
ਦੇਸ਼ ਦੀ ਤਹਿਜ਼ੀਬ ਬਦਲ ਰਹੀ ਹੈ। ਮੁਲਕ ਦੀ ਆਬੋ ਹਵਾ ਵਿਚ ਬਾਰੂਦ ਘੁਲ ਰਿਹਾ ਹੈ। ਕਿਤੇ ਇਹ ਬਾਰੂਦ ਸਰਹੱਦ ਪਾਰ ਵਾਲਿਆਂ ਵਲੋਂ ਸਾਡੇ ਬੇਗੁਨਾਹ ਜਵਾਨਾਂ ਦੇ ਸਿਰ ਕਲਮ ਕੀਤੇ ਜਾਣ ਦਾ ਸਬੱਬ ਬਣ ਰਿਹਾ ਹੈ ਅਤੇ ਕਿਤੇ ਇਸੇ ਬਾਰੂਦ ਦੇ ਪ੍ਰਭਾਵ ਹੇਠ ਸਰਹੱਦੀ ਤਣਾਅ ਦੇ ਪ੍ਰਚਾਰ ਅਧੀਨ ਦੇਸ਼ ਵਿਚ ਜੰਗ ਦਾ ਮਾਹੌਲ ਵਿਗਸ ਰਿਹਾ ਹੈ।
ਦੇਸ਼ ਦੀ ਤਹਿਜ਼ੀਬ ਬਦਲ ਰਹੀ ਹੈ। ਮੁਲਕ ਦੀ ਆਬੋ ਹਵਾ ਵਿਚ ਬਾਰੂਦ ਘੁਲ ਰਿਹਾ ਹੈ। ਕਿਤੇ ਇਹ ਬਾਰੂਦ ਸਰਹੱਦ ਪਾਰ ਵਾਲਿਆਂ ਵਲੋਂ ਸਾਡੇ ਬੇਗੁਨਾਹ ਜਵਾਨਾਂ ਦੇ ਸਿਰ ਕਲਮ ਕੀਤੇ ਜਾਣ ਦਾ ਸਬੱਬ ਬਣ ਰਿਹਾ ਹੈ ਅਤੇ ਕਿਤੇ ਇਸੇ ਬਾਰੂਦ ਦੇ ਪ੍ਰਭਾਵ ਹੇਠ ਸਰਹੱਦੀ ਤਣਾਅ ਦੇ ਪ੍ਰਚਾਰ ਅਧੀਨ ਦੇਸ਼ ਵਿਚ ਜੰਗ ਦਾ ਮਾਹੌਲ ਵਿਗਸ ਰਿਹਾ ਹੈ। ਕਿਤੇ ਇਹੀ ਬਾਰੂਦ ਕਸ਼ਮੀਰ ਦੇ ਨੌਜਵਾਨਾਂ ਦੇ ਹੱਥ ਪੱਥਰ ਫੜਾ ਕੇ ਉਨ੍ਹਾਂ ਨੂੰ ਭਾਰਤੀ ਜਵਾਨਾਂ ਨੂੰ ਸ਼ਰੇਆਮ ਨਿਸ਼ਾਨਾ ਬਣਾਉਣ ਲਈ ਉਕਸਾ ਰਿਹਾ ਹੈ ਅਤੇ ਕਿਤੇ ਇਹੀ ਬਾਰੂਦ ਪੁਲਿਸ ਉਤੇ ਘੱਟ ਗਿਣਤੀਆਂ ਨਾਲ ਜ਼ਿਆਦਤੀਆਂ ਕਰਨ ਦੇ ਇਲਜ਼ਾਮ ਲਗਵਾ ਰਿਹਾ ਹੈ। ਕਿਤੇ ਇਹੀ ਬਾਰੂਦ ਕੱਟੜਪੁਣੇ ਦਾ ਰੂਪ ਧਾਰ ਕੇ ਫ਼ਿਰਕੂ ਕਤਲੋਗ਼ਾਰਤ ਕਰਵਾ ਰਿਹਾ ਹੈ ਅਤੇ ਕਿਤੇ ਇਹੀ ਬਾਰੂਦ ਭੀੜ ਵਲੋਂ ਸਰਕਾਰੀ ਫ਼ਰਜ਼ ਨਿਭਾ ਰਹੇ ਨਿਰਦੋਸ਼ਾਂ ਨੂੰ ਮਰਵਾ ਰਿਹਾ ਹੈ। ਗੱਲ ਕੀ ਭਾਰਤ ਦੀ ਧਰਮਨਿਰਪੱਖ ਅਤੇ ਅਹਿੰਸਾਵਾਦੀ ਫ਼ਿਜ਼ਾ ਵਿਚ ਇਹ ਬਦਲ ਰਹੀ ਤਹਿਜ਼ੀਬ ਅਪਣੇ ਘਾਤਕ ਅਤੇ ਬਾਰੂਦੀ ਮਨਸੂਬਿਆਂ ਦੇ ਚਲਦਿਆਂ ਇਕ ਨਵੀਂ ਤਰ੍ਹਾਂ ਦੇ ਡਰ ਦੇ ਮਾਹੌਲ ਨੂੰ ਸਿਰਜ ਰਹੀ ਹੈ। ਉਹ ਡਰ ਜਿਹੜਾ ਲੋਕਾਂ ਨੂੰ ਸਹਿਮ ਕੇ ਜਿਊਣ ਦੇ ਰਾਹੇ ਪਾਉਂਦਾ ਹੈ, ਉਹ ਡਰ ਜਿਹੜਾ ਲੋਕਾਂ ਦੇ ਜ਼ਿਹਨ ਵਿਚ ਮੌਤ ਦਾ ਖ਼ੌਫ਼ ਉਪਜਾਉਂਦਾ ਹੈ।
ਜਿਉਂ ਜਿਉਂ ਦੇਸ਼ ਵਿਚ ਖ਼ੌਫ਼ ਦਾ ਮਾਹੌਲ ਪਨਪ ਰਿਹਾ ਹੈ, ਜਿਉਂ ਜਿਉਂ ਮੀਡੀਆ ਵਿਚ ਪਾਕਿਸਤਾਨ ਜਾਂ ਹੋਰ ਭਾਰਤ ਵਿਰੋਧੀ ਦੇਸ਼ਾਂ ਦੀਆਂ ਭਾਰਤ ਵਿਰੁਧ ਸਰਗਰਮੀਆਂ ਦਾ ਪ੍ਰਚਾਰ ਵੱਧ ਰਿਹਾ ਹੈ ਤਿਉਂ ਤਿਉਂ ਭਾਰਤ ਵਲੋਂ ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਨਵੇਂ ਨਵੇਂ ਰਖਿਆ ਸਮਝੌਤਿਆਂ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।
ਜੇ, ਇੰਟਰਨੈੱਟ ਤੋਂ ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਦੋ ਕੁ ਸਾਲਾਂ ਤੋਂ ਭਾਰਤ ਵਲੋਂ ਕੀਤੇ ਗਏ ਰਖਿਆ ਸਮਝੌਤਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਨੇ ਅਪਣੇ ਰਖਿਆ ਬਜਟ ਵਿਚ ਛੇ ਫ਼ੀ ਸਦੀ ਤੋਂ ਜ਼ਿਆਦਾ ਦਾ ਵਾਧਾ ਕਰਦਿਆਂ ਅਪਣੇ ਕੁੱਲ ਸਾਲਾਨਾ ਬਜਟ ਦਾ ਤਕਰੀਬਨ 13 ਫ਼ੀ ਸਦੀ ਹਿੱਸਾ ਅਰਥਾਤ ਅਪਣੇ ਤਕਰੀਬਨ ਬਾਈ ਲੱਖ ਕਰੋੜ ਰੁਪਏ ਦੇ ਬਜਟ ਵਿਚੋਂ ਲਗਭਗ ਪੌਣੇ ਤਿੰਨ ਲੱਖ ਕਰੋੜ ਰੁਪਏ ਰਖਿਆ ਅਤੇ ਸੁਰੱਖਿਆ ਲਈ ਖ਼ਰਚ ਕੀਤੇ ਹਨ। ਇਨ੍ਹਾਂ ਵਿਚੋਂ ਵੀ ਫ਼ਰਾਂਸ ਨਾਲ ਸੱਠ ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲਾ 36 ਲੜਾਕੂ ਜਹਾਜ਼ਾਂ ਵਾਲਾ ਰਾਫ਼ਲ ਲੜਾਕੂ ਜਹਾਜ਼ ਸਮਝੌਤਾ, ਪੰਜ ਹਜ਼ਾਰ ਕਰੋੜ ਰੁਪਏ ਵਾਲਾ ਭਾਰਤ-ਅਮਰੀਕਾ ਐਮ-777 ਅਲਟਰਾ ਲਾਈਟ ਆਰਟਿਲਰੀ ਗਨ ਸਮਝੌਤਾ, ਦੋ ਬਿਲੀਅਨ ਡਾਲਰ ਦਾ ਇਜ਼ਰਾਈਲ ਮਿਜ਼ਾਈਲ ਸਮਝੌਤਾ, ਤਕਰੀਬਨ ਚਾਲੀ ਹਜ਼ਾਰ ਕਰੋੜ ਰੁਪਏ ਦਾ ਭਾਰਤ-ਰੂਸ ਸਮਝੌਤਾ ਜਿਸ ਵਿਚ ਤਿੰਨ ਬਿਲੀਅਨ ਡਾਲਰ ਦਾ ਸਮੁੰਦਰੀ ਲੜਾਕੂ ਵਾਰਸ਼ਿਪ ਸਮਝੌਤਾ ਅਤੇ ਕੁਡਨਕੁਲਮ ਦਾ ਪ੍ਰਮਾਣੂ ਪਲਾਂਟ ਸਮਝੌਤਾ ਸ਼ਾਮਲ ਹਨ, ਜ਼ਿਕਰਯੋਗ ਹਨ। ਇਸ ਤੋਂ ਇਲਾਵਾ ਭਾਰਤ-ਰੂਸ ਲੜਾਕੂ ਜੈੱਟ ਸਮਝੌਤਾ, ਪੰਜ ਮਿਲੀਅਨ ਡਾਲਰ ਦਾ ਹਵਾ ਮਿਜ਼ਾਈਲ ਸੁਰੱਖਿਆ ਸਿਸਟਮ ਅਤੇ ਤਾਜ਼ਾ ਤਾਜ਼ਾ ਹੋਏ ਲਾਕਹੀਡ-ਟਾਟਾ ਐਫ਼-16 ਲੜਾਕੂ ਜਹਾਜ਼ ਸਮਝੌਤੇ ਅਤੇ ਰਖਿਆ ਮੰਤਰਾਲਾ ਵਲੋਂ ਫ਼ੌਜ ਲਈ 4168 ਕਰੋੜ ਰੁਪਏ ਦੀ ਲਾਗਤ ਨਾਲ ਛੇ ਅਪਾਚੇ ਲੜਾਕੂ ਹੈਲੀਕਾਪਟਰ ਖ਼ਰੀਦਣ ਦੇ ਮਤੇ ਨੂੰ ਮਨਜ਼ੂਰੀ ਆਦਿ ਵੀ ਇਸੇ ਸ਼੍ਰੇਣੀ ਵਿਚ ਰੱਖੇ ਜਾ ਸਕਦੇ ਹਨ।
