‘‘ਪੁੱਤਰ, ਬੜਾ ਔਖਾ ਹੈ ਸਿੱਖ ਪੱਤਰਕਾਰ ਹੋਣਾ, ਉਹ ਵੀ ਗੁਰਸਿੱਖ ਪੱਤਰਕਾਰ ਹੋਣਾ’’ (3)
Published : Sep 11, 2022, 7:55 am IST
Updated : Sep 11, 2022, 8:45 am IST
SHARE ARTICLE
Sikh journalist Angad Singh
Sikh journalist Angad Singh

ਪ੍ਰਸਿੱਧ ਹਸਤੀਆਂ ਨੇ ਮੈਨੂੰ ਚੋਰੀ ਚੋਰੀ ਕਹਿਣਾ, ‘‘ਜੋ ਤੁਸੀ ਲਿਖ ਰਹੇ ਹੋ, ਬਿਲਕੁਲ ਠੀਕ ਹੈ ਤੇ ਮੈਂ ਸੌ ਫ਼ੀ ਸਦੀ ਤੁਹਾਡੇ ਨਾਲ ਹਾਂ ਪਰ ਖੁਲ੍ਹ ਕੇ ਨਾਲ ਨਹੀਂ ਆ ਸਕਦਾ’’

 

ਪਿਛਲੀ ਕਿਸਤ ਵਿਚ ਮੈਂ ਵਾਅਦਾ ਕੀਤਾ ਸੀ ਕਿ ਕੁੱਝ ਹੋਰ ਗੱਲਾਂ ਯਾਦ ਆ ਗਈਆਂ ਹਨ, ਉਨ੍ਹਾਂ ਦਾ ਜ਼ਿਕਰ ਵੀ ਕਰਨਾ ਚਾਹਾਂਗਾ। ‘ਸਪੋਕਸਮੈਨ’ ਹਕੂਮਤਾਂ ਵਿਰੁਧ ਨੰਗੇ ਧੜ, 10-12 ਸਾਲ ਲੰਮੀ ਲੜਾਈ ਲੜ ਕੇ ਉਨ੍ਹਾਂ ਦੇ ਹਰ ਵਾਰ ਨੂੰ ਪਿੰਡੇ ’ਤੇ ਝੇਲਦਾ ਰਿਹਾ। ਉਨ੍ਹਾਂ 10 ਸਾਲਾਂ ਵਿਚ ਸਾਡੇ 150 ਕਰੋੜ ਦੇ ਇਸ਼ਤਿਹਾਰ, ਸਾਨੂੰ ਨਾ ਲੈਣ ਦਿਤੇ ਗਏ ਤੇ ਕਹਿੰਦੇ ਸਨ, ‘‘ਪਹਿਲਾਂ ਈਨ ਮੰਨੋ, ਫਿਰ ਭਾਵੇਂ ਚਾਰ ਗੁਣਾਂ ਇਸ਼ਤਿਹਾਰ ਲੈ ਲਇਉ।’’ ਸ਼੍ਰੋਮਣੀ ਕਮੇਟੀ ਵਾਲਿਆਂ ਨੇ 17 ਸਾਲ ਤੋਂ ਸਾਡੇ ਇਸ਼ਤਿਹਾਰ ਬੰਦ ਕੀਤੇ ਹਨ ਤੇ ਪੰਥ-ਵਿਰੋਧੀ ਅਖ਼ਬਾਰਾਂ ਨੂੰ ਹੀ ਦੇਂਦੇ ਹਨ। ਸਪੋਕਸਮੈਨ ਇਕੱਲਾ ਸੀ, ਕਿਸੇ ਪਾਰਟੀ ਜਾਂ ਧਿਰ ਨਾਲ ਰਲਣਾ ਇਸ ਨੂੰ ਮੰਜ਼ੂਰ ਨਹੀਂ ਸੀ।

