
ਸਾਡੇ ਸ਼ਹਿਰ ਵਿਚ ਕੁੱਝ ਥਾਵਾਂ ਪੁਰਾਣੀਆਂ ਅਤੇ ਕੁੱਝ ਨਵੀਆਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਜਿਵੇਂ ਪੁਰਾਣੀਆਂ ਕਚਹਿਰੀਆਂ, ਪੁਰਾਣਾ ਹਸਪਤਾਲ, ਪੁਰਾਣੀ ਨਗਰਪਾਲਿਕਾ।
ਸਾਡੇ ਸ਼ਹਿਰ ਵਿਚ ਕੁੱਝ ਥਾਵਾਂ ਪੁਰਾਣੀਆਂ ਅਤੇ ਕੁੱਝ ਨਵੀਆਂ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਜਿਵੇਂ ਪੁਰਾਣੀਆਂ ਕਚਹਿਰੀਆਂ, ਪੁਰਾਣਾ ਹਸਪਤਾਲ, ਪੁਰਾਣੀ ਨਗਰਪਾਲਿਕਾ। ਹੁਣ ਇਨ੍ਹਾਂ ਦੇ ਥਾਂ ਬਦਲ ਕੇ ਬਾਹਰਵਾਰ ਹੋ ਗਏ ਹਨ। ਨਵੀਆਂ ਬਿਲਡਿੰਗਾਂ ਉਸਾਰ ਦਿਤੀਆਂ ਗਈਆਂ ਹਨ। ਬੱਸਾਂ ਦਾ ਅੱਡਾ ਵੀ ਕਈ ਵਾਰ ਬਦਲਣ ਦੀ ਸਲਾਹ ਬਣੀ ਪਰ ਕੁੱਝ ਕਾਰਨਾਂ ਕਰ ਕੇ ਉਸ ਦੀ ਥਾਂ ਤਾਂ ਪੁਰਾਣੀ ਹੀ ਰਹੀ। ਪੁਰਾਣੇ ਹਸਪਤਾਲ ਦੇ ਆਲੇ-ਦੁਆਲੇ ਜਿਹੜੇ ਲੋਕ ਵਸਦੇ ਸਨ ਉਹ ਅਪਣੀ ਰਿਹਾਇਸ਼ ਪੁਰਾਣੇ ਹਸਪਤਾਲ ਦੇ ਨੇੜੇ ਹੀ ਦਸਦੇ ਹਨ। ਪਰ ਜਿਨ੍ਹਾਂ ਨੇ ਇਹ ਹਸਪਤਾਲ ਵੇਖਿਆ ਨਹੀਂ ਉਹ ਹੈਰਾਨ ਹੁੰਦੇ ਹਨ। ਸਥਾਨ ਬਦਲੀ ਦਾ ਕਾਰਨ ਇਹ ਕਿ ਇਹ ਸ਼ਹਿਰ ਦੇ ਬਿਲਕੁਲ ਅਖ਼ੀਰ ਵਿਚ ਉੱਚੀ ਥਾਂ ਤੇ ਸਥਿਤ ਸੀ। ਜਿਵੇਂ ਊਠ ਦੀ ਕੋਹਾਨ ਤੇ ਚੜ੍ਹਨਾ ਔਖਾ ਹੁੰਦਾ ਹੈ ਉਸੇ ਤਰ੍ਹਾਂ ਮਰੀਜ਼ ਲਈ ਹਸਪਤਾਲ ਪਹੁੰਚਣਾ ਬਹੁਤ ਔਖਾ ਹੁੰਦਾ ਸੀ। ਦੂਰ ਪਿੰਡਾਂ ਤੋਂ ਆਉਣ ਵਾਲੇ ਮਰੀਜ਼ ਸਾਰਾ ਸ਼ਹਿਰ ਛੱਡ ਕੇ ਇਥੇ ਹਫਦੇ-ਹਫਾਉਂਦੇ ਮਸਾਂ ਪੁਜਦੇ ਕਿਉਂਕਿ ਰਿਕਸ਼ਾ ਵਾਲਾ ਉਨ੍ਹਾਂ ਨੂੰ ਉਤਰਾਈ ਤੇ ਲਾਹ ਦਿੰਦਾ। ਬਾਹਰੋਂ ਆਉਣ ਵਾਲੇ ਡਾਕਟਰਾਂ, ਕਰਮਚਾਰੀਆਂ ਨੂੰ ਵੀ ਮੁਸ਼ਕਲ ਪੇਸ਼ ਆਉਂਦੀ ਸੀ।
ਇਮਾਰਤ ਬਹੁਤ ਪੁਰਾਣੀ ਸੀ। ਪਰ ਹਰ ਇਲਾਜ ਲਈ ਡਾਕਟਰ ਉਪਲੱਬਧ ਸਨ। ਬਹੁਤ ਭੀੜ ਲੱਗੀ ਰਹਿੰਦੀ। ਡਾਕਟਰਾਂ, ਨਰਸਾਂ ਲਈ ਕੁਆਰਟਰ ਸਨ। ਪਰ ਲੋਕਾਂ ਦੀ ਮੁਸ਼ਕਲ ਵੇਖਦੇ ਹੋਏ ਇਸ ਨੂੰ ਬਾਹਰਵਾਰ ਨਵੀਂ ਬਿਲਡਿੰਗ ਵਿਚ ਤਬਦੀਲ ਕਰ ਦਿਤਾ। ਹੁਣ ਫਿਰ ਉਜੜੇ ਬਾਗ਼ਾਂ ਦੇ ਗਾਲ੍ਹੜ ਪਟਵਾਰੀ ਵਾਂਗ ਸਾਰੇ ਰਸਤੇ ਖੁੱਲ੍ਹੇ ਸਨ। ਹਾਲਤ ਹੋਰ ਬਦਤਰ ਹੁੰਦੀ ਗਈ। ਲੋਕ ਕੂੜਾ ਸੁੱਟਣ ਲਗੇ। ਡੰਗਰਾਂ, ਕੁੱਤਿਆਂ, ਬਿੱਲਿਆਂ ਦੀ ਪਨਾਹਗਾਹ ਬਣ ਗਿਆ। ਬਾਜ਼ਾਰ ਵਲ ਜਾਣ ਲਈ ਹਸਪਤਾਲ ਵਿਚ ਸ਼ਾਰਟ-ਕੱਟ ਮਾਰਨ ਵੇਲੇ ਸਾਹ ਬੰਦ ਕਰ ਕੇ ਲੰਘਣਾ ਪੈਂਦਾ ਕਿਉਂਕਿ ਇਥੇ ਗੰਦਗੀ ਦੇ ਢੇਰ ਥਾਂ-ਥਾਂ ਤੇ ਪਏ ਸਨ। ਮੀਂਹ ਕਣੀ ਵਿਚ ਦੀ ਹਾਲਤ ਤਾਂ ਪੁੱਛੋ ਹੀ ਨਾ। ਕਈ ਵਾਰ ਨਗਰਪਾਲਿਕਾ ਨੂੰ ਕਿਹਾ ਪਰ ਕੋਈ ਸੁਣਵਾਈ ਨਹੀਂ।
ਕੁੱਝ ਸਮੇਂ ਬਾਅਦ ਇਕ ਦਿਨ ਬੁਲਡੋਜ਼ਰ ਆਇਆ। ਸਾਰੇ ਕਮਰੇ ਢਹਿ-ਢੇਰੀ ਕਰ ਦਿਤੇ। ਇੱਟਾਂ ਚੁਕਵਾ ਦਿਤੀਆਂ। ਭਰਤ ਪਾਉਣ ਲਈ ਮਿੱਟੀ ਦੀਆਂ ਟਰਾਲੀਆਂ ਆਉਂਦੀਆਂ ਰਹੀਆਂ। ਚਲੋ ਖ਼ੁਸ਼ੀ ਹੋਈ ਕਿ ਕੁੱਝ ਨਵਾਂ ਬਣਨ ਦੀ ਸਕੀਮ ਹੈ। ਸਾਰਾ ਥਾਂ ਉੱਚਾ ਅਤੇ ਪੱਧਰਾ ਕਰ ਦਿਤਾ। ਬਹੁਤ ਪੁਰਾਣੇ ਰੁੱਖ ਬੋਹੜ, ਪਿੱਪਲ ਅਤੇ ਨਿੰਮ ਤੇ ਕੁੱਝ ਹੋਰ ਰੱਖ ਕੇ ਬਾਕੀ ਕੱਟ ਦਿਤੇ। ਨਵੇਂ ਪੌਦੇ ਅਤੇ ਇਕੋ ਕਿਸਮ ਦੇ ਰੁੱਖ ਟਰਾਲੀਆਂ ਭਰ-ਭਰ ਕੇ ਲਿਆਂਦੇ ਅਤੇ ਲਗਾ ਦਿਤੇ। ਕੁੱਝ ਹੀ ਦਿਨਾਂ ਵਿਚ ਉਹ ਮੌਲਣ ਲਗੇ। ਜੜ੍ਹਾਂ ਪਕੜ ਲਈਆਂ। ਨਵੀਂ ਕਿਸਮ ਦਾ ਘਾਹ ਲਗਵਾਇਆ। ਗੋਲਾਈਦਾਰ ਸੜਕਾਂ ਦੇ ਦੋ ਟਰੈਕ ਬਣਾ ਦਿਤੇ। ਸੀਮਿੰਟ ਦੇ ਬੈਂਚ ਕਾਫ਼ੀ ਥਾਵਾਂ ਤੇ ਲਾ ਦਿਤੇ। ਮੀਂਹ ਕਣੀ ਤੋਂ ਬਚਣ ਲਈ ਦੋ ਸ਼ੈੱਡ ਬਣਵਾਏ ਗਏ। ਸਫ਼ਾਈ ਦਾ ਪੂਰਾ ਪ੍ਰਬੰਧ ਹੈ। ਕਈ ਥਾਂ ਬਕਸੇ ਟੰਗੇ ਹੋਏ ਹਨ। ਕਮੇਟੀ ਦੇ ਮੈਂਬਰ ਤਕਰੀਬਨ ਗੇੜੀ ਲਾਈ ਰਖਦੇ ਹਨ।
ਹਰਿਆਵਲ ਬਹੁਤ ਜ਼ਿਆਦਾ ਹੈ। ਬੱਚਿਆਂ ਲਈ ਝੂਟੇ ਤਿਲਕਣ ਲਈ ਪੌੜੀ ਲੱਗੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤਕ ਰੌਣਕ ਲੱਗੀ ਰਹਿੰਦੀ ਹੈ। ਔਰਤਾਂ, ਮਰਦ, ਬੱਚੇ ਸੈਰ ਕਰਨ ਲਈ ਆਉਂਦੇ ਹਨ। ਕੁੱਝ ਬੰਦੇ ਕਸਰਤ ਕਰਦੇ ਹਨ। ਉੱਚੀ ਉੱਚੀ ਹਸਦੇ ਹਨ। ਟਰੈਕ ਉਤੇ ਤੇਜ਼ ਚਾਲ ਨਾਲ ਤੁਰ ਕੇ ਇਕ-ਦੂਜੇ ਨੂੰ ਪਛਾੜ ਕੇ ਵਧੀਆ ਲਗਦਾ ਹੈ। ਹਵਾ ਚਲਦੀ ਹੈ ਤਾਂ ਰੁੱਖ, ਪੌਦੇ ਝੂਮਦੇ ਹਨ। ਖ਼ੂਬ ਰਮਣੀਕ ਨਜ਼ਾਰਾ ਬਝਦਾ ਹੈ। ਪੱਤਿਆਂ ਦੀ ਖੜ-ਖੜ ਸੁਣ ਕੇ ਲਗਦਾ ਹੈ ਜਿਵੇਂ ਗਿੱਧਾ ਪਾ ਰਹੇ ਹੋਣ। ਝੂਮ ਝੂਮ ਕੇ ਇਕ-ਦੂਜੇ ਨੂੰ ਗਲਵਕੜੀ ਪਾ ਰਹੇ ਮਹਿਸੂਸ ਹੁੰਦੇ ਹਨ।
ਚਲੋ ਪਹਿਲਾਂ ਇਥੇ ਹਸਪਤਾਲ ਵਿਚ ਮਰੀਜ਼ ਆਉਂਦੇ ਦਵਾਈ ਲੈਂਦੇ, ਠੀਕ ਹੋ ਕੇ ਜਾਂਦੇ ਸਨ ਅਤੇ ਹੁਣ ਪਾਰਕ ਵਿਚ ਆਉਂਦੇ ਹਨ, ਤਾਜ਼ੀ ਹਵਾ 'ਚ ਸਾਹ ਲੈਂਦੇ ਹਨ, ਕਸਰਤ ਕਰਦੇ ਹਨ ਜਿਸ ਨਾਲ ਸ੍ਰੀਰ ਤੰਦਰੁਸਤ ਰਹਿੰਦਾ ਹੈ। ਕੰਮ ਤਾਂ ਪਹਿਲਾਂ ਵਾਲਾ ਹੀ ਹੈ। ਉਦੋਂ ਦਵਾਈ ਖਾਂਦੇ ਸਨ, ਹੁਣ ਸ਼ੁੱਧ ਵਾਤਾਵਰਣ ਨਾਲ ਇਕਮਿਕ ਹੁੰਦੇ ਹਨ। ਸੱਭ ਦੇ ਮੂੰਹ ਉਤੇ ਰੌਣਕ ਹੁੰਦੀ ਹੈ ਕਿਉਂਕਿ ਘਰ ਦੇ ਖਲਜਗਣ ਵਿਚੋਂ ਆ ਕੇ ਕੁੱਝ ਸਮਾਂ ਕੁਦਰਤ ਨਾਲ ਬਿਤਾਉਂਦੇ ਹਨ। ਕਹਿੰਦੇ ਸੁਣਦੇ ਹਾਂ ਕਿ ਥਾਂ ਦੇ ਭਾਗ ਜਾਗ ਪਏ। ਕਈ ਵਾਰ ਕੁੱਝ ਉਮੀਦ ਤੋਂ ਵੱਧ ਹੋ ਜਾਏ ਫਿਰ ਖ਼ੁਸ਼ੀ ਤੇ ਮਾਣ ਤਾਂ ਹੁੰਦਾ ਹੀ ਹੈ। ਪੜ੍ਹਨ ਸੁਣਨ ਵਾਲਿਆਂ ਲਈ ਖੁੱਲ੍ਹਾ ਸੱਦਾ ਹੈ, ਇਕ ਵਾਰ ਆ ਕੇ ਜ਼ਰੂਰ ਇਸ ਦੇ ਨਜ਼ਾਰਿਆਂ ਦਾ ਲੁਤਫ਼ ਲਉ। ਸੰਪਰਕ : 82840-20628