'ਉੱਚਾ ਦਰ' ਦਾ ਸ਼ੁੱਭ ਆਰੰਭ ਕਿੰਨੀ ਕੁ ਦੂਰ?

ਸਪੋਕਸਮੈਨ ਸਮਾਚਾਰ ਸੇਵਾ
Published Jul 1, 2018, 6:54 am IST
Updated Jul 1, 2018, 6:54 am IST
ਬਸ ਸੌ ਹੱਥ ਦੂਰ!
Ucha Dar Baba Nanak Da
 Ucha Dar Baba Nanak Da

ਸੰਖੇਪ ਵਿਚ ਇਸ ਵੇਲੇ ਕਰਨ ਵਾਲੇ ਤਿੰਨ ਹੀ ਕੰਮ ਹਨ

ਅਸੀ (ਸਪੋਕਸਮੈਨ ਦੇ ਬਹੁਤੇ ਪਾਠਕ) ਭਾਈ ਲਾਲੋ ਦੀ ਸ਼੍ਰੇਣੀ ਵਿਚੋਂ ਹੀ ਹਾਂ ਅਰਥਾਤ ਖ਼ੂਬ ਮਿਹਨਤ ਨਾਲ ਦਸਾਂ ਨਹੁੰਆਂ ਦੀ ਕਮਾਈ ਕੀਤੀ, ਸਾਦਾ ਜੀਵਨ ਜੀਅ ਲਿਆ ਪਰ ਏਨੀ ਕਮਾਈ ਕਦੇ ਵੀ ਨਾ ਹੋਈ ਕਿ ਕੋਈ ਵੱਡੀ ਬੱਚਤ ਕੀਤੀ ਜਾ ਸਕੇ। ਦਿਲੋਂ ਅਸੀ ਸਾਰੇ ਹੀ ਬਹੁਤ ਕੁੱਝ ਕਰਨਾ ਚਾਹੁੰਦੇ ਹਾਂ ਤੇ ਚੰਗੇ ਕੰਮ ਲਈ ਪੈਸਾ ਦੇਣਾ ਵੀ ਚਾਹੁੰਦੇ ਹਾਂ ਪਰ ਮਜਬੂਰੀਆਂ ਰਾਹ ਮੱਲ ਲੈਂਦੀਆਂ ਹਨ ਤੇ ਮਨ ਜੋ ਚਾਹੁੰਦਾ ਹੈ, ਉਹ ਨਹੀਂ ਕਰ ਸਕਦੇ। ਏਨੇ ਵਿਚ ਹੀ ਸ਼ੁਕਰ ਕਰਦੇ ਹਾਂ ਕਿ ਚਲੋ ਇੱਜ਼ਤ ਨਾਲ ਜ਼ਿੰਦਗੀ ਦੀ ਗੱਡੀ ਤਾਂ ਚਲਦੀ ਜਾ ਰਹੀ ਹੈ ਤੇ ਕਿਸੇ ਅੱਗੇ ਹੱਥ ਤਾਂ ਨਹੀਂ ਅਡਣੇ ਪੈਂਦੇ।

Advertisement

ਕੀ ਸਾਡੇ ਬਹੁਤੇ ਪਾਠਕਾਂ ਦੀ ਅੰਦਰ ਦੀ ਹਾਲਤ ਉਹੀ ਨਹੀਂ ਜੋ ਮੈਂ ਉਪਰ ਬਿਆਨ ਕੀਤੀ ਹੈ? ਇਸ ਹਾਲਤ ਬਾਰੇ ਮੈਨੂੰ ਉਦੋਂ ਵੀ ਪਤਾ ਸੀ ਜਦ ਮੈਂ 60-ਕਰੋੜੀ 'ਉੱਚਾ ਦਰ ਬਾਬੇ ਨਾਨਕ ਦਾ' ਦਾ ਵਿਚਾਰ ਪਾਠਕਾਂ ਸਾਹਮਣੇ ਰਖਿਆ ਸੀ ਤੇ ਐਵੇਂ ਜੋਸ਼ ਵਿਚ ਆ ਕੇ ਕਹਿ ਦਿਤਾ ਸੀ ਕਿ ਅੱਧੇ ਦਾ ਪ੍ਰਬੰਧ ਮੈਂ ਕਰਾਂਗਾ ਤੇ ਅੱਧੇ ਦਾ ਪ੍ਰਬੰਧ ਤੁਸੀ ਸਾਰੇ ਰਲ ਕੇ ਕਰ ਦੇਣਾ। ਜੋਸ਼ੀਲੇ ਪਾਠਕਾਂ ਨੇ ਜਵਾਬ ਵਿਚ ਕਹਿ ਦਿਤਾ, ''ਤੁਸੀ ਜ਼ਮੀਨ ਲੈ ਦਿਤੀ ਹੈ, ਹੁਣ ਬਾਕੀ ਸਾਰੇ ਪੈਸੇ ਦਾ ਪ੍ਰਬੰਧ ਕਰਨਾ ਸਾਡੀ ਜ਼ਿੰਮੇਵਾਰੀ।''

