
ਬੋਰਡ ਦੇ ਕਰਤਾ ਧਰਤਾ ਜਦ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਸ਼ਿਕਾਇਤ ਕੁੱੱਝ ਮਹੀਨੇ ਪਹਿਲਾਂ ਹੀ ਮਿਲੀ ਸੀ ਤੇ ਉਹਨਾਂ ਪੜਤਾਲ ਕਰਨ ਦੇ ਹੁਕਮ ਦਿਤੇ ਹੋਏ ਹਨ.....
ਪੰਜਾਬ ਸਕੂਲ ਸਿਖਿਆ ਬੋਰਡ ਵਿਚ 12ਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਇਤਿਹਾਸ ਦੀ ਕਿਤਾਬ ਵਿਚ ਸਿੱਖ ਧਰਮ ਬਾਰੇ ਕੁੱਝ ਬੇ-ਸਿਰ ਪੈਰ ਦੀਆਂ ਯਭਲੀਆਂ ਮਾਰੇ ਜਾਣ ਦੀ ਰੀਪੋਰਟ ਪੜ੍ਹ ਕੇ ਮੈਨੂੰ ਯਕੀਨ ਹੀ ਨਾ ਆਵੇ ਕਿ ਇਹ ਗੱਲਾਂ ਪੰਜਾਬ ਦੇ ਕਿਸੇ ਸਰਕਾਰੀ ਮਹਿਕਮੇ ਵਲੋਂ ਪ੍ਰਵਾਨਤ ਕਿਤਾਬ ਵਿਚ ਦਰਜ ਹਨ। ਬੋਰਡ ਦੇ ਕਰਤਾ ਧਰਤਾ ਜਦ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਸ਼ਿਕਾਇਤ ਕੁੱੱਝ ਮਹੀਨੇ ਪਹਿਲਾਂ ਹੀ ਮਿਲੀ ਸੀ ਤੇ ਉਹਨਾਂ ਪੜਤਾਲ ਕਰਨ ਦੇ ਹੁਕਮ ਦਿਤੇ ਹੋਏ ਹਨ ਤਾਂ ਹੋਰ ਵੀ ਗੁੱਸਾ ਆਉਣ ਲਗਦਾ ਹੈ।
PSEB
ਕੀ ਉਨ੍ਹਾਂ ਦਾ ਅਪਣਾ ਫ਼ਰਜ਼ ਨਹੀਂ ਬਣਦਾ ਕਿ ਸਕੂਲਾਂ ਵਿਚ ਭੇਜਣ ਤੋਂ ਪਹਿਲਾਂ ਆਪ ਤਸੱਲੀ ਕਰ ਲੈਣ ਕਿ ਸਰਕਾਰੀ ਪ੍ਰਵਾਨਗੀ ਵਾਲੀ ਪੁਸਤਕ ਵਿਚ ਕਿਸੇ ਨੂੰ ਚੁੱਭਣ ਵਾਲੀ ਕੋਈ ਗੱਲ ਨਹੀਂ ਜਾਂ ਕੀ ਇਹ ਕਿਤਾਬ ਕਿਸੇ ਧਰਮ ਦੀ ਨਿਰਾਦਰੀ ਤਾਂ ਨਹੀਂ ਕਰਦੀ? ਸ਼ਿਕਾਇਤ ਮਿਲਣ ’ਤੇ ਵੀ ਉਹ ‘ਜ਼ਿੰਮੇਵਾਰੀ’ ਨਿਸ਼ਚਿਤ ਕਰ ਕੇ ਚਾਰ ਬੰਦਿਆਂ ਨੂੰ ਵਿਭਾਗੀ ਸਜ਼ਾ ਦੇਣ ਨੂੰ ਹੀ ਅਪਣੀ ਜ਼ਿੰਮੇਵਾਰੀ ਦਸਦੇ ਹਨ ਤੇ ਕਿਸੇ ਧਰਮ ਦੀ ਨਿਰਾਦਰੀ ਨੂੰ ਤੁਰਤ ਰੋਕਣ ਦੀ ਉਦੋਂ ਤਕ ਕੋਈ ਲੋੜ ਨਹੀਂ ਸਮਝਦੇ ਜਦ ਤਕ ਦੰਗੇ ਫ਼ਸਾਦ ਨਾ ਹੋ ਜਾਣ।
ਹਰ ਧਰਮ ਬਾਰੇ, ਹਰ ਦੇਸ਼ ਬਾਰੇ ਤੇ ਹਰ ਮਹਾਂਪੁਰਸ਼ ਬਾਰੇ ‘ਵਿਰੋਧੀ ਟਿਪਣੀਆਂ’ ਪੜ੍ਹਨ ਨੂੰ ਕਿਤੇ ਨਾ ਕਿਤੇ ਮਿਲ ਹੀ ਜਾਂਦੀਆਂ ਹਨ (ਕਈ ਬਿਲਕੁਲ ਸੱਚੀਆਂ ਵੀ ਹੁੰਦੀਆਂ ਹਨ) ਪਰ ਕੋਈ ਮੂਰਖ ਹੀ ਹੋਵੇਗਾ ਜੋ ਇਨ੍ਹਾਂ ਦੀ ਵਰਤੋਂ ਸਕੂਲੀ ਬੱਚਿਆਂ ਦੀ ਪੜ੍ਹਾਈ ਵਿਚ ਦਾਖ਼ਲ ਕਰਨ ਦੀ ਸੋਚੇ। ਜੇ ਇਸ ਪੁਸਤਕ ਦੇ ਲੇਖਕ ਏਨੇ ਹੀ ਵਿਦਵਾਨ, ਖੋਜੀ ਤੇ ਬਹਾਦਰ ਹਨ ਤਾਂ ਬੱਚਿਆਂ ਦੀ ਆੜ ਵਿਚ ਛੁੱਪ ਕੇ ਵਾਰ ਕਰਨ ਦੀ ਬਜਾਏ, ਅਪਣੀ ਖੋਜ ਨੂੰ ਗੰਭੀਰ ਹੋ ਕੇ ਪੁਸਤਕ ਰੂਪ ਵਿਚ ਲੋਕਾਂ ਲਈ ਲਿਖਣ। ਬੱਚਿਆਂ ਅੱਗੇ ਤਾਂ ਉਹੀ ਕੁੱਝ ਪ੍ਰੋਸਿਆ ਜਾਂਦਾ ਹੈ ਜੋ ਬਿਲਕੁਲ ਨਿਰ-ਵਿਵਾਦ ਹੋਵੇ ਤੇ ਧਰਮਾਂ ਬਾਰੇ ਮੁਢਲੀ ਜਾਣਕਾਰੀ ਹੋਵੇ ਜੋ ਉਨ੍ਹਾਂ ਨੂੰ ਧਰਮ ਅਤੇ ਇਤਿਹਾਸ ਬਾਰੇ ਹੋਰ ਪੜ੍ਹਨ ਲਈ ਪ੍ਰੇਰਿਤ ਕਰੇ।
Schools
ਉਨ੍ਹਾਂ ਨੂੰ ਛੋਟੀ ਉਮਰੇ ਸ਼ੰਕਿਆਂ ਦੀ ਬੰਦ ਗਲੀ ਵਿਚ ਵਾੜ ਕੇ, ਵਾਦ-ਵਿਵਾਦ ਦੇ ਅੰਨ੍ਹੇ ਖੂਹ ਵਿਚ ਸੁਟਣਾ, ਉਨ੍ਹਾਂ ਨੂੰ ਹਨੇਰੇ ਅਤੇ ਤੁਅਸਬ ਦੇ ਪੈਰੋਕਾਰ ਬਣਾ ਦੇਣ ਵਾਲੀ ਮਾੜੀ ਹਰਕਤ ਹੈ। ਇਸ ਕਿਤਾਬ ਨੂੰ ਪੜ੍ਹ ਕੇ ਕਈ ਗ਼ੈਰ-ਸਿੱਖ ਬੱਚਿਆਂ ਨੇ ਸਿੱਖ ਸਾਥੀਆਂ ਨੂੰ ਮਜ਼ਾਕ ਨਾਲ ਛੇੜਨਾ ਵੀ ਸ਼ੁਰੂ ਕਰ ਦਿਤਾ ਹੋਵੇਗਾ...।
ਬਹੁਤ ਹੀ ਗੰਦੀ ਸੋਚ ਨਜ਼ਰ ਆਉਂਦੀ ਹੈ, ਪੁਸਤਕ ਲਿਖਣ ਵਾਲਿਆਂ ਦੀ। ਇਕ ਧਰਮ ਨੂੰ ਨਿਸ਼ਾਨਾ ਬਣਾਉਣ ਦੀ ਥਾਂ, ਕੀ ਉਨ੍ਹਾਂ ਨੇ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਬਾਰੇ ਲਿਖਣਾ ਵੀ ਜ਼ਰੂਰੀ ਸਮਝਿਆ ਹੈ ਕਿ ਉਹ ‘ਅਤਿਵਾਦੀ’ ਸਨ, ਇਸੇ ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਸ਼ਹੀਦ’ ਨਹੀਂ ਐਲਾਨਿਆ? ਇਹ ਹੈ ਤਾਂ ਸੱਚ ਪਰ ਕੀ ਇਸ ਨੂੰ ਸਕੂਲੀ ਕਿਤਾਬਾਂ ਵਿਚ ਦੁਹਰਾਇਆ ਜਾਣਾ ਕੋਈ ਬਰਦਾਸ਼ਤ ਕਰੇਗਾ?
