀ ਹੈ।
ਜਦ ਤਕ ਤੁਹਾਡੀ ਅਪਣੀ ਮਿੱਟੀ ਵਿਚ ਅਤਿਵਾਦ ਦੇ ਬੀਜ ਨਾ ਹੋਣ, ਬਾਹਰੋਂ ਆ ਕੇ ਕੋਈ ਅਤਿਵਾਦ ਸਫ਼ਲਤਾ ਨਾਲ ਨਹੀਂ ਫੈਲਾ ਸਕਦਾ। ਇਸ ਲੋਹੜੀ ’ਤੇ ਭਾਰਤ ਦੇ ਦੋ ਸੂਬਿਆਂ ਦੇ ਦੋ ਵਾਇਰਲ ਵੀਡੀਉ ਸਾਹਮਣੇ ਆਏ। ਇਕ ਸਰਹੱਦ ਦੀ ਰਾਖੀ ਕਰਦੇ ਸਿੱਖ ਫ਼ੌਜੀ ਦੀ, ਜੋ ਬੁਲੰਦ ਖੜਾ ਸੀ ਤੇ ਦੂਜੀ ਬਾਰਾਮੂਲਾ ਦੇ ਇਕ ਮੁਸਲਮਾਨ ਨੌਜਵਾਨ ਦੀ, ਜੋ ਸਿਰਫ਼ ਜਿਊਣ ਦਾ ਹੱਕ ਮੰਗ ਰਿਹਾ ਸੀ। ਉਹ ਆਖਦਾ ਸੀ 2008 ਤੋਂ, ਉਸ ਨੇ ਸਿਰਫ਼ ਜੇਲਾਂ ਹੀ ਦੇਖੀਆਂ ਹਨ ਤੇ ਹੁਣ ਨਾ ਉਹ ਨੌਕਰੀ, ਪਾਣੀ, ਰੋਟੀ ਕੁੱਝ ਨਹੀਂ ਮੰਗਦਾ, ਬਸ ਜਿਊਣ ਦਾ ਹੱਕ ਤੇ ਜੇ ਦੇਸ਼ ਤੋਂ ਬਾਹਰ ਕਢਣਾ ਤਾਂ ਕੱਢ ਦੇਵੋ, ਮਰਨ ਨੂੰ ਆਖਣਾ ਹੈ ਤਾਂ ਦੱਸ ਦੇਵੋ, ਨਹੀਂ ਤਾਂ ਬਸ ਸ਼ਾਂਤੀ ਨਾਲ ਜਿਉਣ ਦਿਉ।
ਕਿਉਂਕਿ ਪੰਜਾਬ ਵਿਚ ਅਸ਼ਾਂਤੀ ਘਰ ਨਹੀਂ ਬਣਾ ਸਕੀ। ਪਾਕਿਸਤਾਨ ਵਲੋਂ ਅਜਿਹੀਆਂ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਖ਼ਾਲਿਸਤਾਨ ਦੇ ਪੈਰ ਨਹੀਂ ਵਸ ਸਕੇ ਤੇ ਭਾਵੇਂ ਅੱਜ ਪੰਜਾਬ ਬਹੁਤ ਕੁੱਝ ਚਾਹੁੰਦਾ ਹੈ, ਉਹ ਬਿਲਕੁਲ ਅਤਿਵਾਦੀ ਨਹੀਂ ਹੈ। ਕਸ਼ਮੀਰ ਵਿਚ ਭਾਰਤ ਸਰਕਾਰ ਵੀ ਕਮਜ਼ੋਰ ਰਹੀ ਤੇ ਇਹ ਜਹੱਨੁਮ ਹੀ ਬਣ ਗਿਆ ਜਿਥੇ ਨਾ ਆਮ ਨਾਗਰਿਕ, ਨਾ ਹੀ ਸੁਰੱਖਿਆ ਬਲ ਖ਼ੁਸ਼ ਹਨ ਤੇ ਪਾਕਿਸਤਾਨ ਇਸ ਦਾ ਫ਼ਾਇਦਾ ਚੁਕਦਾ ਆ ਰਿਹਾ ਹੈ ਪਰ ਭਾਰਤ ਦਾ ਇਕ ਸੂਬਾ ਖ਼ਰਾਬ ਕਰਨ ਦੇ ਚੱਕਰ ਵਿਚ ਪੂਰਾ ਪਾਕਿਸਤਾਨ ਬਰਬਾਦ ਹੋ ਚੁਕਾ ਹੈ।
ਪਾਕਿਸਤਾਨ ਦੀ ਕੋਈ ਨੀਤੀ ਸਫ਼ਲ ਨਹੀਂ ਹੋ ਸਕਦੀ ਜਦ ਤਕ ਉਹ ਅਪਣੀ ਸਰਹੱਦ ’ਤੇ ਪਲਦੀ ਹਿੰਸਕ ਸੋਚ ਨੂੰ ਖ਼ਤਮ ਨਹੀਂ ਕਰਦਾ ਤੇ ਪਾਕਿਸਤਾਨ ਦੇ ਹਾਲਾਤ ਤੋਂ ਭਾਰਤ ਸਿੱਖ ਜ਼ਰੂਰ ਸਕਦਾ ਹੈ। ਜੇ ਭਾਰਤ ਵੀ ਅਪਣੀ ਜ਼ਮੀਨ ’ਤੇ ਨਫ਼ਰਤ ਪੈਦਾ ਹੋਣ ਦੇਵੇਗਾ ਤਾਂ ਇਥੇ ਵੀ ਦੁਸ਼ਮਣ ਅਪਣਾ ਰਸਤਾ ਕੱਢ ਲੈਣਗੇ।
ਪੰਜਾਬ ਤੇ ਕਸ਼ਮੀਰ ਦੇ ਹਾਲਾਤ ਦੋਨਾਂ ਵਾਸਤੇ ਇਕ ਸਾਫ਼ ਉਦਾਹਰਣ ਹੈ। ਪਾਕਿਸਤਾਨ ਜਦ ਸਿਖੇਗਾ, ਭਾਰਤ ਅੱਜ ਪੰਜਾਬ ਨੂੰ ਅਪਣੀਆਂ ਚੋਣ ਯੋਜਨਾਵਾਂ ਵਿਚ ਇਕ ਕਸ਼ਮੀਰ ਨਾ ਬਣਨ ਦੇਵੇ। ਕਿਸੇ ਮੁਹੱਬਤ ਦਾ ਫ਼ਾਇਦਾ ਨਹੀਂ, ਜਦ ਤਕ ਖੁਲ੍ਹ ਕੇ ਜੀਵਨ ਬਤੀਤ ਕਰਨ ਦੀ ਆਜ਼ਾਦੀ ਨਾ ਹੋਵੇ ਤੇ ਇਨ੍ਹਾਂ ਚੋਣਾਂ ਵਿਚ ਅਜਿਹੀ ਸਰਕਾਰ ਲਿਆਉਣੀ ਹੈ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਰਕਰਾਰ ਰਖਣ ਦੀ ਹਿੰਮਤ ਰਖਦੀ ਹੋਵੇ। -ਨਿਮਰਤ ਕੌਰ