
ਸਿੱਖਾਂ ਨੇ ਤਲਵਾਰ ਅਤੇ ਤੋਪ ਬੰਦੂਕ ਦੇ ਜ਼ਮਾਨੇ ਵਿਚ ਕਿਸੇ ਖ਼ੱਬੀ ਖ਼ਾਂ ਨੂੰ ਅਪਣੀ ਬਰਾਬਰੀ ਤੇ ਖੜੇ ਨਾ ਹੋਣ ਦਿਤਾ ਤੇ ਸੱਭ ਕੋਲੋਂ ਈਨ ਮਨਵਾਈ।
ਸਿੱਖਾਂ ਨੇ ਤਲਵਾਰ ਅਤੇ ਤੋਪ ਬੰਦੂਕ ਦੇ ਜ਼ਮਾਨੇ ਵਿਚ ਕਿਸੇ ਖ਼ੱਬੀ ਖ਼ਾਂ ਨੂੰ ਅਪਣੀ ਬਰਾਬਰੀ ਤੇ ਖੜੇ ਨਾ ਹੋਣ ਦਿਤਾ ਤੇ ਸੱਭ ਕੋਲੋਂ ਈਨ ਮਨਵਾਈ। ਮੇਰਾ ਜਨਮ ਅਸਥਾਨ ਚੇਲੀਆਂਵਾਲਾ ਹੈ¸ਉਹੀ ਚੇਲੀਆਂਵਾਲਾ ਜਿਥੇ ਅੰਗਰੇਜ਼ਾਂ-ਸਿੱਖਾਂ ਵਿਚਕਾਰ ਦੂਜੀ ਭਿਆਨਕ ਜੰਗ ਹੋਈ ਸੀ ਜਿਸ ਬਾਰੇ ਭਾਰਤ ਦੇ ਅੰਗਰੇਜ਼ ਵਾਇਸਰਾਏ ਨੇ ਲਿਖਿਆ ਸੀ ਕਿ ਚੇਲੀਆਂਵਾਲੇ ਵਰਗੀ ਇਕ ਹੋਰ ਜੰਗ ਲੜਨੀ ਪੈ ਗਈ ਤਾਂ ਬਰਤਾਨਵੀ ਸਾਮਰਾਜ ਦਾ ਨਾਂ ਨਿਸ਼ਾਨ ਮਿਟ ਜਾਏਗਾ। ਘਰ ਦੇ ਗ਼ਦਾਰਾਂ ਸਦਕਾ ਸਿੱਖ ਫ਼ੌਜਾਂ ਜਿੱਤ ਕੇ ਵੀ ਹਾਰ ਗਈਆਂ ਪਰ ਅੰਗਰੇਜ਼ਾਂ ਨੂੰ ਦਿਨੇ ਤਾਰੇ ਵਿਖਾਉਣ ਮਗਰੋਂ ਹੀ।
ਮਾ. ਤਾਰਾ ਸਿੰਘ ਲਿਖਤ 'ਬਾਬਾ ਤੇਗਾ ਸਿੰਘ' ਵਿਚ ਇਕ ਸਿੱਖ ਫ਼ੌਜੀ ਦਸਦਾ ਹੈ ਕਿ ਸਿੱਖਾਂ ਦੀ ਮਾਰ ਸਹਿਣ ਨਾ ਕਰਦਿਆਂ ਹੋਇਆਂ, ਸਿੱਖਾਂ ਦੇ ਵਾਰ ਤੋਂ ਬਚਣ ਲਈ ਅੰਗਰੇਜ਼ ਫ਼ੌਜੀ ਮੂੰਹ ਵਿਚ ਘਾਹ ਦਾ ਤੀਲਾ ਰੱਖ ਕੇ ਤੇ ਹੱਥ ਜੋੜ ਕੇ 'ਡਊ ਡਊ' ਕਹਿਣ ਲਗਦੇ ਸਨ। 'ਡਊ ਡਊ' ਦਾ ਅਰਥ ਕੀ ਸੀ? ਉਹ ਅੰਗਰੇਜ਼ ਫ਼ੌਜੀ, ਇੰਜ ਕਹਿ ਕੇ ਜੋਦੜੀਆਂ ਕਰਦੇ ਸਨ ਕਿ ''ਸਾਨੂੰ ਨਾ ਮਾਰੋ, ਅਸੀ 'ਗਊਆਂ' (ਬੇਕਸੂਰ) ਹਾਂ।'' ਤੋਪ ਤਲਵਾਰ ਦੇ ਮੈਦਾਨ ਵਿਚ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ ਤੇ ਬਰਤਾਨੀਆ, ਜਰਮਨੀ, ਫ਼ਰਾਂਸ ਵਿਚ ਵੀ ਬਹਾਦਰ ਸਿੱਖਾਂ ਦੀਆਂ ਯਾਦਗਾਰਾਂ ਬਣੀਆਂ ਵੇਖੀਆਂ ਜਾ ਸਕਦੀਆਂ ਹਨ।
ਹਾਂ ਤੁਸੀ ਵੀ ਇਨ੍ਹਾਂ ਨੂੰ ਵੇਖ ਸਕਦੇ ਹੋ ਪਰ ਕੀ ਕੋਈ ਇਕ ਵੀ ਯਾਦਗਾਰ ਸਿੱਖਾਂ ਨੇ ਆਪ ਵੀ ਬਣਾਈ ਹੈ? ਨਹੀਂ, ਬਿਲਕੁਲ ਨਹੀਂ। ਭਾਰਤ ਵਿਚ ਵੀ ਨਹੀਂ ਬਣਾਈ। ਸਰਕਾਰਾਂ ਜਿਹੜੀਆਂ ਯਾਦਗਾਰਾਂ ਬਣਾਉਂਦੀਆਂ ਹਨ, ਉਨ੍ਹਾਂ ਵਿਚੋਂ ਪੈਸਾ ਤਾਂ ਬੋਲਦਾ ਦਿਸਦਾ ਹੈ, ਆਤਮਾ ਨਹੀਂ। ਉਹ ਤਾਂ ਵੋਟਾਂ ਲੈਣ ਲਈ ਅਪਣੀ ਨਕਲੀ ਸ਼ਰਧਾ ਦੀ ਨਕਲੀ ਝਲਕ ਵਿਖਾਉਣ ਲਈ ਬਣਾਈਆਂ ਇਮਾਰਤਾਂ ਹੀ ਹੁੰਦੀਆਂ ਹਨ, ਵਿਚੋਂ ਕੁੱਝ ਨਹੀਂ ਨਿਕਲਦਾ। ਧਰਮ ਦੇ ਨਾਂ ਤੇ ਬਣਾਈਆਂ ਗਈਆਂ ਇਮਾਰਤਾਂ ਸਦੀਆਂ ਤੋਂ ਬ੍ਰਾਹਮਣੀ ਪ੍ਰਥਾ ਅਨੁਸਾਰ ਤਿੰਨ ਕੰਮ ਕਰਦੀਆਂ ਆ ਰਹੀਆਂ ਹਨ¸
(1) ਵਕਤ ਦੇ ਹਾਕਮ ਦੀ ਜੀਅ ਹਜ਼ੂਰੀ ਤੇ ਉਸ ਦੀ ਸਫ਼ਲਤਾ ਲਈ ਪ੍ਰਾਰਥਨਾਵਾਂ ਕਰਨ ਲਈ ਅੱਡੀ ਚੁਕ ਕੇ ਤਿਆਰ ਰਹਿਣ ਵਾਲੇ ਪੁਜਾਰੀ ਤਿਆਰ ਕਰਦੀਆਂ ਹਨ। (2) ਪੁਜਾਰੀ ਵਰਗ ਲਈ ਧਰਮ ਦੇ ਨਾਂ ਤੇ ਆਏ ਚੜ੍ਹਾਵੇ ਵਿਚੋਂ ਖਾਣ-ਪੀਣ ਅਤੇ ਐਸ਼ ਆਰਾਮ ਲਈ ਖੁਲ੍ਹਾ ਪ੍ਰਬੰਧ ਕਰਦੀਆਂ ਹਨ ਅਤੇ (3) ਪੁਜਾਰੀ ਸ਼੍ਰੇਣੀ ਨੂੰ ਰੱਬ ਦੇ ਨਾਂ ਤੇ ਉਥੇ ਅੰਧ-ਵਿਸ਼ਵਾਸ, ਕਰਮ-ਕਾਂਡ ਅਤੇ ਵਹਿਮ-ਭਰਮ ਫੈਲਾਉਣ ਦੀ ਖੁਲ੍ਹੀ ਛੁੱਟੀ ਦੇਂਦੀਆਂ ਹਨ। ਇਹ ਇਮਾਰਤਾਂ ਉਸਾਰਨ ਲਈ ਰੱਬ ਅਤੇ ਧਰਮ ਦੇ ਨਾਂ ਤੇ, ਧੱਕੇ ਨਾਲ ਵੀ ਪੈਸਾ ਲੈ ਲਿਆ ਜਾਂਦਾ ਹੈ।
ਸਾਡੇ ਬਾਨੀ, ਬਾਬੇ ਨਾਨਕ ਨੇ ਇਕ ਵੀ ਗੁਰਦਵਾਰਾ, ਡੇਰਾ ਜਾਂ ਆਸ਼ਰਮ ਨਹੀਂ ਸੀ ਬਣਾਇਆ। ਉਹ ਹਿੰਦੂ ਪ੍ਰਥਾ ਤੋਂ ਬਿਲਕੁਲ ਵਖਰਾ ਕੁੱਝ ਕਰਨਾ ਚਾਹੁੰਦੇ ਸਨ ਕਿਉਂਕਿ ਗੁਰਦਵਾਰੇ, ਗਿਰਜੇ, ਮੰਦਰ, ਮਸਜਿਦ, ਚਰਚ ਉਸਾਰਨ ਦਾ ਮਤਲਬ ਹੈ ਇਕ ਮਜ਼ਬੂਤ ਪੁਜਾਰੀ ਸ਼੍ਰੇਣੀ ਦੀ ਕਾਇਮੀ ਜੋ ਬਾਨੀ ਕੋਲੋਂ ਖੋਹ ਕੇ, ਧਰਮ ਦਾ ਸਾਰਾ ਪ੍ਰਬੰਧ, ਅਪਣੇ ਹੱਥ ਵਿਚ ਲੈ ਲੈਂਦੀ ਹੈ ਤੇ ਧਰਮ ਦੀ ਵਿਆਖਿਆ ਵੀ ਅਪਣੀ ਮਰਜ਼ੀ ਨਾਲ ਹੀ ਕਰਨ ਲੱਗ ਪੈਂਦੀ ਹੈ। ਸਿੱਖਾਂ ਨੇ ਵੀ ਬਾਬੇ ਨਾਨਕ ਦੀ ਸਿਖਿਆ ਨੂੰ ਭੁਲਾ ਕੇ ਹਿੰਦੂ ਪ੍ਰਥਾ ਅਨੁਸਾਰ ਹੀ ਉਹ ਧਰਮ ਦੁਆਰੇ ਉਸਾਰਨੇ ਸ਼ੁਰੂ ਕਰ ਦਿਤੇ ਜੋ ਸਮਾਂ ਪਾ ਕੇ, ਪੁਜਾਰੀ ਸ਼੍ਰੇਣੀ ਦੇ ਕਿਲ੍ਹੇ ਬਣ ਗਏ।
ਗੁਰਦਵਾਰਾ ਸੁਧਾਰ ਲਹਿਰ, ਇਸ ਸ਼੍ਰੇਣੀ ਦੇ ਸੰਚਾਲਕਾਂ ਤੇ ਮਾਲਕਾਂ ਤੋਂ ਗੁਰਦਵਾਰੇ ਖੋਹਣ ਦਾ ਹੀ ਇਕ ਯਤਨ ਸੀ। ਸਿੱਖਾਂ ਨੂੰ ਪੁਰਾਤਨ ਧਰਮਾਂ ਨਾਲੋਂ, ਬਾਬੇ ਨਾਨਕ ਦੇ ਦੱਸੇ ਰਾਹ ਤੇ ਵਖਰੀ ਗੱਲ ਕਰਨੀ ਚਾਹੀਦੀ ਸੀ ਪਰ ਉਹ ਬਾਬੇ ਨਾਨਕ ਦੀ ਗੱਲ ਨੂੰ ਸਮਝ ਨਾ ਸਕੇ। ਜਿਹੜਾ ਕਮਲ ਫੁੱਲ ਕੇਵਲ ਪਾਣੀ ਵਿਚ ਹੀ ਉਗ ਸਕਦਾ ਹੈ, ਉਸ ਨੂੰ ਰਵਾਇਤੀ ਫੁੱਲਾਂ ਦੀ ਗਵਾਂਢੀ ਪੈਲੀ ਵਿਚ ਬੀਜ ਦਿਤਾ ਜਾਏ ਤਾਂ ਕੀ ਇਥੇ ਕਮਲ ਫੁੱਲ ਉਗ ਸਕੇਗਾ? ਨਹੀਂ ਉਗ ਸਕਦਾ। ਦੂਜਿਆਂ ਦੀ ਨਕਲ ਕਰ ਕੇ, ਸਿੱਖੀ ਦੇ ਕਮਲ ਨੂੰ, ਮਿੱਟੀ ਵਿਚ ਉਗਦੇ ਫੁੱਲਾਂ ਨਾਲ ਮਿਲਾ ਕੇ, ਸਿੱਖੀ (ਕਮਲ) ਦਾ ਭਵਿੱਖ ਹੀ ਧੁੰਦਲਾ ਕਰ ਦਿਤਾ ਅਗਿਆਨੀ ਲੋਕਾਂ ਨੇ।
ਪਰ ਜਿਨ੍ਹਾਂ ਸਿੱਖਾਂ ਨੇ ਅੱਜ ਦੀ ਦੁਨੀਆਂ ਵਿਚ ਮਾਣ ਨਾਲ ਸਿਰ ਉੱਚਾ ਕਰਨ ਵਾਲਾ ਇਤਿਹਾਸ ਰਚਿਆ, ਮੱਲਾਂ ਮਾਰੀਆਂ ਤੇ ਸਿਖਰਾਂ ਛੋਹੀਆਂ, ਉਨ੍ਹਾਂ ਨੇ ਕੋਈ ਇਕ ਵੀ ਅਜਿਹੀ ਯਾਦਗਾਰ ਕਿਉਂ ਨਾ ਉਸਾਰੀ ਜਿਥੋਂ ਉਹ ਦੁਨੀਆਂ ਨੂੰ ਅਪਣੇ ਸਿੱਖ ਕਰਮ-ਕਾਂਡਾਂ ਦੇ ਦਰਸ਼ਨ ਕਰਵਾ ਕੇ, ਮੱਥੇ ਟਿਕਵਾ ਕੇ ਤੇ 'ਪ੍ਰਸ਼ਾਦ' ਵਰਤਾਅ ਕੇ ਬਾਹਰ ਹੀ ਨਾ ਭੇਜ ਦੇਣ ਸਗੋਂ ਇਕ ਦੋ ਘੰਟੇ ਵਿਚ ਅਪਣੇ ਇਤਿਹਾਸ, ਅਪਣੀ ਸਭਿਆਚਾਰਕ ਅਮੀਰੀ ਅਤੇ ਦਿਮਾਗ਼ੀ ਸਿਆਣਪ ਦਾ ਸਿੱਕਾ ਵੀ ਮਨਵਾ ਸਕਣ? ਬਾਬੇ ਨਾਨਕ ਤੋਂ ਬਾਅਦ, ਹਿੰਦੂ ਪ੍ਰਥਾ ਤੇ ਰੀਤੀ ਰਿਵਾਜ ਨੂੰ ਨਵੇਂ ਕਪੜੇ ਪਵਾ ਕੇ ਤੇ ਸਿੱਖ ਨਾਂ ਦੇ ਕੇ,
ਸਿੱਖੀ ਦੇ ਵਿਹੜੇ ਵਿਚ ਸਥਾਪਤ ਕਰਨ ਦੀ ਦੌੜ ਚਲ ਪਈ ਜੋ ਅੱਜ ਤਕ ਵੀ ਚਲ ਰਹੀ ਹੈ। ਇਹ ਪ੍ਰਥਾ, ਬਾਬੇ ਨਾਨਕ ਦੀ ਸਿਖਿਆ ਵਲ ਮੂੰਹ ਕਰਨ ਤੋਂ ਹੀ ਰੋਕੀ ਬੈਠੀ ਹੈ। ਇਸੇ ਲਈ ਜਦ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਉਸਾਰ ਕੇ ਨਾਨਕੀ ਸਿਖਿਆਵਾਂ ਅਨੁਸਾਰ ਸੱਭ ਕੁੱਝ ਕਰ ਵਿਖਾਣ ਦਾ ਤਹਈਆ ਕੀਤਾ ਤਾਂ ਪਹਿਲਾਂ ਮੂਰਖਾਨਾ ਸਵਾਲ ਜੋ ਹਿੰਦੂ ਪ੍ਰਥਾਵਾਂ ਦੀ ਨਕਲ ਕਰਨ ਵਾਲਿਆਂ ਵਲੋਂ ਕੀਤਾ ਗਿਆ, ਉਹ ਇਹ ਸੀ, ''ਕੱਲੇ ਨਾਨਕ ਦਾ ਨਾਂ ਕਿਉਂ ਲੈਂਦਾ ਹੈ?'' ਕੀ 'ਬਾਨੀ' ਦਾ ਨਾਂ, ਦੁਨੀਆਂ ਵਾਲੇ, ਕੱਲੇ ਦਾ ਨਹੀਂ ਲੈਂਦੇ ਤੇ ਮਗਰੋਂ ਹੋਣ ਵਾਲਿਆਂ ਨਾਲ ਜੋੜ ਕੇ ਲੈਂਦੇ ਹਨ?
ਕਲ ਨੂੰ ਹਿੰਦੂ ਪ੍ਰਥਾ ਦੇ ਨਕਲਚੀ ਇਹੀ ਨਾ ਪੁੱਛ ਲੈਣ ਕਿ 'ਰੱਬ' ਦਾ ਨਾਂ ਇਕੱਲੇ ਕਿਉਂ ਲੈਂਦੇ ਹੋ? ਦੁਨੀਆਂ ਦਾ ਬਾਨੀ ਰੱਬ ਹੈ ਤਾਂ ਉਸ ਦਾ ਨਾਂ ਇਕੱਲਿਆਂ ਹੀ ਲੈਣਾ ਠੀਕ ਰਹੇਗਾ। ਹਰ ਬਾਨੀ ਦਾ ਨਾਂ ਇਕੱਲਿਆਂ ਹੀ ਲੈਣਾ ਠੀਕ ਹੁੰਦਾ ਹੈ। ਹਿੰਦੂ ਪ੍ਰਥਾ ਨੇ 'ਓਮ' ਵਿਚ ਰੱਬ ਅਤੇ ਤਿੰਨ ਦੇਵਤਿਆਂ (ਬ੍ਰਹਮਾ, ਵਿਸ਼ਣੂ ਤੇ ਮਹੇਸ਼) ਦਾ ਨਾਂ ਇਕੱਠਿਆਂ ਲੈਣ ਦੀ ਸ਼ੁਰੂਆਤ ਕੀਤੀ ਸੀ, ਹੋਰ ਕਿਸੇ ਧਰਮ ਨੇ ਨਹੀਂ ਮੰਨੀ। ਸਾਡੇ ਨਕਲਚੀ 'ਬ੍ਰਾਹਮਣ ਸਿੱਖਾਂ' ਦਾ ਯਤਨ ਇਥੇ ਵੀ ਇਹੋ ਜਿਹਾ ਹੀ ਲਗਦਾ ਹੈ।
ਖ਼ੈਰ ਅਸੀ ਗੱਲ ਕਰ ਰਹੇ ਸੀ
ਕਿ ਦੁਨੀਆਂ ਦੀਆਂ ਅਮੀਰ ਤਰੀਨ ਕੌਮਾਂ ਵਿਚੋਂ ਗਿਣੇ ਜਾਣ ਦੇ ਬਾਵਜੂਦ ਸਿੱਖਾਂ ਨੇ ਅਪਣੇ ਅਮੀਰ ਵਿਰਸੇ, ਇਤਿਹਾਸ ਤੇ ਸਭਿਆਚਾਰ ਨੂੰ ਦੁਨੀਆਂ ਸਾਹਮਣੇ ਨਵੇਂ ਢੰਗ ਨਾਲ ਪੇਸ਼ ਕਰਨ ਲਈ ਕੋਈ ਇਕ ਵੀ ਯਾਦਗਾਰ ਕਿਉਂ ਨਹੀਂ ਬਣਾਈ? ਖ਼ਾਲਸਾ ਸਕੂਲ ਕਾਲਜ ਬਣਾਏ, ਉਹ ਵੀ ਖ਼ਾਤਮੇ ਦੇ ਨੇੜੇ ਪੁਜ ਗਏ ਹਨ ਤੇ ਪੰਜਾਬ ਵਿਚ ਡੀ.ਏ.ਵੀ. ਦੇ ਮੁਕਾਬਲੇ ਬਹੁਤ ਥੱਲੇ ਚਲੇ ਗਏ ਹਨ। ਹੋਰ ਕਿਸੇ ਯਾਦਗਾਰ ਦਾ ਨਾਂ ਦੱਸੋ ਜੋ ਸਰਕਾਰੀ ਪੈਸੇ ਨਾਲ ਸਰਕਾਰ ਨੇ ਨਾ ਬਣਾਈ ਹੋਵੇ ਤੇ ਸਿੱਖਾਂ ਨੇ ਆਪ ਬਣਾਈ ਹੋਵੇ? ਸਿੱਖਾਂ ਦਾ ਪੈਸਾ ਗੁਰਦਵਾਰਿਆਂ, ਡੇਰਿਆਂ, ਲੰਗਰਾਂ ਤੇ ਆ ਕੇ ਹੀ ਖ਼ਤਮ ਹੋ ਜਾਂਦਾ ਹੈ
ਤੇ ਜਿਸ ਕਿਸੇ ਸਿੱਖ ਨੂੰ ਦੁਨੀਆਂ ਦੀਆਂ ਨਵੇਂ ਯੁਗ ਦੀਆਂ ਯਾਦਗਾਰਾਂ ਵਲ ਧਿਆਨ ਦਿਵਾ ਕੇ ਪੈਸੇ ਦੀ ਮੰਗ ਕੋਈ ਕਰੇ ਤਾਂ ਉਸ ਦਾ 'ਹੱਥ ਤੰਗ' ਹੋਇਆ ਦਿਸਦਾ ਹੈ। ਮਤਲਬ ਕੋਈ ਵੱਡੀ ਗੱਲ ਕਰਨ ਦੀ ਨਾ ਇੱਛਾ ਹੈ, ਨਾ ਦਿਲ। ਗੱਲਾਂ ਕਰਦੇ ਰਹੋ ਕਿ ਸਿੱਖੀ ਖੁਰਦੀ ਜਾ ਰਹੀ ਹੈ। ਕੁੱਝ ਕਰਨ ਲਈ ਕਿਹਾ ਜਾਏ ਤਾਂ ਹੱਥ ਤੰਗ।
ਉੱਚਾ ਦਰ ਬਾਬੇ ਨਾਨਕ ਦਾ 50% ਖ਼ਰਚਾ ਸਪੋਕਸਮੈਨ ਦੇ ਪ੍ਰਬੰਧਕਾਂ ਨੇ ਦੇਣਾ ਕੀਤਾ ਸੀ, ਜੋ ਸੱਭ ਤੋਂ ਪਹਿਲਾਂ ਅੱਗੇ ਹੋ ਕੇ ਕਰ ਦਿਤਾ। 2016 ਵਿਚ ਕਾਨੂੰਨੀ ਤੌਰ ਤੇ ਇਹ ਸੰਸਥਾ ਮੈਂਬਰਾਂ ਦੇ ਨਾਂ ਕਰ ਦਿਤੀ ਗਈ।
ਆਡਿਟ ਹੋਈਆਂ ਬੈਲੈਂਸ ਸ਼ੀਟਾਂ ਬਣਵਾ ਕੇ ਦੇ ਦਿਤੀਆਂ ਗਈਆਂ। ਇਸ ਨਵੇਂ ਟਰੱਸਟ ਦੇ ਮੈਂਬਰਾਂ, ਟਰੱਸਟੀਆਂ ਤੇ ਮੋਹਰੀਆਂ ਨੂੰ ਤਾਂ ਬਾਕੀ ਦੇ ਸਿੱਖਾਂ ਨਾਲੋਂ ਵਖਰੇ ਹੋ ਕੇ ਵਿਖਾ ਦੇਣਾ ਚਾਹੀਦਾ ਸੀ। ਜਿਸ ਨੂੰ ਆਖੋ, ਆਖ਼ਰੀ 10% ਕੰਮ ਪੂਰਾ ਕਰਨ ਲਈ ਕੁੱਝ ਕੁਰਬਾਨੀ ਕਰੇ ਤਾਂ ਉਹ ਇਹ ਇਸ ਤਰ੍ਹਾਂ ਘੂਰਨ ਲੱਗ ਪੈਂਦਾ ਹੈ ਜਿਵੇਂ ਕਿਸੇ ਨੇ ਕੋਈ ਗਾਲ੍ਹ ਕੱਢ ਦਿਤੀ ਹੋਵੇ। ਹੁਣ ਤਕ ਦੋ ਹੀ ਸਿੱਖ ਨਿਤਰੇ ਹਨ ਜਿਨ੍ਹਾਂ ਨੇ ਮੌਕੇ ਤੇ ਹੀ 50 ਲੱਖ ਤੇ ਇਕ ਕਰੋੜ ਦੇ ਚੈੱਕ ਫੜਾ ਦਿਤੇ ਤੇ ਫਿਰ ਵੀ ਵੇਲੇ ਕੁਵੇਲੇ ਮਦਦ ਕਰਨੀ ਬੰਦ ਨਾ ਕੀਤੀ। ਪਹਿਲੇ ਸਨ ਸਵਰਗੀ ਪਿਆਰਾ ਸਿੰਘ ਤੇ ਹੁਣ ਜਗਾਧਰੀ ਦੇ ਸ. ਮਨਜੀਤ ਸਿੰਘ।
ਹੋਰ ਦਿਲ ਵਾਲਿਆਂ ਦੀ ਗੱਲ ਕਰੀਏ ਤਾਂ 25-30 ਨਾਂ ਵੀ ਨਹੀਂ ਗਿਣੇ ਜਾ ਸਕਦੇ। 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਬਣਨ ਮਗਰੋਂ ਮੈਂ ਤਾਂ ਇਸ ਵਿਚ ਨਾ ਕੋਈ ਅਪਣਾ ਹਿੱਸਾ ਰਖਿਆ ਹੈ, ਨਾ ਦਖ਼ਲ ਹੀ। ਮੈਂ ਤਾਂ ਬਾਹਰੋਂ ਰਹਿ ਕੇ ਹੱਲਾਸ਼ੇਰੀ ਹੀ ਦੇ ਸਕਦਾ ਹਾਂ, ਥੋੜਾ ਬਹੁਤ ਹਰ ਮਹੀਨੇ ਅਖ਼ਬਾਰ ਕੋਲੋਂ ਦਿਵਾ ਦੇਂਦਾ ਹਾਂ ਪਰ ਅਪ੍ਰੈਲ 2016 ਤੋਂ ਕੰਮ ਇਹ ਸਾਰਾ ਮੈਂਬਰਾਂ, ਟਰੱਸਟੀਆਂ ਤੇ ਮੋਹਰੀਆਂ ਦੇ ਕਰਨ ਵਾਲਾ ਹੈ। ਸਪੋਕਸਮੈਨ ਦੇ ਪਾਠਕਾਂ ਨੂੰ ਹੱਕ ਸਮਝ ਕੇ ਕਹਿ ਸਕਦਾ ਹਾਂ ਕਿ ਉਹ ਹੀ ਦੂਜੇ ਸਿੱਖਾਂ ਨਾਲੋਂ ਵਖਰੇ ਹੋ ਕੇ ਵਿਖਾਣ।
ਜਿਸ ਥਾਂ ਤੇ ਅੱਜ 'ਉੱਚਾ ਦਰ' ਬੜੀਆਂ ਕਠਨ ਘਾਟੀਆਂ ਪਾਰ ਕਰ ਕੇ ਇਥੇ ਪੁੱਜਾ ਹੈ, ਬਾਬੇ ਨਾਨਕ ਦੇ ਕੁੱਝ ਸਿੱਖ, ਸਾਡੇ ਪਾਠਕਾਂ ਵਿਚੋਂ ਜ਼ਰੂਰ ਨਿਤਰਨੇ ਚਾਹੀਦੇ ਹਨ ਜੋ ਆਖਣ ਕਿ ''ਮੇਰਾ ਸੱਭ ਕੁੱਝ ਬਾਬੇ ਨਾਨਕ ਨੂੰ ਸਮਰਪਿਤ, ਇਕ ਕਰੋੜ ਮੈਂ ਦੇਂਦਾ ਹਾਂ, 10 ਲੱਖ ਮੈਂ ਦੇਂਦਾ ਹਾਂ, 1 ਲੱਖ ਮੈਂ ਦੇਂਦਾ ਹਾਂ, 50 ਹਜ਼ਾਰ ਮੈਂ ਦੇਂਦਾ ਹਾਂ ਤੇ ਉੱਚਾ ਦਰ ਚਾਲੂ ਕਰਨ ਲਈ ਬਾਕੀ ਦੀ ਲੋੜੀਂਦੀ ਰਕਮ ਪੂਰੀ ਹੋਣ ਤਕ ਇਹ ਸਹਾਇਤਾ ਰੁਕਣ ਨਹੀਂ ਦੇਵਾਂਗਾ। ਜੋ ਵੀ ਹੋ ਜਾਏ, ਬਾਬੇ ਨਾਨਕ ਦੇ ਅਗਲੇ ਜਨਮ ਪੁਰਬ ਤਕ ਕਾਰਜ ਸਿਰੇ ਚੜ੍ਹਾ ਕੇ ਆਰਾਮ ਕਰਾਂਗਾ।''
ਮੈਂ ਜਾਣਦਾ ਹਾਂ, 'ਉੱਚਾ ਦਰ' ਦੇ ਸਾਰੇ ਮੈਂਬਰ ਕੁਰਬਾਨੀ ਕਰਨ ਲਈ ਮੈਂਬਰ ਨਹੀਂ ਸਨ ਬਣੇ ਸਗੋਂ ਮੈਂਬਰ ਬਣ ਕੇ ਮਿਲਣ ਵਾਲੇ ਫ਼ਾਇਦਿਆਂ (ਮੁਫ਼ਤ ਰਿਹਾਇਸ਼, ਲਾਗਤ ਭਾਅ ਤੇ ਚੀਜ਼ਾਂ ਨਨਕਾਣਾ ਬਾਜ਼ਾਰ ਵਿਚੋਂ) ਆਦਿ ਲੈਣ ਲਈ ਮੈਂਬਰ ਬਣੇ ਸਨ ਤੇ ਉਨ੍ਹਾਂ ਨੇ ਕਿਸੇ ਚਿੱਠੀ ਦਾ ਕਦੇ ਜਵਾਬ ਵੀ ਨਹੀਂ ਦਿਤਾ, ਹੋਰ ਕੋਈ ਮਦਦ ਦੇਣੀ ਤਾਂ ਦੂਰ ਦੀ ਗੱਲ ਹੈ। ਪਰ ਇਸ ਵੇਲੇ ਜਦ ਆਖ਼ਰੀ ਪੜਾਅ ਉਤੇ ਪੁੱਜ ਚੁੱਕੇ ਹਾਂ ਤਾਂ ਕੁਰਬਾਨੀ ਵਾਲੇ ਚੰਗੇ ਮੈਂਬਰਾਂ, ਟਰੱਸਟੀਆਂ ਤੇ ਮੋਹਰੀਆਂ, ਜੋ ਸੱਚਮੁੱਚ ਹੀ 'ਉੱਚਾ ਦਰ' ਨੂੰ ਸਮਰਪਿਤ ਹਨ, ਉਨ੍ਹਾਂ ਨੂੰ ਕਹਾਂਗਾ, ਦੂਜਿਆਂ ਵਲ ਵੇਖਣ ਦੀ ਬਜਾਏ, ਆਪ ਜੋ ਵੱਧ ਤੋਂ ਵੱਧ ਹਿੱਸਾ ਪਾ ਸਕਦੇ ਹੋ, ਪਾਉ।
ਪੂਰਾ ਵੀ ਪਾਉਣਾ ਪੈ ਜਾਏ ਤਾਂ ਸਾਰੇ ਰਲ ਕੇ ਪਾਉ (ਹੁਣ ਬਹੁਤ ਜ਼ਿਆਦਾ ਨਹੀਂ ਰਹਿ ਗਿਆ) ਤੇ ਇਸ ਨੂੰ ਭਾਰ ਨਾ ਸਮਝੋ, ਧਨ ਭਾਗ ਸਮਝ ਕੇ ਕਰੋ। ਜੇ ਮੈਂ ਵੀ ਦੂਜਿਆਂ ਵਲ ਵੇਖਦਾ ਰਹਿੰਦਾ, ਕਰਜ਼ਾ ਚੁੱਕ ਕੇ ਅਪਣਾ ਪੂਰਾ ਹਿੱਸਾ ਸੱਭ ਤੋਂ ਪਹਿਲਾਂ ਨਾ ਪਾ ਦੇਂਦਾ, ਪਾਠਕਾਂ ਦਾ ਕਰਜ਼ਾ ਵੀ ਸਮੇਂ ਸਿਰ ਉਤਾਰਨ ਲਈ ਮੈਂ ਤੇ ਮੇਰਾ ਪ੍ਰਵਾਰ ਨਰਕ ਵਰਗਾ ਜੀਵਨ ਬਤੀਤ ਕਰਨ ਲਈ ਤਿਆਰ ਨਾ ਹੋ ਜਾਂਦਾ ਤੇ ਅਖ਼ਬਾਰ ਦੀ ਤਰੱਕੀ ਰੋਕ ਕੇ ਵੀ ਇਹ ਫ਼ਰਜ਼ ਪੂਰਾ ਨਾ ਕਰਦਾ ਤਾਂ ਅੱਜ ਤਕ 'ਉੱਚਾ ਦਰ' ਦੀ ਇਮਾਰਤ ਨੀਹਾਂ ਤੋਂ ਉਪਰ ਨਹੀਂ ਸੀ ਉਠੀ ਹੋਣੀ।
ਵੱਡੀਆਂ ਸੰਸਥਾਵਾਂ ਵੱਡੀਆਂ ਕੁਰਬਾਨੀਆਂ ਤੋਂ ਬਿਨਾਂ ਹੋਂਦ ਵਿਚ ਨਹੀਂ ਆ ਸਕਦੀਆਂ। ਇਹ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਹਮੇਸ਼ਾ ਸੱਚ ਰਹੇਗਾ। 'ਉੱਚਾ ਦਰ' ਇਸ ਜਜ਼ਬੇ ਵਿਚੋਂ ਹੋਂਦ ਵਿਚ ਆਇਆ ਹੈ ਕਿ 'ਮੇਰਾ ਭਾਵੇਂ ਕੱਖ ਨਾ ਰਹੇ ਪਰ ਬਾਬੇ ਨਾਨਕ ਦਾ ਉੱਚਾ ਦਰ ਬਣਾ ਕੇ ਰਹਾਂਗੇ'--ਇਸ ਲਈ ਨਹੀਂ ਕਿ ਧਰਮ ਦੇ ਨਾਂ ਤੇ ਬਣੀਆਂ ਸੈਂਕੜੇ ਇਮਾਰਤਾਂ ਵਿਚ ਇਕ ਹੋਰ ਇਮਾਰਤ ਖੜੀ ਕਰਨੀ ਜ਼ਰੂਰੀ ਹੈ ਬਲਕਿ ਇਸ ਲਈ ਕਿ ਧਰਤੀ ਉਤੇ ਚੰਗੇ ਮਾਨਵੀ ਫ਼ਲਸਫ਼ਿਆਂ ਵਿਚੋਂ ਸੱਭ ਤੋਂ ਉੱਤਮ ਕਮਲ ਫੁੱਲ ਵਰਗਾ ਫ਼ਲਸਫ਼ਾ ਬਾਬੇ ਨਾਨਕ ਨੇ ਦਿਤਾ
ਪਰ ਪੁਜਾਰੀ ਬਿਰਤੀ ਵਾਲੇ ਸਿੱਖਾਂ ਨੇ ਇਸ ਕਮਲ ਫੁੱਲ ਨੂੰ ਸੱਚ ਦੇ ਸਰੋਵਰ ਵਿਚ ਬੀਜਣ ਦੀ ਥਾਂ ਕਰਮ-ਕਾਂਡਾਂ, ਕਰਾਮਾਤਾਂ ਤੇ ਅੰਧ-ਵਿਸ਼ਵਾਸ ਦੀ ਕੱਲਰ ਧਰਤੀ ਵਿਚ ਬੀਜ ਕੇ ਇਸ ਨੂੰ ਲਗਭਗ ਮਾਰ ਹੀ ਦਿਤਾ ਹੈ ਤੇ 'ਉੱਚਾ ਦਰ ਬਾਬੇ ਨਾਨਕ ਦਾ' ਉਹ ਸਰੋਵਰ ਹੋਵੇਗਾ ਜਿਸ ਵਿਚੋਂ ਇਹ ਨਾਨਕੀ 'ਕਮਲ' ਫਿਰ ਤੋਂ ਖਿੜਨਾ ਸ਼ੁਰੂ ਹੋ ਜਾਏਗਾ ਤੇ ਸਾਰੀ ਮਨੁੱਖਤਾ ਨੂੰ ਬਹੁਤ ਕੁੱਝ ਦੇਣਾ ਸ਼ੁਰੂ ਕਰ ਦੇਵੇਗਾ।
ਜੇ ਕੌਮ ਨੇ ਅਪਣੀ 'ਮਾਇਆ-ਜੱਫੀ' ਢਿੱਲੀ ਨਾ ਕੀਤੀ ਤਾਂ ਭਵਿੱਖ ਵਿਚ ਮੇਰੇ ਵਰਗਾ ਕੋਈ ਮੂਰਖ ਤੁਹਾਨੂੰ ਨਹੀਂ ਮਿਲੇਗਾ ਜੋ ਕੌਮ ਦੀ, ਚੰਗੇ ਕੰਮਾਂ ਪ੍ਰਤੀ ਬੇਰੁਖ਼ੀ ਵੇਖ ਕੇ ਵੀ ਅਪਣਾ ਸੱਭ ਕੁੱਝ ਕੌਮ ਲਈ ਅਰਪਣ ਕਰਨ ਨੂੰ ਤਿਆਰ ਹੋ ਜਾਵੇਗਾ। ਕੋਈ ਕਰਨਾ ਵੀ ਚਾਹੇਗਾ ਤਾਂ ਉਸ ਦੇ ਘਰ ਦੇ ਹੀ ਰੋਕ ਲੈਣਗੇ ਤੇ ਕੌਮ ਨੂੰ ਨਵੇਂ ਯੁਗ ਦੀਆਂ ਵੱਡੀਆਂ ਪ੍ਰਾਪਤੀਆਂ ਲੈ ਕੇ ਦੇਣ ਵਾਲੇ ਨਿਸ਼ਕਾਮ ਲੋਕ ਵੀ ਘਰ ਬੈਠਣਾ ਹੀ ਪਸੰਦ ਕਰਨ ਲੱਗ ਜਾਣਗੇ।