
ਕੌਮ ਨੂੰ, ਸ਼੍ਰੋਮਣੀ ਕਮੇਟੀ ਨੂੰ ਤੇ ਚੀਫ਼ ਖ਼ਾਲਸਾ ਦੀਵਾਨ ਨੂੰ ਵੀ ਕਰਨਾ ਚਾਹੀਦੈ
ਯਹੂਦੀਆਂ ਵਿਰੁਧ ਜਦ ਹਿਟਲਰ ਅਪਣੇ ਜ਼ੁਲਮ ਤੇ ਜਬਰ ਦੀ ਹਨੇਰੀ ਝੁਲਾਈ ਬੈਠਾ ਸੀ ਤੇ ਯਹੂਦੀ ਲੁਕ ਛਿਪ ਕੇ ਅਪਣੀਆਂ ਜਾਨਾਂ ਬਚਾਉਣ ਦਾ ਯਤਨ ਕਰ ਰਹੇ ਸਨ, ਉਸ ਵੇਲੇ ਇਕ ਯਹੂਦੀ ਕੁੜੀ ਐਨੇ ਫ਼ਰੈਂਕ ਆਪ ਲੁਕ ਛਿਪ ਕੇ ਸੱਭ ਕੁੱਝ ਵੇਖਦੀ ਰਹੀ ਤੇ ਜ਼ੁਲਮਾਂ ਦੀ ਵਿਥਿਆ ਨੂੰ ਅਪਣੀ ਡਾਇਰੀ ਦੇ ਪੰਨਿਆਂ ਉਤੇ ਝਰੀਟਦੀ ਰਹੀ। ਹਿਟਲਰ ਦੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਨ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਤੁਹਾਨੂੰ ਮਿਲ ਜਾਣਗੀਆਂ ਪਰ ਅੱਜ ਤਕ ਸੱਭ ਤੋਂ ਵੱਧ ਵਿਕਣ ਵਾਲੀ ਪੁਸਤਕ ‘ਡਾਇਰੀ ਆਫ਼ ਐਨੇ ਫ਼ਰੈਂਕ’ ਹੀ ਬਣੀ ਹੋਈ ਹੈ।
Anne Frank
ਇਸ ਵਿਚ ਇਕ ਇਕ ਪਲ ਦੀ ਸਰਸਰਾਹਟ, ਫ਼ੌਜੀ ਬੂਟਾਂ ਦੀ ਇਕ ਇਕ ਥਾਪ ਤੇ ਦਿਲ ਦੀ ਇਕ ਇਕ ਧੜਕਣ, ਤੁਹਾਨੂੰ ਉਸ ਤਰ੍ਹਾਂ ਹੀ ਸੁਣਾਈ ਦਿੰਦੀ ਹੈ ਜਿਵੇਂ ਸੱਭ ਕੁੱਝ ਤੁਹਾਡੇ ਸਾਹਮਣੇ ਵਾਪਰ ਰਿਹਾ ਹੋਵੇ ਜਾਂ ਤੁਹਾਡੇ ਅਪਣੇ ਨਾਲ ਵਾਪਰ ਰਿਹਾ ਹੋਵੇ। 1984 ਵਿਚ ਸਿੱਖਾਂ ਨਾਲ ਜੋ ਕੁੱਝ ਸਾਰੇ ‘ਕਾਂਗਰਸੀ ਭਾਰਤ’ ਵਿਚ ਹੋਇਆ, ਉਹ ਹਿਟਲਰ ਦੇ ਜਰਮਨੀ ਵਿਚ ਯਹੂਦੀਆਂ ਨਾਲ ਹੋਏ ਜ਼ੁਲਮ ਨਾਲੋਂ ਘੱਟ ਨਹੀਂ ਸੀ ਪਰ ਯਹੂਦੀਆਂ ਉਤੇ ਹੋਏ ਜ਼ੁਲਮਾਂ ਬਾਰੇ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ, ਯੂ.ਐਨ.