
ਪਹਿਲੇ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਅਤੇ ਹੁਣ ਗੁਰਦਵਾਰਾ ਪੱਥਰ ਸਾਹਿਬ ਨਾਲ ਛੇੜਛਾੜ ਕੀਤੀ ਜਾ ਰਹੀ ਹੈ
ਪਹਿਲੇ ਗੁਰਦਵਾਰਾ ਗੁਰੂ ਡਾਂਗਮਾਰ ਸਾਹਿਬ ਅਤੇ ਹੁਣ ਗੁਰਦਵਾਰਾ ਪੱਥਰ ਸਾਹਿਬ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਗੁਰਦਵਾਰਾ ਡਾਂਗਮਾਰ ਦਾ ਸਾਰਾ ਸਰੂਪ ਬਦਲ ਦਿਤਾ ਗਿਆ ਹੈ ਤੇ ਹੁਣ ਗੁਰਦਵਾਰਾ ਪੱਥਰ ਸਾਹਿਬ ਦਾ ਸਰੂਪ ਵੀ ਬਦਲਿਆ ਜਾ ਰਿਹਾ ਹੈ। ਇਸ ਤੋਂ ਬਾਦ ਅਗਲਾ ਨਿਸ਼ਾਨਾ ਕਿਹੜਾ ਗੁਰਦਵਾਰਾ ਸਾਹਿਬ ਹੋਵੇਗਾ, ਕੁੱਝ ਨਹੀਂ ਕਿਹਾ ਜਾ ਸਕਦਾ? ਮੈਂ ਭਾਰਤ ਸਰਕਾਰ ਤੋਂ ਪੁਛਣਾ ਚਾਹੁੰਦਾ ਹਾਂ ਕਿ ਬਾਬਾ ਨਾਨਕ ਨਾਲ ਸਬੰਧਿਤ ਇਕ ਤੋਂ ਬਾਦ ਇਕ ਗੁਰਦਵਾਰੇ ਨਾਲ ਛੇੜ-ਛਾੜ ਕਿਉਂ ਕੀਤੀ ਜਾ ਰਹੀ ਹੈ? ਗੁਰੂ ਬਾਬੇ ਨਾਲ ਸਰਕਾਰ ਦੀ ਕੀ ਦੁਸ਼ਮਣੀ ਹੈ?
ਬਾਬੇ ਨਾਨਕ ਦਾ ਤਾਂ ਖੁੱਲ੍ਹਾ ਵਿਹੜਾ ਹੈ। ਉਹ ਹਰ ਇਕ ਨਾਲ ਪਿਆਰ ਕਰਦਾ ਹੈ। ਬਾਬੇ ਨੇ ਭਾਰਤ ਦੀ ਸੁੱਤੀ ਹੋਈ ਆਤਮਾ ਤੇ ਅਣਖ ਨੂੰ ਜਗਾਇਆ, ‘‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’’ ਬਾਬੇ ਨੇ ਹੀ ਪੇਸ਼ਾਵਰ ਤੋਂ ਬਰਮਾ ਤੇ ਤਿੱਬਤ ਤੋਂ ਲੰਕਾ ਤਕ ਦੇ ਟੁਕੜੇ ਨੂੰ ‘ਹਿੰਦੁਸਤਾਨ’ ਨਾਂ ਦਿਤਾ। ਗੁਰੂ ਤੇਗ ਬਹਾਦਰ ਜੀ ਨੇ ਅਪਣਾ ਬਲਿਦਾਨ ਦੇ ਕੇ ਟਿੱਕੇ ਤੇ ਜਨੇਊ ਦੀ ਰਖਿਆ ਕੀਤੀ ਸੀ। ਸਰਕਾਰ ਸਿੱਖਾਂ ਕੋਲੋਂ ਕਿਹੜੀ ਗੱਲ ਦਾ ਬਦਲਾ ਲੈ ਰਹੀ ਹੈ? ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਜੇ ਸਿੱਖ ਨਾ ਹੁੰਦੇ ਤਾਂ 18ਵੀਂ ਸਦੀ ਵਿਚ ਹੀ ਪਹਿਲੇ ਯਮੁਨਾ ਤਕ ਦਾ ਇਲਾਕਾ ਤੇ ਬਾਦ ਵਿਚ ਸਾਰਾ ਭਾਰਤ ਇਰਾਨ-ਅਫ਼ਗਾਨਿਸਤਾਨ ਦਾ ਹਿੱਸਾ ਬਣ ਜਾਣਾ ਸੀ ਤੇ ਇਸ ਤਰ੍ਹਾਂ ਸਾਰਾ ਭਾਰਤ ਇਸਲਾਮ ਦੇ ਝੰਡੇ ਹੇਠ ਆ ਜਾਣਾ ਸੀ।
