
ਅਜਕਲ ਤਕਰੀਬਨ ਹਰ ਇਨਸਾਨ ਤੇਜ਼ੀ (ਕਾਹਲੀ) ਵਿਚ ਰਹਿੰਦਾ ਹੈ........
ਅਜਕਲ ਤਕਰੀਬਨ ਹਰ ਇਨਸਾਨ ਤੇਜ਼ੀ (ਕਾਹਲੀ) ਵਿਚ ਰਹਿੰਦਾ ਹੈ। ਕੰਮ ਕਿਤੇ ਹੋਰ ਕਰ ਰਿਹਾ ਹੁੰਦਾ ਹੈ ਤੇ ਦਿਮਾਗ਼ ਕਿਤੇ ਹੋਰ ਘੁੰਮ ਰਿਹਾ ਹੁੰਦਾ ਹੈ। ਕਈ ਇਨਸਾਨ ਤਾਂ ਅਜਿਹੇ ਹਨ, ਜੋ ਸਾਰਾ-ਸਾਰਾ ਦਿਨ ਅਪਣੇ ਕੰਮਾਂਕਾਰਾਂ ਵਿਚ ਏਨੇ ਉਲਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਅਪਣੇ ਆਲੇ-ਦੁਆਲੇ ਵੀ ਪਤਾ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ? ਅਸਲ ਵਿਚ ਮੋਬਾਈਲ ਵਰਗੇ ਸਾਧਨਾਂ ਨੇ ਮਨੁੱਖੀ ਜ਼ਿੰਦਗੀ ਵਿਚ ਤੇਜ਼ੀ ਲਿਆਉਣ ਲਈ ਅਹਿਮ ਰੋਲ ਅਦਾ ਕੀਤਾ ਹੈ, ਪ੍ਰੰਤੂ ਇਹ ਤੇਜ਼ੀ ਮਨੁੱਖੀ ਜੀਵਨ ਲਈ ਫ਼ਾਇਦੇਮੰਦ ਘੱਟ ਤੇ ਨੁਕਸਾਨਦੇਹ ਜ਼ਿਆਦਾ ਸਾਬਤ ਹੁੰਦੀ ਹੈ। ਜਿਸ ਦੀਆਂ ਮਿਸਾਲਾਂ ਰੋਜ਼ ਹੀ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਮੌਜੂਦਾ ਸਮੇਂ ਸੜਕ ਹਾਦਸੇ ਸੱਭ ਤੋਂ ਵੱਧ ਹੋ ਰਹੇ ਹਨ ਅਤੇ ਸੱਭ ਤੋਂ ਜ਼ਿਆਦਾ ਮਨੁੱਖੀ ਜਾਨਾਂ ਸੜਕ ਹਾਦਸਿਆਂ ਰਾਹੀਂ ਜਾ ਰਹੀਆਂ ਹਨ, ਜਦੋਂਕਿ ਸੜਕ ਹਾਦਸਿਆਂ ਦੀ ਸੰਖਿਆ ਵੱਧਣ ਪਿਛੇ ਸੱਭ ਤੋਂ ਵੱਡਾ ਕਾਰਨ ਹੈ ਤੇਜ਼ੀ (ਕਾਹਲੀ) ਕਰਨੀ। ਅਪਣੇ ਕੰਮਾਂ ਵਿਚ ਉਲਝੇ ਲੋਕ ਤੇਜ਼ੀ ਕਰਦੇ ਹਨ ਤੇ ਨਿਰਧਾਰਤ ਕੀਤੀ ਸਪੀਡ ਨਾਲੋਂ ਅਪਣੇ ਵਾਹਨ ਕਿਤੇ ਜ਼ਿਆਦਾ ਤੇਜ਼ ਚਲਾਉਂਦੇ ਹਨ ਜਿਸ ਕਰ ਕੇ ਤੇਜ਼ ਰਫ਼ਤਾਰ ਤੇ ਗ਼ਲਤ ਓਵਰਟੇਕ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ। ਕੁੱਲ ਮਿਲਾ ਕੇ ਤੇਜ਼ੀ ਸਾਡੀ ਜ਼ਿੰਦਗੀ ਉਤੇ ਭਾਰੀ ਪੈ ਰਹੀ ਹੈ।
ਇਸੇ ਤਰ੍ਹਾਂ ਦੀ ਇਕ ਤੇਜ਼ੀ ਨੇ ਮੇਰੀ ਵੀ ਜਾਨ ਜੋਖਮ ਵਿਚ ਪਾ ਦਿਤੀ ਸੀ ਤੇ ਜੋ ਘਟਨਾ ਮੇਰੇ ਨਾਲ ਘਟੀ ਉਸ ਨੂੰ ਹੁਣ ਵੀ ਜਦੋਂ ਯਾਦ ਕਰਦਾ ਹਾਂ ਤਾਂ ਸਾਰੇ ਸ੍ਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਇਹ ਆਮ ਗੱਲ ਹੈ ਕਿ ਜੋ ਲੋਕ ਸਵੇਰੇ ਜਲਦੀ ਡਿਊਟੀਆਂ ਉਤੇ ਜਾਂਦੇ ਹਨ ਤੇ ਉਹ ਤਕਰੀਬਨ ਸਾਰੇ ਹੀ ਤੇਜ਼ੀ ਵਿਚ ਹੁੰਦੇ ਹਨ ਅਪਣੀ ਡਿਊਟੀ ਉਤੇ ਸਮੇਂ ਸਿਰ ਪਹੁੰਚਣ ਲਈ ਜਲਦੀ-ਜਲਦੀ ਜਾਣ ਦੀ ਕੋਸ਼ਿਸ਼ ਕਰਦੇ ਹਨ। ਗੱਲ 6 ਸਾਲ ਪਹਿਲਾਂ ਦੀ ਹੈ ਕਿ ਮੈਂ ਸਵੇਰ ਵੇਲੇ ਅਪਣੀ ਡਿਊਟੀ ਉਤੇ ਜਾ ਰਿਹਾ ਸੀ। ਘਰ ਤੋਂ ਬੱਸ ਸਟੈਂਡ ਪਹੁੰਚ ਕੇ ਬੱਸ ਲੈਣ ਲਈ ਨਿਕਲਿਆ। ਡਿਊਟੀ ਦੇ ਨਿਰਧਾਰਤ ਸਮੇਂ ਤੋਂ ਲੇਟ ਹੋÎਣ ਦੇ ਡਰੋਂ ਬਹੁਤ ਤੇਜ਼ੀ (ਕਾਹਲੀ) ਸੀ।
ਇੰਜ ਚਾਹ ਰਿਹਾ ਸੀ ਕਿ ਬੱਸ ਸਟੈਂਡ ਪਹੁੰਚਦੇ ਹੀ ਬੱਸ ਮਿਲ ਜਾਵੇ ਤੇ ਸਿਰ ਡਿਊਟੀ 'ਤੇ ਹਾਜ਼ਰੀ ਪਾਵਾਂ। ਘਰ ਤੋਂ ਬੱਸ ਸਟੈਂਡ ਤਕ ਪੈਦਲ ਚੱਲ ਕੇ ਬੱਸ ਪਹੁੰਚਣ ਲਈ 15 ਕੁ ਮਿੰਟ ਲਗਦੇ ਹਨ। ਮੈਂ ਹਮੇਸ਼ਾ ਹੀ ਪੈਦਲ ਜਾਂਦਾ ਹਾਂ ਤਾਕਿ ਸਿਹਤ ਤੰਦਰੁਸਤ ਰਹੇ। ਜਦੋਂ ਸਾਹਮਣੇ ਤੋਂ ਬੱਸ ਸਟੈਂਡ ਵਲ ਨਜ਼ਰ ਮਾਰੀ ਤਾਂ ਇਕ ਬੱਸ ਖੜੀ ਸੀ ਜਿਸ ਵਿਚ ਮੈਂ ਸਵਾਰ ਹੋਣਾ ਸੀ। ਬੱਸ ਫਿਰ ਚਾਲ ਹੋਰ ਤੇਜ਼ ਕੀਤੀ ਤਾਕਿ ਉਹੀ ਬੱਸ ਮਿਲ ਸਕੇ। ਜਦੋਂ ਮੈਂ ਬੱਸ ਸਟੈਂਡ ਦੇ ਨਜ਼ਦੀਕ ਪਹੁੰਚਿਆ ਤਾਂ ਬੱਸ ਬੱਸ ਸਟੈਂਡ ਵਿਚੋਂ ਨਿਕਲ ਚੁੱਕੀ ਸੀ ਤੇ ਬੱਸ ਦੀ ਚਾਲ ਵੀ ਤੇਜ਼ ਹੋ ਗਈ ਸੀ।
ਮੈਂ ਸੋਚਿਆ ਕਿ ਜੇਕਰ ਇਸ ਬੱਸ ਵਿਚ ਨਾ ਚੜ੍ਹ ਸਕਿਆ ਤਾਂ ਫਿਰ ਹੋਰ ਬੱਸ ਆਉਣ ਵਿਚ ਸਮਾਂ ਲੱਗ ਜਾਵੇਗਾ। ਮੈਂ ਡਿਊਟੀ ਤੇ ਸਮੇਂ ਸਿਰ ਪਹੁੰਚਣ ਤੋਂ ਰਹਿ ਜਾਵਾਂਗਾ। ਇਸੇ ਗੱਲ ਡਰੋਂ ਕਾਹਲ ਵਿਚ ਥੋੜੀ ਤੇਜ਼ ਰਫ਼ਤਾਰ ਵਿਚ ਬੱਸ ਜਾ ਰਹੀ ਬੱਸ ਵਿਚ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਜਦੋਂ ਛਾਲ ਮਾਰ ਕੇ ਬੱਸ ਵਿਚ ਪੈਰ ਧਰਨ ਲਗਿਆ ਤਾਂ ਪੈਰ ਸਹੀ ਥਾਂ ਨਾ ਟਿਕਿਆ ਅਤੇ ਹੇਠਾਂ ਹੀ ਰਹਿ ਗਿਆ। ਬੱਸ ਫਿਰ ਤਾਂ ਸਾਹਮਣੇ ਖੜੀ ਮੌਤ ਨਜ਼ਰ ਆਈ ਤੇ ਮੇਰੇ ਦੋਵੇਂ ਹੱਥ ਜੋ ਬੱਸ ਦੀ ਬਾਰੀ ਦੇ ਹੈਂਡਲ ਨੂੰ ਪੈ ਗਏ ਅਤੇ 60-65 ਮੀਟਰ ਦੀ ਦੂਰੀ ਤਕ ਬੱਸ ਨਾਲ ਲਮਕਦਾ ਹੋਇਆ ਘੜੀਸਦਾ ਗਿਆ।
ਜਦੋਂ ਸਾਰੇ ਲੋਕਾਂ ਨੇ ਰੌਲਾ ਪਾ ਦਿਤਾ ਤਾਂ ਫਿਰ ਡਰਾਈਵਰ ਨੇ ਬੱਸ ਰੋਕੀ ਤੇ ਫਿਰ ਮੈਂ ਬੱਸ ਵਿਚ ਸਹੀ ਢੰਗ ਨਾਲ ਚੜ੍ਹਿਆ। ਅਸਲ ਵਿਚ ਮੈਂ ਦੋਵੇਂ ਹੱਥ ਜਿਸ ਜਗ੍ਹਾ ਉਤੇ ਪਾਏ ਹੋਏ ਸਨ, ਉਥੋਂ ਬਿਲਕੁਲ ਨਹੀਂ ਛੱਡੇ ਜਿਸ ਕਾਰਨ ਮੇਰਾ ਬਚਾਅ ਹੋ ਗਿਆ ਤੇ ਘੜੀਸਦਾ-ਘੜੀਸਦਾ ਦੂਰ ਤਕ ਚਲਾ ਗਿਆ। ਜੇਕਰ ਹੱਥ ਛੁਟ ਜਾਂਦੇ ਤਾਂ ਹੋ ਸਕਦਾ ਸੀ ਕਿ ਮੈਂ ਹੇਠ ਸੜਕ ਉਤੇ ਡਿਗਦਾ ਤੇ ਸੱਟਾਂ ਵੀ ਲਗਦੀਆਂ ਤੇ ਸ਼ਾਇਦ ਮੌਤ ਦੇ ਮੂੰਹ ਵਿਚ ਵੀ ਜਾ ਸਕਦਾ ਸੀ। ਜੇਕਰ ਪਿਛਲੇ ਟਾਇਰਾਂ ਅੱਗੇ ਡਿੱਗ ਪੈਂਦਾ ਜਾਂ ਕਿਤੇ ਮਗਰੋਂ ਆਉਂਦਾ ਵਾਹਨ ਉਪਰ ਆ ਜਾਂਦਾ। ਜਦੋਂ ਇਹ ਘਟਨਾ ਯਾਦ ਆ ਜਾਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ।
ਇਹ ਘਟਨਾ ਮੇਰੀ ਜ਼ਿੰਦਗੀ ਦਾ ਇਕ ਅਹਿਮ ਯਾਦ ਬਣ ਗਈ ਹੈ ਤੇ ਮੇਰੇ ਲਈ ਸਬਕ ਵੀ ਲੈ ਕੇ ਆਈ ਹੈ ਕਿ ਜ਼ਿੰਦਗੀ ਵਿਚ ਕਿਤੇ ਕਾਹਲੀ ਨਾ ਕਰੋ ਕਿਉਂਕਿ ਇਕ ਮਿੰਟ ਦੀ ਤੇਜ਼ੀ ਤੁਹਾਡੀ ਜ਼ਿੰਦਗੀ ਉਤੇ ਭਾਰੀ ਪੈ ਸਕਦੀ ਹੈ। ਮਨੁੱਖੀ ਜ਼ਿੰਦਗੀ ਬਹੁਤ ਅਨਮੋਲ ਹੈ। ਇਸ ਕਰ ਕੇ ਕਿਸੇ ਵੀ ਇਨਸਾਨ ਨੂੰ ਤੇਜ਼ੀ ਨਹੀਂ ਕਰਨੀ ਚਾਹੀਦੀ। ਬੱਸ ਆਪਣੇ ਸਹਿਜਮਈ ਤਰੀਕੇ ਨਾਲ ਚਲਣਾ ਚਾਹੀਦਾ ਹੈ ਤਾਕਿ ਅਜਿਹੀ ਘਟਨਾ ਕਿਸੇ ਨਾਲ ਨਾ ਵਾਪਰੇ ਜੋ ਮੇਰੇ ਨਾਲ ਵਾਪਰੀ ਸੀ। ਮੈਨੂੰ ਤਾਂ ਪਰਮਾਤਮਾ ਵਲੋਂ ਇਕ ਮੌਕਾ ਮਿਲ ਗਿਆ ਜ਼ਿੰਦਗੀ ਨੂੰ ਜਿਊਣ ਦਾ। ਅਜਿਹਾ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਤੇ ਉਹ ਅਪਣੀ ਜ਼ਿੰਦਗੀ ਗਵਾ ਬੈਠਦਾ ਹੈ।
ਇਸ ਲਈ ਤੇਜ਼ੀ ਨੂੰ ਤਿਆਗੋ ਤੇ ਸੜਕਾਂ ਉਤੇ ਬਜ਼ਾਰਾਂ ਵਿਚ ਚਲਦੇ ਸਮੇਂ ਹੌਲੀ ਚੱਲੋ ਤਾਕਿ ਕੋਈ ਹਾਦਸਾ ਨਾ ਵਾਪਰੇ ਕਿਉਂਕਿ ਜਦੋਂ ਕਿਸੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੇ ਦੁਖਾਂਤ ਦਾ ਪਤਾ ਤਾਂ ਉਸ ਨੂੰ ਹੀ ਪਤਾ ਹੁੰਦਾ ਹੈ ਜਿਸ ਨਾਲ ਅਜਿਹਾ ਵਾਪਰਿਆ ਹੋਵੇ। ਜਦੋਂ ਸਾਰੇ ਲੋਕ ਤੇਜ਼ੀ ਕਰਨ ਤੋਂ ਪ੍ਰਹੇਜ ਕਰਨਗੇ ਤਾਂ ਰੋਜ਼ਾਨਾਂ ਹੁੰਦੇ ਹਾਦਸਿਆਂ ਨੂੰ ਠੱਲ੍ਹ ਪੈ ਸਕੇਗੀ ਤੇ ਅਜਾਈਂ ਜਾ ਰਹੀਆਂ ਮਨੁੱਖੀ ਕੀਮਤੀ ਜਾਨਾਂ ਨੂੰ ਵੀ ਬਚਾਇਆ ਜਾ ਸਕੇਗਾ। ਇਸ ਲਈ ਤੇਜ਼ੀ ਤੋਂ ਪ੍ਰਹੇਜ਼ ਕਰਨਾ ਮੌਜੂਦਾ ਸਮੇਂ ਵਿਚ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਸੇ ਤਰ੍ਹਾਂ ਲੋਕ ਤੇਜ਼ੀ ਵਿਚ ਘੁੰਮਦੇ ਰਹੇ ਤਾਂ ਭਵਿੱਖ ਅੰਦਰ ਅਣਸੁਖਾਵੀਆਂ ਘਟਨਾਵਾਂ ਵਿਕਰਾਲ ਰੂਪ ਧਾਰਨ ਕਰ ਲੈਣਗੀਆਂ।
ਸੰਪਰਕ : 97810-48055