ਓ ਨੇ ਉਨ੍ਹਾਂ ਜ਼ੁਲਮਾਂ ਦੀ ਪੜਤਾਲ ਲਈ ਅੰਤਰ-ਰਾਸ਼ਟਰੀ ਕਮਿਸ਼ਨ ਵੀ ਕਾਇਮ ਕਰ ਦਿਤਾ (ਨਿਊਰਮਬਰਗ ਟਰਾਇਲਜ਼) ਅਤੇ ਯਹੂਦੀ ਲੇਖਕਾਂ, ਲੀਡਰਾਂ ਤੇ ਵਿਦਵਾਨਾਂ, ਅਮੀਰ ਦਾਨੀਆਂ ਨੇ ਵੀ ਇਸ ਦਰਦ ਦੀ ਆਵਾਜ਼ ਨੂੰ ਦੁਨੀਆਂ ਦੇ ਹਰ ਬਸ਼ਰ ਦੇ ਕੰਨਾਂ ਤਕ ਪਹੁੰਚਾਉਣ ਵਿਚ ਅਤੇ ਉਸ ਦੀਆਂ ਯਾਦਗਾਰਾਂ ਕਾਇਮ ਕਰਨ ਵਿਚ ਅਪਣਾ ਹਿੱਸਾ ਪੂਰੀ ਸਿਦਕ-ਦਿਲੀ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਪਾਇਆ।
Sikh
ਨਤੀਜਾ ਇਹ ਕਿ ਯਹੂਦੀਆਂ ਉਤੇ ਹੋਏ ਜ਼ੁਲਮ ਬਾਰੇ ਵਧੀਆ ਕਿਤਾਬਾਂ ਵੇਖਣੀਆਂ ਚਾਹੋ ਤਾਂ ਉਨ੍ਹਾਂ ਦਾ ਕੋਈ ਅੰਤ ਨਹੀਂ, ਫ਼ਿਲਮਾਂ ਵੇਖਣਾ ਚਾਹੋ ਤਾਂ ਉਨ੍ਹਾਂ ਦੀ ਕੋਈ ਕਮੀ ਨਹੀਂ, ਹਾਲੋਕਾਸਟ ਮਿਊਜ਼ੀਅਮ (ਯਹੂਦੀਆਂ ਵਿਰੁਧ ਹਿਟਲਰ ਦੇ ਜ਼ੁਲਮਾਂ ਨੂੰ ਵਿਖਾਉਣ ਵਾਲੇ) ਵੇਖਣਾ ਚਾਹੋ ਤਾਂ ਦੁਨੀਆਂ ਵਿਚ ਥਾਂ-ਥਾਂ ਮਿਲ ਜਾਣਗੇ ਹਾਲਾਂਕਿ ਉਨ੍ਹਾਂ ’ਚੋਂ ਕਈ ਥਾਵਾਂ ਉਤੇ ਯਹੂਦੀ 100-200 ਵੀ ਨਹੀਂ ਰਹਿੰਦੇ। ਯਹੂਦੀ, ਅਪਣੇ ਉਤੇ ਹੋਏ ਜ਼ੁਲਮਾਂ ਦੀ ਕਹਾਣੀ ਉਥੇ ਵੀ ਸੁਣਾਉਣਾ ਜਾਣਦੇ ਹਨ ਜਿਥੇ ਯਹੂਦੀ ਵਸੋਂ ਹੀ ਕੋਈ ਨਹੀਂ।
Sikh
ਏਧਰ 1984 ਦੇ ਸਿੱਖ ਕਤਲੇਆਮ ਦੀ ਗੱਲ ਕਰੀਏ ਤਾਂ ਇਥੇ ਨਾ ਲੇਖਕਾਂ ਦੀ ਕਲਮ ਹਿੱਲੀ, ਨਾ ਵਿਦਵਾਨਾਂ ਦੀ ਵਿਦਵਤਾ ਤੇ ਨਾ ਸਿੱਖ ਲੀਡਰਾਂ ਦੀ ਗੰਭੀਰਤਾ। ‘ਮਾਚਿਸ’ ਫ਼ਿਲਮ ਇਕ ਸਿੱਖ ਪ੍ਰੋਡੀਊਸਰ ਡਾਇਰੈਕਟਰ ਗੁਲਜ਼ਾਰ ਨੇ ਬਣਾਈ ਤੇ ਜ਼ੁਲਮ ਦੇ ਸਤਾਏ ਕੁਰਬਾਨੀ ਵਾਲੇ ਨੌਜੁਆਨਾਂ ਦਾ ਇਕ ਪੱਖ ਵਿਖਾਇਆ ਜਿਸ ਨੂੰ ਅੱਜ ਤਕ ਯਾਦ ਕੀਤਾ ਜਾਂਦਾ ਹੈ---- ਬਾਕੀ ਕਿਸੇ ਨੇ ਕੋਈ ਯਾਦਗਾਰੀ ਤੇ ਇਤਿਹਾਸਕ ਜਾਂ ਸਦਾ ਦੁਨੀਆਂ ਦਾ ਧਿਆਨ ਸਿੱਖ ਨਸਲਕੁਸ਼ੀ ਵਲ ਖਿਚਦੇ ਰਹਿਣ ਵਾਲਾ ਕੋਈ ਕੰਮ ਕੀਤਾ ਹੋਵੇ ਤਾਂ ਮੈਨੂੰ ਨਹੀਂ ਪਤਾ। ਇਥੇ ਤਾਂ ਅਕਾਲੀ ਜਦ ਹਾਕਮ ਬਣ ਕੇ ਰਾਜਗੱਦੀ ਉਤੇ ਵੀ ਬੈਠ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਇਕ ‘ਟਰੁਥ ਕਮਿਸ਼ਨ’ ਬਣਾ ਕੇ ਸੱਚ ਦਾ ਪਤਾ ਹੀ ਦੁਨੀਆਂ ਨੂੰ ਲੱਗ ਲੈਣ ਦਿਉ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਛੱਡੋ ਜੀ, ਹੁਣ ਪਿਛਲੇ ਰੋਣੇ ਹੀ ਰੋਂਦੇ ਰਹੀਏ ਕਿ....?’’ ਵਿਦਵਾਨਾਂ ਦੀ ਗੱਲ ਤਾਂ ਨਾ ਹੀ ਕਰੀਏ ਤਾਂ ਚੰਗਾ ਰਹੇਗਾ।
Taran Gujral
ਬਹੁਤ ਡਰਪੋਕ ਹਨ ਤੇ ਕੌਮੀ ਜ਼ੁੰਮੇਵਾਰੀ ਤੋਂ ਦੂਰ ਹੱਟ ਚੁੱਕੇ ਹਨ ਸਾਡੇ ਵਿਦਵਾਨ। ਲੇਖਕਾਂ ਦੀ ਕਰੀਏ ਤਾਂ ਪੰਜਾਬੀ ਲੇਖਕ ਸਭਾਵਾਂ ਜਦੋਂ ਤੋਂ ਰੂਸੀ ਅੰਬੈਸੀ ਦੇ ਯਤਨਾਂ ਸਦਕਾ ‘ਕਾਮਰੇਡੀ’ ਰੰਗ ਵਿਚ ਰੰਗੀਆਂ ਗਈਆਂ, ਉਦੋਂ ਤੋਂ ਪੰਜਾਬੀ ਲੇਖਕਾਂ ਨੂੰ ਅਪਣੇ ਸਾਹਮਣੇ ਹੁੰਦਾ ਕੋਈ ਵੱਡੇ ਤੋਂ ਵੱਡਾ ਜ਼ੁਲਮ ਤਦ ਤਕ ਨਜ਼ਰ ਹੀ ਨਹੀਂ ਆਉਂਦਾ ਜਦ ਤਕ ਜ਼ੁਲਮ ਸਹਿਣ ਵਾਲਾ ‘ਪੱਕਾ ਕਾਮਰੇਡ’ ਨਾ ਹੋਵੇ। 1984 ਦੇ ਸਾਕੇ ਨੂੰ ਲੈ ਕੇ ਮੰਨੇ ਪ੍ਰਮੰਨੇ ਕਾਮਰੇਡ ਲੇਖਕਾਂ ਨੇ ਸਿੱਖਾਂ ਦਾ ਹੀ ਮਜ਼ਾਕ ਉਡਾਇਆ। ਇਕ ਕਾਮਰੇਡ ਦੀ ਗੱਲ ਨਹੀਂ, ਇਕ ਅੱਧ ਨੂੰ ਛੱਡ ਕੇ, ਸਾਰੇ ਹੀ ਕਾਮਰੇਡ ਲੇਖਕ ਇਸ ਮਾਮਲੇ ਵਿਚ ਦਿੱਲੀ ਦੇ ਹਾਕਮਾਂ ਨਾਲੋਂ ਵੀ ਕੌੜੀ ਤੇ ਦਿਲ-ਦੁਖਾਵੀਂ ਬੋਲੀ ਬੋਲਦੇ ਸਨ। ਉਨ੍ਹਾਂ ਨੇ ਲਿਖਣਾ ਕੀ ਸੀ?
