ਗੁਜਰਾਤ ਦੇ ਚਰਚ ਮੁਖੀ ਦਾ ਡਰ ਕਿ ਦੇਸ਼ ਨੂੰ ਖ਼ਤਰਾ ਹੋਰਨਾਂ ਤੋਂ ਨਹੀਂ, 'ਰਾਸ਼ਟਰਵਾਦੀਆਂ' ਤੋਂ ਹੈ!
Published : Nov 24, 2017, 10:44 pm IST
Updated : Nov 24, 2017, 5:14 pm IST
SHARE ARTICLE

ਆਰਚ ਬਿਸ਼ਪ (ਵੱਡੇ ਪਾਦਰੀ) ਦਾ ਕਹਿਣਾ ਹੈ ਕਿ ਵੋਟ ਉਸ ਨੂੰ ਹੀ ਦਿਉ ਜੋ ਭਾਰਤੀ ਸੰਵਿਧਾਨ ਪ੍ਰਤੀ ਵਫ਼ਾਦਾਰ ਹੋਵੇ, ਹੋਰ ਚੀਜ਼ਾਂ ਪ੍ਰਤੀ ਨਹੀਂ!

ਗਾਂਧੀਨਗਰ (ਗੁਜਰਾਤ) ਦੇ ਆਰਚ ਬਿਸ਼ਪ ਵਲੋਂ ਭਾਰਤ ਦੇ ਸਾਰੇ ਚਰਚਾਂ ਦੇ ਪਾਦਰੀਆਂ ਨੂੰ ਲਿਖੀ ਚਿੱਠੀ ਨੇ ਗੁਜਰਾਤ ਚੋਣਾਂ ਨੂੰ ਭਾਰਤ ਦੇ ਆਉਣ ਵਾਲੇ ਕਲ ਵਾਸਤੇ ਮਹੱਤਵਪੂਰਨ ਕਰਾਰ ਦੇ ਕੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਦੇਸ਼ ਵਿਚ ਪਾਦਰੀ ਅਪਣੇ ਚਰਚਾਂ ਵਿਚ ਦੁਆ ਕਰਨ ਕਿ ਗੁਜਰਾਤ ਵਿਚ ਉਹ ਲੋਕ ਹੀ ਚੁਣੇ ਜਾਣ ਜੋ ਭਾਰਤੀ ਸੰਵਿਧਾਨ ਪ੍ਰਤੀ ਵਫ਼ਾਦਾਰ ਹੋਣ। ਹੁਣ ਇਸ ਚਿੱਠੀ ਤੇ ਭਾਜਪਾ ਦੇ ਆਗੂ ਬੜੇ ਖ਼ਫ਼ਾ ਹੋ ਰਹੇ ਹਨ ਭਾਵੇਂ ਕਿ ਬਿਸ਼ਪ ਦੀ ਚਿੱਠੀ ਵਿਚ ਕਿਸੇ ਵੀ ਪਾਰਟੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ। ਬਿਸ਼ਪ ਵਲੋਂ ਭਾਰਤ ਪ੍ਰਤੀ ਪਿਆਰ ਅਤੇ ਪੂਰੀ ਸ਼ਰਧਾ ਪ੍ਰਗਟਾਉਂਦਿਆਂ ਭਾਰਤ ਵਿਚ 'ਰਾਸ਼ਟਰਵਾਦ' ਦੀ ਲਹਿਰ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਬਿਸ਼ਪ ਦਾ ਮੰਨਣਾ ਹੈ ਕਿ ਇਹ 'ਰਾਸ਼ਟਰਵਾਦੀ ਤਾਕਤਾਂ' ਭਾਰਤ ਦੀ ਜਨਤਾ ਨੂੰ ਵੰਡ ਰਹੀਆਂ ਹਨ। ਉਨ੍ਹਾਂ ਦੀ ਚਿੱਠੀ ਵਿਚ ਇਸਾਈਆਂ ਉਤੇ ਹੋ ਰਹੇ ਲਗਾਤਾਰ ਹਮਲਿਆਂ ਬਾਰੇ ਚਿੰਤਾ ਵੀ ਪ੍ਰਗਟਾਈ ਗਈ ਹੈ। ਉਨ੍ਹਾਂ ਦੀ ਚਿੰਤਾ ਸਹੀ ਅੰਕੜਿਆਂ ਉਤੇ ਆਧਾਰਤ ਹੈ। 