ਦੂਜੇ ਪਾਸੇ ਅਕਾਲੀ-ਭਾਜਪਾ ਸਰਕਾਰ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਪੁਜਾਰੀ ਸਨ। ਏਨਾ ਸ਼ੋਰ ਸੀ ਉਨ੍ਹਾਂ ਦਾ ਕਿ ਇਧਰੋਂ ਇਕੱਲੇ ਸਪੋਕਸਮੈਨ ਨੂੰ ਲੜਦਿਆਂ ਵੇਖ ਕੇ ਸਾਡੇ ਕੱਟੜ ਹਮਾਇਤੀ ਵੀ ਸਾਨੂੰ ਸਲਾਹਾਂ ਦੇਂਦੇ ਸਨ ਕਿ ‘ਅਖ਼ਬਾਰ ਨੂੰ ਬਚਾਉਣ ਲਈ, ਨੀਤੀ ਵਜੋਂ, ਹਾਰ ਮੰਨ ਲਉ ਨਹੀਂ ਤਾਂ ਉਹ ਅਖ਼ਬਾਰ ਬੰਦ ਕਰਵਾਉਣ ਵਿਚ ਕਾਮਯਾਬ ਹੋ ਗਏ ਤਾਂ ਸਮਝੋ ਸਾਡਾ ਸੱਭ ਕੁੱਝ ਖ਼ਤਮ ਹੋ ਗਿਆ।

ਇਸ ਲਈ ਨੀਤੀ ਵਰਤੋ ਤੇ ਅਖ਼ਬਾਰ ਨੂੰ ਬਚਾਉ, ਲੋਕ ਸਾਡੀ ਮਜਬੂਰੀ ਨੂੰ ਸਮਝ ਲੈਣਗੇ। ਪਰ ਮੈਂ ਅੜਿਆ ਰਿਹਾ ਕਿ ਹਾਰ ਜਾਂ ਜਿੱਤ ’ਚੋਂ ਜਿਹੜੀ ਇਕ ਚੀਜ਼ ਮੇਰਾ ਰੱਬ ਮੈਨੂੰ ਦੇਵੇਗਾ, ਉਹ ਪ੍ਰਵਾਨ ਹੈ ਪਰ ਧੌਣ ਨੀਵੀਂ ਕਰ ਕੇ ਜ਼ਾਲਮਾਂ ਅੱਗੇ ਝੁਕਣਾ ਮੇਰੀ ਫ਼ਿਤਰਤ ਵਿਚ ਸ਼ਾਮਲ ਨਹੀਂ। ਉਨ੍ਹਾਂ ਦਿਨਾਂ ਦੀਆਂ ਯਾਦ ਆਉਂਦੀਆਂ ਸਾਰੀਆਂ ਗੱਲਾਂ ਲਿਖਾਂ ਤਾਂ ਇਕ ਪੂਰੀ ਕਿਤਾਬ ਬਣ ਜਾਵੇਗੀ। ਪਰ ਮੈਂ ਇਕ-ਦੋ ਗੱਲਾਂ ਦਾ ਜ਼ਿਕਰ ਕਰ ਕੇ ਹੀ ਦੱਸਾਂਗਾ ਕਿ ਕਿਵੇਂ ਸਾਡੇ ਹੱਕ ਵਿਚ ਨਿਕਲਣ ਵਾਲੀ ਹਰ ਆਵਾਜ਼ ਨੂੰ, ਗਲੇ ’ਚੋਂ ਬਾਹਰ ਨਿਕਲਣ ਤੋਂ ਪਹਿਲਾਂ ਹੀ ਦਬਾ ਦਿਤਾ ਜਾਂਦਾ ਸੀ।