Supreme Court
ਇਸੇ ਤਰ੍ਹਾਂ ਬੇਸ਼ੱਕ ਇਹ ਵੀ ਸੱਚ ਤਾਂ ਹੈ ਕਿ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਸੁਪ੍ਰੀਮ ਕੋਰਟ ਵਿਚ ਇਹ ਹਲਫ਼ੀਆ ਬਿਆਨ ਦਾਖ਼ਲ ਕੀਤਾ ਸੀ ਕਿ ਭਗਵਾਨ ਰਾਮ ਨਾਂ ਦਾ ਕੋਈ ਰਾਜਾ ਤਾਂ ਇਤਿਹਾਸ ਵਿਚ ਹੋਇਆ ਹੀ ਨਹੀਂ (ਭਾਰੀ ਜਨਤਕ ਵਿਰੋਧ ਮਗਰੋਂ ਇਹ ਵਾਪਸ ਲੈ ਲਿਆ ਗਿਆ) ਪਰ ਰਾਮ-ਭਗਤਾਂ ਦਾ ਮਨ ਦੁਖਾਉਣ ਵਾਲੀ ਸੂਚਨਾ ਨੂੰ ਸਕੂਲੀ ਕਿਤਾਬਾਂ ਵਿਚ ਦਰਜ ਕਰਨਾ ਵੱਡਾ ਪਾਪ ਹੀ ਹੋਵੇਗਾ ਜਿਵੇਂ ਹੁਣ ਗੁਰੂਆਂ, ਸਿੱਖ ਧਰਮ ਅਤੇ ਬੰਦਾ ਸਿੰਘ ਬਾਰੇ ਲਿਖ ਕੇ ਕੀਤਾ ਗਿਆ ਹੈ।
ਅਸੀ ਹਰ ਧਰਮ, ਹਰ ਦੇਸ਼, ਹਰ ਮਹਾਂਪੁਰਸ਼ ਬਾਰੇ ਅਜਿਹੀਆਂ ਟਿਪਣੀਆਂ ਕਿਤੇ ਨਾ ਕਿਤੇ ਲੱਭ ਕੇ ਪੜ੍ਹ ਸਕਦੇ ਹਾਂ ਜਿਨ੍ਹਾਂ ’ਚੋਂ ਕਈ ਬਿਲਕੁਲ ਸਹੀ ਵੀ ਹੁੰਦੀਆਂ ਹਨ ਪਰ ਸਕੂਲੀ ਕਿਤਾਬਾਂ ਵਿਚ ਉਨ੍ਹਾਂ ਦਾ ਜ਼ਿਕਰ ਕਰਨਾ ਪਰਲੇ ਦਰਜੇ ਦੀ ਮੂਰਖਤਾ ਹੀ ਸਮਝੀ ਜਾਏਗੀ। ਜੋ ਕੋਈ ਇਨ੍ਹਾਂ ਟਿਪਣੀਆਂ ਨੂੰ ਲੈ ਕੇ ‘ਖੋਜੀ’ ਬਣਨਾ ਚਾਹੁੰਦਾ ਹੈ, ਉਹ ਖੁਲ੍ਹ ਕੇ ਮੈਦਾਨ ਵਿਚ ਆਵੇ, ਅਪਣੀ ਕਿਤਾਬ ਲਿਖੇ, ਆਪ ਛਪਵਾਵੇ ਤੇ ਬਾਜ਼ਾਰ ਵਿਚ ਭੇਜੇ ਪਰ ਸਕੂਲੀ ਪੁਸਤਕ ਰਾਹੀਂ ਬੱਚਿਆਂ ਦੇ ਦਿਮਾਗ਼ਾਂ ਵਿਚ ਇਕ ਧਰਮ ਵਿਰੁਧ ਨਫ਼ਰਤ ਜਾਂ ਭਰਮ ਭੁਲੇਖੇ ਤਾਂ ਨਾ ਪੈਦਾ ਕਰੇ।