ਇਨ੍ਹਾਂ ਹਾਲਾਤ ਵਿਚ ਕਾਨਪੁਰ ਦੀ ਪੰਜਾਬੀ ਲੇਖਕਾ ਤਾਰਨ ਗੁਜਰਾਲ ਨੇ ਜਦ ਸਾਡੇ ਸਾਹਮਣੇ ਕਾਨਪੁਰ ਵਿਚ ਸਿੱਖਾਂ ਦੇ ਹੋਏ ਕਤਲੇਆਮ ਦੀ ਆਤਮ-ਕਥਾ ਵਰਗੀ ਡਾਇਰੀ ਦਾ ਖਰੜਾ ਲਿਆ ਰਖਿਆ ਤਾਂ ਮੈਂ ਕਿਹਾ, ਇਸ ਨੂੰ ਤੁਰਤ ਛਾਪ ਦਿਉ। ਅਸੀ ਉਸ ਨੂੰ ਕਿਤਾਬੀ ਰੂਪ ਵਿਚ ਵੀ ਛਾਪਿਆ ਤੇ ਰੋਜ਼ਾਨਾ ਸਪੋਕਸਮੈਨ ਵਿਚ ਵੀ ਕਿਸ਼ਤਾਂ ਵਿਚ ਛਾਪਿਆ। ਪਹਿਲੀ ਵਾਰ ਪਤਾ ਲੱਗਾ ਕਿ ਪੰਜਾਬੀ ਦੇ ਕਿਸੇ ਲੇਖਕ ਨੇ ਉਹ ਦਰਦ ਮਹਿਸੂਸ ਕੀਤਾ ਸੀ ਜੋ ਬਾਕੀ ਦਾ ਸਿੱਖ ਜਗਤ ਵੀ ਮਹਿਸੂਸ ਕਰ ਰਿਹਾ ਸੀ। ਜਿਨ੍ਹਾਂ ਨੇ ਕਿਤਾਬ ਨਹੀਂ ਪੜ੍ਹੀ, ਉਹ ਪੜ੍ਹ ਕੇ ਵੇਖਣ, ਐਨੇ ਫ਼ਰੈਂਕ ਵਾਂਗ ਹੀ ਤਾਰਨ ਗੁਜਰਾਲ ਵੀ ਤੜਪਦੀ, ਚੀਕਾਂ ਮਾਰਦੀ, ਸਿਸਕੀਆਂ ਲੈਂਦੀ ਤੇ ਮਾਂ ਦੀ ਮਮਤਾ ਵਾਲੇ ਅਥਰੂ ਉਨ੍ਹਾਂ ਲਾਸ਼ਾਂ ਉਤੇ ਕੇਰਦੀ ਦਿਸਦੀ ਹੈ ਜਿਨ੍ਹਾਂ ਨੂੰ ਉਹ ਜਾਣਦੀ ਵੀ ਨਹੀਂ ਸੀ। ਦੁੱਖਾਂ ਦੀ ਏਨੀ ਵੱਡੀ ਪੰਡ ਚੁੱਕੀ, ਉਹ ਕਾਨਪੁਰ ਤੋਂ ਮੋਹਾਲੀ ਆ ਗਈ ਪਰ ਇਥੇ ਆ ਕੇ ਉਹ ਹੋਰ ਵੀ ਉਦਾਸ ਹੋ ਗਈ। ਸਿੱਖਾਂ ਵਿਚ ਤਾਂ ‘ਜਾਨ’ ਹੀ ਕੋਈ ਨਹੀਂ ਸੀ ਰਹਿ ਗਈ।
ਜਸਟਿਸ ਕੁਲਦੀਪ ਸਿੰਘ ਨੇ ਘਰੋਂ ਚੁੱਕ ਕੇ ‘ਲਾਪਤਾ’ ਕਹਿ ਕੇ ਮਾਰ ਦਿਤੇ ਗਏ ਨੌਜੁਆਨਾਂ ਦੇ ਮਾਮਲਿਆਂ ਦਾ ਸੱਚ ਘੋਖਣ ਲਈ ਤਿੰਨ ਜੱਜਾਂ ਦਾ ਪ੍ਰਾਈਵੇਟ ਕਮਿਸ਼ਨ ਬਣਾਇਆ (ਭਾਰਤ ਵਿਚ ਕਈ ਅਜਿਹੇ ਪ੍ਰਾਈਵੇਟ ਕਮਿਸ਼ਨ ਬਣਦੇ ਰਹੇ ਹਨ) ਪਰ ‘ਅਕਾਲੀ’ ਸਰਕਾਰ ਨੇ ਹਾਈ ਕੋਰਟ ਜਾ ਕੇ ਉਸ ਉਤੇ ਪਾਬੰਦੀ ਲਵਾ ਦਿਤੀ। ਯਹੂਦੀਆਂ ਨੇ ਅੰਤਰਰਾਸ਼ਟਰੀ ਕਮਿਸ਼ਨ ਕਾਇਮ ਕਰਵਾਇਆ ਤੇ ਇਥੇ ਸਿੱਖਾਂ ਦੇ ਲੀਡਰ, ਸੁਪ੍ਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਮਿਹਨਤ ਅਤੇ ਹਿੰਮਤ ਨਾਲ ਬਣੇ ਕਮਿਸ਼ਨ ਉਤੇ ਪਾਬੰਦੀ ਲਵਾਉਣ ਲਈ ਉਥੋਂ ਤਕ ਗਏ ਜਿਥੇ ਕੋਈ ਦੁਸ਼ਮਣ ਹੀ ਜਾ ਸਕਦਾ ਹੈ।
ਤਾਰਨ ਗੁਜਰਾਲ ਨੂੰ ਖ਼ੁਸ਼ੀ ਹੋਈ ਕਿ ਸਪੋਕਸਮੈਨ ਦੇ ਰੂਪ ਵਿਚ, ਸੱਚ ਦੇ ਹੱਕ ਵਿਚ, ਹਾਅ ਦਾ ਨਾਹਰਾ ਮਾਰਨ ਵਾਲਾ ਇਕ ਅਦਾਰਾ ਤਾਂ ਮੌਜੂਦ ਹੈ, ਬਾਕੀ ਤਾਂ ਸੱਭ ਸਰਕਾਰੀ ਐਨਕਾਂ ’ਚੋਂ ਵੇਖ ਕੇ ਲਿਖਣ ਵਾਲੇ ਹੀ ਸਨ। ਅਸੀ ਆਪ ਆਰਥਕ ਤੰਗੀ ਦਾ ਸ਼ਿਕਾਰ ਚੱਲ ਰਹੇ ਸੀ ਪਰ ਤਾਰਨ ਗੁਜਰਾਲ ਦੀ ਪੁਸਤਕ ਅਸੀ ਵੱਧ ਤੋਂ ਵੱਧ ਹੱਥਾਂ ਤਕ ਪਹੁੰਚਾਉਣ ਦਾ ਯਤਨ ਕੀਤਾ। ਮੈਂ ਸੱਚੇ ਦਿਲੋਂ ਚਾਹੁੰਦਾ ਸੀ ਕਿ ‘ਰੱਤ ਕਾ ਕੁੰਗੂ’ ਦੀ ਲੇਖਕਾ ਨੂੰ ਉਹੀ ਸਨਮਾਨ ਮਿਲਣਾ ਚਾਹੀਦਾ ਸੀ, ਜੋ ਯਹੂਦੀਆਂ ਨੇ ਐਨੇ ਫ਼ਰੈਂਕ ਨੂੰ ਦਿਤਾ ਸੀ। ਜੇ ‘ਉੱਚਾ ਦਰ’ ਚਾਲੂ ਹੋ ਗਿਆ ਹੁੰਦਾ ਤਾਂ ਅਸੀ ਜ਼ਰੂਰ ਸਨਮਾਨ ਕਰਨਾ ਸੀ ਜਿਵੇਂ ਅਮੀਨ ਮਲਿਕ ਨੂੰ ਪਹਿਲੀ ਵਾਰ 50 ਹਜ਼ਾਰ ਰੁਪਏ ਦੇ ਕੇ 30-35 ਹਜ਼ਾਰ ਪਾਠਕਾਂ ਦੇ ਵੱਡੇ ਇਕੱਠ ਸਾਹਮਣੇ ਸਨਮਾਨਤ ਕੀਤਾ ਸੀ। ਪਰ ਅਮੀਨ ਮਲਿਕ ਦੇ ਮੁਕਾਬਲੇ, ਤਾਰਨ ਗੁਜਰਾਲ ਦਾ ਕੰਮ ਤਾਂ ਬਹੁਤ ਵੱਡਾ ਤੇ ਇਤਿਹਾਸਕ ਕਾਰਜ ਹੈ।