ProtestProtest

ਅਪਣਿਆਂ ਦੀ ਆਵਾਜ਼

ਮੈਨੂੰ ਡਾ. ਮਾਨ ਸਿੰਘ ਨਿਰੰਕਾਰੀ ਨੇ ਫ਼ੋਨ ਕੀਤਾ ਕਿ ‘‘ਕਲ ਦੁਪਹਿਰ ਨੂੰ ਮੈਂ ਖਾਣੇ ’ਤੇ 50 ਕੁ ਪ੍ਰਸਿੱਧ ਹਸਤੀਆਂ ਨੂੰ ਬੁਲਾ ਰਿਹਾ ਹਾਂ। ਸੱਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਤੁਸੀ ਜ਼ਰੂਰ ਆਉਣਾ ਹੋਵੇਗਾ।’’ ਮੈਂ ਅਪਣੀ ਮਜਬੂਰੀ ਦੱਸੀ ਕਿ ਅਖ਼ਬਾਰ ਦੇ ਜ਼ਰੂਰੀ ਕੰਮ ਕਾਰਨ ਮੈਂ ਉਸ ਸਮੇਂ ਮੋਹਾਲੀ ਵਿਚ ਹੋਵਾਂਗਾ, ਇਸ ਲਈ ਹਾਜ਼ਰ ਨਹੀਂ ਹੋ ਸਕਾਂਗਾ। ਪਰ ਡਾ. ਨਿਰੰਕਾਰੀ ਅੜ ਗਏ ਕਿ ‘‘ਤੁਹਾਨੂੰ ਸੌ ਕੰਮ ਛੱਡ ਕੇ ਵੀ ਆਉਣਾ ਪਵੇਗਾ ਨਹੀਂ ਤਾਂ ਮੈਂ ਕਿਸੇ ਹੋਰ ਦਿਨ ਪ੍ਰੀਤੀ-ਭੋਜ ਰੱਖ ਲਵਾਂਗਾ।’’ ਮੈਂ ਸੋਚਾਂ ਵਿਚ ਪੈ ਗਿਆ ਕਿਉਂਕਿ ਅਖ਼ਬਾਰ ਵਾਲਾ ਕੰਮ ਵੀ ਬਹੁਤ ਮਹੱਤਵਪੂਰਨ ਸੀ। ਨਿਰੰਕਾਰੀ ਜੀ ਬੋਲੇ, ‘‘ਭਾਵੇਂ ਪੰਜ ਮਿੰਟ ਰੁਕ ਕੇ ਹੀ ਚਲੇ ਜਾਇਉ। ਮੈਂ ਸੱਭ ਨੂੰ ਤੁਹਾਡੇ ਕੰਮ ਬਾਰੇ ਸਮਝਾ ਦਿਆਂਗਾ ਪਰ ਤੁਹਾਡਾ ਆਉਣਾ ਬੇਹੱਦ ਜ਼ਰੂਰੀ ਹੈ।’’ ਮੈਨੂੰ ਹਾਂ ਕਰਨੀ ਪਈ।

ਡਾ. ਨਿਰੰਕਾਰੀ ਦੇ ਘਰ ਸਿੱਖ ਪੰਥ ਦੇ ਵਿਦਵਾਨਾਂ ਦਾ ਵੱਡਾ ਇਕੱਠ ਸੀ। ਮੇਰੇ ਨਾਲ ਸਾਰਿਆਂ ਦੇ ਬਹੁਤ ਗੂੜ੍ਹੇ ਸਬੰਧ ਸਨ ਤੇ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਸਨ। ਸਾਰੇ ਹੀ ‘ਸਪੋਕਸਮੈਨ’ ਦੇ ਵੱਡੇ ਪ੍ਰਸ਼ੰਸਕਾਂ ਵਿਚ ਗਿਣੇ ਜਾਂਦੇ ਸਨ। ਪਰ ਪੁਜਾਰੀਆਂ ਦੇ ਹੁਕਮਨਾਮੇ ਮਗਰੋਂ ਅਸੀ ਪਹਿਲੀ ਵਾਰੀ ਮਿਲ ਰਹੇ ਸੀ। ਸਾਰੇ ਮੈਨੂੰ ਹੱਥ ਜੋੜ ਕੇ ‘ਸਤਿ ਸ੍ਰੀ ਅਕਾਲ’ ਬੁਲਾਉਂਦੇ ਤੇ ‘‘ਠੀਕ ਹੋ?’’ ਕਹਿ ਕੇ ਦੂਰ ਜਾ ਖੜੇ ਹੁੰਦੇ। ਕੋਈ ਮੇਰੇ ਨੇੜੇ ਖੜੇ ਹੋਣ ਜਾਂ ਗੱਲ ਕਰਨ ਨੂੰ ਵੀ ਰਾਜ਼ੀ ਨਹੀਂ ਸੀ। ਸੁਰਜੀਤ ਸਿੰਘ ਬਰਨਾਲਾ ਸੋਫ਼ੇ ਤੇ ਇਕੱਲੇ ਬੈਠੇ ਸਨ। ਡਾ. ਨਿਰੰਕਾਰੀ ਆਪ ਆ ਕੇ ਮੈਨੂੰ ਉਨ੍ਹਾਂ ਕੋਲ ਬਿਠਾ ਗਏ। ਪਰ ਸ. ਬਰਨਾਲਾ ਵੀ ਇਕ ਦੋ ਮਿੰਟ ਗੱਲਬਾਤ ਕਰਨ ਮਗਰੋਂ, ਕੋਈ ਬਹਾਨਾ ਬਣਾ ਕੇ ਉਠ ਗਏ। ਮੈਂ ਵੀ ਸੱਭ ਦੇ ਬਦਲੇ ਹੋਏ ਤੇਵਰ ਵੇਖ ਕੇ ਉਠ ਪਿਆ ਤੇ ਡਾ. ਨਿਰੰਕਾਰੀ ਨੂੰ ਲੱਭ ਕੇ ਕਿਹਾ, ‘‘ਲਉ ਤੁਸੀ ਪੰਜ ਮਿੰਟ ਦੀ ਸ਼ਰਤ ਲਾਈ ਸੀ ਜੋ ਪੂਰੀ ਹੋ ਗਈ ਏ ਤੇ ਹੁਣ ਮੈਨੂੰ ਆਗਿਆ ਦਿਉ।’’ ਉਹ ਬੜਾ ਰੋਕਦੇ ਰਹੇ ਪਰ ਮੈਂ ਬਾਹਰ ਆ ਗਿਆ। ਕਾਰ ਸਟਾਰਟ ਕਰਦਿਆਂ ਮੇਰੀ ਨਜ਼ਰ ਗੇਟ ਤੋਂ ਬਾਹਰ ਇਕ ਦਰੱਖ਼ਤ ਦੇ ਓਹਲੇ ਹੇਠ ਖੜੇ ਸੱਜਣ ’ਤੇ ਪੈ ਗਈ ਜੋ ਮੈਨੂੰ ਬੁਲਾ ਰਹੇ ਸਨ।