ਹੁਣ ਸਵਾਲ ਇਹ ਉਪਜਦਾ ਹੈ ਕਿ ਏਨੀ ਵੱਡੀ ਗਿਣਤੀ ਵਿਚ ਰਖਿਆ ਸਮਝੌਤੇ ਕਰਨ ਦਾ ਅਰਥ ਕੀ ਹੈ? ਇਥੇ ਕਹਿਣ ਦਾ ਇਹ ਅਰਥ ਨਹੀਂ ਕਿ ਸਾਨੂੰ ਅਪਣੀ ਸੁਰੱਖਿਆ ਦਾ ਢੁਕਵਾਂ ਪ੍ਰਬੰਧ ਨਹੀਂ ਕਰਨਾ ਚਾਹੀਦਾ ਜਾਂ 'ਵਿਹੜੇ ਆਈ ਜੰਞ ਤੇ ਵਿੰਨ੍ਹੋ ਕੁੜੀ ਦੇ ਕੰਨ' ਦੀ ਕਹਾਵਤ ਅਨੁਸਾਰ ਮੁਸ਼ਕਲ ਪੈਣ ਤੇ ਹੀ ਹੱਥ-ਪੱਲਾ ਮਾਰਨਾ ਚਾਹੀਦਾ ਹੈ ਪਰ ਅਚਾਨਕ ਸਾਡੇ ਦੇਸ਼ ਨੂੰ ਏਨਾ ਕਿਹੜਾ ਖ਼ਤਰਾ ਪੈਦਾ ਹੋ ਗਿਐ ਕਿ ਅਸੀ ਪਿਛਲੇ ਤਕਰੀਬਨ ਡੇਢ ਸਾਲ ਦੇ ਅਰਸੇ ਦੌਰਾਨ ਲਗਭਗ ਢੇਡ ਲੱਖ ਕਰੋੜ ਰੁਪਏ ਰਖਿਆ ਸਾਜ਼ੋ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਤੇ ਹੀ ਖ਼ਰਚ ਬੈਠੇ ਹਾਂ? ਕਿਉਂ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਅਸੀ ਹਰ ਘੜੀ ਸੁਰੱਖਿਆ ਨੂੰ ਲੈ ਕੇ ਚਿੰਤਤ ਰਹਿੰਦੇ ਹਾਂ? ਏਨਾ ਹੀ ਨਹੀਂ ਚੀਨ ਅਤੇ ਪਾਕਿਸਤਾਨ ਨਾਲ ਸਾਡੀ ਖਹਿਬਾਜ਼ੀ ਤਾਂ ਪਹਿਲਾਂ ਹੀ ਜੱਗ-ਜ਼ਾਹਰ ਸੀ, ਕੀ ਗੱਲ ਹੈ ਕਿ ਸਾਡੇ ਗੁਆਂਢੀ ਬੰਗਲਾਦੇਸ਼ ਅਤੇ ਨੇਪਾਲ ਦਾ ਝੁਕਾਅ ਵੀ ਸਾਡੀ ਬਜਾਏ ਚੀਨ ਵਲ ਵੱਧ ਰਿਹਾ ਹੈ? ਜਦੋਂ ਇਹ ਸੱਚਾਈ ਵੀ ਜੱਗ ਜ਼ਾਹਰ ਹੈ ਕਿ ਜੇ ਅਮਰੀਕਾ ਰਖਿਆ ਕਰਾਰਾਂ ਦੇ ਤਹਿਤ ਭਾਰਤ ਨੂੰ ਜੰਗੀ ਸਾਜ਼ੋ-ਸਮਾਨ ਮੁਹਈਆ ਕਰਾਉਂਦਾ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਨੂੰ ਮਾਲੀ ਇਮਦਾਦ ਵੀ ਕਰਦਾ ਹੈ ਤਾਂ ਫਿਰ ਹੌਲੀ ਹੌਲੀ ਸਾਡਾ ਝੁਕਾਅ ਅਮਰੀਕਾ ਪ੍ਰਤੀ ਕਿਉਂ ਵਧਦਾ ਜਾ ਰਿਹਾ ਹੈ?
ਆਖ਼ਰ ਕੋਈ ਤਾਂ ਮਾਜਰਾ ਹੈ ਕਿ ਅਕਸਰ ਚੀਨ, ਸਿੱਕਿਮ ਦੇ ਕਿਸੇ ਇਲਾਕੇ ਦੇ ਨਾਂ ਤੇ ਭਾਰਤ ਨੂੰ ਅੱਖਾਂ ਵਿਖਾਉਂਦਾ ਰਹਿੰਦਾ ਹੈ ਅਤੇ ਭਾਰਤੀ ਸ਼ਾਸਕਾਂ ਨੂੰ ਇਤਿਹਾਸ ਚੇਤੇ ਕਰਨ ਦੀ ਨਸੀਹਤ ਦੇਂਦਾ ਨਹੀਂ ਥਕਦਾ। ਕੋਈ ਤਾਂ ਕਾਰਨ ਹੈ ਕਿ ਭਾਰਤ ਵਲੋਂ ਸਰਜੀਕਲ ਸਟਰਾਈਕ ਦਾ ਵਾਰ-ਵਾਰ ਹਵਾਲਾ ਦੇਣ ਦੇ ਬਾਵਜੂਦ ਪਾਕਿਸਤਾਨੀ ਫ਼ੌਜੀ ਭਾਰਤੀ ਹਮਰੁਤਬਿਆਂ ਦਾ ਜਾਨੀ ਨੁਕਸਾਨ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਭਾਰਤ ਦੀਆਂ ਚੇਤਾਵਨੀਆਂ ਨੂੰ ਵਾਰ ਵਾਰ ਨਜ਼ਰਅੰਦਾਜ਼ ਕਰ ਰਹੇ ਹਨ।
ਹੁਣ ਜੇ ਸਵਾਲ ਹਨ ਤਾਂ ਇਨ੍ਹਾਂ ਦੇ ਜਵਾਬ ਵੀ ਲਾਜ਼ਮੀ ਹੋਣਗੇ। ਜਵਾਬ ਭਾਲਣ ਲਈ ਦੇਸ਼ ਦੀ ਇਸ ਬਦਲ ਰਹੀ ਤਾਸੀਰ ਅਤੇ ਤਹਿਜ਼ੀਬ ਨੂੰ ਨਵੇਂ ਸਿਰੇ ਤੋਂ ਘੋਖਣਾ ਪਵੇਗਾ। ਉਹ ਤਹਿਜ਼ੀਬ ਜਿਹੜੀ ਦੇਸ਼ ਨੂੰ ਹੌਲੀ ਹੌਲੀ ਹਥਿਆਰਾਂ ਦਾ ਜ਼ਖੀਰਾ ਬਣਾ ਰਹੀ ਹੈ। ਉਹ ਤਹਿਜ਼ੀਬ ਜਿਹੜੀ ਦੇਸ਼ ਦੀ ਬਹੁਗਿਣਤੀ ਵਸੋਂ ਦੇ ਮਨ ਵਿਚ ਅਮਨ ਪ੍ਰਤੀ ਸ਼ੰਕੇ ਉਪਜਾ ਰਹੀ ਹੈ। ਜਿਸ ਰਫ਼ਤਾਰ ਨਾਲ ਰਖਿਆ ਸਮਝੌਤਿਆਂ ਦੀ ਗਿਣਤੀ ਵੱਧ ਰਹੀ ਹੈ, ਇਹ ਸ਼ੰਕੇ ਹੋਰ ਵੀ ਗੂੜ੍ਹੇ ਅਰਥਾਂ ਨਾਲ ਦੇਸ਼ਵਾਸੀਆਂ ਨੂੰ ਝੰਜੋੜ ਰਹੇ ਹਨ।
ਇਸ ਬਦਲ ਰਹੀ ਤਹਿਜ਼ੀਬ ਦੇ ਕਾਰਨਾਂ ਨੂੰ ਘੋਖਦਿਆਂ, ਇਨ੍ਹਾਂ ਰਖਿਆ ਕਰਾਰਾਂ ਨੇ ਇਹ ਪ੍ਰਭਾਵ ਸਿਰਜ ਦਿਤਾ ਹੈ ਕਿ ਸਾਡਾ ਦੇਸ਼ ਕੁੱਝ ਮੁਲਕਾਂ ਲਈ ਹਥਿਆਰਾਂ ਦੀ ਵੱਡੀ ਮੰਡੀ ਹੈ। ਇਸ ਲਈ ਉਨ੍ਹਾਂ ਮੁਲਕਾਂ ਲਈ ਇਹੀ ਫ਼ਾਇਦੇਮੰਦ ਹੈ ਕਿ ਭਾਰਤ ਵਿਚ ਸਰਹੱਦੀ ਤਣਾਅ ਬਣਿਆ ਰਹੇ, ਭਾਰਤ ਵਿਚ ਫ਼ਿਰਕੂਪੁਣਾ ਅਤੇ ਕੱਟੜਵਾਦ ਵਧਦਾ ਫੁਲਦਾ ਰਹੇ, ਕਿਉਂਕਿ ਜਿੰਨਾ ਸਮਾਂ ਸਰਹੱਦੀ ਤਣਾਅ ਬਣਿਆ ਰਹੇਗਾ, ਉਨ੍ਹਾਂ ਦੇ ਹਥਿਆਰਾਂ ਦੀ ਵਿਕਰੀ ਦੀ ਸੰਭਾਵਨਾ ਬਣੀ ਰਹੇਗੀ। ਇਸੇ ਕਾਰਨ ਆਜ਼ਾਦੀ ਦੇ ਸੱਤਰ ਸਾਲਾਂ ਅਤੇ ਚੀਨ, ਪਾਕਿਸਤਾਨ ਨਾਲ ਜੰਗ ਲੜਨ ਮਗਰੋਂ ਹੁਣ ਤਕ ਵੀ ਸਾਡਾ ਸਰਹੱਦੀ ਤਣਾਅ ਘਟਾਉਣ ਦਾ ਪੁਖ਼ਤਾ ਮਸੌਦਾ ਤਿਆਰ ਨਹੀਂ ਹੋ ਸਕਿਆ ਅਤੇ ਇਸੇ ਕਾਰਨ ਸਿਖਿਆ ਅਤੇ ਸਿਹਤ ਖੇਤਰ ਦੀਆਂ ਅਤਿ ਜ਼ਰੂਰੀ ਲੋੜਾਂ ਨੂੰ ਅਣਡਿੱਠ ਕਰ ਕੇ ਅਸੀ ਹਰ ਵਰ੍ਹੇ ਅਪਣਾ ਰਖਿਆ ਬਜਟ ਵਧਾਉਂਦੇ ਜਾ ਰਹੇ ਹਾਂ। ਇਨ੍ਹਾਂ ਸਮਝੌਤਿਆਂ ਨੇ ਸਾਨੂੰ ਕਿਸ ਹੱਦ ਤਕ ਸੁਰੱਖਿਆ ਪ੍ਰਦਾਨ ਕਰਨੀ ਹੈ, ਫ਼ਿਲਹਾਲ ਇਹ ਤਾਂ ਭਵਿੱਖ ਦੇ ਗਰਭ ਵਿਚ ਲੁਕਿਆ ਹੈ ਪਰ ਹਾਲ ਦੀ ਘੜੀ ਇਨ੍ਹਾਂ ਵੱਡੇ ਰਖਿਆ ਸਮਝੌਤਿਆਂ ਨੇ ਦੇਸ਼ ਦੀ ਤਹਿਜ਼ੀਬ ਨੂੰ ਕਾਫ਼ੀ ਹੱਦ ਤਕ ਬਦਲ ਦਿਤਾ ਹੈ ਜਾਂ ਮੁਲਕ ਦੀ ਅਹਿੰਸਾਵਾਦੀ ਆਬੋ ਹਵਾ ਨੂੰ ਬਦਲਣ ਵਿਚ ਅਣਸੁਖਾਵਾਂ ਰੋਲ ਅਦਾ ਕਰ ਦਿਤਾ ਹੈ।
ਸੰਪਰਕ : 94173-58393