ਇਸ ਦਾ ਸਨਮਾਨ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਚੀਫ਼ ਖ਼ਾਲਸਾ ਦੀਵਾਨ ਤੇ ਹੋਰ ਪੰਥਕ ਸੰਸਥਾਵਾਂ ਨੂੰ ਰਲ ਕੇ ਕਰਨਾ ਚਾਹੀਦਾ ਸੀ। ਹੁਣ ਵੀ ਮਰਨ ਉਪ੍ਰੰਤ ਇਹ ਸਨਮਾਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਕਿਤਾਬ ਨਵੰਬਰ, 84 ਦੇ ਹਾਲਾਤ ਐਨ ਉਸ ਤਰ੍ਹਾਂ ਹੀ ਬਿਆਨ ਕਰਦੀ ਹੈ ਜਿਵੇਂ ‘ਡਾਇਰੀ ਆਫ਼ ਐਨੇ ਫ਼ਰੈਂਕ’ ਨੇ ਹਿਟਲਰ ਵੇਲੇ ਦੇ ਹਾਲਾਤ ਬਿਆਨ ਕੀਤੇ ਸਨ। ਜੇ ਜੂਨ 84 ਬਾਰੇ ਵੀ ਇਸੇ ਪਾਏ ਦੀ ਕੋਈ ਕਿਤਾਬ ਕਿਸੇ ਨੇ ਲਿਖੀ ਹੋਵੇ ਤੇ ਮੇਰੀ ਨਜ਼ਰ ਵਿਚ ਨਾ ਆਈ ਹੋਵੇ ਤਾਂ ਉਸ ਦੇ ਲੇਖਕ ਨੂੰ ਵੀ ਇਸੇ ਤਰ੍ਹਾਂ ਸਨਮਾਨਤ ਕੀਤਾ ਜਾਣਾ ਚਾਹੀਦੈ। ਸਿੱਖਾਂ ਨੇ ਜ਼ੁਲਮ ਸਹਿਣ ਦੇ ਰੀਕਾਰਡ ਬਣਾਏ ਹੋਏ ਹਨ ਪਰ ਜ਼ੁਲਮਾਂ ਦੀ ਪ੍ਰਤੱਖ ਦਰਸ਼ੀ ਕਹਾਣੀ ਜਾਂ ਡਾਇਰੀ ਆਪ ਕਦੇ ਨਹੀਂ ਲਿਖੀ। ਨਤੀਜਾ ਸਾਡੇ ਸਾਹਮਣੇ ਹੈ ਕਿ ਸਾਰੇ ਘਲੂਘਾਰਿਆਂ ਦਾ ਜਿਹੜਾ ਅੰਤਰ-ਰਾਸ਼ਟਰੀ ਮਿਊਜ਼ੀਅਮ ਨਿਊਰਮਬਰਗ ਵਿਚ ਸਥਾਪਤ ਹੈ, ਉਸ ਵਿਚ ਹੋਰ ਸਾਰੇ ਕਤਲੇਆਮਾਂ ਦਾ ਪੂਰਾ ਵਿਸਥਾਰ ਮਿਲਦਾ ਹੈ ਪਰ 1984 ਦਾ ਜ਼ਿਕਰ ਵੀ ਨਹੀਂ ਮਿਲਦਾ। ਕਾਫ਼ੀ ਸਮਾਂ ਪਹਿਲਾਂ ਡਾ. ਹਰਸ਼ਿੰਦਰ ਕੌਰ ਨੇ ਉਥੇ ਜਾ ਕੇ ਇਹ ਨੋਟ ਕੀਤਾ ਸੀ ਤੇ ‘ਸਪੋਕਸਮੈਨ’ ਵਿਚ ਲਿਖਿਆ ਵੀ ਸੀ ਪਰ ਪੰਥਕ ‘ਜਥੇਬੰਦੀਆਂ’ ਗੋਲਕ ਤੋਂ ਅੱਗੇ ਪਿੱਛੇ ਕੁੱਝ ਵੇਖ ਹੀ ਨਹੀਂ ਸਕਦੀਆਂ ਤੇ ਇਸ ਬਾਰੇ ਵੀ ਕਿਸੇ ਜਥੇਬੰਦੀ ਨੇ ਕੋਈ ਚੀਚੀ ਉਂਗਲੀ ਹਿਲਾਈ ਹੋਵੇ ਤਾਂ ਮੇਰੇ ਲਈ ਵੱਡੀ ਖ਼ਬਰ ਹੋਵੇਗੀ।