ਮੈਂ ਕਾਰ ’ਚੋਂ ਉਤਰ ਕੇ ਉਨ੍ਹਾਂ ਵਲ ਗਿਆ। ਇਹ ਪ੍ਰਸਿੱਧ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਸਨ ਜੋ ਪੰਜਾਬੀ ਯੂਨੀਵਰਸਟੀ ਤੋਂ ਰੀਟਾਇਰ ਹੋ ਕੇ ਹੁਣ ਚੰਡੀਗੜ੍ਹ ਰਹਿ ਕੇ ਹੀ ਇਤਿਹਾਸ-ਖੋਜ ਦਾ ਕੰਮ ਸ਼੍ਰੋਮਣੀ ਕਮੇਟੀ ਲਈ ਕਰਦੇ ਸਨ। ਮੈਨੂੰ ਜੱਫੀ ਵਿਚ ਲੈ ਕੇ ਬੋਲੇ, ‘‘ਜੋ ਤੁਸੀ ਲਿਖਦੇ ਹੋ, ਬਿਲਕੁਲ ਠੀਕ ਲਿਖਦੇ ਹੋ। ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਸਹਿਮਤ ਹਾਂ। ਤੁਸੀ ਜ਼ਰੂਰ ਸਫ਼ਲ ਹੋਵੋਗੇ ਪਰ ਮੈਂ ਤੁਹਾਡੇ ਨਾਲ ਖੁਲ੍ਹ ਕੇ ਨਹੀਂ ਆ ਸਕਦਾ। ਤੁਸੀ ਜਾਣਦੇ ਹੀ ਹੋ ਨਾ ਸ਼੍ਰੋਮਣੀ ਕਮੇਟੀ ਨੂੰ.....।’’ ਮੈਂ ‘ਧਨਵਾਦ’ ਕਹਿ ਕੇ ਕਾਰ ਵਿਚ ਜਾ ਬੈਠਾ। ਸ਼ਾਮ ਨੂੰ ਇਕ ਹੋਰ ਉਘੇ ਸਿੱਖ ਲੇਖਕ ਡਾ. ਹਰਨਾਮ ਸਿੰਘ ਸ਼ਾਨ ਨੇ ਮੇਰੇ ਘਰ ਆ ਕੇ ਵੀ ਮੈਨੂੰ ਇਹੀ ਗੱਲ ਆਖੀ ਕਿ ‘‘ਮੈਂ 100 ਫ਼ੀ ਸਦੀ ਤੁਹਾਡੇ ਵਲੋਂ ਲਿਖੇ ਹਰ ਅੱਖਰ ਨਾਲ ਸਹਿਮਤ ਹਾਂ ਤੇ ਪੂਰੀ ਤਰ੍ਹਾਂ, ਤੁਹਾਡੇ ਨਾਲ ਹਾਂ ਪਰ ਖੁਲ੍ਹ ਕੇ ਤੁਹਾਡੇ ਨਾਲ ਨਹੀਂ ਆ ਸਕਦਾ ਕਿਉਂਕਿ ਸ਼੍ਰੋਮਣੀ ਕਮੇਟੀ ਮੇਰੀ ਕਿਤਾਬ ਛਾਪ ਰਹੀ ਹੈ ਜਿਸ ਉਤੇ 5 ਲੱਖ ਰੁਪਏ ਦਾ ਖ਼ਰਚਾ ਆਉਣਾ ਹੈ...।’’

Paramjit Singh SarnaParamjit Singh Sarna

ਦਿੱਲੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੇਰੇ ਕੋਲ ਆਉਂਦੇ ਰਹਿੰਦੇ ਸਨ। ‘ਇੰਡੀਅਨ ਐਕਸਪ੍ਰੈਸ’ ਨੇ ਇਕ ਵੱਡ-ਕਾਲਮੀ ਖ਼ਬਰ ਛਾਪ ਦਿਤੀ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਦੇ ਬਾਵਜੂਦ, ਸਰਨਾ ਸਾਹਿਬ ਮੇਰੇ ਕੋਲ ਆਉਂਦੇ ਰਹਿੰਦੇ ਹਨ। ਅਕਾਲ ਤਖ਼ਤ ਵਾਲਿਆਂ ਨੇ ਝੱਟ ਸੰਮਨ ਜਾਰੀ ਕਰ ਦਿਤੇ। ਸਰਨਾ ਜੀ ਮੈਨੂੰ ਤਾਂ ਕਹਿ ਗਏ, ‘‘ਮੈਂ ਨਹੀਂ ਡਰਦਾ ਇਨ੍ਹਾਂ ਪੁਜਾਰੀਆਂ ਤੋਂ। ਨਹੀਂ ਜਾਵਾਂਗਾ ਮੈਂ।’’ ਪਰ ਅਖ਼ੀਰ ਪੇਸ਼ ਹੋ ਹੀ ਗਏ ਤੇ ਕਹਿ ਆਏ ਕਿ ਅੱਗੇ ਤੋਂ ਇਹ ‘ਗ਼ਲਤੀ’ ਨਹੀਂ ਹੋਵੇਗੀ।

ਉਸ ਤੋਂ ਬਾਅਦ ਵੀ ਕਿਹੜੇ ਕਿਹੜੇ ਮੰਨੇ ਪ੍ਰਮੰਨੇ ਅਕਾਲੀ ਆਗੂ ਮੇਰੇ ਕੋਲੋਂ ਰੋਟੀਆਂ ਖਾ ਗਏ ਤੇ ‘ਜਥੇਦਾਰਾਂ’ ਦੇ ਹੁਕਮਨਾਮੇ ਵਿਰੁਧ ਬੋਲਦੇ ਰਹੇ, ਉਨ੍ਹਾਂ ਦੀ ਸੂਚੀ ਵੀ 100 ਤੋਂ ਘੱਟ ਤਾਂ ਨਹੀਂ ਹੋਵੇਗੀ ਪਰ ਜਿਹੜੇ ਅਜੇ ਜੀਊਂਦੇ ਹਨ, ਉਨ੍ਹਾਂ ਦੇ ਨਾਂ ਲਿਖਣ ਤੋਂ ਗੁਰੇਜ਼ ਹੀ ਕਰਦਾ ਹਾਂ ਤਾਕਿ ਮੇਰੀ ਲਿਖਤ ਨੂੰ ਲੈ ਕੇ, ਉਨ੍ਹਾਂ ਨਾਲ ਵੀ ਧੱਕਾ ਨਾ ਹੋ ਜਾਏ। ਹਾਂ, ਇਨ੍ਹਾਂ ’ਚੋਂ ਬਹੁਤੇ ਹਸਦੇ ਹਸਦੇ ਇਹ ਜ਼ਰੂਰ ਕਹਿ ਜਾਇਆ ਕਰਦੇ ਸਨ, ‘‘ਵੇਖਿਆ ਜੇ, ਅਖ਼ਬਾਰ ਵਿਚ ਸਾਡੇ ਆਉਣ ਦੀ ਫ਼ੋਟੋ ਨਾ ਛੱਪ ਜਾਏ ਕਿਤੇ ਨਹੀਂ ਤਾਂ ਸਿੱਖ ਪੰਡਤਾਂ ਨੇ ਸਾਨੂੰ ਵੀ ਬੁਲਾ ਲੈਣੈ....।’’

ਅਖ਼ਬਾਰਾਂ ਖ਼ਬਰ ਵੀ ਨਹੀਂ ਸਨ ਛਾਪਦੀਆਂ

‘ਅਪਣਿਆਂ’ ਦੀ ਗੱਲ ਤੁਸੀ ਪੜ੍ਹ ਲਈ ਹੈ। ਜ਼ਰਾ ਅਖ਼ਬਾਰਾਂ ਦੀ ਗੱਲ ਵੀ ਸੁਣ ਲਉ। ਬਾਦਲ ਦੇ ਧੱਕੇ ਵਿਰੁਧ ਸਪੋਕਸਮੈਨ ਦੇ ਪਾਠਕਾਂ ਨੇ, ਸਾਰੇ ਪੰਜਾਬ ’ਚੋਂ ਆ ਕੇ ਚੰਡੀਗੜ੍ਹ ਵਿਚ ਜਲੂਸ ਕਢਿਆ। ਡਾ. ਗੁਰਸ਼ਰਨਜੀਤ ਸਿੰਘ ਬੱਸ ਅੱਡੇ ਦੇ ਬਾਹਰ ਖੜੇ ਰਹਿ ਕੇ ਤੇ ਭਾਸ਼ਨ ਦੇ ਦੇ ਕੇ ਬਾਹਰੋਂ ਆਉਣ ਵਾਲੇ ਵੱਡੇ ਜੱਥਿਆਂ ਦਾ ਸਵਾਗਤ ਕਰ ਰਹੇ ਸਨ। ਹਜ਼ਾਰਾਂ ਪਾਠਕ ਦੂਰ-ਦੂਰ ਦੇ ਇਲਾਕਿਆਂ ਤੋਂ ਪੁੱਜੇ ਸਨ। ਉਨ੍ਹਾਂ ਮਾਟੋ ਤੇ ਝੰਡੇ ਚੁੱਕੇ ਹੋਏ ਸਨ ਤੇ ਨਾਹਰੇ ਮਾਰ ਰਹੇ ਸਨ।
ਸਾਰੀਆਂ ਅਖ਼ਬਾਰਾਂ ਦੇ ਪ੍ਰਤੀਨਿਧ ਮੌਜੂਦ ਸਨ ਤੇ ਥਾਂ-ਥਾਂ ਤੋਂ ਜਲੂਸ ਦੀਆਂ ਫ਼ੋਟੋ ਲੈ ਰਹੇ ਸਨ। ਮੈਨੂੰ ਵੇਖ ਕੇ ਮੇਰੇ ਕੋਲ ਆ ਗਏ ਤੇ ਕਹਿਣ ਲਗੇ, ‘‘ਤੁਸੀ ਤਾਂ ਇਤਿਹਾਸ ਸਿਰਜ ਦਿਤਾ ਹੈ। ਚੰਡੀਗੜ੍ਹ ਜਾਂ ਪੰਜਾਬ ਦੇ ਇਤਿਹਾਸ ਵਿਚ ਤਾਂ ਕਦੇ ਕਿਸੇ ਅਖ਼ਬਾਰ ਦੇ ਹੱਕ ਵਿਚ ਏਨਾ ਵੱਡਾ ਜਲੂਸ ਨਹੀਂ ਨਿਕਲਿਆ। ਵਧਾਈ ਹੋਵੇ, ਤੁਸੀ ਕਮਾਲ ਕਰ ਕੇ ਵਿਖਾ ਦਿਤਾ ਹੈ।’’

ਅਗਲੇ ਦਿਨ ਅਖ਼ਬਾਰਾਂ ਚੁੱਕ ਕੇ ਵੇਖੀਆਂ। ਕਿਸੇ ਵੀ ਅਖ਼ਬਾਰ ਵਿਚ, ਜਲੂਸ ਦਾ ਜ਼ਿਕਰ ਤਕ ਵੀ ਨਹੀਂ ਸੀ, ਫ਼ੋਟੋ ਜਾਂ ਖ਼ਬਰ ਦੀ ਤਾਂ ਗੱਲ ਹੀ ਕੀ ਹੋਣੀ ਸੀ। ਮੈਂ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਨੂੰ ਫ਼ੋਨ ਕੀਤਾ ਜਿਸ ਨੇ ਆਪ ਮੈਨੂੰ ਵਧਾਈ ਦਿਤੀ ਸੀ। ਮੈਂ ਉਸ ਨੂੰ ਕਿਹਾ, ‘‘ਮਹਾਰਾਸ਼ਟਰ ਤੇ ਕੇਰਲ ਜਾਂ ਯੂਪੀ ਵਿਚ ਕਿਸੇ ਪੱਤਰਕਾਰ ਨਾਲ ਜ਼ਿਆਦਤੀ ਹੋ ਜਾਏ ਤਾਂ ਉੱਚੀ ਉੱਚੀ ਬਾਂਗਾਂ ਦੇਣ ਲੱਗ ਪੈਂਦੇ ਹੋ। ਇਥੇ ਅਪਣੇ ਸਾਹਮਣੇ ਸਰਕਾਰਾਂ ਨੂੰ ਇਕ ਅਖ਼ਬਾਰ ਨਾਲ ਧੱਕਾ ਕਰਦੇ ਵੇਖਦੇ ਹੋ ਪਰ ਕੁਸਕਦੇ ਤਕ ਨਹੀਂ। ਕਲ ਦਾ ਸਾਡਾ ਜਲੂਸ ਤੁਸੀ ਆਪ ਵੇਖਿਆ ਸੀ। ਅੱਜ ਉਸ ਦਾ ਜ਼ਿਕਰ ਤਕ ਤੁਸੀ ਨਹੀਂ ਕੀਤਾ....?’’

