
ਉਨ੍ਹਾਂ ਦੀਆਂ ਪਿੱਠਾਂ ਹੀ ਮੈਨੂੰ ਨਜ਼ਰ ਆ ਰਹੀਆਂ ਸਨ ਅਰਥਾਤ ਨਾ ਮੈਂ ਉਨ੍ਹਾਂ ਦੇ ਚਿਹਰੇ ਵੇਖ ਸਕਦਾ ਸੀ, ਨਾ ਉਹ ਮੇਰੀ ਸ਼ਕਲ ਵੇਖ ਸਕਦੇ ਸੀ।
ਕਿਸੇ ਜ਼ਰੂਰੀ ਕੰਮ ਲਈ ਮੈਨੂੰ ਪੰਜਾਬ ਦੇ ਇਕ ਵੱਡੇ ਸ਼ਹਿਰ ਵਿਚ ਥੋੜੀ ਦੇਰ ਲਈ ਜਾਣਾ ਪੈ ਗਿਆ। ਮੈਂ ਬਾਜ਼ਾਰ ਦੀ ਬਣੀ ਕੋਈ ਚੀਜ਼ ਨਹੀਂ ਖਾਂਦਾ ਪਰ ਭੁੱਖ ਬਹੁਤ ਲੱਗ ਗਈ ਸੀ, ਇਸ ਲਈ ਸ਼ਹਿਰ ਦੇ ਬਾਹਰਵਾਰ ਇਕ ਢਾਬੇ ਉਤੇ ਚਲਾ ਗਿਆ ਤੇ ਬਿਸਕੁਟ ਦਾ ਇਕ ਛੋਟਾ ਪੈਕਟ ਤੇ ਚਾਹ ਦੇ ਘੁਟ ਅੰਦਰ ਲੰਘਾ ਕੇ ਭੁੱਖ ਮੱਠੀ ਕਰ ਰਿਹਾ ਸੀ ਜਦ ਮੈਂ ਵੇਖਿਆ, ਦੋ ਸੱਜਣ ਅਗਲੇ ਬੈਂਚ ਤੇ ‘ਉੱਚਾ ਦਰ’ ਬਾਰੇ ਹੀ ਗੱਲਾਂ ਕਰ ਰਹੇ ਸੀ। ਉਨ੍ਹਾਂ ਦੀਆਂ ਪਿੱਠਾਂ ਹੀ ਮੈਨੂੰ ਨਜ਼ਰ ਆ ਰਹੀਆਂ ਸਨ ਅਰਥਾਤ ਨਾ ਮੈਂ ਉਨ੍ਹਾਂ ਦੇ ਚਿਹਰੇ ਵੇਖ ਸਕਦਾ ਸੀ, ਨਾ ਉਹ ਮੇਰੀ ਸ਼ਕਲ ਵੇਖ ਸਕਦੇ ਸੀ।
farmer
‘ਉੱਚਾ ਦਰ’ ਦੀ ਗੱਲ ਹੁੰਦੀ ਸੁਣ ਕੇ ਮੇਰੇ ਕੰਨ ਖੜੇ ਹੋ ਗਏ ਤੇ ਕੋਸ਼ਿਸ਼ ਕਰ ਕੇ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਿਆ। ਚਾਹੁੰਦਾ ਤਾਂ ਮੈਂ ਉਨ੍ਹਾਂ ਦੇ ਕੋਲ ਜਾ ਕੇ ਉਨ੍ਹਾਂ ਦੀ ਗੱਲਬਾਤ ਵਿਚ ਸ਼ਾਮਲ ਹੋ ਸਕਦਾ ਸੀ ਪਰ ਮੈਂ ਚਾਹੁੰਦਾ ਸੀ ਕਿ ਲੋਕ ‘ਉੱਚਾ ਦਰ’ ਬਾਰੇ ਅਪਣੀ ਨਿਜੀ ਗੱਲਬਾਤ ਵਿਚ ਕੀ ਕਹਿੰਦੇ ਹਨ, ਇਸ ਨੂੰ ਅਛੋਪਲੇ ਰਹਿ ਕੇ ਸੁਣਾਂ।ਉਹ ਦੋਵੇਂ ‘ਉੱਚਾ ਦਰ’ ਦੇ ਚਾਲੂ ਹੋਣ ਵਿਚ ਹੋ ਰਹੀ ਦੇਰੀ ਤੋਂ ਪ੍ਰੇਸ਼ਾਨ ਸਨ ਤੇ ਮੇਰੇ ਪ੍ਰਤੀ ਕੁੱਝ ਹਮਦਰਦੀ ਵੀ ਰਖਦੇ ਸਨ। ਉਨ੍ਹਾਂ ਦੀ ਗੱਲਬਾਤ (ਜੋ ਮੈਂ ਚਾਹ ਪੀਂਦਿਆਂ ਸੁਣੀ) ਦਾ ਤੱਤ ਸਾਰ ਇਹੀ ਸੀ ਕਿ ਜੋਗਿੰਦਰ ਸਿੰਘ ਨੇ ਪੁਜਾਰੀਆਂ ਤੇ ਸਰਕਾਰ ਦੇ ਵੱਡੇ ਹਮਲੇ ਨੂੰ ਇਕੱਲਿਆਂ ਹੀ ਬੜੀ ਬਹਾਦਰੀ ਨਾਲ ਲੜ ਕੇ ਜਿੱਤ ਵਿਖਾਇਆ ਤੇ ਰੋਜ਼ਾਨਾ ਸਪੋਕਸਮੈਨ ਨੂੰ ਅਸੰਭਵ ਜਹੇ ਹਾਲਾਤ ਵਿਚ ਵੀ ਕਾਮਯਾਬ ਹੀ ਨਾ ਕਰ ਵਿਖਾਇਆ ਸਗੋਂ ਲੋਕਾਂ ਦੀ ਸੋਚ ਵਿਚ ਵੀ ਵੱਡੀ ਤਬਦੀਲੀ ਲਿਆ ਦਿਤੀ। ਉਨ੍ਹਾਂ ਦੁਹਾਂ ਦਾ ਕਹਿਣਾ ਸੀ ਕਿ ਸਪੋਕਸਮੈਨ ਅਖ਼ਬਾਰ ਨੂੰ ਜਿੰਨੀ ਬਾਕਾਇਗੀ ਨਾਲ ਇਸ ਨੂੰ ਪਿਆਰ ਕਰਨ ਵਾਲੇ ਪੜ੍ਹਦੇ ਨੇ, ਉਸ ਤੋਂ ਵੱਧ ਬਾਕਾਇਗੀ ਨਾਲ ਇਸ ਦੇ ਵਿਰੋਧੀ ਪੜ੍ਹਦੇ ਨੇ ਤੇ ਸਿਆਣੇ ਲੋਕਾਂ ਦਾ ਇਕ ਵੱਡਾ ਤਬਕਾ ਐਸਾ ਪੈਦਾ ਹੋ ਗਿਆ ਹੈ ਜੋ ਇਸ ਲੂੰ ਪੜ੍ਹੇ ਬਿਨਾਂ ਰਹਿ ਹੀ ਨਹੀਂ ਸਕਦਾ... ਦੋਸਤਾਂ ਵਿਚ ਵੀ ਤੇ ਦੁਸ਼ਮਣਾਂ ਵਿਚ ਵੀ।