ਮੈਂ ਜਾਣਦਾ ਸੀ, ਮੈਂ ਵੀ ਐਵੇਂ ਜੋਸ਼ ਵਿਚ ਅੱਧੇ ਦੀ ਜ਼ਿੰਮੇਵਾਰੀ ਲੈ ਲਈ ਸੀ ਤੇ ਪਾਠਕ ਵੀ ਐਵੇਂ ਜੋਸ਼ ਵਿਚ ਬੋਲ ਰਹੇ ਸਨ। ਉਧਰੋਂ ਸਾਡਾ ਜੋਸ਼ ਵੇਖ ਕੇ ਸਾਡੇ ਪੁਜਾਰੀ, ਸਰਕਾਰੀ ਤੇ ਸਾੜਾ ਬਰਾਦਰੀ ਵਾਲੇ ਵੀ ਸਰਗਰਮ ਹੋ ਗਏ ਕਿ 'ਉੱਚਾ ਦਰ' ਨਹੀਂ ਬਣਨ ਦੇਣਾ। ਬੜੀ ਲੰਮੀ ਕਹਾਣੀ ਹੈ ਜਿਸ ਦਾ ਤੱਤ ਸਾਰ ਇਹੀ ਹੈ ਕਿ ਪਿਛਲੇ ਪੰਜ ਛੇ ਸਾਲ ਸਾਨੂੰ ਨਰਕ ਵਰਗੀ ਜ਼ਿੰਦਗੀ ਬਤੀਤ ਕਰਨੀ ਪਈ ਹੈ ਤੇ ਸੱਭ ਤੋਂ ਵੱਧ ਨੁਕਸਾਨ ਰੋਜ਼ਾਨਾ ਸਪੋਕਸਮੈਨ ਨੂੰ ਸਹਿਣਾ ਪਿਆ ਹੈ ਜਿਸ ਕੋਲ ਆਇਆ ਹਰ ਪੈਸਾ ਪਹਿਲਾਂ 'ਉੱਚਾ ਦਰ' ਵਲ ਭੇਜ ਦਿਤਾ ਜਾਂਦਾ ਸੀ

ਜਾਂ ਪਾਠਕਾਂ ਕੋਲੋਂ ਲਏ ਉਧਾਰੇ ਪੈਸੇ, ਸੂਦ ਸਮੇਤ ਦੁਗਣੇ ਕਰ ਕੇ ਮੋੜਨ ਲਈ ਦੇ ਦਿਤੇ ਜਾਂਦੇ ਸਨ ਤੇ ਅਖ਼ਬਾਰ ਵਿਚਾਰਾ ਜਿਵੇਂ ਇਕ ਡੰਗ ਦੀ ਖਾ ਕੇ, ਰਾਤ 'ਭੁੱਖਣ ਭਾਣਾ' ਹੀ ਸੌਂ ਜਾਂਦਾ ਸੀ। ਵੇਰਵਾ ਕਿਸੇ ਵੇਲੇ ਪੂਰੀ ਕਿਤਾਬ ਲਿਖ ਕੇ ਦੱਸਾਂਗਾ ਕਿ ਪਿਛਲੇ 5-6 ਸਾਲ ਮੈਂ, ਮੇਰੀ ਪਤਨੀ ਜਗਜੀਤ ਤੇ ਅਖ਼ਬਾਰ ਨੇ ਕਿਵੇਂ ਕੱਟੇ¸ਸਿਰਫ਼ ਇਕ ਟੀਚਾ ਸਰ ਕਰਨ ਲਈ ਕਿ 'ਉੱਚਾ ਦਰ' ਸਾਡੇ ਜੀਊਂਦੇ ਜੀਅ ਜ਼ਰੂਰ ਬਣ ਜਾਣਾ ਚਾਹੀਦਾ ਹੈ, ਭਾਵੇਂ ਸਾਡਾ ਕੁੱਝ ਵੀ ਨਾ ਰਹੇ ਅਰਥਾਤ ਉਸ ਹਾਲਤ ਵਿਚ ਹੀ ਸੰਸਾਰ ਤੋਂ ਰੁਖ਼ਸਤ ਹੋਣਾ ਪਵੇ ਜਿਸ ਹਾਲਤ ਵਿਚ ਸੰਸਾਰ ਵਿਚ ਆਏ ਸੀ।