'ਓਪਨ ਡੋਰ ਚੈਰਿਟੀ' ਵਲੋਂ ਜਾਰੀ ਕੀਤੇ ਅੰਕੜੇ ਦਸਦੇ ਹਨ ਕਿ ਇਸਾਈਆਂ ਉਤੇ ਹਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 2017 ਦੇ ਪਹਿਲੇ ਛੇ ਮਹੀਨਿਆਂ ਵਿਚ ਇਸਾਈ ਧਰਮ ਨੂੰ ਮੰਨਣ ਵਾਲਿਆਂ ਉਤੇ, ਉਨ੍ਹਾਂ ਦੀ ਧਾਰਮਕ ਸੋਚ ਕਰ ਕੇ 410 ਹਮਲੇ ਹੋਏ, ਜਦਕਿ 2016 ਦੇ ਪੂਰੇ ਸਾਲ ਵਿਚ 441 ਹਮਲੇ ਹੋਏ ਸਨ। ਇਸਾਈ ਧਰਮ ਨੂੰ ਡਰ ਹੈ ਕਿ 2018 'ਚ ਇਹ ਅੰਕੜੇ ਵਧਣ ਦੇ ਸੰਕੇਤ ਸਾਹਮਣੇ ਆ ਰਹੇ ਹਨ। ਭਾਵੇਂ ਗੁਜਰਾਤ ਜਾਂ ਭਾਰਤ ਵਿਚ ਈਸਾਈਆਂ ਦੀ ਵੋਟ ਜ਼ਿਆਦਾ ਨਹੀਂ ਅਤੇ ਉਹ ਚੋਣ ਨਤੀਜਿਆਂ ਉਤੇ ਜ਼ਿਆਦਾ ਅਸਰ ਨਹੀਂ ਪਾ ਸਕਦੇ ਪਰ ਉਨ੍ਹਾਂ ਦੀ ਆਵਾਜ਼ ਅਮਰੀਕਾ ਵਰਗੇ ਅਸਲੀ ਤਾਕਤਵਰ ਦੇਸ਼ਾਂ ਵਿਚ ਬੜੀ ਸੰਜੀਦਗੀ ਨਾਲ ਸੁਣੀ ਜਾਂਦੀ ਹੈ।ਬਿਸ਼ਪ ਦੀ ਗੱਲ ਨੂੰ ਸਹੀ ਸਾਬਤ ਕਰਦਾ ਹੈ ਮੇਰਠ ਦੀ ਰੇਲ ਗੱਡੀ ਵਿਚ ਵਾਪਰਿਆ ਹਾਦਸਾ ਜਿਥੇ ਤਿੰਨ ਮੁਸਲਮਾਨਾਂ ਨੂੰ 6-7 ਮੁੰਡਿਆਂ ਨੇ ਬੁਰੀ ਤਰ੍ਹਾਂ ਕੁਟਿਆ, ਸਿਰਫ਼ ਇਸ ਕਰ ਕੇ ਕਿ ਉਨ੍ਹਾਂ ਨੇ ਸਿਰ ਉਤੇ ਰੁਮਾਲ ਬੰਨ੍ਹਿਆ ਹੋਇਆ ਸੀ। ਪੁਲਿਸ ਮੁਤਾਬਕ ਝਗੜੇ ਦਾ ਕਾਰਨ ਸੀਟ ਸੀ ਪਰ ਇਸੇ ਗੱਲ ਨੂੰ ਲੈ ਕੇ ਹੀ ਇਕ 14 ਸਾਲ ਦੇ ਮੁਸਲਮਾਨ ਬੱਚੇ ਨੂੰ ਅਜੇ ਕੁੱਝ ਹੀ ਮਹੀਨੇ ਪਹਿਲਾਂ ਕਤਲ ਕਰ ਦਿਤਾ ਗਿਆ ਸੀ।