ਇਹ ਸਿੱਖ ਹੀ ਸਨ, ਜਿਨ੍ਹਾਂ ਨੇ 18ਵੀਂ ਤੇ 19ਵੀਂ ਸਦੀ ਵਿਚ ਉਨ੍ਹਾਂ ਅਫ਼ਗਾਨਾਂ ਨੂੰ ਮਾਰ-ਮਾਰ ਕੇ ਭਜਾਇਆ ਜਿਹੜੇ ਸਦੀਆਂ ਤੋਂ ਭਾਰਤ ਲਈ ਖੌਫ਼ ਦਾ ਪ੍ਰਤੀਕ ਬਣੇ ਹੋਏ ਸਨ ਤੇ ਇਸ ਤਰ੍ਹਾਂ ਹਿੰਦੂ ਧਰਮ ਤੇ ਸਭਿਅਤਾ ਨੂੰ ਬਚਾਇਆ। 1823 ਵਿਚ ਨੌਸ਼ਹਿਰਾ, 1827 ਵਿਚ ਸੈਦੋਂ ਤੇ 1831 ਵਿਚ ਬਾਲਾਕੋਟ ਦੀ ਲੜਾਈ ਵਿਚ ਸਿੱਖਾਂ ਨੇ ਅਫ਼ਗਾਨਾਂ ਨੂੰ ਨਿਰਣਾਇਕ ਤੌਰ ਉਤੇ ਹਰਾਇਆ। ਗੁਜਰਾਤ ਦੇ ਕਿਸਾਨਾਂ ਦਾ ਮਸਲਾ ਅੱਜ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ ਤੇ ਸਰਕਾਰ ਸੁਪਰੀਮ ਕੋਰਟ ਵਿਚੋਂ ਮੁਕਦਮਾ ਵਾਪਸ ਨਹੀਂ ਲੈ ਰਹੀ। ਸ਼ਿਲਾਂਗ ਦੇ ਸਿੱਖਾਂ ਦੇ ਮਸਲੇ ਦਾ ਕੀ ਹੋਇਆ, ਪਤਾ ਨਹੀਂ। ਇਨ੍ਹਾਂ ਸਾਰੇ ਮਸਲਿਆਂ ਬਾਰੇ ਸਿੱਖ ਲੀਡਰਸ਼ਿਪ ਕਿਉਂ ਚੁੱਪ ਹੈ? ਗੋਬਿੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ ਸਿਰਸਾ, ਹਰਿੰਦਰ ਸਿੰਘ ਖ਼ਾਲਸਾ, ਹਰਦੀਪ ਸਿੰਘ ਪੁਰੀ ਤੇ ਆਹਲੂਵਾਲੀਆ ਆਦਿ ਚੁੱਪ ਕਿਉਂ ਹਨ?
1978-79 ਵਿਚ ਜਦੋਂ ਗੁਰਦਵਾਰਾ ਗਿਆਨ ਗੋਦੜੀ ਸਾਹਿਬ, ਹਰਿਦੁਆਰ ਵਿਖੇ ਢਾਹਿਆ ਜਾ ਰਿਹਾ ਸੀ ਤਾਂ ਵੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਕੁੱਝ ਨਹੀਂ ਸੀ ਬੋਲੇ। ਹੁਣ ਜਦੋਂ ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਮੈਨੇਜਮੈਂਟ ਦੇ ਨਿਯਮਾਂ ਵਿਚ ਬਦਲਾਅ ਕਰ ਕੇ ਮਹਾਂਰਾਸ਼ਟਰ ਸਰਕਾਰ ਨੇ ਅਸਿਧੇ ਤੌਰ ਉਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਉੱਤੇ ਕਬਜ਼ਾ ਕਰ ਲਿਆ ਹੈ ਤਾਂ ਸਿੱਖ ਲੀਡਰ ਇਕ-ਇਕ ਬਿਆਨ ਦੇ ਕੇ ਪਿਛੋਂ ਝੱਗ ਦੀ ਤਰ੍ਹਾਂ ਬਹਿ ਗਏ। ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਸਿੱਖਾਂ ਦੇ ਲੀਡਰਾਂ ਦੀ ਜ਼ਮੀਰ ਏਨੀ ਮਰ ਜਾਵੇਗੀ, ਇਹ ਏਨੇ ਡਰਪੋਕ ਤੇ ਸਵਾਰਥੀ ਬਣ ਜਾਣਗੇ ਕਿ ਅਪਣੇ ਵਾਸਤੇ ਪੰਥ ਤੇ ਗੁਰੂ ਨੂੰ ਵੀ ਦਾਅ ਲਗਾ ਦੇਣਗੇ?
ਕੀ ਕਿਧਰੇ ਇਹ ਗੱਲ ਤੇ ਨਹੀਂ ਕਿ ਸਾਰੇ ਸਿੱਖ ਲੀਡਰ ਅਪਣੇ ਭ੍ਰਿਸ਼ਟਾਚਾਰਾਂ ਦੇ ਡਰੋਂ ਹੀ ਸਰਕਾਰ ਅੱਗੇ ਨਹੀਂ ਬੋਲਦੇ? ਕੀ ਸ੍ਰ. ਹਰਿੰਦਰ ਸਿੰਘ ਖ਼ਾਲਸਾ, ਸ. ਹਰਦੀਪ ਸਿੰਘ ਪੁਰੀ, ਸ. ਆਹਲੂਵਾਲੀਆ ਤੇ ਸ. ਮਨਜਿੰਦਰ ਸਿੰਘ ਸਿਰਸਾ ਬਾਬੇ ਨਾਨਕ ਦੀਆਂ ਨਿਸ਼ਾਨੀਆਂ ਮਿਟਾਉਣ ਉਤੇ ਰੋਸ ਵਜੋਂ ਭਾਜਪਾ ਨੂੰ ਤਿਲਾਂਜਲੀ ਦੇ ਦੇਣਗੇ ਜਾਂ ਅਪਣੇ ਸਵਾਰਥਾਂ ਲਈ ਭਾਜਪਾ ਨਾਲ ਹੀ ਚਿਪਕੇ ਰਹਿਣਗੇ? ਫ਼ੈਸਲਾ ਇਨ੍ਹਾਂ ਨੇ ਖ਼ੁਦ ਲੈਣਾ ਹੈ। ਪੰਥ ਤੇ ਸਿੱਖੀ ਖ਼ਤਰੇ ਵਿਚ ਹੈ।
ਖ਼ੈਰ ਮੇਰੀ ਨਜ਼ਰ ਵਿਚ ਸਾਰੇ ਸਿੱਖ ਲੀਡਰ ਸਿਰਫ਼ ਚਲਦੀਆਂ ਫਿਰਦੀਆਂ ਲਾਸ਼ਾਂ ਹੀ ਹਨ। ਇਹ ਸਾਡੀ ਕੌਮ ਲਈ ਨਾਸੂਰ ਬਣ ਚੁੱਕੇ ਹਨ ਅਤੇ ਸਿਰਫ਼ ਅਪਣੇ ਢਿੱਡ ਹੀ ਭਰਨ ਯੋਗ ਹਨ। ਸਾਨੂੰ ਅਪਣੇ ਬਚਾਅ ਵਾਸਤੇ ਹੁਣ ਹਿੰਦੂ ਸੰਤਾਂ ਵਲ ਵੇਖਣਾ ਪਵੇਗਾ ਜਿਨ੍ਹਾਂ ਦੀ ਇਹ ਸਰਕਾਰ ਗੱਲ ਮੰਨਦੀ ਹੈ। ਇਹ ਸਾਡੀ ਤਰਾਸਦੀ ਤੇ ਬਦਕਿਸਮਤੀ ਹੈ ਕਿ ਸਾਨੂੰ ਅਜਿਹਾ ਕਰਨਾ ਪੈ ਰਿਹਾ ਹੈ। ਮੈਂ ਬਾਬਾ ਰਾਮਦੇਵ ਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਗੁਰਦਵਾਰਾ ਡਾਂਗਮਾਰ ਤੇ ਪੱਥਰ ਸਾਹਿਬ ਦਾ ਮਸਲਾ ਭਾਰਤ ਸਰਕਾਰ ਕੋਲ ਉਠਾਉਣ ਤੇ ਇਸ ਦਾ ਹੱਲ ਕੱਢਣ। ਇਨ੍ਹਾਂ ਦੇ ਅੱਗੇ ਆਉਣ ਉਤੇ ਸ਼ਾਇਦ ਸਿੱਖ ਲੀਡਰਾਂ ਨੂੰ ਸ਼ਰਮ ਆਵੇ ਪਰ ਉਮੀਦ ਫਿਰ ਵੀ ਬਹੁਤ ਨਹੀਂ ਰਖਣੀ ਚਾਹੀਦੀ।
ਸੰਪਰਕ : 79861-37713