ਚਲੋ ਕਰੜੀ ਮਿਹਨਤ ਦੇ ਸਿੱਟੇ ਵਜੋਂ ਜਾਂ ਜਿਵੇਂ ਵੀ ਹੋਇਆ, ਉੱਚਾ ਦਰ ਅੱਜ ਜਿਸ ਰੂਪ ਵਿਚ ਤੁਹਾਡੇ ਸਾਹਮਣੇ ਮੌਜੂਦ ਹੈ, ਉਸ ਉਤੇ ਤੁਸੀ ਅਸੀ ਸਾਰੇ ਬਜਾ ਤੌਰ ਤੇ ਫ਼ਖ਼ਰ ਕਰ ਸਕਦੇ ਹਾਂ। ਉਸਾਰੀ ਵਾਲਾ ਪਾਸਾ ਤਾਂ ਲਗਭਗ ਪੂਰਾ ਹੋ ਗਿਆ ਹੈ ਤੇ ਹੁਣ ਇਸ ਦੀ ਸਜਾਵਟ ਤੇ ਇਸ ਵਿਚ ਰੱਖੇ ਤੇ ਵਿਖਾਏ ਜਾਣ ਵਾਲੇ ਸਮਾਨ ਲਈ ਪੈਸਾ ਜੁਟਾਉਣ ਦੀ ਲੋੜ ਹੈ ਜਿਸ ਵਿਚ ਰੰਗ ਰੋਗਨ, ਬਿਜਲੀ (ਸੋਲਰ ਵੀ ਤੇ ਦੂਜੀ ਵੀ), ਕੰਪਿਊਟਰ, ਸਕਰੀਨਾਂ, ਫ਼ਿਲਮਾਂ, ਫ਼ਰਨੀਚਰ, ਕਰਾਕਰੀ, ਹਸਪਤਾਲ ਅਤੇ ਲਾਇਬ੍ਰੇਰੀ ਲਈ ਮਸ਼ੀਨਾਂ

ਤੇ ਕਿਤਾਬਾਂ, ਲਿਫ਼ਟਾਂ, ਏਅਰ ਕੰਡੀਸ਼ਨਿੰਗ ਪਲਾਂਟ, ਜੈਨਰੇਟਰ, ਸੀਵਰੇਜ ਵੇਸਟ ਪਲਾਂਟ, ਅੱਗ ਬੁਝਾਊ ਪ੍ਰਬੰਧ, ਪਾਣੀ ਲਈ ਦੋ 'ਬੋਰ', ਸਟਰੀਟ ਲਾਈਟਾਂ ਅਤੇ ਆਡੀਉ ਵੀਡੀਉ ਰੀਕਾਰਡਿੰਗ ਆਦਿ ਆਦਿ ਮੋਟੀਆਂ ਚੀਜ਼ਾਂ ਸ਼ਾਮਲ ਹਨ ਜਿਨ੍ਹਾਂ ਦਾ ਪ੍ਰਬੰਧ ਉਸਾਰੀ ਦਾ ਕੰਮ ਖ਼ਤਮ ਹੋਣ ਮਗਰੋਂ ਹੀ ਕੀਤਾ ਜਾ ਸਕਦਾ ਹੈ, ਪਹਿਲਾਂ ਨਹੀਂ। ਇਨ੍ਹਾਂ ਸੱਭ ਚੀਜ਼ਾਂ ਤੇ ਘੱਟ ਤੋਂ ਘੱਟ 10 ਕਰੋੜ ਲੱਗ ਜਾਣਾ ਹੈ। ਰੋਜ਼ਾਨਾ ਸਪੋਕਸਮੈਨ ਦੀ ਪੇਸ਼ਕਸ਼ ਹੈ ਕਿ 10 ਕਰੋੜ ਤੋਂ ਵੱਧ ਜਿੰਨਾ ਵੀ ਲੱਗਾ, ਉਹ ਰੋਜ਼ਾਨਾ ਸਪੋਕਸਮੈਨ ਅਪਣੇ ਕੋਲੋਂ ਦੇ ਦੇਵੇਗਾ। ਪਹਿਲਾਂ ਵੀ ਅੱਧ ਤੋਂ ਬਹੁਤ ਵੱਧ ਦੇ ਬੈਠਾ ਹੈ ਸਪੋਕਸਮੈਨ ਜਦਕਿ ਬਦਲੇ ਵਿਚ ਲੈਣਾ ਕੁੱਝ ਵੀ ਨਹੀਂ।

