
ਕਾਵਿ-ਕਿਆਰੀ
ਸ਼ਬਦਾਂ ਦੀ ਤਾਕਤ
ਸ਼ਬਦ ਮਨ ਦੀ ਆਵਾਜ਼ ਹੁੰਦੇ ਨੇ,
ਸ਼ਬਦ ਸੁਪਨਿਆਂ ਦੀ ਪ੍ਰਵਾਜ਼ ਹੁੰਦੇ ਨੇ।
ਸ਼ਬਦ ਸੁਰਾਂ ਦਾ ਤਾਰ ਹੁੰਦੇ ਨੇ,
ਸ਼ਬਦ ਦੁਆਵਾਂ ਦਾ ਭੰਡਾਰ ਹੁੰਦੇ ਨੇ।
ਸ਼ਬਦ ਸੁੰਦਰਤਾ ਦੀ ਝਲਕ ਹੁੰਦੇ ਨੇ,
ਸ਼ਬਦ ਜ਼ਿੰਦਗੀ ਦੀ ਮੜ੍ਹਕ ਹੁੰਦੇ ਨੇ।
ਸ਼ਬਦ ਕਲਮ ਦੀ ਬੁਨਿਆਦ ਹੁੰਦੇ ਨੇ,
ਸ਼ਬਦ ਦਿਲੋਂ ਨਿਕਲੀ ਫ਼ਰਿਆਦ ਹੁੰਦੇ ਨੇ।
ਸ਼ਬਦ ਜ਼ਿੰਦਗੀ ਦਾ ਬਸਤਾ ਹੁੰਦੇ ਨੇ,
ਸ਼ਬਦ ਮੰਜ਼ਿਲ ਤਕ ਜਾਣ ਦਾ ਰਸਤਾ ਹੁੰਦੇ ਨੇ।
ਸ਼ਬਦ ਵਿਦਿਆ ਦਾ ਗਿਆਨ ਹੁੰਦੇ ਨੇ,
ਸ਼ਬਦ ਤਹਿਜ਼ੀਬ ਦਾ ਬਿਆਨ ਹੁੰਦੇ ਨੇ।
ਸ਼ਬਦ ਕੋਰੇ ਕਾਗ਼ਜ਼ ਦਾ ਸ਼ਿੰਗਾਰ ਹੁੰਦੇ ਨੇ,
ਸ਼ਬਦ ਜ਼ੁਲਮ ਲਈ ਵੰਗਾਰ ਹੁੰਦੇ ਨੇ।
ਸ਼ਬਦ ਪਵਿੱਤਰਤਾ ਦੀ ਅਰਦਾਸ ਹੁੰਦੇ ਨੇ,
ਸ਼ਬਦ ਪਿਆਰ ਦਾ ਅਹਿਸਾਸ ਹੁੰਦੇ ਨੇ।
ਸ਼ਬਦ ਟੁੱਟੇ ਦਿਲ ਲਈ ਧਰਵਾਸ ਹੁੰਦੇ ਨੇ,
ਸ਼ਬਦ ਲੇਖਕਾਂ ਲਈ ਪਿਆਸ ਹੁੰਦੇ ਨੇ।
ਰਮਨਪ੍ਰੀਤ ਕੌਰ ਢੁੱਡੀਕੇ, ਸੰਪਰਕ : 99146-89690
ਦਰਦੀ ਸੌਗਾਤਾਂ
ਦਰਦੀ ਸੌਗਾਤਾਂ ਜਦ ਤੱਕ ਲੈਂਦਾ ਹਾਂ ਮੈਂ।
ਲਿਖਦਾ ਲਿਖਦਾ ਫਿਰ ਥੱਕ ਜਾਂਦਾ ਹਾਂ ਮੈਂ।
ਹਸਦੀ ਵਸਦੀ ਵੇਖਾਂ ਜਦ ਰੋਂਦੀ ਦੁਨੀਆਂ,
ਦੌਲਤ ਫ਼ਿਕਰਾਂ ਵਾਲੀ ਚੱਕ ਜਾਂਦਾ ਹਾਂ ਮੈਂ।
ਸ਼ਬਦਾਂ ਅੱਖਰਾਂ ਵਾਲੀ ਕਾਲੀ ਸਿਆਹੀ ਭਰ ਕੇ,
ਦਵਾਤ, ਕਾਗ਼ਜ਼, ਕਲਮ ਰੱਖ ਜਾਂਦਾ ਹਾਂ ਮੈਂ।
ਕਵਿਤਾ, ਕਹਾਣੀ, ਗੀਤ, ਗਾਉਂਦਾ ਬਹੁਤੇ,
ਉਦਾਸ ਜ਼ਿੰਦਗੀ ਤੋਂ ਅੱਕ ਜਾਂਦਾ ਹਾਂ ਮੈਂ।
ਉਪਰੋਂ ਚੋਲਾ ਚਿੱਟਾ ਮਨ ਅੰਦਰੋਂ ਕਾਲਾ,
ਅਪਣੀ ਵਾਰੀ ਵੱਟ ਨੱਕ ਜਾਂਦਾ ਹਾਂ ਮੈਂ।
ਸਾਜ਼ਸ਼, ਰੰਜਿਸ਼ ਮਿਟਾਉਣ ਦੀਆਂ ਗੱਲਾਂ,
ਧੇਲਾ ਪੱਲੇ ਨਹੀਂ ਰੱਖੀ ਹੱਕ ਜਾਂਦਾ ਹਾਂ ਮੈਂ।
ਕਹਿੰਦੇ ਫ਼ਿਤਰਤ 'ਭੱਟ' ਮੁਹੱਬਤ ਦੀ ਪਾਲੀ,
ਜਿਊਣੇ ਮਰਨੇ ਤੇ ਕਰੀ ਸ਼ੱਕ ਜਾਂਦਾ ਹਾਂ ਮੈਂ।
ਹਰਮਿੰਦਰ ਸਿੰਘ ਭੱਟ, ਸੰਪਰਕ : 99140-62205
ਗੱਲਾਂ ਸਾਡੀਆਂ
ਗੱਲਾਂ ਸਾਡੀਆਂ ਨੂੰ ਲੜ ਲਾ ਕੇ ਕਦੇ ਵੇਖ ਲੈ।
ਤੂੰ ਵੀ ਕੁੱਝ ਸੁਪਨੇ ਸਜਾ ਕਦੇ ਵੇਖ ਲੈ।
ਸਾਡੇ ਲਈ ਦੁਆਵਾਂ ਸਦਾ ਮੰਗਦਾ ਤੂੰ ਰੱਬ ਕੋਲੋਂ,
ਆਪ ਲਈ ਵੀ ਮੰਗ ਕੇ ਦੁਆ ਕਦੇ ਵੇਖ ਲੈ।
ਰਹੇਂ ਹਿਜਰਾਂ ਦੀ ਭੱਠੀ ਵਿਚ ਤਪਦਾ ਤੰਦੂਰ ਵਾਂਗ,
ਝੱਲਿਆ ਤੂੰ ਕਰ ਕੇ ਬਚਾਅ ਕਦੇ ਵੇਖ ਲੈ।
ਹੱਸਦਿਆਂ ਨੂੰ ਹਮੇਸ਼ਾ ਆਈ ਦੁਨੀਆਂ ਰਵਾਉਂਦੀ,
ਤੂੰ ਹੀ ਬਦਲ ਕੇ ਅਪਣਾ ਸੁਭਾਅ ਕਦੇ ਵੇਖ ਲੈ।
ਇਹੋ ਜਿਹੀ ਕਿਹੜੀ ਤੈਨੂੰ ਲੱਗ ਗਈ ਮਰਜ਼,
ਲੈ ਕੇ ਕੋਈ ਹਕੀਮ ਤੋਂ ਦਵਾ ਕਦੇ ਵੇਖ ਲੈ।
ਹੀਰੇ ਨਾਲੋਂ ਕੀਮਤੀ ਜਵਾਨੀ ਕਾਹਤੋਂ ਰੋਲੇਂ,
ਦਿਲ ਨਾਲ ਕਰ ਕੇ ਸਲਾਹ ਕਦੇ ਵੇਖ ਲੈ।
ਜੇ ਅਸੀ ਤੇਰੇ ਨਾਲ 'ਮਹਿਤੋ' ਕੀਤੀ ਬੇਵਫ਼ਾਈ,
ਤੂੰ ਵੀ ਸਾਡੇ ਨਾਲ ਕਰ ਕੇ ਵਫ਼ਾ ਕਦੇ ਵੇਖ ਲੈ।
ਤਰਸੇਮ ਮਹਿਤੋ, ਸੰਪਰਕ : 95019-36536