ਮੈਨੂੰ ਇਹ ਗੱਲਬਾਤ ਸੁਣਨ ਵਿਚ ਕਾਫ਼ੀ ਮੁਸ਼ਕਲ ਪੇਸ਼ ਆ ਰਹੀ ਸੀ ਕਿਉਂਕਿ ਉਨ੍ਹਾਂ ਦੀਆਂ ਪਿੱਠਾਂ ਮੇਰੇ ਵਲ ਸਨ। ਉਂਜ ਉਹ ਬੋਲ ਕਾਫ਼ੀ ਉੱਚੀ ਆਵਾਜ਼ ਵਿਚ ਰਹੇ ਸਨ ਕਿਉਂਕਿ ਢਾਬੇ ਵਿਚ ਉਸ ਵੇਲੇ ਹੋਰ ਕੋਈ ਗਾਹਕ ਨਹੀਂ ਸੀ ਬੈਠਾ ਹੋਇਆ। ਮੈਂ ਅਪਣੇ ਚਿਹਰੇ ਨੂੰ ਉਥੇ ਪਈ ਅਖ਼ਬਾਰ ਪਿਛੇ ਛੁਪਾ ਲਿਆ ਸੀ ਤਾਕਿ ਜੇ ਅਚਾਨਕ ਵੀ ਉਨ੍ਹਾਂ ਨੂੰ ਪਿੱਛੇ ਮੁੜ ਕੇ ਵੇਖਣਾ ਪੈ ਜਾਵੇ ਤਾਂ ਮੇਰਾ ਚਿਹਰਾ ਨਾ ਵੇਖ ਸਕਣ। ਵੈਸੇ ਉਹ ਗੱਲਾਂ ਸ਼ਾਇਦ ਇਹ ਸੋਚ ਕੇ ਹੀ ਕਰ ਰਹੇ ਸਨ ਜਿਵੇਂ ਉਹ ਉਥੇ ਇਕੱਲੇ ਹੀ ਬੈਠੇ ਹੋਏ ਹੋਣ ਤੇ ਢਾਬੇ ਵਿਚ ਉਸ ਵੇਲੇ ਹੋਰ ਕੋਈ ਨਾ ਹੋਵੇ।
‘ਉੱਚਾ ਦਰ’ ਬਾਰੇ ਦੁਬਾਰਾ ਗੱਲ ਕਰਦਿਆਂ, ਇਕ ਸਾਥੀ ਬੋਲਿਆ, ‘‘ਏਨਾ ਵੱਡਾ ਜੇਤੂ ਜਰਨੈਲ ਵੀ ‘ਉੱਚਾ ਦਰ’ ਦੇ ਮਾਮਲੇ ਤੇ ਅਪਣਿਆਂ ਹੱਥੋਂ ਮਾਤ ਖਾ ਗਿਆ! ਉਹਨੇ ਅਪਣੇ ਪਾਠਕਾਂ ਨੂੰ ਪੁਛਿਆ ਕਿ ਜੇ ‘ਉੱਚਾ ਦਰ’ ਉਸਾਰਿਆ ਜਾਵੇ, ਜਿਸ ਵਿਚ ਟੀਵੀ ਚੈਨਲ ਤੇ ਪ੍ਰਕਾਸ਼ਨ ਘਰ ਵੀ ਹੋਵੇ, ਤਾਂ ਕੀ ਉਹ ਇਸ ਲਈ ਪੈਸਾ ਦੇਣਗੇ ਤੇ ਇਸ ਦੇ ਮੈਂਬਰ ਬਣਨਗੇ? ਉਸ ਨੇ 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਉਨ੍ਹਾਂ ਸਾਹਮਣੇ ਰਖਿਆ। ਮੈਂ ਆਪ ਪਹਿਲੇ ਇਕੱਠ ਵਿਚ ਗਿਆ ਸੀ। 50 ਹਜ਼ਾਰ ਲੋਕਾਂ ਨੇ ਦੋਵੇਂ ਹੱਥ ਖੜੇ ਕਰ ਕੇ ਕਿਹਾ ਸੀ ਕਿ ‘ਫ਼ਿਕਰ ਨਾ ਕਰੋ, ਅਸੀ ਪੂਰਾ ਖ਼ਰਚਾ (60 ਕਰੋੜ) ਅਪਣੇ ਕੋਲੋਂ ਦਿਆਂਗੇ ਤੇ ਤੁਹਾਨੂੰ ਅਪਣੇ ਕੋਲੋਂ ਇਕ ਪੈਸਾ ਵੀ ਨਹੀਂ ਦੇਣ ਦੇਵਾਂਗੇ।’ ਬਸ ਜੋਗਿੰਦਰ ਸਿੰਘ, ਸਿੰਘਾਂ ਦੇ ਇਨ੍ਹਾਂ ਲਾਰਿਆਂ ਵਿਚ ਹੀ ਫੱਸ ਗਿਆ ਤੇ ਕਰੋੜਾਂ ਦੇ ਕਰਜ਼ੇ ਚੁਕ ਚੁਕ ਕੇ ਕੰਮ ਇਸ ਆਸ ਨਾਲ ਸ਼ੁਰੂ ਕਰ ਬੈਠਾ ਕਿ ਕੰਮ ਹੁੰਦਾ ਵੇਖ ਕੇ ਤਾਂ ਪਾਠਕ 10 ਹਜ਼ਾਰ ਮੈਂਬਰ ਬਣਾਉਣ ਤੇ ਪੈਸੇ ਦੀ ਕਮੀ ਨਾ ਆਉਣ ਦੇ ਲਾਰੇ ਪੂਰੇ ਕਰ ਹੀ ਦੇਣਗੇ। ਤੈਨੂੰ ਤਾਂ ਪਤਾ ਈ ਏ, ਦੀਵਾਨਾਂ ਵਿਚ ਸਿੱਖ ਰੋਜ਼ ਈ ਹੱਥ ਖੜੇ ਕਰ ਕੇ ਜੈਕਾਰੇ ਛੱਡ ਦੇਂਦੇ ਨੇ ਪਰ ਪਤਾ ਇਹਨਾਂ ਨੂੰ ਵੀ ਨਹੀਂ ਹੁੰਦਾ ਕਿ ਇਹ ਕਿਉਂ ਜੈਕਾਰੇ ਛੱਡ ਰਹੇ ਨੇ ਤੇ ਕਿਉਂ ਹੱਥ ਖੜੇ ਕਰ ਰਹੇ ਨੇ।’’
ਦੂਜਾ ਸਾਥੀ ਬੋਲਿਆ, ‘‘ਸਿੱਖ ਤਾਂ ਵੈਸੇ ਈ ਲੰਗਰਾਂ, ਬਾਬਿਆਂ ਤੇ ਲੁਟੇਰਿਆਂ ਨੂੰ ਪੈਸੇ ਦੇਂਦੇ ਨੇ। ਇਹਨਾਂ ਨੇ ਕਿਸੇ ਚੰਗੇ ਕੰਮ ਲਈ ਕਦੋਂ ਪੈਸੇ ਦਿਤੇ ਨੇ? ਸਕੂਲ ਕਾਲਜ ਤਾਂ ਸਿੱਖਾਂ ਦੇ ਫ਼ੇਲ੍ਹ ਹੋਏ ਪਏ ਨੇ ਕਿਉਂਕਿ ਸਿੱਖ ਪੈਸੇ ਨਹੀਂ ਦਿੰਦੇ ਜਦਕਿ ਡੀਏਵੀ ਵਾਲੇ ਪੰਜਾਬ ਵਿਚ ਵੀ ਛਾਏ ਹੋਏ ਨੇ ਤੇ ਡੇਰੇਦਾਰ ਵੀ ਅਰਬਾਂਪਤੀ ਬਣੀ ਜਾ ਰਹੇ ਨੇ। ਮੈਨੂੰ ਕਿਸੇ ਵਾਕਫ਼ਕਾਰ ਨੇ ਦਸਿਐ ਕਿ ਜੋਗਿੰਦਰ ਸਿੰਘ ਅਜਕਲ ਕਾਫ਼ੀ ਪ੍ਰੇਸ਼ਾਨ ਰਹਿੰਦੈ ਕਿਉਂਕਿ ਜਿਨ੍ਹਾਂ ਕੋਲੋਂ ਉਸ ਨੇ ‘ਉੱਚਾ ਦਰ’ ਲਈ ਪੈਸੇ ਉਧਾਰੇ ਲਏ ਸਨ, ਉਹ ਤਾਂ ਵਾਪਸ ਮੰਗਣੋਂ ਨਹੀਂ ਹਟਦੇ ਤੇ ‘ਉੱਚਾ ਦਰ’ ਨੂੰ ਮੁਕੰਮਲ ਕਰਨ ਲਈ ਕੁੱਝ ਦੇਣ ਵਾਲੇ, ਹੁਣ ਮਿਲਦੇ ਨਹੀਂ। ਮੈਨੂੰ ਤਾਂ ਤਰਸ ਆਉਂਦੈ ਜੋਗਿੰਦਰ ਸਿੰਘ ਤੇ। ਵਿਚਾਰਾ ਐਵੇਂ ਅਪਣਿਆਂ ਦੇ ਹੱਥ ਖੜੇ ਵੇਖ ਕੇ ਮਦਦ ਦੇ ਭਰੋਸਿਆਂ ਉਤੇ ਯਕੀਨ ਕਰ ਕੇ ਜ਼ਿੰਦਗੀ ਦਾ ਸੁਖ ਚੈਨ ਵੀ ਖ਼ਰਾਬ ਕਰ ਬੈਠੈ, ‘ਉੱਚਾ ਦਰ’ ਵੀ ਮੁਕੰਮਲ ਨਹੀਂ ਹੋ ਰਿਹਾ, ਅਖ਼ਬਾਰ ਦਾ ਪੈਸਾ ਵੀ ‘ਉੱਚਾ ਦਰ’ ਉਤੇ ਲੱਗ ਰਿਹਾ ਹੋਣ ਕਰ ਕੇ ਸਪੋਕਸਮੈਨ ਵੀ ਢਿੱਲਾ ਪੈ ਗਿਐ ਤੇ ਫ਼ਸਲੀ ਬਟੇਰੇ ਵੀ ਉਡ ਗਏ ਦਸਦੇ ਨੇ।
newspapers
ਅਪਣਿਆਂ ਦੇ ਝੂਠੇ ਵਾਅਦਿਆਂ ਤੇ ਇਤਬਾਰ ਨਾ ਕਰਦਾ ਤਾਂ ਅਖ਼ਬਾਰ ਹੀ ਜਿਨ੍ਹਾਂ ਉਚਾਈਆਂ ਤੇ ਪੁੱਜ ਗਿਆ ਸੀ, ਉਸ ਦੇ ਸਹਾਰੇ, ਦੂਜੇ ਅਖ਼ਬਾਰਾਂ ਦੇ ਐਡੀਟਰਾਂ ਵਾਂਗ ਠਾਠ ਕਰ ਰਿਹਾ ਹੁੰਦਾ। ਕੀ ਲੋੜ ਸੀ, ਸਿੱਖਾਂ ਦੇ ਲਾਰਿਆਂ ਪਿੱਛੇ ਲੱਗ ਕੇ ਅਪਣੀ ਪਿਛਲੀ ਉਮਰ ਖ਼ਰਾਬ ਕਰਨ ਦੀ? ਮੈਨੂੰ ਤਾਂ ਬੜਾ ਦੁਖ ਲਗਦੈ...।’’ਮੈਂ ਚੁਪਚਾਪ ਅਛੋਪਲੇ ਜਹੇ, ਉਠ ਕੇ ਢਾਬੇ ਤੋਂ ਬਾਹਰ ਨਿਕਲ, ਅਪਣੀ ਗੱਡੀ ਵਿਚ ਜਾ ਬੈਠਾ। ਥੋੜੀ ਜਹੀ ਖ਼ੁਸ਼ੀ ਵੀ ਹੋਈ ਕਿ ਕਾਫ਼ੀ ਲੋਕਾਂ ਨੂੰ ਸੱਚ ਦਾ ਪਤਾ ਵੀ ਏ ਤੇ ‘ਉੱਚਾ ਦਰ’ ਉਸਾਰਨ ਵਾਲਿਆਂ ਨਾਲ ਹਮਦਰਦੀ ਵੀ ਰਖਦੇ ਨੇ।
ਚਲਦੀ ਕਾਰ ਵਿਚ ਬੈਠ ਕੇ ਮੈਂ ਸੋਚਣ ਲੱਗ ਪਿਆ ਕਿ ਜਦ ਮੈਂ ਮਰ ਗਿਆ (ਸੱਭ ਨੇ ਹੀ ਮਰਨਾ ਹੈ) ਤੇ ਜਦ ‘ਉੱਚਾ ਦਰ’ ਵੇਖਣ ਆਏ ਯਾਤਰੂਆਂ ਨੂੰ ਪਤਾ ਲੱਗਾ ਕਿ ਸਿੱਖਾਂ ਦੀ ਬੇਰੁਖ਼ੀ ਕਾਰਨ ਮੈਨੂੰ ਤੇ ਜਗਜੀਤ ਨੂੰ ਜ਼ਿੰਦਗੀ ਦੇ ਆਖ਼ਰੀ ਸਾਲ ਕਿੰਨੇ ਔਖੇ ਬਤੀਤ ਕਰਨੇ ਪਏ ਸਨ (ਤਾਕਿ ‘ਉੱਚਾ ਦਰ’ ਸਾਡੇ ਹੁੰਦਿਆਂ ਹੀ ਚਾਲੂ ਹੋ ਸਕੇ) ਤਾਂ ਕਈ ਭਲੇ ਲੋਕ ਹੋਣਗੇ ਜੋ ਸਾਰੀ ਕਹਾਣੀ ਸੁਣ ਕੇ ਕਹਿਣਗੇ, ‘‘ਹਾਇ ਰੱਬਾ, ਏਨਾ ਵਧੀਆ ਕੰਮ ਕਰਨ ਵਾਲਿਆਂ ਨੂੰ ਅਸੀ ਏਨਾ ਦੁਖੀ ਕੀਤਾ? ਸੱਚ ਕਹਿੰਦਾ ਹਾਂ, ਜੇ ਮੈਨੂੰ ਪਤਾ ਲੱਗ ਜਾਂਦਾ ਕਿ ਕਿੰਨੇ ਔਖੇ ਹੋ ਕੇ ਤੇ ਇਕੱਲਿਆਂ ਹੀ ਉਹ ਏਨਾ ਵੱਡਾ ਕੰਮ ਕਰ ਰਹੇ ਸਨ ਤਾਂ ਮੈਂ ਅਪਣਾ ਮਕਾਨ ਵੇਚਣ ਵਿਚ ਇਕ ਮਿੰਟ ਨਾ ਲਾਉਂਦਾ ਤੇ ਸਾਰਾ ਪੈਸਾ ਉਨ੍ਹਾਂ ਅੱਗੇ ਜਾ ਰਖਦਾ...।’’
ਹਾਂ ਮੇਰੇ ਮਰਨ ਬਾਅਦ ਤਾਂ ‘ਉੱਚਾ ਦਰ’ ਤੇ ਆਉਣ ਵਾਲੇ, ਬਹੁਤ ਕੁੱਝ ਦੇ ਜਾਇਆ ਕਰਨਗੇ ਪਰ ‘ਵੇਲੇ ਸਿਰ’ ਮਦਦ ਦੇਣ ਵਾਲੇ ਥੋੜੇ ਲੋਕ ਹੀ ਹੁੰਦੇ ਨੇ। ਮੈਂ ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਫ਼ੁਟਪਾਥ ਤੇ ਬੈਠ ਕੇ ਲੋਕਾਂ ਕੋਲੋਂ ਪਿੰਗਲਵਾੜੇ ਲਈ ਪੈਸੇ ਮੰਗਦਿਆਂ ਵੀ ਵੇਖਿਆ ਸੀ। ਉਨ੍ਹਾਂ ਦੀ ਲੋੜ ਪੂਰੀ ਨਹੀਂ ਸੀ ਹੁੰਦੀ। ਪਰ ਜਦ ਉਹ ਆਪ ਚਲੇ ਗਏ ਤਾਂ ਹਰ ਕੋਈ ਉਥੇ ਏਨੀ ਮਾਇਆ ਭੇਜੀ ਜਾਂਦਾ ਹੈ ਕਿ ਮੈਨੂੰ ਦਸਿਆ ਗਿਆ ਹੈ, ਹੁਣ ਪਿੰਗਲਵਾੜੇ ਦੇ ਇੰਚਾਰਜ ਡਾ. ਇੰਦਰਜੀਤ ਕੌਰ ਕਿਸੇ ਨੂੰ ਫ਼ੋਨ ਤੇ ਕਹਿ ਰਹੇ ਸਨ, ‘‘ਸਾਨੂੰ ਹੋਰ ਪੈਸੇ ਨਾ ਭੇਜੋ, ਹੋਰ ਪੈਸੇ ਦੀ ਲੋੜ ਨਹੀਂ। ਸਾਨੂੰ ਵਾਲੰਟੀਅਰ ਭੇਜੋ ਜੋ ਆ ਕੇ ਸੇਵਾ ਕਰ ਸਕਣ।’’
100 ਕਰੋੜ ਦਾ ‘ਉੱਚਾ ਦਰ’ ਤਿਆਰ ਹੋ ਚੁੱਕਾ ਹੈ। ਅਖ਼ੀਰ ਤੇ ਇਸ ਨੂੰ ਚਾਲੂ ਕਰਨ ਦੀ ਪ੍ਰਵਾਨਗੀ ਲੈਣ ਲਈ ਕੁੱਝ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਕਰ ਦਿਤੀਆਂ ਗਈਆਂ ਹਨ। ਇਨ੍ਹਾਂ ਉਤੇ ਵੀ 3-4 ਕਰੋੜ ਦਾ ਖ਼ਰਚਾ ਕਰਨਾ ਪੈਣਾ ਹੈ। ਤਾਂ ਜਾ ਕੇ ਪ੍ਰਵਾਨਗੀ ਮਿਲੇਗੀ। ਮੈਂ ਚਾਹੁੰਦਾ ਹਾਂ ਕਿ ਕੁੱਝ ਚੰਗੇ ਪਾਠਕ ਆਪ ਅੱਗੇ ਆ ਕੇ ਆਖਣ, ‘‘ਇਹ ਸੇਵਾ ਅਸੀ ਕਰਾਂਗੇ, ਤੁਸੀ ਬਹੁਤ ਕਰ ਦਿਤੀ ਹੈ। ਇਹ ਕੌਮੀ ਜਾਇਦਾਦ ਹੈ ਤੇ ਹੁਣ ਪ੍ਰਵਾਨਗੀ ਲੈਣ ਲਈ ਖ਼ਰਚਾ ਕਰਨ ਦੀ ਸੇਵਾ ਸਾਡੀ।’’ ਜੇ ਸਾਰੇ ਹੀ ਮੈਂਬਰ ਤੇ ਪਾਠਕ ਪੰਜਾਹ-ਪੰਜਾਹ ਹਜ਼ਾਰ ਜਾਂ ਇਕ ਇਕ ਲੱਖ ਦੀ ਮਦਦ ਦੋ ਕੁ ਸਾਲਾਂ ਵਾਸਤੇ ਕਰ ਦੇਣ ਤਾਂ ਕੋਈ ਵੱਡੀ ਗੱਲ ਤਾਂ ਬਾਕੀ ਨਹੀਂ ਰਹਿ ਗਈ। ਚਾਲੂ ਹੋ ਗਿਆ ਤਾਂ ਪੈਸੇ ਆਪੇ ਮੁੜ ਜਾਣਗੇ (‘ਉੱਚਾ ਦਰ’ ਨੇ ਤਾਂ ਚਾਲੂ ਹੋਣ ਤੋਂ ਪਹਿਲਾਂ ਵੀ 50 ਕਰੋੜ ਮੋੜੇ ਜਿਨ੍ਹਾਂ ਵਿਚ 12 ਕਰੋੜ ਬੈਂਕਾਂ ਨੂੰ ਵੀ ਮੋੜੇ ਹਨ ਤੇ 38 ਕਰੋੜ ਪਾਠਕਾਂ ਨੂੰ। ਪਾਠਕਾਂ ਦੇ ਥੋੜੇ ਜਹੇ ਬਾਕੀ ਮੋੜਨੇ ਰਹਿੰਦੇ ਪੈਸੇ ਵੀ ਚਾਲੂ ਹੁੰਦਿਆਂ ਹੀ ਮੋੜਨੇ ਸ਼ੁਰੂ ਕਰ ਦਿਤੇ ਜਾਣਗੇ)।
8 ਸਾਲ ਦੀ ਸਖ਼ਤ ਤੇ ਖ਼ਤਰਿਆਂ ਭਰੀ ਮੰਜ਼ਲ ਤੈਅ ਕਰ ਕੇ, ਜੇ ਕੋਈ ਏਨੀ ਸ਼ਾਨਦਾਰ ਚੀਜ਼ ਸਾਨੂੰ ਬਣਾ ਕੇ ਦੇ ਦੇਵੇ ਤੇ ਅਸੀ ਉਸ ਦਾ ਕੌਮੀ ਲਾਭ ਲੈਣ ਲਈ ਵੀ ਜੇ ਥੋੜਾ ਜਿਹਾ ਦਿਲ ਨਾ ਖੋਲ੍ਹ ਸਕੀਏ ਤਾਂ ਫਿਰ ਦੂਜੇ ਲੋਕ ਤਾਂ ਇਹੀ ਨਤੀਜਾ ਕੱਢਣਗੇ ਕਿ ਇਹ ਕੌਮ ਨਵੇਂ ਜ਼ਮਾਨੇ ਦੇ ਅਪਣੇ ਫ਼ਰਜ਼ ਪੂਰੇ ਕਰਨ ਦੇ ਕਾਬਲ ਹੀ ਨਹੀਂ ਤੇ ਛੇਤੀ ਹੀ ਪੁਰਾਣੇ ਜ਼ਮਾਨੇ ਦਾ ਭਾਗ ਬਣ ਕੇ ਖ਼ਤਮ ਹੋ ਜਾਏਗੀ! ਕਿੰਨੇ ਕੁ ਪਾਠਕ ਤੇ ਮੈਂਬਰ ਹਨ ਜੋ ਇਹ ਨਹੀਂ ਹੋਣ ਦੇਣਾ ਚਾਹੁਣਗੇ ਤੇ ਅਜਿਹੀ ਗੱਲ ਚਲਣੋਂ ਰੋਕਣ ਲਈ ਮਾਇਆ ਦੀ ‘ਕੁਰਬਾਨੀ’ ਨੂੰ ਜ਼ਰੂਰੀ ਮੰਨਣ ਵਾਲੇ, ਆਖ਼ਰੀ ਸਮੇਂ ਹੀ, ਨਿੱਤਰ ਆਉਣਗੇ?
(ਜੋਗਿੰਦਰ ਸਿੰਘ)