80 ਕਰੋੜ ਹੁਣ ਤਕ ਲੱਗ ਚੁੱਕਾ ਹੈ। 60 ਕਰੋੜ ਦਾ ਪ੍ਰਾਜੈਕਟ, ਦੇਰੀ ਕਾਰਨ, 100 ਕਰੋੜ ਦੇ ਨੇੜੇ ਪੁਜਦਾ ਲਗਦਾ ਹੈ। ਦਿਤਾ ਗਿਆ ਸੂਦ ਹੀ ਵੱਡਾ ਠੂੰਗਾ  ਮਾਰ ਗਿਆ। ਚਲੋ ਹਾਥੀ ਲੰਘ ਗਿਆ ਹੈ, ਪੂਛ ਹੀ ਲੰਘਣੀ ਬਾਕੀ ਹੈ। ਹੁਣ ਵਾਲੀ ਹਾਲਤ ਤਕ ਪੁੱਜਣ ਲਈ ਕਰੜੀ ਘਾਲਣਾ ਦੇ 10 ਸਾਲ ਲੱਗ ਗਏ ਹਨ। ਜੇ ਇਸੇ ਸਪੀਡ ਨਾਲ ਚਲਦੇ ਰਹੇ ਤਾਂ 10-15 ਕਰੋੜ (10 ਉਪਰ ਦੱਸੇ ਕੰਮਾਂ ਲਈ ਤੇ 5 ਪਹਿਲੇ ਸਾਲ ਦੇ ਖ਼ਰਚੇ ਲਈ ਕਿਉਂਕਿ ਏਨੀ ਵੱਡੀ ਸੰਸਥਾ ਸ਼ੁਰੂ ਕਰਨ ਸਮੇਂ, ਚੰਗੀ ਤੇ ਨਿਰਵਿਘਨ ਸੇਵਾ ਦੇਣ ਲਈ 5 ਕਰੋੜ ਤਾਂ ਬੈਂਕ ਵਿਚ ਹੋਣੇ ਹੀ ਚਾਹੀਦੇ ਹਨ

ਨਹੀਂ ਤਾਂ ਰੋਜ਼ ਪ੍ਰੇਸ਼ਾਨੀਆਂ ਬਣੀਆਂ ਰਹਿਣਗੀਆਂ) ਦਾ ਪ੍ਰਬੰਧ ਕਰਨ ਵਿਚ ਢੇਚੂੰ ਢੇਚੂੰ ਰਫ਼ਤਾਰ ਨਾਲ ਦੋ-ਢਾਈ ਸਾਲ ਤਾਂ ਲੱਗ ਹੀ ਜਾਣਗੇ ਤੇ ਏਨੀ ਦੇਰ ਦੀ ਇੰਤਜ਼ਾਰ ਸ਼ਾਇਦ ਹੁਣ ਸੰਭਵ ਨਹੀਂ ਰਹੀ।ਸਾਰੀ ਸਮੱਸਿਆ ਦਾ ਸੱਭ ਤੋਂ ਉੱਤਮ ਹੱਲ ਤਾਂ ਇਹੀ ਹੈ ਕਿ ਜਿਵੇਂ ਪਹਿਲੇ ਦਿਨ ਹੀ ਸੋਚਿਆ ਗਿਆ ਸੀ, 'ਉੱਚਾ ਦਰ' ਦੇ 10 ਹਜ਼ਾਰ ਮੈਂਬਰ ਬਣਾਏ ਜਾਣ। ਜਾਂ ਤਾਂ ਹੁਣ ਤਕ ਬਣ ਚੁੱਕੇ ਢਾਈ ਤਿੰਨ ਹਜ਼ਾਰ ਮੈਂਬਰ (ਜਿਨ੍ਹਾਂ ਨੂੰ ਹੁਣ ਉੱਚਾ ਦਰ ਦੀ 'ਮਾਲਕੀ' ਦੇ ਦਿਤੀ ਗਈ ਹੈ) ਪ੍ਰਣ ਕਰ ਲੈਣ ਕਿ ਮਹੀਨੇ ਡੇਢ ਮਹੀਨੇ ਵਿਚ ਉਹ 5 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਸਰ ਕਰ ਦੇਣਗੇ ਤੇ ਸਪੋਕਸਮੈਨ ਦੇ ਜਿਹੜੇ ਪਾਠਕ ਅਜੇ ਤਕ ਮੈਂਬਰ ਨਹੀਂ ਬਣੇ,