ਤਾਰਨ ਗੁਜਰਾਲ ਇਸ ਹਫ਼ਤੇ ਆਖ਼ਰੀ ਫ਼ਤਿਹ ਬੁਲਾ ਗਈ ਹੈ ਪਰ ਜੋ ਕੰਮ ਉਸ ਨੇ ਕੀਤਾ ਹੈ ਤੇ ਜਿਸ ਈਮਾਨਦਾਰੀ ਨਾਲ ਕੀਤਾ ਹੈ, ਉਸ ਦੀ ਕਦਰ ਜ਼ਰੂਰ ਕਰਨੀ ਚਾਹੀਦੀ ਹੈ ਤੇ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ। ਅਸੀ ਤਾਂ ਅਜੇ ਤਕ ‘ਚਮਚਿਆਂ’ ਦੀ ਕਦਰ ਕਰਨ ਦੀ ਰੀਤ ਹੀ ਚਲਾਈ ਹੈ, ਜਸਟਿਸ ਕੁਲਦੀਪ ਸਿੰਘ ਤੇ ਤਾਰਨ ਗੁਜਰਾਲ ਵਰਗੇ ਇਸ ਸੂਚੀ ਵਿਚ ਕਿਵੇਂ ਆ ਸਕਦੇ ਹਨ?
‘ਉੱਚਾ ਦਰ ਬਾਬੇ ਨਾਨਕ ਦਾ’ ਬਾਰੇ
ਉੱਚਾ ਦਰ ਮੁਕੰਮਲ ਹੋ ਚੁੱਕਾ ਹੈ ਤੇ ਮੇਰੇ ਕਲੇਜੇ ਵਿਚੋਂ ਇਹ ਵੇਖ ਕੇ ਡਾਢੀ ਚੀਸ ਉਠਦੀ ਹੈ ਕਿ ਜੇ ਇਹ ਸਚਮੁਚ ਹੀ ‘ਰੋਜ਼ਾਨਾ ਸਪੋਕਸਮੈਨ’ ਤੇ ਉਸ ਦੇ ਪਾਠਕਾਂ ਵਲੋਂ ਕੌਮ ਨੂੰ ਦਿਤਾ ਜਾ ਰਿਹਾ ਤੋਹਫ਼ਾ ਹੈ ਤਾਂ ਸਪੋਕਸਮੈਨ ਨੇ 100 ਕਰੋੜ ਦੇ ਇਸ ਤੋਹਫ਼ੇ ਦਾ 80 ਫ਼ੀ ਸਦੀ ਭਾਰ ਆਪ ਚੁਕ ਵਿਖਾਇਆ ਹੈ (ਸਰਕਾਰ ਨਾਲ ਲੜਨ ਦੇ ਭੀਆਵਲੇ ਦਿਨਾਂ ਵਿਚ ਵੀ) ਤਾਂ ਜੇ ਸਪੋਕਸਮੈਨ ਦੇ ਲੱਖਾਂ ਪਾਠਕ ਇਸ ਨੂੰ ਚਾਲੂ ਕਰਨ ਖ਼ਾਤਰ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਵੀ ਅਪਣੇ ਉਤੇ ਨਹੀਂ ਲੈ ਸਕਦੇ ਤਾਂ ਕਿਸੇ ਦੁਸ਼ਮਣ ਨੂੰ ਵੀ ਪੁਛ ਕੇ ਵੇਖ ਲਉ, ਉਹ ਇਹੀ ਆਖੇਗਾ ਕਿ ਇਕੱਲੇ ਜੋਗਿੰਦਰ ਸਿੰਘ ਨੂੰ ਹੀ ਇਸ ਵਿਚ ਦਿਲਚਸਪੀ ਹੈ ਜਾਂ 100-50 ਹੋਰ ਸਿੰਖਾਂ ਨੁੰ ਪਰ ਸਿੱਖ ਕੌਮ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ, ਨਾ ਸਪੋਕਸਮੈਨ ਦੇ ਪਾਠਕਾਂ ਨੂੰ ਹੀ ਹੈ।
ਹਾਂ, ਇਹ ਗੱਲ ਮੈਨੂੰ ਆਖੀ ਵੀ ਜਾਂਦੀ ਹੈ। ਜਿਹੜਾ ਕੋਈ ਥੋੜੀ ਮਦਦ ਦੇਂਦਾ ਵੀ ਹੈ, ਉਹ ਅਹਿਸਾਨ ਕਰ ਕੇ ਦੇਂਦਾ ਹੈ ਤੇ ਦੁਬਾਰਾ ਦੇਣ ਲਈ ਕਹੀਏ ਤਾਂ ਨਿਰਾਦਰ ਕਰਨ ਤੋਂ ਵੀ ਨਹੀਂ ਝਿਜਕਦਾ। ਅਜਿਹੇ 10 ਬੰਦੇ ਵੀ ਨਹੀਂ ਮਿਲਦੇ ਜੋ ਆਖਣ ਕਿ ਇਹ ਕੌਮੀ ਜਾਇਦਾਦ ਹੈ ਤੇ ਅਸੀ 5 ਕਰੋੜ ਇਕੱਠਾ ਕਰਨ ਦੀ ਜ਼ਿੰਮੇਵਾਰੀ ਅਪਣੇ ਉਤੇ ਲੈਂਦੇ ਹਾਂ। ਵਿਚੋਂ ਗੱਲ ਰਹਿ ਕਿੰਨੀ ਗਈ ਹੈ? 60 ਲੱਖ ਆ ਗਿਆ ਹੈ। ਬਾਕੀ ਚਾਰ ਕਰੋੜ ਹੀ ਮੰਨ ਲਉ। 50-50 ਹਜ਼ਾਰ ਦੇਣ ਵਾਲੇ 800 ਪਾਠਕ ਵੀ ਨਹੀਂ ਨਿੱਤਰ ਸਕਦੇ (ਭਾਵੇਂ ਉਧਾਰਾ ਹੀ ਦੇਣ) ਜਿਸ ਨਾਲ ਬਣ ਚੁੱਕਾ ‘ਉੱਚਾ ਦਰ’ ਚਾਲੂ ਹੋ ਜਾਏ? ਜੇ ਨਹੀਂ ਤਾਂ ਫਿਰ ਤਾਂ ਸਚਮੁਚ ਮੈਂ ਕੌਮ ਦੀ ਲੋੜ ਨੂੰ ਸਮਝਣ ਵਿਚ ਬੜੀ ਗ਼ਲਤੀ ਖਾ ਗਿਆ। ਕੌਮ ਤਾਂ ਲੁੱਟਣ ਵਾਲੇ ਤੇ ਸਿੱਖੀ ਨੂੰ ਬ੍ਰਾਹਮਣੀ ਸਮੁੰਦਰ ਵਿਚ ਸੁੱਟਣ ਵਾਲੇ ਡੇਰਿਆਂ, ਦਵਾਰਿਆਂ ਨਾਲ ਸੰਤੁਸ਼ਟ ਹੈ ਤਾਂ ਮੇਰੇ ਵਰਗਾ ਕਿਉਂ ਅਪਣੀ ਜ਼ਿੰਦਗੀ ਖ਼ਰਾਬ ਕਰਦਾ ਆ ਰਿਹਾ ਹੈ? ਹੁਣ ਹੋਰ ਅਪੀਲਾਂ ਕਰ ਕੇ ਖ਼ਵਾਰ ਹੋਣ ਦੀ ਤਾਕਤ ਨਹੀਂ ਰਹੀ। ਪਰ ਟਰੱਸਟੀ ਵੀ ਇਕ ਆਖਰੀ ਅਪੀਲ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਵੀ ਇਕ ਅਪੀਲ ਪੜ੍ਹ ਲਉ ਜੋ ਸਫ਼ਾ 7 ਤੇ ਛਪੀ ਹੈ। ਜੋਗਿੰਦਰ ਸਿੰਘ