
ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਤੇ ਮਾਤਾ ਗੁਜਰੀ ਦੀ ਪਰਵਰਿਸ਼ ਦਾ ਨਤੀਜਾ ਸੀ ਜਿਸ ਨੇ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਇਸ ਕਾਬਲ ਬਣਾਇਆ ਕਿ...
ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਤੇ ਮਾਤਾ ਗੁਜਰੀ ਦੀ ਪਰਵਰਿਸ਼ ਦਾ ਨਤੀਜਾ ਸੀ ਜਿਸ ਨੇ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਇਸ ਕਾਬਲ ਬਣਾਇਆ ਕਿ ਉਨ੍ਹਾਂ ਦੀ ਤਾਕਤ ਸਾਰੀ ਹਕੂਮਤ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਸਾਬਤ ਹੋਈ। ਉਸੇ ਫ਼ੌਲਾਦ ਨਾਲ ਹੀ ਉਹ ਸਿਪਾਹੀ ਬਣੇ ਜਿਨ੍ਹਾਂ ਵਿਸ਼ਵ ਜੰਗਾਂ ਵਿਚ ਸਿੱਖ ਬਟਾਲੀਅਨਾਂ ਦਾ ਨਾਮ ਅਮਰ ਕੀਤਾ, ਜਿਸ ਤੋਂ ਭਗਤ ਸਿੰਘ, ਊਧਮ ਸਿੰਘ ਵਰਗੇ ਬਣੇ, ਜਿਸ ਤੋਂ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਗਰਜਦੇ ਫ਼ੌਜੀ ਬਣੇ, ਜਿਸ ਤੋਂ ਸ. ਮਨਮੋਹਨ ਸਿੰਘ, ਤਨਮਨਜੀਤ ਸਿੰਘ ਢੇਸੀ ਤੇ ਹੋਰ ਬਣੇ। ਉਸ ਪਰਵਰਿਸ਼ ਵਿਚ ਸਿੱਖੀ ਸੀ ਜੋ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਖਿੱਚ ਲਿਆਈ ਭਾਵੇਂ ਬਰਤਾਨੀਆਂ ਦੀ ਮਹਾਰਾਣੀ ਨੇ ਉਸ ਨੂੰ ਈਸਾਈ ਬਣਾਉਣ ਦਾ ਪੂਰਾ ਯਤਨ ਕੀਤਾ। ਜਦ ਅਸੀ ਵੇਖਦੇ ਹਾਂ ਕਿ ਅੱਜ ਦੇ ਬੱਚੇ ਪੰਜਾਬ ਤੋਂ ਦੂਰ ਜਾਣਾ ਚਾਹੁੰਦੇ ਹਨ ਜਾਂ ਨਸ਼ਾ ਕਰਨਾ ਚਾਹੁੰਦੇ ਹਨ, ਪੜ੍ਹਾਈ ਛੱਡ ਬੰਦੂਕਾਂ ਚੁਕਣਾ ਚਾਹੁੰਦੇ ਹਨ, ਤਾਂ ਇਹੀ ਮਹਿਸੂਸ ਹੁੰਦਾ ਹੈ ਕਿ ਪਾਲਣ ਪੋਸਣ ਵਿਚ ਕਿਧਰੇ ਕਮੀ ਰਹਿ ਗਈ ਹੈ। ਪਾਲਣ ਪੋਸਣ (ਪਰਵਰਿਸ਼) ਨੂੰ ਸ਼ਰਾਬ, ਭੁੱਕੀ ਨੇ ਕਮਜ਼ੋਰ ਕਰ ਦਿਤਾ ਹੈ ਤੇ ਹੁਣ ਜੋ ਮਿਲਾਵਟੀ ਪਰਵਰਿਸ਼ ਹੈ, ਉਸ ’ਚੋਂ ਕਮਜ਼ੋਰ ਪੀੜ੍ਹੀਆਂ ਹੀ ਨਿਕਲਣਗੀਆਂ।
ਅੱਜ ਕੜਕਦੀ ਠੰਢ ਵਾਲੇ ਦਿਨ, ਸਿੱਖ ਸੰਗਤ ਨੰਗੇ ਪੈਰੀਂ ਪਾਣੀ ’ਚ ਚਲ ਕੇ ਸਾਹਿਬਜ਼ਾਦਿਆਂ ਨੂੰ ਅਪਣੀ ਸ਼ਰਧਾਂਜਲੀ ਦੇਣ ਦਾ ਯਤਨ ਕਰਦੀ ਵੇਖੀ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਜਿਸ ਤਰ੍ਹਾਂ ਸਿੱਖ ਪੰਥ ਦੀ ਆਨ ਸ਼ਾਨ ਵਾਸਤੇ ਅਪਣੀ ਕੁਰਬਾਨੀ ਦਿਤੀ, ਉਸ ਨੂੰ ਵੇਖ ਕੇ ਸੱਭ ਦੇ ਦਿਲ ਵਲੂੰਧਰੇ ਵੀ ਜਾਂਦੇ ਹਨ ਤੇ ਨਾਲ ਨਾਲ ਹਰ ਮਾਂ ਅਪਣੇ ਬੱਚਿਆਂ ਨੂੰ ਵੀ ਪੁਛਦੀ ਹੈ ਕਿ ਤੁਸੀ ਇਸ ਤਰ੍ਹਾਂ ਦੇ ਕਿਉਂ ਨਹੀਂ ਬਣੇ? ਅੱਜ ਇਹ ਨਹੀਂ ਆਖਿਆ ਜਾ ਸਕਦਾ ਕਿ ਸਿੱਖ ਪੰਥ ਦੇ ਵਾਰਸ ਸਿੱਖੀ ਤੋਂ ਬਹੁਤ ਦੂਰ ਹਨ ਜਾਂ ਗੁਰੂ ਸਾਹਿਬਾਂ ਦੀ ਸੋਚ ’ਤੇ ਚੱਲਣ ਵਾਲੇ ਘੱਟ ਗਏ ਹਨ। ਗੁਰੂ ਗੋਬਿੰਦ ਸਿੰਘ ਦਾ ਐਲਾਨ ਸੀ ਕਿ ‘ਸਵਾ ਲਾਖ ਸੇ ਇਕ ਲੜਾਉਂ...’। ਉਸ ਤਰ੍ਹਾਂ ਦੇ ਕੁੱਝ ਸਿੱਖ ਤਾਂ ਅੱਜ ਵੀ ਮਿਲ ਹੀ ਜਾਣਗੇ। ਕਦੇ ਦਿੱਲੀ ਦੀਆਂ ਸਰਹੱਦਾਂ ਤੇ, ਕਦੇ ਜ਼ੀਰੇ ’ਚ ਸ਼ਰਾਬ ਫ਼ੈਕਟਰੀ ਦੇ ਬਾਹਰ, ਆਉਣ ਵਾਲੀਆਂ ਪੀੜ੍ਹੀਆਂ ਖ਼ਾਤਰ ਅਪਣੀ ਕੁਰਬਾਨੀ ਦੇਣ ਵਾਲੇ ਸਿੱਖ ਅੱਜ ਵੀ ਹਨ ਤੇ ਸਦਾ ਹੀ ਰਹਿਣਗੇ।