Muslim Woman
ਜੋ ਰੀਪੋਰਟ ਮੈਂ ਪੜ੍ਹੀ ਹੈ, ਉਸ ਅਨੁਸਾਰ ਲੇਖਕ ਕਹਿੰਦਾ ਹੈ ਕਿ ਗੁਰੂ ਨਾਨਕ ਨੇ ਕੋਈ ਵਖਰਾ ਧਰਮ ਨਹੀਂ ਸੀ ਸਾਜਿਆ। ਇਹ ਇਕ ਰਾਏ ਹੈ। ਪਰ ਦੂਜੇ ਪਾਸੇ ਦੁਨੀਆਂ ਭਰ ਦੇ ਵਿਦਵਾਨਾਂ ਨੇ ਸਿੱਖ ਧਰਮ ਨੂੰ ਦੁਨੀਆਂ ਦੇ 5 ਵੱਡੇ ਧਰਮਾਂ ਵਿਚ ਗਿਣਿਆ ਹੈ। ਸਕੂਲੀ ਬੱਚਿਆਂ ਲਈ ਪੁਸਤਕ ਲੇਖਕ ਦੀ ਮੁਤੱਸਬੀ ਰਾਏ ਜ਼ਿਆਦਾ ਮਹੱਤਵਪੂਰਨ ਹੈ ਜਾਂ ਦੁਨੀਆਂ ਦੇ ਵਿਦਵਾਨਾਂ ਦਾ ਫ਼ੈਸਲਾ? ਫਿਰ ਉਸ ਨੇ ਬਾਬਾ ਨਾਨਕ ਦੀ ਪੂਰੀ ਗੱਲ ਕਿਉਂ ਨਹੀਂ ਬੱਚਿਆਂ ਨੂੰ ਦੱਸੀ ਕਿ ਬਾਬਾ ਨਾਨਕ ਰੱਬੀ ਗਿਆਨ ਦੇ ਮਾਰਗ ਨੂੰ ਹੀ ‘ਧਰਮ’ ਕਹਿੰਦੇ ਸਨ, ਕਿਸੇ ਖ਼ਾਸ ਢੰਗ ਦੇ ਕਰਮ-ਕਾਂਡ ਕਰਨ ਵਾਲੇ ਇਕੱਠ ਨੂੰ ‘ਧਰਮ’ ਨਹੀਂ ਸਨ ਮੰਨਦੇ। ਜਿਵੇਂ ਸਾਇੰਸ ਸੱਭ ਲਈ ਸਾਇੰਸ ਹੀ ਹੈ (ਹਿੰਦੂ ਸਾਇੰਸ ਤੇ ਮੁਸਲਿਮ ਸਾਇੰਸ ਨਹੀਂ ਹੋ ਸਕਦੀ) ਇਸੇ ਤਰ੍ਹਾਂ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਾ ਅਰਥ ਇਹ ਸੀ ਕਿ ਧਰਮ ਵੀ ਸਾਰੀ ਮਨੁੱਖਤਾ ਦਾ ਇਕ ਹੈ, ਹਿੰਦੂ ਦਾ ਵਖਰਾ ਤੇ ਮੁਸਲਮਾਨ ਦਾ ਵਖਰਾ ਨਹੀਂ। ਕੀ ਹੈ ਉਹ ਸਰਬ ਸਾਂਝਾ ਧਰਮ?
