
ਵਿੱਕੀ ਗੌਂਡਰ ਦੀ ਮਾਂ ਪੁਛਦੀ ਹੈ ਕਿ ਉਸ ਨੂੰ ਦਸਿਆ ਜਾਵੇ ਕਿ ਉਸ ਦੇ ਗੁਣਵਾਨ ਪੁੱਤਰ ਨੂੰ ਗੈਂਗ ਮੁਖੀ ਬਣਾਉਣ ਵਿਚ ਕੌਣ ਕਸੂਰਵਾਰ ਹੈ? ਚੰਦਨ ਗੁਪਤਾ ਦੀ ਮਾਂ ਵੀ ਅਪਣੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹੈ। ਕਸ਼ਮੀਰ ਦੀਆਂ ਮਾਵਾਂ ਦੀਆਂ ਚੀਕਾਂ ਤਾਂ ਹੁਣ ਕਿਸੇ ਨੂੰ ਸੁਣਾਈ ਹੀ ਨਹੀਂ ਦਿੰਦੀਆਂ।26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਦੇਸ਼ ਦੇ ਅਨੁਸ਼ਾਸਨ ਦਾ ਵਧੀਆ ਨਮੂਨਾ ਭਾਰਤੀ ਫ਼ੌਜ ਨੇ ਦਿੱਲੀ ਵਿਚ ਪੇਸ਼ ਕੀਤਾ। ਪੰਜਾਬ, ਜਾਟ, ਰਾਜਪੂਤ, ਹਰਿਆਣਾ ਰੈਜੀਮੈਂਟਾਂ ਅਤੇ ਬਾਕੀ ਸਾਰੇ ਸੂਬਿਆਂ ਦੀਆਂ ਬਟਾਲੀਅਨਾਂ ਨੇ ਪੂਰੇ ਅਨੁਸ਼ਾਸਨ ਨਾਲ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਜਸ਼ਨ ਮੌਕੇ, ਸੱਭ ਤੋਂ ਵੱਡੀ ਜ਼ਮੀਨੀ ਫ਼ੌਜ ਹੋਣ ਦਾ ਫ਼ਰਜ਼ ਨਿਭਾਇਆ। ਸਵਾਲ ਇਹ ਹੈ ਕਿ ਦੁਨੀਆਂ ਭਰ ਤੋਂ ਆਈਆਂ ਵਿਦੇਸ਼ੀ ਹਸਤੀਆਂ ਭਾਰਤ ਦੀ 'ਸਭਿਆਚਾਰਕ ਏਕਤਾ' ਦੀ ਵਿਖਾਈ ਗਈ ਤਸਵੀਰ ਤੋਂ ਪ੍ਰਭਾਵਤ ਹੋਣਗੀਆਂ ਜਾਂ ਉਹ ਸਾਡੇ ਸਮਾਜ ਵਿਚ ਪੈਦਾ ਹੋਈ ਨਫ਼ਰਤ ਨੂੰ ਸਮਝ ਜਾਣਗੀਆਂ ਕਿਉਂਕਿ ਜਿਸ ਦਿਨ ਰਾਜਧਾਨੀ ਵਿਚ ਅਨੁਸ਼ਾਸਨ ਅਤੇ ਸੂਬਿਆਂ ਦੀ ਸ਼ਾਨ ਦਾ ਮੁਜ਼ਾਹਰਾ ਹੋ ਰਿਹਾ ਸੀ, ਉੱਤਰ ਪ੍ਰਦੇਸ਼, ਪੰਜਾਬ ਅਤੇ ਕਸ਼ਮੀਰ ਵਿਚ ਸਾਡੇ ਨੌਜੁਆਨਾਂ ਦਾ ਗਰਮ ਖ਼ੂਨ, ਦੇਸ਼ ਦੇ ਹੋਰਨਾਂ ਨੌਜੁਆਨਾਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਰਿਹਾ ਸੀ। ਉੱਤਰ ਪ੍ਰਦੇਸ਼ ਦੇ ਮੁਸਲਮਾਨ ਇਲਾਕੇ ਵਿਚ ਪਰਮਵੀਰ ਚੱਕਰ ਜੇਤੂ ਅਬਦੁਲ ਹਮੀਦ ਦੇ ਨਾਂ 'ਤੇ ਬਣੇ ਚੌਕ ਵਿਚ ਕੁੱਝ ਲੋਕ ਅਪਣੇ ਵਤਨ ਦਾ ਝੰਡਾ ਲਹਿਰਾ ਰਹੇ ਸਨ ਜਦ ਕਿਸੇ ਨੌਜਵਾਨ ਹਿੰਦੂ ਜਥੇਬੰਦੀ ਦੇ ਕਾਰਕੁਨਾਂ ਨੇ ਉਥੇ ਜਾ ਕੇ ਉਨ੍ਹਾਂ ਨੂੰ ਝੰਡਾ ਲਹਿਰਾਉਣ ਤੋਂ ਰੋਕਣਾ ਸ਼ੁਰੂ ਕਰ ਦਿਤਾ। ਵੇਖਦਿਆਂ ਹੀ ਵੇਖਦਿਆਂ ਮੁਸਲਮਾਨ ਵਿਰੋਧੀ ਨਾਹਰੇਬਾਜ਼ੀ ਸ਼ੁਰੂ ਹੋ ਗਈ ਤੇ ਮਾਹੌਲ ਹਿੰਸਕ ਬਣ ਗਿਆ। ਝੜਪਾਂ ਵਿਚ 16 ਸਾਲ ਦੇ ਚੰਦਨ ਗੁਪਤਾ ਦੀ ਜਾਨ ਚਲੀ ਗਈ ਅਤੇ 31 ਸਾਲਾਂ ਦੇ ਮੁਸਲਮਾਨ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ।ਉਧਰ, ਸ੍ਰੀਨਗਰ ਵਿਚ ਫ਼ੌਜ ਅਤੇ ਨਾਗਰਿਕਾਂ ਵਿਚਕਾਰ ਵਧ ਰਹੇ ਤਣਾਅ ਵਿਚਾਲੇ ਦੋਵੇਂ ਧਿਰਾਂ ਇਕ ਵਾਰ ਫਿਰ ਆਪਸ ਵਿਚ ਭਿੜ ਗਈਆਂ। ਸਾਡੀ ਬਹਾਦਰ ਫ਼ੌਜ ਨੌਜੁਆਨਾਂ ਦੀ ਪੱਥਰਬਾਜ਼ੀ ਤੋਂ ਘਬਰਾ ਕੇ ਬੰਦੂਕਾਂ ਚਲਾ ਬੈਠੀ ਅਤੇ ਦੋ ਨੌਜੁਆਨ ਮਾਰੇ ਗਏ। ਇਸ ਮਾਮਲੇ ਵਿਚ ਸੂਬੇ ਦੀ ਪੀ.ਡੀ.ਪੀ. ਸਰਕਾਰ ਨੇ ਕਸ਼ਮੀਰੀਆਂ ਦੀਆਂ ਭੜਕੀਆਂ ਹੋਈਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਫ਼ੌਜ ਵਿਰੁਧ ਪਰਚਾ ਦਰਜ ਕਰ ਲਿਆ ਹੈ ਪਰ ਧਿਰਾਂ ਦੋਵੇਂ ਹੀ ਪੀੜਤ ਹਨ ਕਿਉਂਕਿ ਫ਼ੌਜ ਸਰਕਾਰ ਦੇ ਹੁਕਮ ਮੰਨ ਰਹੀ ਹੈ ਅਤੇ ਜਿੰਨੇ ਸਾਲਾਂ ਤੋਂ ਕਸ਼ਮੀਰੀ ਅਫ਼ਸਪਾ ਕਾਨੂੰਨ ਦੀ ਮਾਰ ਹੇਠ ਜੀਅ ਰਹੇ ਹਨ, ਓਨੇ ਹੀ ਸਮੇਂ ਤੋਂ ਫ਼ੌਜ, ਕਸ਼ਮੀਰ ਵਿਚ ਅਪਣੇ ਸੁਰੱਖਿਆ ਫ਼ੌਜ ਦੇ ਕਿਰਦਾਰ ਤੋਂ ਡਿੱਗ ਕੇ ਅਪਣੇ ਹੀ ਦੇਸ਼ਵਾਸੀਆਂ ਦੀ ਜਾਨ ਦਾ ਖੌਅ ਬਣ ਚੁਕੀ ਹੈ।
ਦੋਵੇਂ ਪਾਸੇ ਹੀ ਨੌਜੁਆਨ ਮਾਰੇ ਜਾ ਰਹੇ ਹਨ। ਪਰ ਅਸੀ ਕਿਸ ਵਾਸਤੇ ਹੰਝੂ ਵਹਾਈਏ? ਆਜ਼ਾਦ ਹਵਾ ਵਿਚ ਸਾਹ ਲੈਣ ਨੂੰ ਤਰਸਦੇ ਕਸ਼ਮੀਰੀਆਂ ਵਾਸਤੇ ਜਾਂ ਨੌਜੁਆਨ ਸਿਪਾਹੀਆਂ ਵਾਸਤੇ ਜੋ ਅਪਣੀ ਹਕੂਮਤ ਦੇ ਹੁਕਮ ਮੰਨ ਕੇ ਬੰਦੂਕ ਤਾਣੀ ਖੌਡੇ ਹਨ?
26 ਜਨਵਰੀ ਨੂੰ ਪੰਜਾਬ ਵਿਚ ਵੀ ਦੋ ਨੌਜੁਆਨ ਮਾਰੇ ਗਏ। ਕਹਿਣ ਨੂੰ ਤਾਂ ਇਹ ਪੇਸ਼ੇਵਰ ਗੈਂਗਸਟਰ ਸਨ ਜਿਨ੍ਹਾਂ ਵਿਰੁਧ ਕਤਲ, ਮਾਰ-ਕੁਟਾਈ, ਨਸ਼ਾ ਤਸਕਰੀ ਵਰਗੇ ਸੰਗੀਨ ਇਲਜ਼ਾਮ ਸਨ ਪਰ ਇਨ੍ਹਾਂ ਦੀਆਂ ਮੌਤਾਂ 'ਤੇ ਜਸ਼ਨ ਨਹੀਂ ਮਨਾਇਆ ਜਾ ਸਕਦਾ। ਇਥੇ ਪੁਲਿਸ ਨੇ ਅਪਣਾ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਵੀ ਗਾਲਾਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਨੌਜੁਆਨ ਪੀੜ੍ਹੀ ਦਾ ਕਾਤਲ ਮੰਨਿਆ ਜਾ ਰਿਹਾ ਹੈ। ਵਿੱਕੀ ਗੌਂਡਰ ਚੰਗੇ ਪ੍ਰਵਾਰ ਦਾ ਮੁੰਡਾ ਸੀ ਜੋ ਰਾਸ਼ਟਰੀ ਖੇਡਾਂ ਵਿਚੋਂ ਦੋ ਵਾਰੀ ਸੋਨੇ ਦਾ ਤਮਗ਼ਾ ਜਿੱਤ ਕੇ ਆਇਆ ਸੀ ਪਰ ਗ਼ਲਤ ਰਾਹ ਪੈ ਗਿਆ। ਚੰਦਨ ਗੁਪਤਾ 16 ਸਾਲਾਂ ਦਾ ਨੌਜੁਆਨ ਵੀ ਸਿਰਫ਼ ਫ਼ਲੈਗ ਮਾਰਚ ਵਿਚ ਹਿੱਸਾ ਲੈਣ ਲਈ ਘਰ ਤੋਂ ਨਿਕਲਿਆ ਸੀ ਪਰ ਕਿਸ ਤਰ੍ਹਾਂ ਮੁਸਲਮਾਨਾਂ ਵਿਰੁਧ ਨਾਹਰੇਬਾਜ਼ੀ ਵਿਚ ਸ਼ਾਮਲ ਹੋ ਗਿਆ? ਵਿੱਕੀ ਗੌਂਡਰ ਅੰਤਰਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਦੀ ਕਾਬਲੀਅਤ ਰਖਦਾ ਸੀ ਪਰ ਉਸ ਦਾ ਅੰਤ ਪੁਲਿਸ ਮੁਕਾਬਲੇ ਵਿਚ ਹੋਇਆ।ਇਨ੍ਹਾਂ ਸਾਰੇ ਮੁੰਡਿਆਂ ਦੀਆਂ ਮਾਵਾਂ ਬੇਹਾਲ ਹੋਈਆਂ ਪਈਆਂ ਹਨ ਤੇ ਨਿਆਂ ਮੰਗਦੀਆਂ ਹਨ। ਉਨ੍ਹਾਂ ਦੀ ਪੀੜ ਨੂੰ ਗਣਤੰਤਰ ਦਿਵਸ ਦੀ ਅਨੁਸ਼ਾਸਨਬੱਧ ਪਰੇਡ ਠੰਢ ਨਹੀਂ ਪਾ ਸਕਦੀ। ਉਨ੍ਹਾਂ ਦੇ ਨਜ਼ਰੀਏ ਤੋਂ ਵੇਖੀਏ ਤਾਂ ਸਰਕਾਰ, ਸਮਾਜ, ਸਿਸਟਮ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰੇ।ਵਿੱਕੀ ਗੌਂਡਰ ਦੀ ਮਾਂ ਪੁਛਦੀ ਹੈ ਕਿ ਉਸ ਨੂੰ ਦਸਿਆ ਜਾਵੇ ਕਿ ਉਸ ਦੇ ਗੁਣਵਾਨ ਪੁੱਤਰ ਨੂੰ ਗੈਂਗ ਮੁਖੀ ਬਣਾਉਣ ਵਿਚ ਕੌਣ ਕਸੂਰਵਾਰ ਹੈ? ਚੰਦਨ ਗੁਪਤਾ ਦੀ ਮਾਂ ਵੀ ਅਪਣੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹੈ। ਕਸ਼ਮੀਰ ਦੀਆਂ ਮਾਵਾਂ ਦੀਆਂ ਚੀਕਾਂ ਤਾਂ ਹੁਣ ਕਿਸੇ ਨੂੰ ਸੁਣਾਈ ਹੀ ਨਹੀਂ ਦਿੰਦੀਆਂ।ਪਰ ਜਦ ਦੇਸ਼ ਦੇ ਕੋਨੇ ਕੋਨੇ ਵਿਚੋਂ ਨੌਜੁਆਨ ਨਫ਼ਰਤ ਅਤੇ ਡਰ ਦਾ, ਕਿਸੇ ਨਾ ਕਿਸੇ ਤਰੀਕੇ ਸ਼ਿਕਾਰ ਹੋ ਰਹੇ ਹੋਣ ਤਾਂ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਅਸੀ ਅਪਣੇ ਨੈਤਿਕ ਕਿਰਦਾਰ ਨੂੰ ਟਟੋਲੀਏ। ਸਰਕਾਰਾਂ ਸਾਡੇ ਤੋਂ ਵਖਰੀਆਂ ਨਹੀਂ ਅਤੇ ਸਮਾਜ ਵਿਚ ਭਾਰੂ ਸੋਚ ਦਾ ਪ੍ਰਗਟਾਵਾ ਹਨ। ਪਰ ਭਾਰੂ ਸਾਡੀ ਅਪਣੀ ਸੋਚ ਹੈ ਜੋ ਸਾਡੇ ਨੌਜੁਆਨਾਂ ਨੂੰ ਗੁਮਰਾਹ ਕਰ ਰਹੀ ਹੈ। ਕੋਈ ਬੰਦੂਕ ਚੁਕ ਰਿਹਾ ਹੈ, ਕੋਈ ਨਸ਼ੇ ਦੇ ਜਾਲ ਵਿਚ ਫਸ ਰਿਹਾ ਹੈ, ਕੋਈ ਵਿਸ਼ੇਸ਼ ਰੰਗ ਵਿਚ ਰੰਗ ਕੇ ਇਕ ਧਰਮ ਵਾਲਿਆਂ ਨੂੰ ਦੁਸ਼ਮਣ ਬਣਾ ਰਿਹਾ ਹੈ ਤੇ ਕੋਈ ਆਜ਼ਾਦ ਦੇਸ਼ ਵਿਚ ਕੈਦੀ ਵਾਂਗ ਰਹਿ ਕੇ ਅਪਣਾ ਆਪਾ ਗਵਾ ਰਿਹਾ ਹੈ। ਗ਼ਲਤੀ ਸਾਡੇ ਸਮਾਜ ਦੀ ਹੈ ਜਿਸ ਦਾ ਖ਼ਮਿਆਜ਼ਾ ਨੌਜੁਆਨ ਭੁਗਤ ਰਹੇ ਹਨ। (ਚਲਦਾ) -ਨਿਮਰਤ ਕੌਰ