ਜਿਸ ਧਰਮ ਵਿਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਸ਼ਰਧਾ ਨਾਲ ਬਖਾਨ ਹੁੰਦਾ ਹੋਵੇ, ਉਸ ਕੌਮ ਵਿਚ ਜਦ ਨਸ਼ਾ ਤੇ ਪੈਸਾ ਸੱਭ ਤੋਂ ਵੱਡੀ ਖਿੱਚ ਬਣ ਜਾਵੇ ਤਾਂ ਚਿੰਤਾ ਤਾਂ ਹੁੰਦੀ ਹੀ ਹੈ। ਪਰ ਜਾਂ ਤਾਂ ਚਿੰਤਾ ਵਿਚ ਨਿਰਾਸ਼ ਹੋ ਜਾਵੋ ਜਾਂ ਫਿਰ ਅੱਜ ਦੇ ਦਿਨ ਅਪਣੇ ਇਤਿਹਾਸ ਦੇ ਸਾਹਸੀ ਸਾਹਿਬਜ਼ਾਦਿਆਂ ਤੋਂ ਸਬਕ ਸਿਖ ਕੇ ਅਪਣੇ ਜੀਵਨ ਵਿਚ ਸੁਧਾਰ ਲਿਆਉਣ ਦਾ ਫ਼ੈਸਲਾ ਵੀ ਕੀਤਾ ਜਾ ਸਕਦਾ ਹੈ।
ਸਾਡੇ ਬਚਪਨ ਵਿਚ ਸਾਨੂੰ ਕੁੱਝ ਸ਼ਬਦ ਸਿਖਣ ਦੀ ਆਦਤ ਸੀ ਅਤੇ ਕੁਝਨਾਂ ਨੂੰ ਸਾਡੀ ਸਿਖਿਆ ਦਾ ਹਿੱਸਾ ਬਣਾਇਆ ਗਿਆ ਸੀ ਜਿਸ ਦਾ ਅਸਰ ਅਸੀ ਅੱਜ ਅਪਣੇ ਜੀਵਨ ਵਿਚ ਵੇਖਦੇ ਹਾਂ। ਸਾਨੂੰ ਹਰ ਗੁਰਪੁਰਬ ਨਾਲ ਸਬੰਧਤ ਸ਼ਬਦ ਸਿਖਾਏ ਜਾਂਦੇ ਸਨ। ਸਾਨੂੰ ਗੁਰੂਆਂ ਦੀਆਂ ਜੀਵਨੀਆਂ ਤੇ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸਨ। ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥’’ ਇਸ ਇਕ ਵਾਕ ਪਿੱਛੇ ਦੀ ਹਕੀਕਤ ਸਮਝਾਉਂਦੇ ਹੋਏ ਮੇਰੇ ਪਿਤਾ ਜੀ ਨੂੰ ਕਈ ਘੰਟੇ ਲੱਗ ਗਏ ਸਨ ਕਿਉਂਕਿ ਇਸ ਦੀ ਗਹਿਰਾਈ ਬੜੀ ਡੂੰਘੀ ਸੀ।
‘‘ਜਬ ਆਵ ਕੀ ਅਉਧ ਨਿਧਾਨ ਬਨੈ ਅਤ ਹੀ ਰਣ ਮੈ ਤਬ ਜੂਝ ਮਰੋਂ।’’ ਵਰਗੀਆਂ ਸਤਰਾਂ ਸਿਰਫ਼ ਰਟਾਈਆਂ ਹੀ ਨਹੀਂ ਗਈਆਂ ਸਨ ਬਲਕਿ ਉਨ੍ਹਾਂ ਪਿੱਛੇ ਦੀ ਹਰ ਹਕੀਕਤ ਨੂੰ ਸਾਡੇ ਜ਼ਿਹਨ ਵਿਚ ਟਿਕਾਇਆ ਗਿਆ ਸੀ। ਇਸ ਤਰ੍ਹਾਂ ਦੀ ਸਿਖਲਾਈ ਸਾਡੇ ਘਰ ਵਿਚ ਹੀ ਨਹੀਂ ਸਗੋਂ ਹਰ ਘਰ ਵਿਚ ਕਰਾਈ ਜਾਂਦੀ ਸੀ ਤੇ ਹਰ ਸਕੂਲ ਵਿਚ ਦਿਤੀ ਜਾਂਦੀ ਸੀ। ਜੋ ਫ਼ੌਲਾਦੀ ਕਿਰਦਾਰ ਅਸੀ ਦੁਨੀਆਂ ਵਿਚ ਹਰ ਔਖੀ ਘੜੀ ’ਚ ਉਭਰਦੇ ਵੇਖੇ, ਉਹ ਸਿੱਖੀ ਦੀ ਸਿਖਿਆ ਸੀ ਜੋ ਸਾਡੇ ਪਾਲਣ ਪੋਸਣ ਸਮੇਂ ਸਾਡੇ ਮਨਾਂ ਵਿਚ ਵਸਾ ਦਿਤੀ ਜਾਂਦੀ ਸੀ।
ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਤੇ ਮਾਤਾ ਗੁਜਰੀ ਦੀ ਪਰਵਰਿਸ਼ ਦਾ ਨਤੀਜਾ ਸੀ ਜਿਸ ਨੇ ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਇਸ ਕਾਬਲ ਬਣਾਇਆ ਕਿ ਉਨ੍ਹਾਂ ਦੀ ਤਾਕਤ ਸਾਰੀ ਹਕੂਮਤ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਸਾਬਤ ਹੋਈ। ਉਸੇ ਫ਼ੌਲਾਦ ਨਾਲ ਹੀ ਉਹ ਸਿਪਾਹੀ ਬਣੇ ਜਿਨ੍ਹਾਂ ਵਿਸ਼ਵ ਜੰਗਾਂ ਵਿਚ ਸਿੱਖ ਬਟਾਲੀਅਨਾਂ ਦਾ ਨਾਮ ਅਮਰ ਕੀਤਾ, ਜਿਸ ਤੋਂ ਭਗਤ ਸਿੰਘ, ਊਧਮ ਸਿੰਘ ਵਰਗੇ ਬਣੇ, ਜਿਸ ਤੋਂ ਹਿੰਦੁਸਤਾਨ ਦੀਆਂ ਸਰਹੱਦਾਂ ਤੇ ਗਰਜਦੇ ਫ਼ੌਜੀ ਬਣੇ, ਜਿਸ ਤੋਂ ਸ. ਮਨਮੋਹਨ ਸਿੰਘ, ਤਨਮਨਜੀਤ ਸਿੰਘ ਢੇਸੀ ਤੇ ਹੋਰ ਬਣੇ।
ਉਸ ਪਰਵਰਿਸ਼ ਵਿਚ ਸਿੱਖੀ ਸੀ ਜੋ ਮਹਾਰਾਜਾ ਦਲੀਪ ਸਿੰਘ ਨੂੰ ਵਾਪਸ ਖਿੱਚ ਲਿਆਈ ਭਾਵੇਂ ਬਰਤਾਨੀਆਂ ਦੀ ਮਹਾਰਾਣੀ ਨੇ ਉਸ ਨੂੰ ਈਸਾਈ ਬਣਾਉਣ ਦਾ ਪੂਰਾ ਯਤਨ ਕੀਤਾ। ਜਦ ਅਸੀ ਵੇਖਦੇ ਹਾਂ ਕਿ ਅੱਜ ਦੇ ਬੱਚੇ ਪੰਜਾਬ ਤੋਂ ਦੂਰ ਜਾਣਾ ਚਾਹੁੰਦੇ ਹਨ ਜਾਂ ਨਸ਼ਾ ਕਰਨਾ ਚਾਹੁੰਦੇ ਹਨ, ਪੜ੍ਹਾਈ ਛੱਡ ਬੰਦੂਕਾਂ ਚੁਕਣਾ ਚਾਹੁੰਦੇ ਹਨ, ਤਾਂ ਇਹੀ ਮਹਿਸੂਸ ਹੁੰਦਾ ਹੈ ਕਿ ਪਾਲਣ ਪੋਸਣ ਵਿਚ ਕਿਧਰੇ ਕਮੀ ਰਹਿ ਗਈ ਹੈ। ਪਾਲਣ ਪੋਸਣ (ਪਰਵਰਿਸ਼) ਨੂੰ ਸ਼ਰਾਬ, ਭੁੱਕੀ ਨੇ ਕਮਜ਼ੋਰ ਕਰ ਦਿਤਾ ਹੈ ਤੇ ਹੁਣ ਜੋ ਮਿਲਾਵਟੀ ਪਰਵਰਿਸ਼ ਹੈ, ਉਸ ’ਚੋਂ ਕਮਜ਼ੋਰ ਪੀੜ੍ਹੀਆਂ ਹੀ ਨਿਕਲਣਗੀਆਂ।
- ਨਿਮਰਤ ਕੌਰ