ਉਹ ਹੈ, ਰੱਬ ਨੂੰ ਪ੍ਰਾਪਤ ਕਰਨ ਦੀ ਤਾਂਘ ਤੇ ਇਸ ਤਾਂਘ ਵਿਚੋਂ ਉਪਜਿਆ ਪ੍ਰਭੂ-ਪ੍ਰੇਮ। ਇਸ ਤੋਂ ਬਿਨਾਂ ਹੋਰ ਕਿਸੇ ਚੀਜ਼ ਨੂੰ ‘ਧਰਮ’ ਕਹਿਣਾ ਗ਼ਲਤ ਹੈ। ਬਾਕੀ ਸੱਭ ‘ਧਰਮ’ ਨਹੀਂ, ਜਥੇਬੰਦ ਮੱਤ-ਮਤਾਂਤਰ ਹਨ। ਬਾਬਾ ਨਾਨਕ ਨੇ ਕਿਸੇ ਵੀ ਵਖਰਾ ਧਰਮ ਅਖਵਾਉਣ ਵਾਲੇ ਸਮੂਹ ਨੂੰ ‘ਧਰਮ’ ਨਹੀਂ ਮੰਨਿਆ - ਹਿੰਦੂ ਤੇ ਮੁਸਲਿਮ ਸਮੂਹਾਂ ਨੂੰ ਵੀ ਨਹੀਂ। ਗ੍ਰੰਥ ਲਿਖਣ ਜਾਂ ਨਾ ਲਿਖਣ ਦਾ ‘ਧਰਮ’ ਨਾਲ ਕੋਈ ਸਬੰਧ ਹੀ ਨਹੀਂ। ਇਹ ਬ੍ਰਾਹਮਣੀ ਰੀਤ ਹੋਵੇਗੀ, ਧਰਮ ਦੀ ਨਹੀਂ। ਬੱਚਿਆਂ ਨੂੰ ਅਧੂਰੀ ਤੇ ਫ਼ਿਰਕੂ ਨਜ਼ਰੀਏ ਵਾਲੀ ਜਾਣਕਾਰੀ ਦੇਣਾ ਵੀ ਇਕ ਸਕੂਲੀ ਪੁਸਤਕ ਲਿਖਣ ਵਾਲੇ ਲਈ ਪਾਪ ਹੁੰਦਾ ਹੈ।
Shri Guru Granth Sahib Ji
ਗੁਰੂ ਤੇਗ਼ ਬਹਾਦਰ ਸਾਹਿਬ ਉਤੇ ਡਾਕੂ, ਚੋਰ ਹੋਣ ਦਾ ਦੋਸ਼ ਤਾਂ ਬਾਦਸ਼ਾਹ ਦੀਆਂ ਗੁਪਤ ਏਜੰਸੀਆਂ ਨੇ ਲਾਇਆ ਸੀ। ਇਹੋ ਜਹੇ ਝੂਠੇ ਦੋਸ਼ ਤਾਂ ਹਰ ਉਸ ਆਗੂ ਤੇ ਲਗਦੇ ਆਏ ਹਨ ਜਿਸ ਨੇ ਬਾਦਸ਼ਾਹ ਜਾਂ ਹਕੂਮਤ ਦੇ ਜ਼ੁਲਮ ਵਿਰੁਧ ਡਟਣ ਲਈ ਲੋਕਾਂ ਨੂੰ ਤਿਆਰ ਕੀਤਾ ਹੋਵੇ। ਗੁਰੂ ਤੇਗ਼ ਬਹਾਦਰ ਜੀ ਨੇ ਤਾਂ ਥਾਂ-ਥਾਂ ਜਾ ਕੇ ਹਾਕਮਾਂ ਵਿਰੁਧ ਲੋਕਾਂ ਨੂੰ ਜਗਾਇਆ, ਇਸ ਲਈ ਹਾਕਮਾਂ ਵਲੋਂ ਤੇ ਉਨ੍ਹਾਂ ਦੀਆਂ ਖ਼ੁਫ਼ੀਆ ਏਜੰਸੀਆਂ ਵਲੋਂ ਮਾੜੇ ਤੋਂ ਮਾੜੇ ਲਫ਼ਜ਼ ਗੁਰੂ ਤੇਗ਼ ਬਹਾਦਰ ਵਿਰੁਧ ਵਰਤਣੇ ਵੀ ਸਮਝ ਵਿਚ ਆ ਸਕਦੇ ਹਨ ਪਰ ਇਕ ਸਕੂਲੀ ਪੁਸਤਕ ਵਿਚ ਇਨ੍ਹਾਂ ਨੂੰ ਥਾਂ ਕੋਈ ਮੂਰਖ ਹੀ ਦੇ ਸਕਦਾ ਹੈ।
ਮੁਗ਼ਲਾਂ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ‘ਤੱਤ ਖ਼ਾਲਸਾ’ ਵਿਚਕਾਰ ਗ਼ਲਤ-ਫ਼ਹਿਮੀਆਂ ਪੈਦਾ ਕੀਤੀਆਂ ਤਾਕਿ ਇਨ੍ਹਾਂ ਨੂੰ ਵੱਖ-ਵੱਖ ਕਰ ਕੇ ਦਿਨੋ ਦਿਨ ਤਾਕਤ ਫੜਦੀ ਜਾ ਰਹੀ ਸਿੱਖ ਲਹਿਰ ਨੂੰ ਕਮਜ਼ੋਰ ਕਰ ਸਕਣ। ਬੰਦਾ ਸਿੰਘ ਉਤੇ ਸਾਰੇ ਦੋਸ਼ ਝੂਠੇ ਤੇ ਮਨਘੜਤ ਸਨ। ਡਾ. ਗੰਡਾ ਸਿੰਘ ਹਿਸਟੋਰੀਅਨ ਦੀ ਖੋਜ ਨੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕਰ ਦਿਤਾ। ਅੰਗਰੇਜ਼ ਖ਼ੁਫ਼ੀਆ ਏਜੰਸੀਆਂ ਨੇ ਵੀ ਇਸੇ ਤਰ੍ਹਾਂ ਸਿੱਖਾਂ ਨੂੰ ਵੰਡਿਆ ਤੇ ਸਿੱਖ ਰਾਜ ਖੋਹ ਲਿਆ। 1947 ਤੋਂ ਬਾਅਦ ਸਾਡੀਆਂ ਖ਼ੁਫ਼ੀਆ ਏਜੰਸੀਆਂ ਨੇ ਵੀ ਵਿਦੇਸ਼ੀ ਅੰਗਰੇਜ਼ ਸਰਕਾਰ ਤੋਂ ਪ੍ਰਾਪਤ ਕੀਤੀ ਸਿਖਿਆ ਅਨੁਸਾਰ, ਸਿੱਖ ਤਾਕਤ ਨੂੰ ਦੋਫਾੜ ਕਰਨ ਲਈ ਉਸ ਤਰ੍ਹਾਂ ਦੇ ਕਈ ਝੂਠ ਫੈਲਾਏ ਜਿਸ ਤਰ੍ਹਾਂ ਦੇ ਇਸ ਸਕੂਲੀ ਕਿਤਾਬ ਵਿਚ ਦਰਜ ਕੀਤੇ ਗਏ ਹਨ।
ਲਗਦਾ ਹੈ ਇਹ ਕਿਤਾਬ ਗੁਰੂ-ਕਾਲ ਤੇ ਬੰਦਾ ਸਿੰਘ ਕਾਲ ਤਕ ਦੀਆਂ ਖ਼ੁਫ਼ੀਆ ਏਜੰਸੀਆਂ ਦੀਆਂ ਝੂਠੀਆਂ ਰੀਪੋਰਟਾਂ ਨੂੰ, ਸਰਕਾਰੀ ਓਹਲਾ ਲੈ ਕੇ, ਇਕ ਥਾਂ ਇਕੱਠਿਆਂ ਕਰਨ ਦਾ ਯਤਨ ਮਾਤਰ ਹੈ। ਮਗਰੋਂ ਦੀਆਂ ਸਿੱਖ-ਵਿਰੋਧੀ ਖ਼ੁਫ਼ੀਆ ਏਜੰਸੀਆਂ ਦੀਆਂ ਰੀਪੋਰਟਾਂ ਸ਼ਾਇਦ ਅਗਲੀਆਂ ਜਮਾਤਾਂ ਦੀਆਂ ਪੁਸਤਕਾਂ ਦਾ ਸ਼ਿੰਗਾਰ ਬਣਨਗੀਆਂ। ਯਾਦ ਰਹੇ, ਖ਼ੁਫ਼ੀਆ ਏਜੰਸੀਆਂ ਸਦਾ ਉਨ੍ਹਾਂ ਸੱਚੇ ਸੁੱਚੇ ਆਗੂਆਂ ਉਤੇ ਹੀ ਚੋਰ, ਡਾਕੂ, ਅਤਿਵਾਦੀ, ਵਿਦੇਸ਼ੀ ਤਾਕਤਾਂ ਦੇ ਏਜੰਟ ਵਰਗੇ ਦੋਸ਼ ਲਗਾਉਣ ਵਾਲੀਆਂ ਗੁਪਤ ਰੀਪੋਰਟਾਂ ਅਪਣੀ ਸਰਕਾਰ ਨੂੰ ਭੇਜਦੀਆਂ ਹਨ ਤੇ ਉਨ੍ਹਾਂ ਬਾਰੇ ਹੀ ਗ਼ਲਤ-ਫ਼ਹਿਮੀਆਂ ਫੈਲਾਉਂਦੀਆਂ ਹਨ ਜੋ ਸਚਮੁਚ ਈਮਾਨਦਾਰੀ ਨਾਲ ਸਰਕਾਰੀ ਦਮਨ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਪ੍ਰੇਰ ਰਹੇ ਹੋਣ ਪਰ ਉਨ੍ਹਾਂ ‘ਆਗੂਆਂ’ ਬਾਰੇ ਅਜਿਹੀਆਂ ਰੀਪੋਰਟਾਂ ਨਹੀਂ ਲਿਖਦੀਆਂ ਜੋ ਸਰਕਾਰ ਨਾਲ ਅੰਦਰੋਂ ਮਿਲ ਕੇ ਲੋਕਾਂ ਨੂੰ ਧੋਖਾ ਦੇ ਰਹੇ ਹੋਣ। ਹੋਰ ਵੀ ਦੁੱਖ ਦੀ ਗੱਲ ਹੈ ਕਿ ਇਹ ਸੱਭ ਅਕਾਲੀ ਸਰਕਾਰ ਵੇਲੇ ਕੀਤਾ ਗਿਆ ਜਿਸ ਦੇ ਆਗੂਆਂ ਨੇ ਰੋਸ ਪ੍ਰਗਟ ਕਰਦੀਆਂ ਆਵਾਜ਼ਾਂ ਨੂੰ ਸੁਣਨ ਤੇ ਸਮਝਣ ਦੀ ਥਾਂ ਕੰਨ ਹੀ ਬੰਦ ਕਰ ਲਏ।
Baldev Singh Sirsa
ਸਪੋਕਸਮੈਨ ਅਤੇ ਸ. ਬਲਦੇਵ ਸਿੰਘ ਸਿਰਸਾ ਨੇ ਕਿਤਾਬਾਂ ਵਿਚ ਦਰਜ ਸਿੱਖ-ਵਿਰੋਧੀ ਲਿਖਤਾਂ ਵਿਰੁਧ ਵਾਰ ਵਾਰ ਰੋਸ ਪ੍ਰਗਟ ਕਰ ਕੇ ਅਤੇ ਅਦਾਲਤੀ ਦਰਵਾਜ਼ੇ ਖੜਕਾ ਕੇ ਵੀ ਸਾਬਤ ਕਰ ਦਿਤਾ ਕਿ ਸੱਤਾ ਦਾ ਸੁੱਖ ਮਾਣ ਚੁੱਕੇ ਅਕਾਲੀ ਭਾਵੇਂ ਹਕੂਮਤੀ ‘ਸੇਵਾ’ ਨਿਭਾ ਰਹੇ ਹੋਣ ਤੇ ਭਾਵੇਂ ਸ਼੍ਰੋਮਣੀ ਕਮੇਟੀ ਵਿਚ ਚੰਮ ਦੀਆਂ ਚਲਾ ਰਹੇ ਹੋਣ, ਉਨ੍ਹਾਂ ਨੂੰ ਸਿੱਖੀ ਦੇ ਪੈਰਾਂ ਵਿਚ ਚੁਭਿਆ ਕੰਡਾ ਕਦੇ ਨਹੀਂ ਦਿਸਦਾ ਪਰ ਕੋਈ ਆਲੋਚਕ ਇਨ੍ਹਾਂ ਦੀ ਹੁਕਮ-ਅਦੂਲੀ ਕਰ ਦੇਵੇ ਜਾਂ ਅਵੱਗਿਆ ਕਰ ਦੇਵੇ ਤਾਂ ਝੱਟ ਪੁਲਿਸ ਨੂੰ ਕਹਿ ਕੇ 295-ਏ ਜੜ ਦੇਂਦੇ ਹਨ ਜਾਂ ਅਕਾਲ ਤਖ਼ਤ ਦੇ ਅਪਣੇ ਹੀ ਥਾਪੇ ਮੁੱਖ ਸੇਵਾਦਾਰ ਕੋਲੋਂ ਡੰਡਾ ਚਲਵਾ ਦੇਂਦੇ ਹਨ। ਪੰਥ ਦੀ ਤਕਲੀਫ਼ ਦਾ, ਨਾ ਇਨ੍ਹਾਂ ਨੂੰ ਪਤਾ ਹੀ ਲਗਦਾ ਹੈ, ਨਾ ਦੁਖ ਹੀ ਹੁੰਦਾ ਹੈ। ਸੱਤਾ ਚੀਜ਼ ਹੀ ਐਸੀ ਹੈ ਸ਼ਾਇਦ। ਮੈਨੂੰ ਉਹ ਸਮਾਂ ਯਾਦ ਆਉਂਦਾ ਹੈ
ਜਦੋਂ ਪੰਜਾਬ ਤੇ ਪੰਥ ਦੀ ਹਰ ਤਕਲੀਫ਼ ਦੀ ਪੀੜ ਅਕਾਲੀ ਦਲ ਨੂੰ ਹੋ ਜਾਇਆ ਕਰਦੀ ਸੀ ਪਰ ਅੱਜ ਤਾਂ ਪੰਥ ਤੇ ਪੰਜਾਬ ਦੀ ਪੀੜ ਦਾ ਸ੍ਰੋਤ ਵੀ ਕਈ ਵਾਰ ਸੱਤਾ-ਪ੍ਰੇਮੀ ਅਕਾਲੀ ਦਲ ਹੀ ਬਣਿਆ ਦਿਸਦਾ ਹੈ। ਸਕੂਲੀ ਕਿਤਾਬਾਂ ਵਿਚ ਲਿਖੇ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ, ਹਾਕਮ ਲੋਕ ਅਤੇ ਅਫ਼ਸਰ ਲੋਕ ਚਾਰ ਮਾਤਹਿਤਾਂ ਉਤੇ ਜ਼ਿੰਮੇਵਾਰੀ ਸੁਟ ਕੇ ਆਪ ਸੁਰਖ਼ਰੂ ਹੋਣਾ ਲੋਚਦੇ ਹਨ। ਇਸ ਤਰ੍ਹਾਂ ਉਹ ਸਮਾਜ ਨਾਲ ਵੱਡਾ ਧ੍ਰੋਹ ਕਰਦੇ ਹਨ ਤੇ ਬੱਚਿਆਂ ਅੱਗੇ ਝੂਠ ਪ੍ਰੋਸ ਕੇ ਵੱਡਾ ਗੁਨਾਹ ਕਰ ਰਹੇ ਹਨ। ਇਸ ਬਾਰੇ ਰੱਬ ਹੀ ਉਨ੍ਹਾਂ ਨੂੰ ਸੋਝੀ ਦੇ ਸਕਦਾ ਹੈ, ਉਂਜ ਉਨ੍ਹਾਂ ਦੀ ਚਮੜੀ ਏਨੀ ਮੋਟੀ ਹੋ ਚੁੱਕੀ ਹੈ ਕਿ ਬੰਦਾ ਉਨ੍ਹਾਂ ਨੂੰ ਕੁੱਝ ਨਹੀਂ ਸਮਝਾ ਸਕਦਾ। ਉਹ ਤਾਂ ਸਗੋਂ ਸਮਝਾਉਣ ਵਾਲੇ ਨੂੰ ਹੀ ਕੱਟਣ ਦੌੜਦੇ ਹਨ।