ਉਹ ਵੀ ਹਿੰਮਤ ਕਰ ਕੇ ਇਸ ਮਹੀਨੇ ਮੈਂਬਰ ਬਣ ਜਾਣ ਦਾ ਪ੍ਰਣ ਲੈ ਲੈਣ, ਫਿਰ ਤਾਂ ਹੋਰ ਕਿਸੇ ਪਾਸੇ ਵਲ ਵੇਖਣ ਦੀ ਲੋੜ ਹੀ ਨਹੀਂ ਰਹਿੰਦੀ। ਜੇ ਅਗਲੇ 50 ਸਾਲਾਂ ਲਈ 'ਉੱਚਾ ਦਰ' ਦਾ ਸਫ਼ਰ ਔਕੜਾਂ ਤੋਂ ਰਹਿਤ ਬਣਾਉਣਾ ਹੈ ਤਾਂ 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਤਾਂ ਸਰ ਕਰਨਾ ਹੀ ਪਵੇਗਾ। ਪਰ ਪਿਛਲਾ ਤਜਰਬਾ ਦਸਦਾ ਹੈ ਕਿ ਬਹੁਤੇ ਲੋਕ ਉਦੋਂ ਹੀ ਮੈਂਬਰ ਬਣਨਗੇ ਜਦੋਂ ਉਨ੍ਹਾਂ ਨੂੰ ਅਪਣੇ ਲਈ ਕੋਈ ਫ਼ਾਇਦਾ ਨਜ਼ਰ ਆ ਗਿਆ ਤੇ 'ਫ਼ਾਇਦਾ' ਤਾਂ ਚਾਲੂ ਹੋਣ ਤੋਂ ਬਾਅਦ ਹੀ ਨਜ਼ਰ ਆ ਸਕੇਗਾ।

ਇਸ ਵੇਲੇ ਤਾਂ ਬਾਬੇ ਨਾਨਕ ਦੇ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਲਈ ਪੈਸਾ ਕੁਰਬਾਨ ਕਰਨ ਵਾਲੇ ਹੀ ਮੈਂਬਰ ਬਣ ਸਕਦੇ ਹਨ ਤੇ ਉਹ ਬੜੇ ਥੋੜੇ ਲੋਕ ਹੀ ਹੁੰਦੇ ਹਨ। ਮਿਸਾਲ ਵਜੋਂ ਕੁੱਝ ਦਿਨ ਪਹਿਲਾਂ 'ਉੱਚਾ ਦਰ' ਦੇ ਇਕ ਮੈਂਬਰ ਨਾਲ ਮੁਲਾਕਾਤ ਹੋ ਗਈ ਜੋ ਅਪਣੇ ਉਧਾਰੇ ਪੈਸੇ, ਸੂਦ ਸਮੇਤ ਲੈਣ ਆਏ ਸਨ। ਮੈਂ ਕਿਹਾ, ''ਤੁਹਾਨੂੰ ਚਿੱਠੀਆਂ ਲਿਖੀਆਂ ਸੀ ਕਿ ਘੱਟੋ-ਘੱਟ ਇਕ ਮੈਂਬਰ ਹੋਰ ਬਣਾ ਦਿਉ ਤਾਕਿ ਉੱਚਾ ਦਰ ਮੁਕੰਮਲ ਹੋ ਕੇ ਚਾਲੂ ਹੋ ਸਕੇ ਪਰ ਤੁਸੀ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ।''

ਉਹ ਬੋਲੇ, ''ਸਰਦਾਰ ਜੀ ਅਸੀ ਤਾਂ ਇਹ ਸੋਚ ਕੇ ਮੈਂਬਰ ਬਣੇ ਸੀ ਕਿ 'ਨਨਕਾਣਾ ਬਾਜ਼ਾਰ' 'ਚੋਂ ਸਾਨੂੰ ਸਸਤੀਆਂ ਚੀਜ਼ਾਂ ਮਿਲਣਗੀਆਂ। ਅਸੀ ਤਾਂ ਉਸ ਦੀ ਉਡੀਕ ਕਰ ਰਹੇ ਹਾਂ ਤੇ ਤੁਸੀ ਹੋਰ ਪੈਸੇ ਮੰਗੀ ਜਾਂਦੇ ਓ, ਕੀ ਜਵਾਬ ਦਈਏ? ਜੇ ਸਾਨੂੰ ਸਸਤੀਆਂ ਚੀਜ਼ਾਂ ਮਿਲ ਗਈਆਂ ਹੁੰਦੀਆਂ ਤਾਂ ਹੋਰ ਵੀ ਜਿੰਨੇ ਆਖਦੇ, ਮੈਂਬਰ ਬਣਵਾ ਦਿੰਦੇ ਤੇ 10 ਹਜ਼ਾਰ ਕੀ, ਭਾਵੇਂ ਲੱਖ ਮੈਂਬਰ ਬਣਾ ਲੈਂਦੇ।''

ਗੱਲ ਠੀਕ ਸੀ। ਸਾਡੇ 'ਚੋਂ ਬਹੁਤਿਆਂ ਨੂੰ ਚੰਗੇ ਕਾਰਜ ਲਈ ਮਦਦ ਦੇਣ ਨੂੰ ਕਿਹਾ ਜਾਏ ਤਾਂ ਉਹ ਪਹਿਲਾ ਸਵਾਲ ਇਹ ਕਰਨਗੇ, ''ਮੈਨੂੰ ਦੱਸੋ ਮੈਨੂੰ ਕੀ ਮਿਲੇਗਾ ਜਾਂ ਮੇਰਾ ਕੀ ਫ਼ਾਇਦਾ ਹੋਵੇਗਾ?'' ਸੋ 10 ਹਜ਼ਾਰ ਮੈਂਬਰ ਬਣ ਤਾਂ ਜਾਣਗੇ ਪਰ ਉਦੋਂ ਜਦੋਂ ਉਨ੍ਹਾਂ ਨੂੰ 'ਅਪਣਾ ਫ਼ਾਇਦਾ' ਸਾਹਮਣੇ ਨਜ਼ਰ ਆ ਜਾਵੇਗਾ ਅਰਥਾਤ 'ਉੱਚਾ ਦਰ' ਚਾਲੂ ਹੋ ਜਾਣ ਮਗਰੋਂ। ਬਾਬੇ ਨਾਨਕ ਦੇ ਫ਼ਲਸਫ਼ੇ ਦੇ ਪ੍ਰਚਾਰ ਜਾਂ ਸਾਰਾ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਕਰਨ ਦੀਆਂ ਗੱਲਾਂ ਉਨ੍ਹਾਂ ਦੇ ਸਮਝ ਨਹੀਂ ਆਉਂਦੀਆਂ, ਅਪਣਾ ਫ਼ਾਇਦਾ ਹੀ ਉਨ੍ਹਾਂ ਲਈ ਸੱਭ ਤੋਂ ਵੱਡੀ ਗੱਲ ਹੁੰਦਾ ਹੈ।

ਉਧਰ ਬਾਬੇ ਨਾਨਕ ਦੀ ਸਾਢੇ ਪੰਜਵੀਂ ਜਨਮ ਸ਼ਤਾਬਦੀ (550ਵੇਂ ਆਗਮਨ ਦਿਵਸ) ਦੇ ਸਮਾਗਮਾਂ ਦੇ ਸ਼ੁਰੂ ਹੋਣ ਵਿਚ ਵੀ ਕੇਵਲ 8 ਮਹੀਨੇ ਬਾਕੀ ਰਹਿ ਗਏ ਹਨ (ਜੇ ਤੁਸੀ ਵਿਸਾਖ ਦੀ ਸਹੀ ਤਰੀਕ ਅਰਥਾਤ 14 ਅਪ੍ਰੈਲ ਮੰਨ ਕੇ ਮਨਾਉਣੀ ਹੈ)। ਇਸ ਸਮੇਂ ਇਹ ਸਵਾਲ ਅਪਣੇ ਆਪ ਨੂੰ ਕਰਨਾ ਬਣਦਾ ਹੈ ਕਿ ਏਨੇ ਸਮੇਂ ਵਿਚ, ਬਾਕੀ ਰਹਿੰਦੇ (ਉਪਰ ਦੱਸੇ) ਸਾਰੇ ਕੰਮ ਹੋ ਜਾਣਗੇ? ਹਾਂ, ਹੋ ਤਾਂ ਜਾਣਗੇ ਤੇ ਸਾਡੇ ਇੰਜੀਨੀਅਰਾਂ ਤੇ ਕਾਰੀਗਰਾਂ ਨੂੰ ਵੱਧ ਤੋਂ ਵੱਧ ਛੇ ਮਹੀਨੇ ਚਾਹੀਦੇ ਹਨ ਪਰ ਸ਼ਰਤ ਇਹ ਹੈ

ਕਿ ਇਕ ਦੋ ਮਹੀਨੇ ਵਿਚ ਸਾਰਾ ਪੈਸਾ (10 ਕਰੋੜ) ਟਰੱਸਟ ਕੋਲ ਬੈਂਕ ਵਿਚ ਆ ਜਾਵੇ ਕਿਉਂਕਿ ਹੁਣ ਜਿੰਨਾ ਵੀ ਸਮਾਨ ਆਉਣਾ ਹੈ ਜਾਂ ਬਿਜਲੀ, ਸੋਲਰ ਪਾਵਰ, ਫ਼ਰਨੀਚਰ, ਸਕਰੀਨਾਂ, ਫ਼ਿਲਮਾਂ, ਕੰਪਿਊਟਰ ਸਮੇਤ ਜੋ ਕੁਝ ਵੀ ਆਉਣਾ ਹੈ, ਉਹ ਪਹਿਲਾਂ ਪੈਸਾ ਦਿਆਂਗੇ ਤਾਂ ਅਗਲੇ ਆ ਕੇ ਕੰਮ ਸ਼ੁਰੂ ਕਰਨਗੇ। ਉਸਾਰੀ ਵੇਲੇ ਉਧਾਰ ਚਲ ਜਾਂਦਾ ਸੀ, ਹੁਣ 100% ਨਕਦ ਤੇ ਉਹ ਵੀ ਐਡਵਾਂਸ। ਸੋ ਹੁਣ ਅਗਲਾ ਸਾਰਾ ਕੰਮ ਪੈਸਾ ਪਹਿਲਾਂ ਦੇ ਕੇ ਹੀ ਹੋਣਾ ਹੈ ਤੇ ਸਰਕਾਰ ਜਾਂ ਵੱਡੀਆਂ ਕੰਪਨੀਆਂ ਨੇ ਹੀ ਕਰਨਾ ਹੈ।

ਮੈਂਬਰਸ਼ਿਪ ਵਾਲਾ ਕੰਮ ਤਾਂ ਬੜਾ ਹੌਲੀ ਹੌਲੀ ਚੱਲਣ ਵਾਲਾ ਕੰਮ ਹੈ। ਫਿਰ ਕੀਤਾ ਕੀ ਜਾਏ? ਮੇਰੀ ਨਜ਼ਰ ਵਿਚ ਇਕੋ ਹੀ ਹੱਲ ਹੈ ਕਿ 'ਉੱਚਾ ਦਰ' ਦੇ ਸ਼ੁਰੂ ਹੋਣ ਦੀ ਤਾਂਘ ਰੱਖਣ ਵਾਲੇ ਲੱਖਾਂ ਲੋਕਾਂ 'ਚੋਂ ਸਮਰੱਥਾ ਵਾਲੇ ਸਿਰਫ਼ 100 ਪਾਠਕ 10-10 ਲੱਖ ਦਾ ਚੈੱਕ ਲੈ ਕੇ ਨਿਤਰਨ ਤੇ 'ਉੱਚਾ ਦਰ' ਨੂੰ ਅਪ੍ਰੈਲ ਵਿਚ ਚਾਲੂ ਕਰਨ ਦਾ ਜੱਸ ਖੱਟਣ।

ਉਨ੍ਹਾਂ ਦਾ ਪੈਸਾ ਵਾਪਸ ਵੀ ਕਰ ਦਿਤਾ ਜਾਏਗਾ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਵੀ ਉਦਘਾਟਨੀ ਸਮਾਰੋਹ ਵਿਚ ਕੀਤਾ ਜਾਵੇਗਾ। 10-10 ਲੱਖ ਵਾਲੇ 100 ਸਿੱਖ ਨਿਤਰਨੇ ਬੜੇ ਔਖੇ ਹਨ ਪਰ ਮੈਨੂੰ ਲਗਦਾ ਹੈ ਕਿ ਇਹ ਚਮਤਕਾਰ ਵੀ ਇਸ ਵਾਰ ਹੋ ਜਾਏਗਾ। ਜੂਨ ਮਹੀਨੇ ਦੀ ਮੀਟਿੰਗ ਵਿਚ ਮੈਂ ਮਾੜਾ ਜਿਹਾ ਹੋਕਾ ਹੀ ਦਿਤਾ ਸੀ ਕਿ ਦੋ ਸੱਜਣ ਮੌਕੇ ਤੇ ਹੀ ਨਿੱਤਰ ਆਏ¸(1) ਸ. ਮਨਜੀਤ ਸਿੰਘ ਜਗਾਧਰੀ ਤੇ (2) ਸਰਦਾਰਨੀ ਦਲਜੀਤ ਕੌਰ ਚੰਡੀਗੜ੍ਹ। ਸ. ਜਗਜੀਤ ਸਿੰਘ ਬਠਿੰਡਾ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਪਰ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ 10 ਲੱਖ ਪੂਰੇ ਕਰ ਦੇਣ।

ਉਨ੍ਹਾਂ ਨੇ ਅਪਣੇ ਰਿਸ਼ਤੇਦਾਰਾਂ ਕੋਲੋਂ ਕਮੀ ਪੂਰੀ ਕਰਵਾ ਦੇਣ ਦਾ ਵਾਅਦਾ ਕੀਤਾ ਹੈ। 'ਉੱਚਾ ਦਰ ਬਾਬੇ ਨਾਨਕ ਦਾ' ਕੋਲੋਂ ਸੂਦ ਵਜੋਂ 10-10 ਲੱਖ ਕਮਾਉਣ ਵਾਲੇ ਵੀ ਸੈਂਕੜੇ ਹਨ। ਜੇ ਉਹ ਹੀ 'ਉੱਚਾ ਦਰ ਬਾਬੇ ਨਾਨਕ ਦਾ' ਕੋਲੋਂ ਪ੍ਰਾਪਤ ਕੀਤੀ ਸੂਦ ਦੀ ਕਮਾਈ ਕੁੱਝ ਸਮੇਂ ਲਈ 'ਉੱਚਾ ਦਰ' ਨੂੰ ਦੇ ਦੇਣ ਲਈ ਤਿਆਰ ਹੋ ਜਾਣ ਤਾਂ 100 ਤੀ ਵੱਧ ਸੱਜਣ ਇਸ ਸਮੇਂ 'ਉੱਚਾ ਦਰ' ਦਾ ਸ਼ੁਭ ਆਰੰਭ ਕਰਨ ਲਈ ਮਿਲ ਸਕਦੇ ਹਨ। ਉਹ ਨਿਤਰਨ ਜਾਂ ਕੋਈ ਹੋਰ,

ਮੈਨੂੰ ਯਕੀਨ ਹੈ, ਇਸ ਵਾਰ 'ਉੱਚਾ ਦਰ ਪ੍ਰਵਾਰ' ਵਿਚੋਂ ਉਹ 100 ਕਰਮਯੋਗੀ ਜ਼ਰੂਰ ਨਿਤਰਨਗੇ ਜੋ ਅਪਣੇ ਬਾਬੇ ਨਾਨਕ ਦੇ ਉੱਚਾ ਦਰ ਲਈ ਥੋੜੇ ਸਮੇਂ ਦੀ ਆਰਜ਼ੀ ਕੁਰਬਾਨੀ ਕਰਨ ਲਈ ਜ਼ਰੁਰ ਤਿਆਰ ਹੋ ਜਾਣਗੇ। ਸੰਖੇਪ ਵਿਚ ਇਸ ਵੇਲੇ ਤਿੰਨ ਕੰਮ ਹੀ ਕਰਨੇ ਬਾਕੀ ਹਨ:

1. 10 ਹਜ਼ਾਰ ਮੈਂਬਰ ਬਣਾਉਣ ਦੀ ਮੁਹਿੰਮ ਤੇਜ਼ ਕੀਤੀ ਜਾਵੇ ਤੇ ਬਾਬੇ ਨਾਨਕ ਦਾ ਕੋਈ ਵੀ ਸੱਚਾ ਪ੍ਰੇਮੀ, ਇਸ ਆਖ਼ਰੀ ਹੱਲੇ ਵਿਚ ਮੈਂਬਰ ਬਣਨੋਂ ਨਾ ਰਹਿ ਜਾਏ।

2. 10-10 ਲੱਖ ਦੀ ਸਮਰੱਥਾ ਰੱਖਣ ਵਾਲੇ, 100 ਕਰਮਯੋਗੀ ਇਸ ਆਖ਼ਰੀ ਹੱਲੇ ਵਿਚ, ਜ਼ਰੂਰ ਨਿਤਰਨ ਅਤੇ ਯਕੀਨੀ ਬਣਾ ਦੇਣ ਕਿ ਵਿਸਾਖ ਵਿਚ, ਬਾਬੇ ਨਾਨਕ ਦੇ ਅਸਲ ਜਨਮ-ਪੁਰਬ ਤੇ 'ਉੱਚਾ ਦਰ', ਸੰਸਾਰ ਦੇ ਲੋਕਾਂ ਤਕ ਅਪਣੀਆਂ ਰਿਸ਼ਮਾਂ ਵੰਡਣੀਆਂ ਸ਼ੁਰੂ ਕਰ ਦੇਵੇਗਾ।

3. ਜਿਨ੍ਹਾਂ ਕੁੱਝ ਕੁ ਸੱਜਣਾਂ ਨੇ ਅਜੇ ਪੈਸੇ ਲੈਣੇ ਹਨ (70-75% ਤਾਂ ਵਾਪਸ ਹੋ ਚੁੱਕੇ ਹਨ) ਉਹ ਪ੍ਰਣ ਲੈ ਲੈਣ ਕਿ ਉੱਚਾ ਦਰ ਸ਼ੁਰੂ ਹੋਣ ਤਕ ਪੈਸੇ ਵਾਪਸ ਨਹੀਂ ਮੰਗਣਗੇ ਤਾਕਿ ਇਸ ਅੰਤਮ ਹੱਲੇ ਨੂੰ ਪੂਰਾ ਬੱਲ ਮਿਲ ਸਕੇ।

Advertisement

 

Advertisement
Advertisement