ਅੱਜ ਕੱਟੜਵਾਦੀ ਰਾਸ਼ਟਰਵਾਦੀ ਤਾਕਤਾਂ ਨੇ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਦੇ ਮਨਾਂ ਵਿਚ ਖ਼ੌਫ਼ ਭਰ ਦਿਤਾ ਹੈ। ਹੁਣ ਤਾਂ ਬਹੁਗਿਣਤੀ ਧਰਮ ਦੀ ਆਬਾਦੀ ਤੇ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਆਵਾਜ਼ ਘੱਟ ਗਿਣਤੀਆਂ ਤੋਂ ਜ਼ਿਆਦਾ ਤੇਜ਼ ਹੋ ਰਹੀ ਹੈ। ਆਖ਼ਰਕਾਰ ਕੋਈ ਨਹੀਂ ਚਾਹੁੰਦਾ ਕਿ ਹਿੰਦੂ ਧਰਮ ਦੀ ਪਛਾਣ ਅਜਿਹੇ ਲੋਕਾਂ ਵਜੋਂ ਹੋਵੇ ਜੋ ਏਨੇ ਜ਼ਿਆਦਾ ਅਸਹਿਣਸ਼ੀਲ ਹੋਣ ਕਿ ਉਹ ਗੱਡੀ ਦੀ ਇਕ ਸੀਟ ਬਦਲੇ ਕਤਲ ਕਰਨ ਲਈ ਤਿਆਰ ਹੋ ਜਾਣ ਅਤੇ ਉਸ ਦਾ ਸਿਹਰਾ ਹਿੰਦੂ ਧਰਮ ਦੇ ਮੱਥੇ ਬੰਨ੍ਹਣ।ਪੰਜਾਬ ਵਿਚ ਸ਼ਿਵ ਸੈਨਾ ਆਗੂ ਸੂਰੀ ਦਾ ਮਾਮਲਾ ਸਾਫ਼ ਕਰਦਾ ਹੈ ਕਿ ਇਨ੍ਹਾਂ ਕੱਟੜ ਸੋਚ ਨੂੰ ਅਪਣਾ ਧਰਮ ਆਖਣ ਵਾਲੇ ਆਗੂਆਂ ਵਿਚ ਸਿੱਖਾਂ ਵਾਸਤੇ ਕਿਸ ਤਰ੍ਹਾਂ ਦੇ ਇਰਾਦੇ ਹਨ ਅਤੇ ਮੌਕਾ ਮਿਲਦੇ ਹੀ ਇਹ ਝੱਟ ਸਿੱਖ ਕੌਮ ਨੂੰ ਤਬਾਹ ਕਰਨ ਲਗਿਆਂ ਇੰਦਰਾ ਗਾਂਧੀ ਵਾਂਗ ਕੋਈ ਕਹਾਣੀ ਘੜਨ ਵਿਚ ਵੀ ਸਮਾਂ ਨਸ਼ਟ ਨਹੀਂ ਕਰਨਗੇ।ਬਿਸ਼ਪ ਵਲੋਂ ਇਹ ਆਖਣਾ ਕਿ ਭਾਰਤੀ ਵੰਡੇ ਜਾ ਰਹੇ ਹਨ, ਵੀ ਸਹੀ ਹੈ ਕਿਉਂਕਿ ਅਜਕਲ ਹਰ ਭਾਰਤੀ ਉਤੇ ਰੋਜ਼ ਕੋਈ ਨਾ ਕੋਈ ਨਵਾਂ ਨਾਗ ਵੀ ਸੁਟਿਆ ਜਾ ਰਿਹਾ ਹੈ ਅਤੇ ਨਾਲ ਹੀ ਉਸ ਨੂੰ ਚਿੰਤਾਜਨਕ ਖ਼ਬਰਾਂ ਵੀ ਮਿਲ ਰਹੀਆਂ ਹਨ। ਹੁਣ ਆਮ ਇਨਸਾਨ ਜ਼ਿੰਦਗੀ ਦੀ ਜਦੋਜਹਿਦ ਵਿਚ ਪੀਸਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਉਹ ਸਮਝ ਨਹੀਂ ਪਾ ਰਿਹਾ ਕਿ ਉਹ ਅਪਣੀ ਰੋਟੀ-ਕਪੜੇ ਦੀ ਲੜਾਈ ਵਲ ਧਿਆਨ ਦੇਵੇ ਜਾਂ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਬਾਰੇ ਫ਼ਿਕਰ ਕਰੇ। 113 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼ ਵਿਚ ਰੋਜ਼ ਮੁੱਠੀ ਭਰ ਲੋਕ ਅਪਣੀ ਜਾਨ ਗੁਆ ਲੈਂਦੇ ਹਨ ਤਾਂ ਫਿਰ ਕੀ ਹੋਇਆ, ਬਾਕੀ ਦੀ 100 ਕਰੋੜ ਆਬਾਦੀ ਤਾਂ ਵਿਕਾਸ ਦੇ ਸੁਪਨੇ ਵੇਖ ਰਹੀ ਹੈ! ਬਿਸ਼ਪ ਵਲੋਂ ਦੁਆ ਅਤੇ ਅਰਦਾਸ ਦੀ ਅਪੀਲ ਬਿਲਕੁਲ ਠੀਕ ਹੈ। ਅਜੇ ਭਾਰਤ ਨੂੰ ਹਮਦਰਦ ਆਗੂਆਂ ਦੀ ਬਹੁਤ ਜ਼ਰੂਰਤ ਹੈ। ਰੱਬ ਮਿਹਰ ਕਰੇ। 


ਜੱਗੀ ਜੌਹਲ ਦੇ ਹੱਕ ਵਿਚ ਬਰਤਾਨਵੀ ਪ੍ਰਧਾਨ ਮੰਤਰੀ ਤੇ ਉਥੋਂ ਦੀ ਪਾਰਲੀਮੈਂਟ ਵੀ!

ਜੱਗੀ ਜੌਹਲ ਦੀ, ਹਿੰਦੂ ਆਗੂਆਂ ਦੇ ਕਤਲ 'ਚ ਸ਼ਮੂਲੀਅਤ ਦਾ ਮਾਮਲਾ ਹੁਣ ਸਿਰਫ਼ ਪੰਜਾਬ ਦਾ ਨਹੀਂ ਬਲਕਿ ਕੋਮਾਂਤਰੀ ਪੱਧਰ ਦਾ ਬਣ ਗਿਆ ਹੈ। ਇੰਗਲੈਂਡ ਦੀ ਸੰਸਦ ਤਕ ਇਹ ਮਾਮਲਾ ਗੂੰਜ ਰਿਹਾ ਹੈ ਅਤੇ ਹੁਣ ਜਦੋਂ ਪ੍ਰਧਾਨ ਮੰਤਰੀ ਟੈਰੇਸਾ ਮੇਅ ਇਸ ਵਿਚ ਪੈ ਗਏ ਹਨ ਤਾਂ ਜੇ ਪੰਜਾਬ ਪੁਲਿਸ ਗ਼ਲਤ ਸਾਬਤ ਹੋ ਗਈ ਤਾਂ ਇਹ ਪੰਜਾਬ ਦੇ ਚੰਗੇ ਅਕਸ ਵਾਸਤੇ ਠੀਕ ਨਹੀਂ ਹੋਵੇਗਾ। ਹਿੰਦੂ ਆਗੂਆਂ ਦੇ ਕਤਲ ਕੇਸ ਹੱਲ ਕਰ ਕੇ ਪੰਜਾਬ ਪੁਲਿਸ ਨੇ ਫੁਰਤੀ ਵਿਖਾ ਕੇ ਚੰਗਾ ਕੀਤਾ ਪਰ ਪੰਜਾਬ ਦੇ ਲੋਕ ਅਤੇ ਬਾਹਰ ਬੈਠੇ ਪੰਜਾਬੀ ਵੀ ਅਜੇ ਪੰਜਾਬ ਪੁਲਿਸ ਦੇ ਦਾਅਵਿਆਂ ਉਤੇ ਵਿਸ਼ਵਾਸ ਨਹੀਂ ਕਰਦੇ। ਜੇ ਬਰਗਾੜੀ ਵਿਚ ਦੋ ਬੇਗੁਨਾਹ ਸਿੱਖਾਂ ਦੇ ਪੁਲਿਸ ਹੱਥੋਂ ਹੋਏ ਕਤਲ ਦਾ ਸੱਚ ਸਾਹਮਣੇ ਆ ਜਾਂਦਾ ਤਾਂ ਲੋਕ ਮੰਨ ਜਾਂਦੇ ਕਿ ਪੰਜਾਬ ਪੁਲਿਸ ਨਿਰਪੱਖਤਾ ਨਾਲ ਚਲ ਰਹੀ ਹੈ। ਅੱਜ ਭਾਵੇਂ ਪੰਜਾਬ ਪੁਲਿਸ ਜੌਹਲ ਦੇ ਕੇਸ ਵਿਚ ਹਰ ਨਿਯਮ ਦੀ ਪਾਲਣਾ ਕਰਨ ਬਾਰੇ ਐਲਾਨ ਕਰ ਰਹੀ ਹੈ, ਪਰ ਸੱਚ ਕੁੱਝ ਹੋਰ ਵੀ ਹੋ ਸਕਦਾ ਹੈ। ਪੰਜਾਬ ਪੁਲਿਸ ਨੂੰ 80ਵਿਆਂ ਤੋਂ ਤਸੀਹੇ ਦੇਣ ਦੀ ਐਸੀ ਆਦਤ ਪੈ ਗਈ ਹੈ ਕਿ ਅੱਜ ਤਾਂ ਹਰ ਛੋਟੇ-ਮੋਟੇ ਚੋਰ ਨੂੰ ਵੀ ਇਕ ਕਾਤਲ ਵਾਂਗ ਤਸੀਹੇ ਦੇਣ ਵਾਲੇ ਅਫ਼ਸਰ ਬਹੁਤ ਹਨ। ਪਰ ਅੱਜ ਦੀ ਸਿੱਖ ਕੌਮ ਉਹ ਨਹੀਂ ਰਹੀ ਜੋ 80ਵਿਆਂ ਵਿਚ ਸੀ, ਖ਼ਾਸ ਕਰ ਕੇ ਉਹ ਲੋਕ ਜੋ ਵਿਦੇਸ਼ਾਂ ਵਿਚ ਵਸ ਚੁਕੇ ਹਨ। ਉਹ ਅਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਨਗੇ। ਇਹ ਮਾਮਲਾ ਜੇ ਗ਼ਲਤ ਤਰੀਕੇ ਨਾਲ ਨਜਿਠਿਆ ਗਿਆ ਤਾਂ ਇਹ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਵਲੋਂ ਲਗਾਏ ਗਏ ਜ਼ਖ਼ਮਾਂ ਨੂੰ ਉਚੇੜ ਕੇ ਗ਼ਲਤ ਸੰਦੇਸ਼ ਭੇਜਣ ਦੀ ਤਾਕਤ ਰਖਦਾ ਹੈ। ਜ਼ਰੂਰਤ ਹੈ ਕਿ ਜੱਗੀ ਜੌਹਲ ਦੇ ਕੇਸ ਵਿਚ ਖ਼ਾਸ ਅਹਿਤਿਆਤ ਵਰਤੀ ਜਾਵੇ ਤਾਕਿ ਪੰਜਾਬ ਵਿਚ ਸ਼ਾਂਤੀ ਬਰਕਰਾਰ ਰਹੇ ਤੇ ਪੁਲਿਸ ਦਾ ਚੰਗਾ ਅਕਸ ਵੀ ਬਣਿਆ ਰਹੇ।  -ਨਿਮਰਤ ਕੌਰ 

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement