ਗੱਲਾਂ ਨਾਲ ਨਹੀਂ, ਅਨਾਥ ਬੱਚਿਆਂ, ਧਰਮੀ ਫ਼ੌਜੀਆਂ ਤੇ ਬਾਬੇ ਨਾਨਕ ਦੇ ‘ਉੱਚਾ ਦਰ’ ਤਕ ਸਪੋਕਸਮੈਨ ਨੇ....

By : GAGANDEEP

Published : Dec 1, 2022, 8:25 am IST
Updated : Dec 1, 2022, 11:01 am IST
SHARE ARTICLE
photo
photo

ਅਮਲੀ ਤੌਰ ਤੇ ਹਰ ਕੰਮ ਕਰ ਵਿਖਾਇਆ ਤੇ ਹੱਥਾਂ ਤੇ ਸਰ੍ਹੋਂ ਜਮਾ ਵਿਖਾਈ!!

 

‘ਸਪੋਕਸਮੈਨ’ ਇਕ ਮਾਸਕ ਪਰਚੇ ਵਜੋਂ ਅਪਣੇ ਬਚਪਨੇ ਵਿਚ ਹੀ ਸੀ ਜਦੋਂ ਮੈਂ ਅਪਣੇ ਦਫ਼ਤਰ ਵਿਚ ਬੈਠਾ ਹੋਇਆ ਸੀ। ਦੋ ਬੀਬੀਆਂ ਮੇਰੇ ਕੋਲ ਆਈਆਂ ਤੇ ਕੋਈ ਗੱਲ ਕੀਤੇ ਬਿਨਾ, ਇਕ ਲਿਫ਼ਾਫ਼ਾ ਮੇਰੇ ਹੱਥ ਫੜਾ ਦਿਤਾ। ਸ਼ਰਮਾਕਲ ਜਹੀਆਂ ਲਗਦੀਆਂ ਸਨ। ਮੈਂ ਵੀ ਕੁੱਝ ਲਿਖ ਰਿਹਾ ਸੀ। ਲਿਫ਼ਾਫ਼ਾ ਲੈ ਕੇ ਮੈਂ ਕਿਹਾ, ‘‘ਠੀਕ ਐ, ਮੈਂ ਪੜ੍ਹ ਲਵਾਂਗਾ।’’ ਮੈਂ ਸੋਚਿਆ, ਕੋਈ ਲੇਖ, ਕਵਿਤਾ ਜਾਂ ਕਹਾਣੀ ਹੋਵੇਗੀ ਉਸ ਲਿਫ਼ਾਫ਼ੇ ਵਿਚ। ਉਹ ਉਸੇ ਤਰ੍ਹਾਂ, ਬਿਨਾ ਕੁੱਝ ਬੋਲੇ, ਖੜੀਆਂ ਖੜੀਆਂ ਹੀ, ਬਾਹਰ ਚਲੀਆਂ ਗਈਆਂ। ਪਰ ਲਿਖਣ ਤੋਂ ਵਿਹਲਾ ਹੋ ਕੇ ਜਦ ਮੈਂ ਉਹ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਵਿਚਲੀ ਲਿਖਤ ਪੜ੍ਹ ਕੇ ਮੇਰੇ ਰੋਂਗਟੇ ਖੜੇ ਹੋ ਗਏ। ਮੇਰਾ ਦਿਲ ਕਰੇ, ਮੈਂ ਉਨ੍ਹਾਂ ਨੂੰ ਜਾ ਕੇ ਲੱਭਾਂ ਪਰ ਅੱਧੇ ਘੰਟੇ ਮਗਰੋਂ ਕਿਸੇ ਟੁਰ ਗਏ ਨੂੰ ਲੱਭਣ ਵਾਲੀ ਗੱਲ ਪਛਤਾਵਾ ਕਰਨ ਤੋਂ ਵੱਧ ਕੋਈ ਅਰਥ ਨਹੀਂ ਸੀ ਰਖਦੀ। ਮੈਂ ਉਸੇ ਵੇਲੇ ਜਨਰਲ ਨਰਿੰਦਰ ਸਿੰਘ ਨੂੰ ਫ਼ੋਨ ਕੀਤਾ ਕਿ 84 ਦੇ ਸ਼ਹੀਦਾਂ ਦੇ ਅਨਾਥ ਬੱਚਿਆਂ ਦੀ ਲੂੰ-ਕੰਡੇ ਖੜੇ ਕਰਨ ਵਾਲੀ ਦਾਸਤਾਨ ਮੇਰੇ ਕੋਲ ਆਈ ਹੈ। ਸਾਨੂੰ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ ਜਾਣਨਾ ਚਾਹੀਦੈ ਤੇ ਇਨ੍ਹਾਂ ਬੱਚਿਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ।

ਜਨਰਲ ਨਰਿੰਦਰ ਸਿੰਘ ਵੀ ਅਜਿਹੇ ਕੰਮਾਂ ਲਈ ਝੱਟ  ਤਿਆਰ ਹੋ ਜਾਂਦੇ ਸਨ ਪਰ ਮਦਦ ਦੀ ਗੱਲ ਸੁਣ ਕੇ ਬੋਲੇ, ‘‘ਮਦਦ ਕਰਨ ਲਈ ਕੋਈ ਫ਼ੰਡ ਹੈ ਤੁਹਾਡੇ ਕੋਲ? ਕਿੰਨੀ ਮਦਦ ਕਰ ਸਕੋਗੇ?’’ ਮੈਂ ਕਿਹਾ, ‘‘ਪਹਿਲਾਂ ਚੱਲ ਕੇ ਵੇਖ ਤੇ ਸਮਝ ਤਾਂ ਲਈਏ, ਫਿਰ ਮਦਦ ਬਾਰੇ ਕੁੱਝ ਤਾਂ ਕਰਾਂਗੇ ਹੀ।’’ ਮੇਰੇ ਕੋਲ ਉਸ ਸਮੇਂ ਕਾਰ ਨਹੀਂ ਸੀ ਹੁੰਦੀ। ਜਨਰਲ ਸਾਹਬ ਝੱਟ ਕਾਰ ਲੈ ਕੇ ਪਹੁੰਚ ਜਾਂਦੇ ਸਨ। ਉਹ ਮੇਰੇ ਕੋਲ ਆ ਗਏ। ਉਨ੍ਹਾਂ ਵੀ ਚਿੱਠੀ ਪੜ੍ਹੀ। ਬੀਬੀਆਂ ਨੇ ਲਿਖਿਆ ਸੀ ਕਿ ਪੁਲਿਸ ਮੁਕਾਬਲਿਆਂ ਵਿਚ ਜਿਹੜੇ ਬੱਚੇ ਅਨਾਥ ਹੋ ਗਏ ਸਨ, ਉਨ੍ਹਾਂ ਨੂੰ ਉਹ ਸੰਭਾਲ ਰਹੀਆਂ ਹਨ ਪਰ ਥਾਂ-ਥਾਂ ਧੱਕੇ ਖਾ ਕੇ ਵੀ, ਉਨ੍ਹਾਂ ਨੂੰ ਮਦਦ ਦੇਣ ਵਾਲਾ ਕੋਈ ਨਹੀਂ ਸੀ ਮਿਲਿਆ। ਉਹ ਚਾਹੁੰਦੀਆਂ ਸਨ ਕਿ ਸਪੋਕਸਮੈਨ ਉਨ੍ਹਾਂ ਦੀ ਵਿਥਿਆ ਲੋਕਾਂ ਨੂੰ ਦੱਸੇ। ਅਗਲੇ ਹੀ ਦਿਨ ਅਸੀ ਚਾਰ ਜਣੇ, ਚਿੱਠੀ ਵਿਚ ਦਿਤੇ ਪਤੇ ਬਾਰੇ ਪੁਛਦੇ ਪੁਛਾਂਦੇ ਉਨ੍ਹਾਂ ਕੋਲ ਪਹੁੰਚ ਗਏ। ਬੀਬੀਆਂ ਮਿਲ ਗਈਆਂ। ਅਸੀ ਉਨ੍ਹਾਂ ਨੂੰ ਕਿਹਾ, ‘‘ਸਾਨੂੰ ਬੱਚੇ ਵਿਖਾਉ।’’

ਬੜੇ ਵੀਰਾਨ ਜਹੇ ਇਲਾਕੇ ਵਿਚ ਤੂੜੀ ਵਾਲੇ ਕਮਰੇ ਵਰਗੇ ਛੋਟੇ ਜਹੇ ਕਮਰੇ ਵਿਚ 50 ਬੱਚੇ ਬੰਦ ਕੀਤੇ ਹੋਏ ਸਨ। ਵੇਖ ਕੇ ਸਾਡਾ ਅੰਦਰਲਾ ਕੰਬ ਉਠਿਆ। ਨਾ ਉਨ੍ਹਾਂ ਕੋਲ ਰਹਿਣ ਲਈ ਥਾਂ ਸੀ, ਨਾ ਖਾਣ ਲਈ ਚੰਗੀ ਰੋਟੀ, ਨਾ ਖੇਡਣ ਲਈ ਥਾਂ, ਨਾ ਪੜ੍ਹਨ ਲਈ ਕਿਤਾਬਾਂ। ਦੋ ਬੀਬੀਆਂ ਪਤਾ ਨਹੀਂ ਕਿਹੜੇ ਹੱਠ ਅਤੇ ਤਿਆਗ ਦੀ ਭਾਵਨਾ ਨਾਲ ਇਹ ਜ਼ਿੰਮੇਵਾਰੀ ਨਿਭਾ ਰਹੀਆਂ ਸਨ। ਅਸੀ ਪੁਛਿਆ, ‘‘ਇਨ੍ਹਾਂ ਲਈ ਰੋਟੀ ਪਾਣੀ ਦਾ ਕੀ ਪ੍ਰਬੰਧ ਹੈ?’’ ਜਵਾਬ ਮਿਲਿਆ, ‘‘ਗੁਰਦਵਾਰਾ ਦੁਖ ਨਿਵਾਰਨ ਸਾਹਿਬ ਤੋਂ ਇਨ੍ਹਾਂ ਲਈ ਇਕ ਡੰਗ ਦੀ ਰੋਟੀ ਮਿਲਦੀ ਹੈ ਜਿਹੜੀ ਅਸੀ ਦੋ ਡੰਗ ਵੰਡ ਕੇ ਇਨ੍ਹਾਂ ਨੂੰ ਖੁਆਂਦੀਆਂ ਹਾਂ। ਅਸੀ ਤੁਹਾਡੇ ਕੋਲ ਇਹ ਮੰਗ ਲੈ ਕੇ ਹੀ ਗਈਆਂ ਸੀ ਕਿ ਗੁਰਦਵਾਰੇ ਵਾਲਿਆਂ ਨੂੰ ਆਖੋ, 50 ਬੱਚਿਆਂ ਲਈ ਦੋ ਡੰਗ ਦੀ ਰੋਟੀ ਤਾਂ ਦੇ ਦਿਆ ਕਰਨ। ਇਨ੍ਹਾਂ ਲਈ ਕਪੜੇ ਅਸੀ ਘਰਾਂ ਵਿਚੋਂ ਮੰਗ-ਮੰਗ ਕੇ ਇਕੱਠੇ ਕਰਦੀਆਂ ਹਾਂ ਪਰ ਰੁਪਏ ਪੈਸੇ ਦੀ ਮਦਦ ਬਹੁਤ ਥੋੜੀ ਮਿਲਦੀ ਹੈ।’’

ਮੇਰਾ ਸਿਰ ਚਕਰਾ ਗਿਆ। ਕਾਹਦੇ ਲਈ ਅਸੀ ਕਰੋੜਾਂ ਦੇ ਗੁਰਦਵਾਰੇ ਬਣਾਏ ਹੋਏ ਨੇ ਜੇ ਅਸੀ ਕੁੱਝ ਕੁ ਨਿਆਸਰੇ, ਯਤੀਮ ਤੇ ਬੇਸਹਾਰਾ ਲੋਕਾਂ ਦੀ ਏਨੀ ਮਦਦ ਵੀ ਨਹੀਂ ਕਰ ਸਕਦੇ? ਕੁੱਝ ਸੋਚ ਕੇ, ਮੈਂ ਬੀਬੀਆਂ ਨੂੰ ਕਿਹਾ, ‘‘ਮੈਨੂੰ ਸਾਰੇ ਬੱਚਿਆਂ ਦੀਆਂ ਵਖਰੀਆਂ-ਵਖਰੀਆਂ ਤਸਵੀਰਾਂ ਦੇ ਸਕਦੇ ਹੋ?’’ ਉਨ੍ਹਾਂ ਨੇ ਉਸੇ ਵੇਲੇ ਨੇੜੇ ਦਾ ਫ਼ੋਟੋਗ੍ਰਾਫ਼ਰ ਬੁਲਾ ਕੇ ਫ਼ੋਟੋ ਖਿਚਵਾ ਲਈਆਂ ਤੇ ਫ਼ੋਟੋਗ੍ਰਾਫ਼ਰ ਸਾਰੀਆਂ ਤਸਵੀਰਾਂ ਵੱਡੇ ਲਿਫ਼ਾਫ਼ੇ ਵਿਚ ਪਾ ਕੇ ਅਗਲੇ ਦਿਨ ਚੰਡੀਗੜ੍ਹ ਆ ਕੇ ਦੇ ਵੀ ਗਿਆ।
ਮੈਂ ਆਰਟਿਸਟ ਨੂੰ ਬੁਲਾ ਕੇ, ਉਸ ਨੂੰ ਕਿਹਾ, ‘‘ਅਗਲੇ ਪਰਚੇ ਦੇ ਟਾਈਟਲ ਤੇ ਇਹ ਸਾਰੀਆਂ ਤਸਵੀਰਾਂ ਕੋਲਾਜ ਬਣਾ ਕੇ ਛਾਪਣੀਆਂ ਹਨ। ਵਧੀਆ ਜਿਹਾ ‘ਕੋਲਾਜ’ ਬਣਾ ਦੇ।’’ ਅਗਲੇ ਅੰਕ ਵਿਚ ਮੁੱਖ ਪੰਨੇ ਤੇ 50 ਅਨਾਥ ਬੱਚਿਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਤੇ ਅੰਦਰ ਮੈਂ ਉਨ੍ਹਾਂ ਦੀ ਵਿਥਿਆ ਲਿਖ ਕੇ, ਕੌਮ ਨੂੰ ਹਲੂਣਾ ਦਿਤਾ ਸੀ ਕਿ ਇਨ੍ਹਾਂ ਦੀ ਤੁਰਤ ਮਦਦ ਕਰੋ। ਦਿਨਾਂ ਵਿਚ ਹੀ ਭਲੇ ਲੋਕ ਲੱਖਾਂ ਰੁਪਏ ਲੈ ਕੇ ਉਨ੍ਹਾਂ ਕੋਲ ਪਹੁੰਚ ਗਏ। ਸ਼ਾਇਦ ਵਿਦੇਸ਼ ਦੀ ਕੋਈ ਸੰਸਥਾ ਵੀ ਉਨ੍ਹਾਂ ਦੀ ਮਦਦ ਤੇ ਆ ਗਈ।

ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੀ ਅਪੀਲ ਸਦਕਾ ਬੱਚਿਆਂ ਨੂੰ ਚੰਗੀ ਮਦਦ ਮਿਲ ਗਈ ਸੀ ਪਰ ਮੇਰੇ ਦਿਲ ਵਿਚ ਇਹ ਵਿਚਾਰ ਹੋਰ ਵੀ ਜ਼ੋਰ ਫੜ ਗਿਆ ਕਿ ਸਿੱਖਾਂ ਨੂੰ ਗਾਹੇ ਬਗਾਹੇ, ਕੋਈ ਨਾ ਕੋਈ ਮੁਸੀਬਤ ਬਣੀ ਹੀ ਰਹਿੰਦੀ ਹੈ, ਇਸ ਲਈ ਇਨ੍ਹਾਂ ਕੋਲ ਇਕ ਪੱਕਾ ਟਿਕਾਣਾ ਜ਼ਰੂਰ ਹੋਣਾ ਚਾਹੀਦਾ ਹੈ ਜਿਥੋਂ ਗਿੜਗੜਾਏ ਬਿਨਾਂ, ਹਰ ਦੁਖੀ ਨੂੰ ਅਪਣੇ ਆਪ ਮਦਦ ਮਿਲ ਜਾਇਆ ਕਰੇ। ਗੁਰਦਵਾਰੇ ਤੇ ਡੇਰੇ ਤਾਂ ਮੈਂ ਛੋਟੀ ਉਮਰ ਤੋਂ ਵੇਖਦਾ ਆ ਰਿਹਾ ਸੀ, ਕਿਸੇ ਦੁਖੀ ਦੀ ਮਦਦ ਨਹੀਂ ਕਰਦੇ ਬਲਕਿ ਆਏ ਦੁਖੀ ਨੂੰ ਵੀ ਇਹੀ ਕਹਿ ਦਿੰਦੇ ਹਨ, ‘‘ਜੋ ਕੁੱਝ ਹੈ ਈ, ਉਹ ਵੀ ਦੇ ਜਾ, ਅਸੀ ਤੇਰੀ ਅਰਦਾਸ ਕਰ ਦਿਆਂਗੇ, ਵਾਹਿਗੁਰੂ ਇਥੇ ਕੀਤੀ ਅਰਦਾਸ ਸੁਣ ਲੈਂਦਾ ਹੈ।’’
ਉਸ ਤੋਂ ਬਾਅਦ ਅਸੀ ਕਈ ਦੁਖੀਆਂ ਦੀ ਮਦਦ ਲਈ ਅਪੀਲਾਂ ਕੀਤੀਆਂ। ਪਾਠਕਾਂ ਵਲੋਂ ਉਨ੍ਹਾਂ ਨੂੰ ਵੀ ਮਦਦ ਮਿਲ ਜਾਂਦੀ ਰਹੀ। ਗੱਲ ਫੈਲਦੀ ਗਈ ਤੇ ਘਰ ਘਰ ਚਰਚਾ ਹੋਣ ਲੱਗੀ। ਦੂਰ ਬੈਠਿਆਂ ਨੂੰ ਲੱਗਣ ਲੱਗ ਪਿਆ ਕਿ ਮੈਂ ਸ਼ਾਇਦ ਕੋਈ ਬਹੁਤ ਅਮੀਰ ਆਦਮੀ ਹਾਂ ਜੋ ਖ਼ਾਲੀ ਹੱਥ ਕਿਸੇ ਨੂੰ ਨਹੀਂ ਮੋੜਦਾ। ਮੇਰੇ ਕੋਲ ਜੇਲ ਵਿਚ ਬੰਦ ਮੁੰਡਿਆਂ/ਖਾੜਕੂਆਂ ਦੀਆਂ ਚਿੱਠੀਆਂ ਵੀ ਆਉਣ ਲੱਗ ਪਈਆਂ ਕਿ ਉਨ੍ਹਾਂ ਦੇ ਘਰ ਦਿਆਂ ਨੂੰ ਵੀ ਮਦਦ ਪਹੁੰਚਾਵਾਂ।

ਮੈਂ ਸੱਭ ਦੀ ਮਦਦ ਤਾਂ ਨਹੀਂ ਸੀ ਕਰ ਸਕਦਾ ਪਰ ਮੇਰਾ ਇਹ ਵਿਚਾਰ ਪੱਕਾ ਹੁੰਦਾ ਗਿਆ ਕਿ ਇਕ ਪੱਕਾ ਟਿਕਾਣਾ ਅਜਿਹਾ ਵੀ ਹੋਣਾ ਚਾਹੀਦਾ ਹੈ ਜਿਥੋਂ ਦੁਖੀ ਤੇ ਲੋੜਵੰਦ ਮਨੁੱਖ, ਰੋ-ਰੋ ਕੇ ਜਾਂ ਗਿੜਗਿੜਾ ਕੇ, ਭੀਖ ਮੰਗਣ ਵਾਂਗ ਮਦਦ ਨਾ ਮੰਗੇ ਸਗੋਂ ਹੱਕ ਵਜੋਂ ਮੰਗੇ ਤੇ ਉਸ ਨੂੰ ਤੁਰਤ ਮਦਦ ਮਿਲ ਵੀ ਜਾਏ। ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਵਿਚਾਰ ਉਸੇ ਸੋਚ ਦਾ ਹੀ ਨਤੀਜਾ ਸੀ।  ਉਸ ਬਾਰੇ ਹੋਰ ਕੁੱਝ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਬਲੂ ਸਟਾਰ ਆਪ੍ਰੇਸ਼ਨ ਅਰਥਾਤ ਫ਼ੌਜੀ ਹਮਲੇ ਦੇ ਵਿਰੋਧ ਵਿਚ ਬੈਰਕਾਂ ਛੱਡ ਕੇ ਅੰਮਿ੍ਰਤਸਰ ਵਲ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਦੀ ਗੱਲ ਸੁਣਾਣੀ ਚਾਹਾਂਗਾ।

ਧਰਮੀ ਫ਼ੌਜੀਆਂ ਨੇ ਕੌਮੀ ਅਣਖ ਖ਼ਾਤਰ, ਫ਼ੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਤੇ ਦਰਬਾਰ ਸਾਹਿਬ ਵਲ ਪੈਦਲ ਕੂਚ ਕਰ ਕੇ ਜੋ ਮਾਅਰਕਾ ਮਾਰਿਆ ਸੀ, ਚਾਹੀਦਾ ਤਾਂ ਇਹ ਸੀ ਕਿ ਕੌਮ ਉਨ੍ਹਾਂ ਨੂੰ ਸਿਰ ਮੱਥੇ ਚੁੱਕ ਲੈਂਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਉਨ੍ਹਾਂ ਦੀ ਕੁਰਬਾਨੀ ਦਾ ਪੂਰਾ ਮੁਲ ਪਾ ਦੇਂਦੀ। ਇਨ੍ਹਾਂ ਨੂੰ ਕਈ ਸਾਲ ਦੀਆਂ ਬਾਮੁਸ਼ੱਕਤ ਕੈਦ ਦੀਆਂ ਸਜ਼ਾਵਾਂ ਵੀ ਹੋਈਆਂ ਤੇ ਤਨਖ਼ਾਹਾਂ ਵੀ ਬੰਦ ਹੋ ਗਈਆਂ। ਕਈ ਸਾਲ ਫ਼ੌਜੀ ਕੈਦਖ਼ਾਨਿਆਂ ਵਿਚ ਰਹਿ ਕੇ ਘਰ ਪਰਤੇ ਤਾਂ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ। ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਭੱਜੇ, ਹੋਰ ‘ਪੰਥਕ’ ਜਥੇਬੰਦੀਆਂ ਤੇ ਵੱਡੀਆਂ ‘ਪੰਥਕ ਸੰਸਥਾਵਾਂ’ ਕੋਲ ਗਏ। ਸੱਭ ਨੇ ਮਿੱਠੇ ਸ਼ਬਦ ਬੋਲ ਕੇ ਟਾਲ ਦਿਤਾ ਪਰ ਮਦਦ ਕਿਸੇ ਨੇ ਕੋਈ ਨਾ ਕੀਤੀ।

ਅਖ਼ੀਰ ਕਿਸੇ ਦੇ ਕਹਿਣ ਉਤੇ ਮੇਰੇ ਕੋਲ ਆ ਗਏ। ਮੈਂ ਪੁਛਿਆ, ਕਿੰਨੇ ਕੁ ਧਰਮੀ ਫ਼ੌਜੀਆਂ ਨੂੰ ਮਦਦ ਚਾਹੀਦੀ ਹੈ? ਉਨ੍ਹਾਂ ਨੇ ਵੱਡੀ ਸਾਰੀ ਸੂਚੀ ਫੜਾ ਦਿਤੀ। ਧਰਮੀ ਫ਼ੌਜੀਆਂ ਨੇ ਅਪਣੀ ਇਕ ਐਸੋਸੀਏਸ਼ਨ ਵੀ ਬਣਾ ਲਈ ਸੀ-- ਧਰਮੀ ਫ਼ੌਜੀ ਐਸੋਸੀਏਸ਼ਨ। ਮੈਂ ਚਾਰ ਸਿੱਖ ਫ਼ੌਜੀ ਜਰਨੈਲਾਂ ਤਕ ਜਨਰਲ ਨਰਿੰਦਰ ਸਿੰਘ ਰਾਹੀਂ ਪਹੁੰਚ ਕਰ ਕੇ ਉਨ੍ਹਾਂ ਦੀ ਇਕ ਕਮੇਟੀ ਬਣਾ ਦਿਤੀ ਜਿਸ ਨੇ ਸਿਫ਼ਾਰਸ਼ ਕੀਤੀ ਕਿ ਕਿਹੜੇ ਕਿਹੜੇ ਧਰਮੀ ਫ਼ੌਜੀ ਮਦਦ ਦੇ ਹੱਕਦਾਰ ਸਨ। ਕਈ ਤਾਂ ਨੌਕਰੀ ਵਿਚ ਵਾਪਸ ਵੀ ਲੈ ਲਏ ਗਏ ਸਨ ਤੇ ਕਈ ਸ਼ਹੀਦ ਹੋ ਗਏ ਸਨ।

ਸ. ਅਮਰੀਕ ਸਿੰਘ ਨੇ ਧਰਮੀ ਫ਼ੌਜੀਆਂ ਦੀ ਦਰਬਾਰ ਸਾਹਿਬ ਲਈ ਕੁਰਬਾਨੀ ਦੀ ਜੋ ਵਿਥਿਆ ਮੈਨੂੰ ਸੁਣਾਈ, ਉਹ ਵੀ ਦਿਲ ਹਿਲਾ ਦੇਣ ਵਾਲੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਇਹ ਪੂਰੀ ਵਿਥਿਆ ਲਿਖ ਦੇਣ, ਮੈਂ ਕਿਤਾਬ ਛਪਵਾਉਣ ਦਾ ਪ੍ਰਬੰਧ ਅਪਣੇ ਕੋਲੋਂ ਕਰ ਦਿਆਂਗਾ। ਉਹ ਕਹਿੰਦੇ, ‘‘ਮੈਨੂੰ ਲਿਖਣਾ ਨਹੀਂ ਆਉਂਦਾ।’’ ਮੈਂ ਕਿਹਾ ‘‘ਜਿਵੇਂ ਦਾ ਵੀ ਲਿਖ ਸਕਦੇ ਹੋ, ਲਿਖ ਦਿਉ। ਅਸੀ ਆਪੇ ਠੀਕ ਕਰ ਲਵਾਂਗੇ।’’ ਕਿਤਾਬ ਦਾ ਖਰੜਾ ਤਿਆਰ ਹੋ ਗਿਆ। ਕੁਰਬਾਨੀ ਕਰਨ ਵਾਲੇ ਧਰਮੀ ਫ਼ੌਜੀਆਂ ਦੀਆਂ ਰੰਗੀਨ ਤਸਵੀਰਾਂ ਦਾ ਵੀ ਉਨ੍ਹਾਂ ਨੇ ਪ੍ਰਬੰਧ ਕਰ ਦਿਤਾ। ਫਿਰ ਮੇਰਾ ਦਿਲ ਕੀਤਾ, ਇਹ ਪੰਜਾਬੀ ਦੇ ਨਾਲ-ਨਾਲ, ਅੰਗਰੇਜ਼ੀ ਵਿਚ ਵੀ ਛਪਣੀ ਚਾਹੀਦੀ ਹੈ। ਮੈਂ ਕਾਹਲੀ ਕਾਹਲੀ ਇਸ ਦਾ ਅੰਗਰੇਜ਼ੀ ਤਰਜਮਾ ਵੀ ਕਰ ਲਿਆ। ਦੋਵੇਂ ਕਿਤਾਬਾਂ ਛਪਣ ਲਈ ਤਿਆਰ ਹੋ ਗਈਆਂ। 

ਪਰਚੇ ਵਿਚ ਮੈਂ ਧਰਮੀ ਫ਼ੌਜੀਆਂ ਦੀ ਕੁਰਬਾਨੀ ਬਾਰੇ ਦਸ ਕੇ, ਲਗਾਤਾਰ ਅਪੀਲਾਂ ਕਰਨੀਆਂ ਜਾਰੀ ਰਖੀਆਂ। ਲੱਖਾਂ ਰੁਪਏ ਆਉਣੇ ਸ਼ੁਰੂ ਹੋ ਗਏ। ਮੈਂ ਸਾਰੀ ਪ੍ਰਾਪਤ ਹੋਈ ਰਕਮ ਦੀ ਸੂਚੀ ਪਰਚੇ ਵਿਚ ਹਰ ਮਹੀਨੇ ਛਾਪ ਦੇਂਦਾ ਸੀ। ਸ.  ਅਮਰੀਕ ਸਿੰਘ ਤਾਂ ਚਾਹੁੰਦੇ ਸਨ ਕਿ ਭਾਵੇਂ 1100-1100 ਰੁਪਏ ਪ੍ਰਤੀ ਧਰਮੀ ਫ਼ੌਜੀ ਹੀ ਦੇ ਦਿਉ, ਉਨ੍ਹਾਂ ਦਾ ਸਨਮਾਨ ਤਾਂ ਹੋ ਜਾਏਗਾ ਪਰ ਮੈਂ ਘੱਟੋ ਘੱਟ 10 ਹਜ਼ਾਰ ਰੁਪਿਆ ਹਰ ਧਰਮੀ ਫ਼ੌਜੀ ਨੂੰ ਦੇਣਾ ਚਾਹੁੰਦਾ ਸੀ। ਛੇਤੀ ਹੀ ਪਠਕਾਂ ਨੇ ਮੇਰੀ ਸੁਣ ਲਈ ਤੇ ਅਸੀ ਹਰ ਲੋੜਵੰਦ ਧਰਮੀ ਫ਼ੌਜੀ ਲਈ 10-10 ਹਜ਼ਾਰ ਦੇ ਬੈਂਕ ਡਰਾਫ਼ਟ/ਚੈੱਕ ਬਣਵਾ ਲਏ ਤੇ ਕਿਸੇ ਸਿਆਸੀ ਆਗੂ ਨੂੰ ਬੁਲਾਉਣ ਦੀ ਬਜਾਏ, ਕੁੱਝ ਪਤਵੰਤਿਆਂ ਦੀ ਹਾਜ਼ਰੀ ਵਿਚ ਧਰਮੀ ਫ਼ੌਜੀਆਂ ਦਾ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ 10-10 ਹਜ਼ਾਰ ਦੇ ਚੈੱਕ/ਬੈਂਕ ਡਰਾਫ਼ਟ ਵੀ ਵੱਖ-ਵੱਖ ਹਸਤੀਆਂ ਕੋਲੋਂ ਦਿਵਾਏ ਜਿਨ੍ਹਾਂ ਵਿਚ ਜਨਰਲ ਨਰਿੰਦਰ ਸਿੰਘ, ਡਾ. ਹਰਨਾਮ ਸਿੰਘ ਸ਼ਾਨ, ਗੁਰਤੇਜ ਸਿੰਘ ਆਈ.ਏ.ਐਸ, ਡਾ. ਕੁਲਦੀਪ ਸਿੰਘ, ਭਾਈ ਜਸਬੀਰ ਸਿੰਘ ਖੰਨਾ, ਭਾਈ ਅਸ਼ੋਕ ਸਿੰਘ ਬਾਗੜੀਆਂ ਸਮੇਤ ਹੋਰ ਕਈ ਪਤਵੰਤੇ ਵੀ ਸਨ।

ਮੈਂ ਆਪ ਕੋਈ ਚੈੱਕ ਨਾ ਦਿਤਾ ਤੇ ਪ੍ਰਸਿੱਧ ਸ਼ਖ਼ਸੀਅਤਾਂ ਕੋਲੋਂ ਹੀ ਦਿਵਾਏ ਤਾਕਿ ਇਹ ਕੌਮੀ ਪੁਰਸਕਾਰ ਸਮਝੇ ਜਾਣ, ਕੇਵਲ ਸਾਡੇ ਵਲੋਂ ਦਿਤੇ ਹੀ ਨਹੀਂ। ਧਰਮੀ ਫ਼ੌਜੀਆਂ ਬਾਰੇ ਦੋਵੇਂ ਕਿਤਾਬਾਂ ਵੀ ਮੌਕੇ ਉਤੇ ਹੀ ਰੀਲੀਜ਼ ਕਰ ਦਿਤੀਆਂ ਗਈਆਂ। ਜਿਹੜੇ ਧਰਮੀ ਫ਼ੌਜੀ, ਰਸਤੇ ਵਿਚ ਹੀ ਪਿੱਛਾ ਕਰ ਰਹੇ ਫ਼ੌਜੀਆਂ ਨੇ ਸ਼ਹੀਦ ਕਰ ਦਿਤੇ ਸਨ, ਉਨ੍ਹਾਂ ਦੀਆਂ ਵਿਧਵਾਵਾਂ ਨੂੰ 10-10 ਹਜ਼ਾਰ ਦੇ ਦਿਤੇ ਗਏ। ਸੱਭ ਨੂੰ ਫੁੱਲਾਂ ਦੇ ਹਾਰ ਪਾਏ ਗਏ। ਤਕਰੀਬਨ 110 ਧਰਮੀ ਫ਼ੌਜੀ ਸਮਾਗਮ ਵਿਚ ਪੁੱਜੇ ਸਨ। ਉਹ ਬਹੁਤ ਖ਼ੁਸ਼ ਸਨ ਕਿ ਪਹਿਲੀ ਵਾਰ ਕਿਸੇ ਨੇ ਉਨ੍ਹਾਂ ਦੀ ਕੁਰਬਾਨੀ ਬਦਲੇ ਉਨ੍ਹਾਂ ਨੂੰ ਸਨਮਾਨਿਆ ਤਾਂ ਹੈ ਤੇ 10-10 ਹਜ਼ਾਰ ਤਾਂ ਸੱਭ ਨੂੰ ਦਿਤੇ ਹਨ ਵਰਨਾ ਕਿਸੇ ਨੇ ਉਦੋਂ ਤਕ ਇਕ ਰੁਪਿਆ ਵੀ ਉਨ੍ਹਾਂ ਨੂੰ ਨਹੀਂ ਸੀ ਦਿਤਾ। ਖ਼ੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਵਿਚੋਂ ਵਾਰ-ਵਾਰ ਅੱਥਰੂ ਨਿਕਲ ਆਉਂਦੇ ਸਨ ਅਪਣੀ ਕੌਮ ਦੀ ਬੇਰੁਖ਼ੀ ਨੂੰ ਯਾਦ ਕਰ ਕੇ ਤੇ ਸਪੋਕਸਮੈਨ ਦੇ ਵਿਹੜੇ ਵਿਚੋਂ ਪਿਆਰ ਮਿਲਦਾ ਵੇਖ ਕੇ।

ਫ਼ਖ਼ਰ ਹੈ ਮੈਨੂੰ ਇਸ ਗੱਲ ਦਾ ਕਿ ਅਪਣੀ ਕੌਮ ਦੇ ਹਰ ਜ਼ਖ਼ਮ ਉਤੇ ਗੱਲਾਂ ਦਾ ਨਹੀਂ, ਅਮਲੀ ਸਹਾਇਤਾ ਦਾ ਫੋਹਾ ਰੱਖਣ ਦਾ ਕੰਮ ਸਿਰਫ਼ ਸਪੋਕਸਮੈਨ ਨੇ ਹੀ ਕੀਤਾ ਹੈ। ਕਿਸੇ ਹੋਰ ਮੀਡੀਆ, ਅਖ਼ਬਾਰ ਨੂੰ ਮੈਂ ਤਾਂ ਇਹ ਕੰਮ ਕਰਦੇ ਨਹੀਂ ਵੇਖਿਆ। ਪਰ ਮੈਂ ਸਦਾ ਇਹ ਵੀ ਚਾਹਿਆ ਹੈ ਕਿ ਬਾਬੇ ਨਾਨਕ ਦੇ ਦਰ ਵਰਗਾ ਇਥੇ ਇਕ ਪੱਕਾ ਟਿਕਾਣਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਜਿਥੋਂ ਹਰ ਦੁਖੀ ਤੇ ਲੋੜਵੰਦ, ਗਿੜਗਿੜਾ ਕੇ ਨਹੀਂ, ਮੰਗਤਾ ਬਣ ਕੇ ਨਹੀਂ ਸਗੋਂ ਹੱਕ ਵਜੋਂ ਮਦਦ ਮੰਗ ਸਕੇ। ਬਾਬੇ ਨਾਨਕ ਦੇ ਦਰ ਤੋਂ ਵੀ ਕਦੇ ਕਿਸੇ ਲੋੜਵੰਦ ਨੂੰ ਖ਼ਾਲੀ ਹੱਥ ਨਹੀਂ ਸੀ ਮੁੜਨਾ ਪਿਆ। ਹੋਰ ਗੁਣਾਂ ਤੋਂ ਇਲਾਵਾ, ਬਾਬਾ ਨਾਨਕ ਸੱਭ ਤੋਂ ਵੱਡਾ ਦਾਨੀ ਵੀ ਸੀ ਤੇ ਉਸ ਨੇ ਸਾਰੀ ਉਮਰ ਮੰਗਿਆ ਜਾਂ ਲਿਆ ਕਿਸੇ ਕੋਲੋਂ ਨਹੀਂ ਸੀ। ਇਸੇ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਸਥਾਪਤੀ ਬਾਰੇ ਸੋਚਣ ਸਮੇਂ ਸੱਭ ਤੋਂ ਵੱਡਾ ਵਿਚਾਰ ਮੇਰੇ ਮਨ ਵਿਚ ਇਹੀ ਉਠਿਆ ਸੀ ਕਿ ਇਸ ਦੀ ਸਾਰੀ ਆਮਦਨ ਉਤੇ ਗ਼ਰੀਬਾਂ ਤੇ ਲੋੜਵੰਦਾਂ ਦਾ ਪੂਰਾ ਹੱਕ ਕਾਇਮ ਕਰ ਦਿਤਾ ਜਾਵੇ ਤੇ ਕਿਸੇ ਨੂੰ ਕੋਈ ਨਾਂਹ ਨਾ ਕਰ ਸਕੇ, ਨਾ ਕੋਈ ਪ੍ਰਬੰਧਕ, ਅਪਣੇ ਲਈ ਚਾਹ ਦਾ ਇਕ ਕੱਪ ਵੀ ਮੁਫ਼ਤ ਵਿਚ ਲੈ ਸਕੇ। ਗੁਰਦਵਾਰਿਆਂ ਦੀਆਂ ਗੋਲਕਾਂ ਦੇ ਪੈਸੇ ਨਾਲ ਕੈਮਰੀ ਕਾਰਾਂ ਤੇ ਦੁਨੀਆਂ ਭਰ ਦੀਆਂ ਸੁੱਖ ਸਹੂਲਤਾਂ ਲੁੱਟੀਆਂ ਜਾ ਰਹੀਆਂ ਹਨ ਪਰ ਗ਼ਰੀਬ ਤੇ ਲੋੜਵੰਦ ਦੀ ਮਦਦ ਦੀ ਗੱਲ ਕਰੋ ਤਾਂ ਖ਼ਜ਼ਾਨਾ ਖ਼ਾਲੀ ਦਸ ਦਿਤਾ ਜਾਂਦਾ ਹੈ। ਸਾਰੇ ਹੀ ਚੰਗੇ ਸਿੱਖ ‘ਉੱਚਾ ਦਰ’ ਦੇ ਮੈਂਬਰ ਬਣ ਜਾਉ ਤੇ ਉਹ ਇਨਕਲਾਬ ਲੈ ਆਉ ਜੋ ਬਾਬੇ ਨਾਨਕ ਨੇ ਸਾਨੂੰ ਲਿਆਉਣ ਦੀ ਜਾਚ ਸਿਖਾਈ ਸੀ ਤੇ ਤਾਕੀਦ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement