
ਭਾਈ ਭਾਈ ਵਿਚ ਵੈਰ ਪਵਾ ਦਿਤੇ, ਕਰ ਦੇਸ਼ ਸਾਡੇ ਦੀ ਵੰਡ ਬਾਬਾ...
ਖਿੱਚੀ ਲੀਕ ਮੁਲਕ ਵਿਚ ਲੀਡਰਾਂ ਨੇ,
ਭੁਗਤਣਾ ਪਿਆ ਲੋਕਾਂ ਨੂੰ ਦੰਡ ਬਾਬਾ।
ਭਾਈ ਭਾਈ ਵਿਚ ਵੈਰ ਪਵਾ ਦਿਤੇ,
ਕਰ ਦੇਸ਼ ਸਾਡੇ ਦੀ ਵੰਡ ਬਾਬਾ।
ਇਕ ਹਿੰਦ ਤੇ ਦੂਜਾ ਪਾਕ ਹੋਇਆ,
ਕੀਤੀ ਇਕ ਦੂਜੇ ਵਲ ਕੰਡ ਬਾਬਾ।
ਅੱਜ ਵੇਖ ਲਉ ਉਧਰ ਕੀ ਹਾਲ ਹੋਇਆ,
ਮਹਿੰਗੇ ਆਟਾ ਲੂਣ ਤੇ ਖੰਡ ਬਾਬਾ।
ਉਹ ਮੁਲਕ ਦੀਵਾਲੀਆਂ ਹੋ ਚਲਿਆ,
ਚੜ੍ਹਾਈ ਕਰਜ਼ੇ ਦੀ ਬੈਠਾ ਪੰਡ ਬਾਬਾ।
ਰਾਸ਼ਨ ਮਹਿੰਗਾ ਬੰਦੂਕਾਂ ਸਸਤੀਆਂ ਨੇ,
ਤਾੜ ਤਾੜ ਕਰਦੀਆਂ ਚੰਡ ਬਾਬਾ।
ਉਹ ਇਧਰ ਨੂੰ ਆਉਣਾ ਲੋਚਦੇ ਨੇ,
ਖੁੱਲ੍ਹੇ ਕਦੋਂ ਜੋ ਮਾਰੀ ਗੰਢ ਬਾਬਾ।
ਉਏ! ਕਰੋ ਸ਼ਾਂਤੀ ਲੈਣਾ ਕੀ ਲੜ ਕੇ,
ਦਿਨ ਚਾਰ ਸੌਖੇ ਜਾਣ ਲੰਘ ਬਾਬਾ।
ਬਖ਼ਸ਼ੋ, ਸੁਮੱਤ ਭੁੱਲੇ ਭਟਕਿਆ ਨੂੰ,
ਪੱਤੋ, ਆਖੇ ਵਰਤਾਈਂ ਠੰਢ ਬਾਬਾ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ।
ਮੋਬਾਈਲ : 94658-21417