ਉਹ ਵਿਚੋਂ ਹੀ ਟੋਕ ਕੇ ਬੋਲਿਆ, ‘‘ਮੈਂ ਤਾਂ ਬਹੁਤ ਵੱਡੀ ਰੀਪੋਰਟ ਲਿਖ ਕੇ ਨਾਲ 4 ਵੱਡੀਆਂ ਫ਼ੋਟੋ ਲਗਾ ਕੇ ਭੇਜੀ ਸੀ ਪਰ ਮੁੱਖ ਮੰਤਰੀ ਦੇ ਦਫ਼ਤਰ ’ਚੋਂ ਸਾਰੇ ਅਖ਼ਬਾਰਾਂ ਨੂੰ ਫ਼ੋਨ ਆ ਗਏ ਕਿ ਸਪੋਕਸਮੈਨ ਵਾਲਿਆਂ ਦੀ ਖ਼ਬਰ ਨਹੀਂ ਲਗਾਣੀ। ਜਿਹੜਾ ਨਹੀਂ ਲਵਾਏਗਾ, ਉਸ ਨੂੰ ਕਲ ਦੋ ਲੱਖ ਰੁਪਏ ਦੇ ਵਿਸ਼ੇਸ਼ ਇਸ਼ਤਿਹਾਰ ਮਿਲ ਜਾਣਗੇ...।’’ ਸਾਡੀਆਂ ਪ੍ਰੈਸ ਕਾਨਫ਼ਰੰਸਾਂ ਦਾ ਵੀ ਇਹੀ ਹਾਲ ਹੁੰਦਾ ਸੀ। ਅਸੀ ਕਿਸੇ ਚੰਗੇ ਹੋਟਲ ਵਿਚ ਪ੍ਰੈਸ ਕਾਨਫ਼ਰੰਸ ਕਰਨੀ। ਪੱਤਰਕਾਰਾਂ ਨੂੰ ਵਧੀਆ ਖਾਣਾ ਖਵਾਣਾ ਤੇ ਧਿਆਨ ਨਾਲ ਖ਼ਬਰ ਲਗਾ ਦੇਣ ਦੀ ਬੇਨਤੀ ਕਰਨੀ। ਅਗਲੇ ਦਿਨ ਅਖ਼ਬਾਰਾਂ ਵਿਚ ਜ਼ਿਕਰ ਤਕ ਨਾ ਹੋਣਾ।

ਪੁੱਛਣ ਤੇ ਫਿਰ ਉਹੀ ਜਵਾਬ ਮਿਲ ਜਾਣਾ, ‘‘ਅਸੀ ਤਾਂ ਪੂਰੀ ਈਮਾਨਦਾਰੀ ਨਾਲ ਪੂਰੀ ਰੀਪੋਰਟ ਭੇਜੀ ਸੀ ਪਰ ਐਡੀਟਰ ਸਾਹਬ ਨੂੰ ਮੁੱਖ ਮੰਤਰੀ ਦਫ਼ਤਰ ਵਿਚੋਂ ਫ਼ੋਨ ਆ ਗਿਆ ਕਿ ਸਪੋਕਸਮੈਨ ਦੀ ਖ਼ਬਰ ਨਹੀਂ ਛਪਾਣੀ, ਪੂਰੇ ਪੇਜ ਦਾ ਇਸ਼ਤਿਹਾਰ ਭੇਜ ਰਹੇ ਹਾਂ।... ਚੀਫ਼ ਮਨਿਸਟਰ ਦੇ ਦਫ਼ਤਰ ’ਚੋਂ ਫ਼ੋਨ ਆ ਜਾਏ ਤਾਂ ਸਾਡੀ ਰੀਪੋਰਟ ਦਾ ਕੀ ਮੁਲ ਰਹਿ ਜਾਂਦਾ ਹੈ?’’ ਸਿੱਖ ਅਖ਼ਬਾਰ/ਪੱਤਰਕਾਰ ਦੀ ਆਵਾਜ਼ ਵੀ ਲੋਕਾਂ ਤਕ ਨਹੀਂ ਪਹੁੰਚਣ ਦੇਂਦੇ ਅਪਣੇ ਸਿੱਖ ਹਾਕਮ ਤੇ ਦੂਜੇ ਅਖ਼ਬਾਰਾਂ ਨੂੰ ਵੀ ਸਾਡੀ ਗੱਲ ਲੋਕਾਂ ਤਕ ਪਹੁੰਚਾਉਣ ਨਹੀਂ ਦੇਂਦੇ। ਬੜਾ ਔਖਾ ਹੈ ਸਿੱਖ ਪੱਤਰਕਾਰ ਹੋਣਾ ਤੇ ਉਹ ਵੀ ਗੁਰਸਿੱਖ ਪੱਤਰਕਾਰ ਹੋ ਕੇ ਰਹਿਣਾ! ਤੁਹਾਡੀ ਆਵਾਜ਼ ਲੋਕਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਰੋਕ ਲੈਂਦੀਆਂ ਹਨ। ਕੋਈ ਦਲੀਲ ਨਹੀਂ, ਕੋਈ ਵਕੀਲ ਨਹੀਂ, ਕੋਈ ਅਪੀਲ ਨਹੀਂ।

ਸਚਮੁਚ ਬੜਾ ਔਖਾ ਹੈ ਗੁਰਸਿੱਖ ਪੱਤਰਕਾਰ ਹੋਣਾ

-ਵਿਦਵਾਨਾਂ ਤੇ ਪ੍ਰਸਿੱਧ ਹਸਤੀਆਂ ਨੇ ਮੈਨੂੰ ਚੋਰੀ ਚੋਰੀ ਕਹਿਣਾ, ‘‘ਜੋ ਤੁਸੀ ਲਿਖ ਰਹੇ ਹੋ, ਬਿਲਕੁਲ ਠੀਕ ਹੈ ਤੇ ਮੈਂ ਸੌ ਫ਼ੀ ਸਦੀ ਤਕ ਤੁਹਾਡੇ ਨਾਲ ਹਾਂ ਪਰ ਖੁਲ੍ਹ ਕੇ ਤੁਹਾਡੇ ਨਾਲ ਨਹੀਂ ਆ ਸਕਦਾ ਕਿਉਂਕਿ...।’’

-ਬਾਦਲ ਸਰਕਾਰ ਦੇ ਧੱਕੇ ਵਿਰੁਧ ਪੰਜਾਬ ਭਰ ਤੋਂ ਆਏ ਹਜ਼ਾਰਾਂ ਪਾਠਕਾਂ ਨੇ ਤਿੰਨ ਮੀਲ ਲੰਮਾ ਜਲੂਸ ਕਢਿਆ। ਅਖ਼ਬਾਰਾਂ ਵਾਲੇ ਮੈਨੂੰ ਕਹਿਣ, ‘‘ਕਮਾਲ ਕਰ ਦਿਤਾ ਤੁਸੀ ਤਾਂ। ਚੰਡੀਗੜ੍ਹ ਜਾਂ ਪੰਜਾਬ ਦੇ ਇਤਿਹਾਸ ਵਿਚ ਕਿਸੇ ਅਖ਼ਬਾਰ ਦੇ ਹੱਕ ਵਿਚ ਏਨਾ ਵੱਡਾ ਜਲੂਸ ਨਹੀਂ ਨਿਕਲਿਆ ਅੱਜ ਤਕ।’’ ਉਹ ਸੈਂਕੜੇ ਫ਼ੋਟੋਆਂ ਥਾਂ-ਥਾਂ ਤੋਂ ਖਿਚਦੇ ਫਿਰ ਰਹੇ ਸਨ। ਪਰ ਅਗਲੇ ਦਿਨ ਕਿਸੇ ਵੀ ਅਖ਼ਬਾਰ ਵਿਚ ਇਕ ਲਫ਼ਜ਼ ਵੀ ਨਹੀਂ ਸੀ ਛਪਿਆ। ਕਿਉਂ? ਕਿਉਂਕਿ ਸ਼ਾਮ ਵੇਲੇ ਉਪਰੋਂ ਹੁਕਮ ਆ ਗਏ ਸਨ ਕਿ ਸਪੋਕਸਮੈਨ ਦੀ ਕੋਈ ਖ਼ਬਰ ਬਿਲਕੁਲ ਨਹੀਂ ਲਗਾਣੀ!

-ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement