ਜੂਨ ਚੁਰਾਸੀ ਉਹ ਖ਼ੌਫ਼ਨਾਕ ਦਿਨ
Published : Jun 5, 2020, 10:25 am IST
Updated : Jun 5, 2020, 10:25 am IST
SHARE ARTICLE
darbar sahib
darbar sahib

ਅੱਜ ਤੋਂ 36 ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਮਹਿਜ਼ 27 ਵਰਿ੍ਹਆਂ ਦਾ ਸਾਂ।

ਅੱਜ ਤੋਂ 36 ਵਰ੍ਹੇ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਮਹਿਜ਼ 27 ਵਰਿ੍ਹਆਂ ਦਾ ਸਾਂ। ਉਨ੍ਹੀਂ ਦਿਨੀਂ ਮੈਂ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਕੈਲੀਗ੍ਰਾਫ਼ਿਸਟ ਵਜੋਂ ਤਾਇਨਾਤ ਸਾਂ ਤੇ ਉਥੇ ਹੀ ਈ-27 ਫ਼ਲੈਟ ਵਿਚ ਰਹਿ ਰਿਹਾ ਸਾਂ। ਮੇਰੇ ਪਿਤਾ ਅਤੇ ਮੇਰੀ ਛੋਟੀ ਭੈਣ ਵੀ ਮੇਰੇ ਨਾਲ ਉਥੇ ਹੀ ਸਨ। ਸਾਡਾ ਫ਼ਲੈਟ ਪਹਿਲੀ ਮੰਜ਼ਿਲ ਉਤੇ ਸੀ। ਫ਼ਲੈਟ ਦੀ ਬਾਲਕੋਨੀ ਵਿਚੋਂ ਐੱਫ਼-ਟਾਈਪ ਤੇ ਈ- ਟਾਈਪ ਨੂੰ ਜੋੜਨ ਵਾਲੀ ਸੜਕ ਨਜ਼ਰ ਆਉਂਦੀ ਸੀ। 3 ਜੂਨ 1984 ਨੂੰ ਐਤਵਾਰ ਦਾ ਦਿਨ ਸੀ। ਮੈਂ ਸੁੱਤਾ ਉੱਠਣ ਪਿੱਛੋਂ ਆਮ ਤੌਰ ਉਤੇ ਬਾਲਕੋਨੀ ਵਿਚ ਆਉਂਦਾ ਸਾਂ, ਸੜਕ ਤੇ ਤੁਰਦੇ ਫਿਰਦੇ ਲੋਕਾਂ ਨੂੰ ਵੇਖਣ ਲਈ।

1984 sikh riotsFile Photo

ਉਸ ਦਿਨ ਵੀ ਮੈਂ ਰੋਜ਼ ਵਾਂਗ ਬਾਲਕੋਨੀ ਵਿਚ ਆਇਆ ਸਾਂ, ਤਾਂ ਸੜਕ ਵਲ ਵੇਖਦੇ ਸਾਰ ਠਠੰਬਰ ਗਿਆ। ਇਕ ਫ਼ੌਜੀ ਮੇਰੇ ਫਲੈਟ ਵਲ ਬੰਦੂਕ ਤਾਣੀ ਖੜਾ ਸੀ। ਮੈਂ ਝੱਟ ਕਮਰੇ ਦੇ ਅੰਦਰ ਭੱਜ ਗਿਆ ਤੇ ਓਹਲੇ ਹੋ ਕੇ ਉਸ ਨੂੰ ਵੇਖਣ ਲੱਗਾ। ਉਹ ਅਜੇ ਵੀ ਬੰਦੂਕ ਤਾਣੀ ਖੜਾ ਸੀ। ਮੈਂ ਕਮਰੇ ਵਿਚ ਆ ਕੇ ਪਿਤਾ ਜੀ ਨੂੰ ਦਸਿਆ ਤੇ ਸਮਝਾਇਆ ਕਿ ਉਹ ਵੀ ਬਾਹਰ ਨਾ ਜਾਣ, ਪਤਾ ਨਹੀਂ ਕੀ ਗੱਲ ਹੋ ਗਈ? ਕੋਈ ਫ਼ੌਜੀ ਬੰਦੂਕ ਚੁੱਕੀ ਇਧਰ ਨੂੰ ਵੇਖ ਰਿਹਾ ਹੈ। ਛੋਟੀ ਭੈਣ ਸਮੇਤ ਅਸੀ ਤਿੰਨੇ ਪਰਦੇ ਦੇ ਓਹਲਿਉਂ ਸੜਕ ਵਲ ਵੇਖਣ ਲੱਗੇ। ਮਨ ਵਿਚ ਇਕਦਮ ਸਹਿਮ ਛਾ ਗਿਆ।

darbar sahib darbar sahib

ਸੁੱਖ ਹੋਵੇ ਸਹੀ, ਫ਼ੌਜੀ ਕਿਉਂ ਖੜਾ ਹੈ? 15-20 ਮਿੰਟਾਂ ਬਾਅਦ ਉਹ ਫ਼ੌਜੀ ਹੌਲੀ-ਹੌਲੀ ਚਲਦਾ ਅੱਗੇ ਵੱਧ ਗਿਆ। ਮੈਂ ਡਰਦਾ-ਡਰਦਾ ਉਸ ਨੂੰ ਜਾਂਦਿਆਂ ਵੇਖ ਰਿਹਾ ਸਾਂ। ਫਿਰ ਇਕ ਹੋਰ ਫ਼ੌਜੀ ਉਧਰ ਆ ਗਿਆ। ਉਸ ਨੇ ਵੀ ਮੋਢੇ ਤੇ ਉਵੇਂ ਹੀ ਬੰਦੂਕ ਤਾਣੀ ਹੋਈ ਸੀ ਤੇ ਮੈਂ ਦੂਰ ਤਕ ਵੇਖ ਕੇ ਹੈਰਾਨ ਰਹਿ ਗਿਆ। ਉੱਥੇ ਬਹੁਤ ਸਾਰੇ ਫ਼ੌਜੀ ਸਨ, ਜੋ ਪੈਟਰੋਲਿੰਗ (ਗਸ਼ਤ) ਕਰ ਰਹੇ ਸਨ। ਆਂਢ-ਗੁਆਂਢ ਦੀ ਘੁਸਰਮੁਸਰ ਤੋਂ ਪਤਾ ਲੱਗਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਭਾਰਤੀ ਫ਼ੌਜ ਨੇ ਹਮਲਾ ਕਰ ਦਿਤਾ ਹੈ।

1984 SIKH GENOCIDEFile Photo

ਮੈਂ ਕਮਰੇ ਵਿਚ ਆ ਕੇ ਅਪਣਾ ਟੂ-ਇਨ-ਵੰਨ ਚਲਾਇਆ ਤੇ ਬੀ.ਬੀ.ਸੀ. ਦੀਆਂ ਖ਼ਬਰਾਂ ਸੁਣਨ ਲੱਗਾ। ਉਦੋਂ ਬੀ.ਬੀ.ਸੀ. ਦੀਆਂ ਖ਼ਬਰਾਂ ਨੂੰ ਹੀ ਸੱਚ ਮੰਨਿਆ ਜਾਂਦਾ ਸੀ ਕਿਉਂਕਿ ਭਾਰਤੀ ਮੀਡੀਆ ਉਤੇ ਸਰਕਾਰੀ ਅਧਿਕਾਰ ਹੋਣ ਕਰ ਕੇ ਉਹ ਸਹੀ ਖ਼ਬਰਾਂ ਨਸ਼ਰ ਨਹੀਂ ਸੀ ਕਰ ਰਿਹਾ। ਅਖ਼ਬਾਰ, ਟੀ.ਵੀ. ਸੱਭ ਉਤੇ ਸੈਂਸਰਸ਼ਿਪ ਲੱਗੀ ਹੋਈ ਸੀ। ਉਦੋਂ ਮੇਰੇ ਕੋਲ ਟੀ.ਵੀ. ਨਹੀਂ ਸੀ, ਨਾ ਹੀ ਫਰਿੱਜ ਤੇ ਨਾ ਹੀ ਗੈਸ। ਰੇਡੀਉ ਰਾਹੀਂ ਹੀ ਮਨੋਰੰਜਨ ਕਰਦੇ ਸਾਂ। ਠੰਢੇ ਪਾਣੀ ਦੀ ਥਾਂ ਟੂਟੀ ਦਾ ਪਾਣੀ ਪੀਂਦੇ ਸਾਂ ਤੇ ਸਟੋਵ ਉਤੇ ਹੀ ਖਾਣ- ਪੀਣ ਦੀਆਂ ਚੀਜ਼ਾਂ ਬਣਦੀਆਂ ਸਨ।

Shir Darbar SahibSri Darbar Sahibਬੀ.ਬੀ.ਸੀ. ਦੀਆਂ ਖ਼ਬਰਾਂ ਤੋਂ ਪਤਾ ਲੱਗਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਚੋਂ (ਸਰਕਾਰੀ ਭਾਸ਼ਾ ਅਨੁਸਾਰ) ਦਹਿਸ਼ਤਗਰਦਾਂ ਨੂੰ ਬਾਹਰ ਕੱਢਣ ਲਈ ਫ਼ੌਜ ਨੇ ਉਥੇ ਤੋਪਾਂ ਤੇ ਟੈਂਕਾਂ ਰਾਹੀਂ ਜ਼ਬਰਦਸਤ ਗੋਲੀਬਾਰੀ ਕੀਤੀ ਸੀ। ਦਹਿਸ਼ਤਗਰਦਾਂ ਨਾਲ ਬਹੁਤ ਸਾਰੇ ਆਮ ਲੋਕ ਵੀ ਮਾਰੇ ਗਏ ਸਨ। ਉਸ ਦਿਨ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਤੇ ਸਰਕਾਰ ਨੇ ਜਾਣ-ਬੁੱਝ ਕੇ ਇਹ ਦਿਨ ਚੁਣਿਆ ਸੀ ਤਾਕਿ ਦਹਿਸ਼ਤਗਰਦਾਂ ਦੀ ਆੜ ਵਿਚ ਆਮ ਸਿੱਖ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕੇ।

1984 sikh riotsFile Photo

ਭਾਰਤੀ ਫ਼ੌਜ ਨੇ ਅਕਾਲ ਤਖ਼ਤ, ਸਰਾਵਾਂ ਤੇ ਪਾਣੀ ਦੀ ਟੈਂਕੀ ਸਮੇਤ ਹੋਰ ਕਈ ਥਾਵਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਸੀ। ਬਿਜਲੀ ਦਾ ਕੁਨੈਕਸ਼ਨ ਕੱਟ ਦਿਤਾ ਗਿਆ ਸੀ। ਮਾਸੂਮ ਦੁਧ-ਚੁੰਘਦੇ ਬੱਚੇ, ਬਜ਼ੁਰਗ, ਔਰਤਾਂ-ਸਾਰੇ ਹੀ ਪ੍ਰੇਸ਼ਾਨ, ਬੇਹਾਲ ਤੇ ਚਿੰਤਾਤੁਰ ਸਨ। ਨੌਜੁਆਨਾਂ ਨੂੰ ਖ਼ਾਸ ਤੌਰ ਉਤੇ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਸੀ। ਸਿੱਖ ਲੀਡਰਸ਼ਿਪ ਹੱਥ ਖੜੇ ਕਰ ਕੇ ਫ਼ੌਜ ਦੇ ਮੂਹਰੇ ਲੱਗ ਤੁਰੀ ਸੀ ਤੇ ਉਨ੍ਹਾਂ ਨੂੰ ਜੇਲਾਂ ਵਿਚ ਸੁੱਟ ਦਿਤਾ ਗਿਆ ਸੀ। ਜਿਨ੍ਹਾਂ ਯਾਤਰੀਆਂ, ਸ਼ਰਧਾਲੂਆਂ ਨੇ ਫ਼ੌਜ ਦੀ ਗੱਲ ਨਹੀਂ ਸੀ ਮੰਨੀ, ਉਹ ਅਣਿਆਈ ਮੌਤ ਮਾਰੇ ਗਏ ਸਨ।

1984 sikh riotsFile Photo

ਖ਼ਬਰਾਂ ਰਾਹੀਂ ਹੋਰ ਵੀ ਪਤਾ ਲੱਗਾ ਕਿ ਸਿਰਫ਼ ਹਰਿਮੰਦਰ ਸਾਹਿਬ ਜਾਂ ਅਕਾਲ ਤਖ਼ਤ ਉਤੇ ਹੀ ਹਮਲਾ ਨਹੀਂ ਸੀ ਹੋਇਆ, ਇਕੋ ਵੇਲੇ ਪੰਜਾਬ ਦੇ 42 ਗੁਰਦੁਆਰਿਆਂ ਉਤੇ ਫ਼ੌਜੀ ਕਾਰਵਾਈ ਕੀਤੀ ਗਈ ਸੀ। ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰਖਿਆ ਗਿਆ ਸੀ। ਸ਼ਰਧਾਲੂਆਂ ਤੇ ਆਮ ਲੋਕਾਂ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਅਜਿਹਾ ਹੋ ਜਾਵੇਗਾ। ਪਰ ਘਟਨਾ ਵਾਪਰ ਚੁੱਕੀ ਸੀ ਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਜਾਂ ਤਾਂ ਮਾਰ ਦਿਤੇ ਗਏ ਸਨ ਜਾਂ ਫੜ ਲਏ ਗਏ ਸਨ।

Kanpur (UP) massacre in 1984File Photo

ਸਕੂਲ, ਕਾਲਜ, ਯੂਨੀਵਰਸਟੀਆਂ ਆਦਿ ਸੰਸਥਾਵਾਂ ਵਿਚ ਅਣ-ਐਲਾਨੀ ਛੁੱਟੀ ਸੀ। ਪੰਜਾਬ ਵਿਚ ਕਰਫ਼ਿਊ ਲੱਗ ਚੁੱਕਾ ਸੀ। ਐਮਰਜੈਂਸੀ ਜਹੇ ਹਾਲਾਤ ਸਨ। ਧਾਰਾ-144 ਅਧੀਨ ਪੰਜ ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ਤੇ ਰੋਕ ਸੀ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਡੇ ਪ੍ਰਵਾਰ ਦੇ ਸਾਰੇ ਜੀਅ ਆਪੋ-ਅਪਣੀ ਥਾਂ ਸੁਰੱਖਿਅਤ ਸਨ। ਉਸ ਦਿਨ ਤੋਂ ਅਗਲੇਰੇ ਕਈ ਦਿਨ ਅਸੀ ਅਖ਼ਬਾਰ ਤੋਂ ਬਿਨਾਂ ਬਿਤਾਏ। ਨਾ ਹੀ ਦੁਧ, ਸਬਜ਼ੀ ਵਾਲੇ ਯੂਨੀਵਰਸਟੀ ਅੰਦਰ ਆਏ। ਯੂਨੀਵਰਸਟੀ ਦੇ ਗੇਟ ਉਤੇ ਫ਼ੌਜ ਦਾ ਸਖ਼ਤ ਪਹਿਰਾ ਸੀ। ਬਾਹਰੋਂ ਅੰਦਰ ਆਉਣ ਤੇ ਅੰਦਰੋਂ ਬਾਹਰ ਜਾਣ ਉਤੇ ਪੂਰੀ ਪਾਬੰਦੀ ਸੀ। ਅਸੀ ਉਸ ਦਿਨ ਚਾਹ ਨਹੀਂ ਸੀ ਪੀਤੀ। ਹਾਂ, ਭੁੱਖ ਮਿਟਾਉਣ ਲਈ ਥੋੜੀ- ਬਹੁਤ ਰੋਟੀ ਜ਼ਰੂਰ ਖਾਧੀ ਸੀ।

Jarnail Singh BhindranwaleJarnail Singh Bhindranwale

ਇਕ-ਦੋ ਦਿਨਾਂ ਬਾਅਦ ਕਰਫ਼ਿਊ ਵਿਚ ਕੱੁਝ ਸਮਾਂ ਢਿੱਲ ਦਿਤੀ ਗਈ ਤਾਂ ਕੈਂਪਸ ਵਿਚ ਰਹਿੰਦੇ ਲੋਕ ਜ਼ਰੂਰੀ ਸਾਮਾਨ ਖ਼ਰੀਦਣ ਲਈ ਯੂਨੀਵਰਸਟੀ ਦੀ ਗੋਲ ਮਾਰਕੀਟ ਨੂੰ ਦੌੜੇ। ਉਦੋਂ ਉਥੇ ਕਰਿਆਨੇ ਦੀਆਂ ਸਿਰਫ਼ ਦੋ ਦੁਕਾਨਾਂ ਸਨ। ਸ਼ੁਕਰ ਸੀ ਕਿ ਇਕ ਦੁਕਾਨ ਖੁੱਲ੍ਹੀ ਸੀ। ਹਰ ਕੋਈ ਛੇਤੀ ਤੋਂ ਛੇਤੀ ਲੋੜੀਂਦੀਆਂ ਚੀਜ਼ਾਂ ਲੈਣ ਨੂੰ ਕਾਹਲਾ ਸੀ। ਮੈਂ ਵੀ ਕਾਹਲੀ-ਕਾਹਲੀ ਇਕ ਡੱਬਾ ਦੁਧ ਪਾਊਡਰ, ਸਟੋਵ ਲਈ ਕੈਰੋਸੀਨ ਤੇਲ, ਇਕ-ਅੱਧ ਦਾਲ ਖ਼ਰੀਦੀ ਤੇ ਤੇਜ਼ੀ ਨਾਲ ਫਲੈਟ ਨੂੰ ਦੌੜਿਆ।
6 ਜੂਨ ਦੀਆਂ ਖ਼ਬਰਾਂ ਵਿਚ ਦਸਿਆ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਕੁੱਝ ਹੋਰ ਮਹੱਤਵਪੂਰਨ ਸਿੰਘ ਫ਼ੌਜ ਨੇ ਸ਼ਹੀਦ ਕਰ ਦਿਤੇ ਹਨ, ਜਿਨ੍ਹਾਂ ਨੂੰ ਸਰਕਾਰੀ ਭਾਸ਼ਾ ਵਿਚ ਅਤਿਵਾਦੀ ਤੇ ਦਹਿਸ਼ਤਵਾਦੀ ਆਦਿ ਵਜੋਂ ਪ੍ਰਚਾਰਿਆ ਜਾ ਰਿਹਾ ਸੀ।

Akal Thakt Sahib Akal Thakt Sahib

ਅਜਿਹੇ ਮਰਜੀਵੜਿਆਂ ਨਾਲ ਦੋ ਹੱਥ ਕਰਨ ਲਈ ਭਾਰਤੀ ਫ਼ੌਜ ਨੂੰ ਬਹੁਤ ਮੁਸ਼ੱਕਤ ਕਰਨੀ ਪਈ ਸੀ। ਇਕ ਵਾਰ ਤਾਂ ਫ਼ੌਜ ਵੀ ਹੌਸਲਾ ਹਾਰ ਬੈਠੀ ਸੀ ਕਿਉਂਕਿ ਬੰਕਰਾਂ ਵਿਚ ਬੈਠੇ ਜਾਂਬਾਜ਼ਾਂ ਨੇ ਫ਼ੌਜ ਨੂੰ ਮੂੰਹਤੋੜ ਜਵਾਬ ਦਿਤਾ ਸੀ, ਸਰੋਵਰ ਵਿਚ ਲਾਸ਼ਾਂ ਤੈਰ ਰਹੀਆਂ ਸਨ। ਅੰਮ੍ਰਿਤਸਰ ਦਾ ਨਿਰਮਲ ਜਲ ਖ਼ੂਨ ਨਾਲ ਲਾਲ ਹੋ ਗਿਆ ਸੀ। ਅਕਾਲ ਤਖ਼ਤ ਦੇ ਖੂਹ ਵਿਚੋਂ ਵੀ ਲਾਸ਼ਾਂ ਕਢੀਆਂ ਜਾ ਰਹੀਆਂ ਸਨ। ਸਰਕਾਰ ਵਲੋਂ ਮਰਜੀਵੜਿਆਂ ਵਿਰੁਧ ਕੂੜ-ਪ੍ਰਚਾਰ ਕੀਤਾ ਗਿਆ ਸੀ ਕਿ ਉਹ ਚਰਿੱਤਰਹੀਣ ਹਨ, ਲੁਟੇਰੇ ਹਨ, ਇਜ਼ਤਾਂ ਲੁੱਟਦੇ ਹਨ.. ਪਰ ਅਗਲੇਰੇ ਦਿਨਾਂ ਵਿਚ ਸੱਭ ਕੱੁਝ ਸਪੱਸ਼ਟ ਹੋ ਗਿਆ ਸੀ ਕਿ ਇਹ ਸੱਭ ਸਰਕਾਰੀ ਚਾਲਾਂ ਸਨ।
ਦਸ-ਪੰਦਰਾਂ ਦਿਨਾਂ ਬਾਅਦ ਯੂਨੀਵਰਸਟੀ ਦੁਬਾਰਾ ਖੁੱਲ੍ਹੀ।

ਪਰ ਕਰਮਚਾਰੀਆਂ ਤੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਸਿੱਖ ਤੇ ਹਿੰਦੂ ਇਕ ਦੂਜੇ ਵਲ ਸ਼ੱਕੀ ਨਜ਼ਰਾਂ ਨਾਲ ਵੇਖ ਰਹੇ ਸਨ। ਅੰਦਰੋਂ ਸੱਭ ਨੂੰ ਸਹੀ ਹਾਲਾਤ ਬਾਰੇ ਪਤਾ ਸੀ ਪਰ ਮੂੰਹੋਂ ਕੋਈ ਕੁੱਝ ਨਹੀਂ ਸੀ ਬੋਲ ਰਿਹਾ। ਫ਼ੌਜ ਵਿਚਲੇ ਕਈ ਸਿੱਖ ਫ਼ੌਜੀਆਂ ਨੇ ਬਗ਼ਾਵਤ ਕਰ ਦਿਤੀ ਸੀ ਤੇ ਉਹ ਦਰਬਾਰ ਸਾਹਿਬ ਵਲ ਕੂਚ ਕਰ ਰਹੇ ਸਨ ਪਰ ਉਨ੍ਹਾਂ ਨੂੰ ਗ਼ੈਰ-ਸਿੱਖ ਫ਼ੌਜੀਆਂ ਨੇ ਰਾਹ ਵਿਚ ਹੀ ਰੋਕ ਲਿਆ ਸੀ/ਗ੍ਰਿਫ਼ਤਾਰ ਕਰ ਲਿਆ ਸੀ। ਮਹੱਤਵਪੂਰਨ ਤੇ ਚਰਚਿਤ ਸਿੱਖ ਸ਼ਖ਼ਸੀਅਤਾਂ ਨੇ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੇ ਰੋਸ ਵਜੋਂ ਆਪੋ-ਅਪਣੇ ‘ਪਦਮ’ ਸਨਮਾਨ ਵਾਪਸ ਕਰ ਦਿਤੇ, ਜਿਨ੍ਹਾਂ ਵਿਚ ਭਗਤ ਪੂਰਨ ਸਿੰਘ ਪਿੰਗਲਵਾੜਾ, ਲੇਖਕ-ਪੱਤਰਕਾਰ ਖੁਸ਼ਵੰਤ ਸਿੰਘ ਤੇ ਅਜੀਤ ਪ੍ਰਕਾਸ਼ਨ ਦੇ ਬਾਨੀ ਸਾਧੂ ਸਿੰਘ ਹਮਦਰਦ ਆਦਿ ਦੇ ਨਾਂ ਪ੍ਰਮੁੱਖ ਸਨ।

1984 Darbar Sahib1984 Darbar Sahib

ਯੂਨੀਵਰਸਟੀ ਕੈਂਪਸ ਵਿਚ ਰਹਿੰਦੇ ਸਿੱਖ ਕਰਮੀਆਂ ਨੇ 10 ਜੂਨ ਨੂੰ ਯੂਨੀਵਰਸਟੀ ਦੇ ਗੁਰਦਵਾਰੇ ਵਿਚ ਇਕੱਤਰ ਹੋ ਕੇ ਇਕ ਰੋਸ-ਮਤਾ ਪਾਸ ਕੀਤਾ ਜਿਸ ਵਿਚ (ਮਰਹੂਮ) ਗਿਆਨੀ ਗੁਰਚਰਨ ਸਿੰਘ ਮੁਕਤਸਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਹਰ ਸਿੱਖ ਨੇ ਕਾਲੀ ਦਸਤਾਰ/ ਚੁੰਨੀ ਲਈ ਹੋਈ ਸੀ ਤੇ ਜਾਂ ਫਿਰ ਰੋਸ ਵਜੋਂ ਕਾਲੀ ਪੱਟੀ/ਕਾਲ਼ਾ ਰਿਬਨ ਬੰਨਿ੍ਹਆ ਹੋਇਆ ਸੀ। ਗੁਰਦਵਾਰੇ ਵਿਚ ਸੱਭ ਨੇ ਸੰਗਤ ਰੂਪ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ, ‘ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ ਤੇ ਤਤਕਾਲੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਸੱਭ ਨੂੰ ਚੌਕਸ ਰਹਿਣ ਲਈ ਕਿਹਾ ਗਿਆ।

Sikh Refrence LibrarySikh Refrence Libraryਹਰ ਸਿੱਖ ਦਾ ਹਿਰਦਾ ਅਪਣੇ ਪਾਕਿ-ਮੁਕੱਦਸ ਅਸਥਾਨ (ਸ੍ਰੀ ਦਰਬਾਰ ਸਾਹਿਬ) ਦੀ ਬੇਅਦਬੀ ਕਾਰਨ ਵਲੂੰਧਰਿਆ ਹੋਇਆ ਸੀ। ਉਨ੍ਹਾਂ ਦੇ ਮਨਾਂ ਵਿਚ ਗੁੱਸਾ ਸੀ, ਰੋਹ ਸੀ - ਦੇਸ਼ ਦੇ ਚੋਟੀ ਦੇ ਲੀਡਰਾਂ ਪ੍ਰਤੀ, ਜਿਨ੍ਹਾਂ ਨੇ ਇਸ ਕਾਰੇ ਨੂੰ ਅੰਜਾਮ ਦੇਣ ਲਈ ਫ਼ੌਜ ਦੀ ਦੁਰਵਰਤੋਂ ਕੀਤੀ ਸੀ, ਅਪਣੇ ਹੀ ਦੇਸ਼ ਦੇ ਸ਼ਾਂਤੀ-ਪਸੰਦ ਨਾਗਰਿਕਾਂ ਉਤੇ ਬੇ-ਰਹਿਮ ਫ਼ੌਜੀ ਤਸ਼ੱਦਦ। ਅੱਜ ਛੱਤੀ ਵਰਿ੍ਹਆਂ ਬਾਅਦ ਵੀ ਜੂਨ ਚੁਰਾਸੀ ਦੇ ਜ਼ਖ਼ਮ ਅੱਲੇ ਹਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਦੁਰਲੱਭ ਖ਼ਜ਼ਾਨਾ ਤੇ ਤੋਸ਼ੇਖਾਨੇ ਦੀਆਂ ਬਹੁਮੁਲੀਆਂ ਵਸਤਾਂ ਅਜੇ ਤਕ ਗ਼ਾਇਬ ਹਨ। ਇਸ ਖ਼ੌਫ਼ਨਾਕ ਵਰਤਾਰੇ ਕਰ ਕੇ ਪੰਜਾਬ ਇਕ ਲੰਮਾ ਸਮਾਂ ਅਪਣੇ ਸਭਿਆਚਾਰ, ਅਰਥਚਾਰੇ ਤੇ ਰਾਜਸੀ-ਵਰਤਾਰੇ ਵਿਚ ਬਹੁਤ ਪਛੜ ਗਿਆ ਹੈ।

Operation Blue StarOperation Blue Star

ਸਰਕਾਰ ਨੇ ਇਸ ਕਾਰਵਾਈ ਨੂੰ ‘ਆਪ੍ਰੇਸ਼ਨ ਬਲੂ ਸਟਾਰ’ (ਆਪ੍ਰੇਸ਼ਨ ਨੀਲਾ ਤਾਰਾ) ਦਾ ਨਾਂ ਦਿਤਾ ਸੀ ਜਿਸ ਬਾਰੇ ਬਹੁਤ ਸਾਰੀਆਂ ਪੁਸਤਕਾਂ, ਲੇਖ ਤੇ ਹੱਡਬੀਤੀਆਂ ਲਿਖੀਆਂ ਜਾ ਚੁੱਕੀਆਂ ਹਨ। ਮਾਰਕ ਟੱਲੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਕਟਹਿਰੇ ਵਿਚ ਖੜਾ ਕੀਤਾ। ਹਿੰਦੁਸਤਾਨ ਦੀ ਆਜ਼ਾਦੀ ਲਈ ਘੱਟ-ਗਿਣਤੀ ਹੁੰਦਿਆਂ ਵੀ ਸਿੱਖਾਂ ਵਲੋਂ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਗਈਆਂ ਤੇ ਦੂਜੇ ਪਾਸੇ ਸਿੱਖਾਂ ਨੂੰ ਅਪਣੇ ਹੀ ਦੇਸ਼ ਵਿਚ ਦੂਜੇ ਦਰਜੇ ਦੇ ਨਾਗਰਿਕ ਗਰਦਾਨਿਆ ਗਿਆ। ਪੰਜ ਸੌ ਵਰ੍ਹੇ ਪਹਿਲਾਂ ਮਾਨਵਤਾ ਦੇ ਮਹਾਨ ਰਹਿਬਰ ਬਾਬਾ ਨਾਨਕ ਜੀ (1469-1539) ਦੇ ਇਹ ਮਹਾਂਬੋਲ ਸਿੱਖ- ਚੇਤਨਾ ਨੂੰ ਅੱਜ ਵੀ ਕੁਰੇਦ ਰਹੇ ਹਨ :- ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ-142)
ਸੰਪਰਕ : 9417692015
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement